ਅਮਰੀਕਨ ਨਿਆਂ ਵਿਭਾਗ ਨੇ ਬਹੁ-ਚਰਚਿਤ ਸੈਕਸ ਅਪਰਾਧੀ ਜੈਫਰੀ ਐਪਸਟੀਨ ਦੀ ਜਾਂਚ ਦੇ ਹਿੱਸੇ ਵਜੋਂ 7 ਹਿੱਸਿਆਂ ਦੇ ਵਿੱਚ ਅੱਜ 3 ਲੱਖ ਦਸਤਾਵੇਜ਼ ਅਤੇ ਫੋਟੋਆਂ ਜਾਰੀ ਕੀਤੀਆਂ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਮੌਜੂਦਾ ਰਾਸ਼ਟਰਪਤੀ, ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਲਿੰਟਨ, ਪੌਪ ਗਾਇਕ ਮਾਈਕਲ ਜੈਕਸਨ, ਹਾਲੀਵੁੱਡ ਅਦਾਕਾਰ ਕ੍ਰਿਸ ਟਕਰ, ਬ੍ਰਿਟਿਸ਼ ਪ੍ਰਿੰਸ ਐਂਡਰਿਊ, ਕਈ ਵੱਡੇ ਬਿਜ਼ਨਸਮੈਨ ਤੇ ਕਈ ਹੋਰ ਪ੍ਰਮੁੱਖ ਹਸਤੀਆਂ ਦੇ ਨਾਮ ਅਤੇ ਫੋਟੋਆਂ ਸ਼ਾਮਲ ਹਨ। ਇਹਨਾਂ ਦਸਤਾਵੇਜ਼ਾਂ ਦੇ ਵਿੱਚ ਰਾਜਂਨੀਤਕ, ਹਾਲੀਵੁੱਡ ਅਤੇ ਕਈ ਹੋਰ ਮਸ਼ਹੂਰ ਹਸਤੀਆਂ ਨੂੰ ਹੋਰਨਾਂ ਔਰਤਾਂ ਦੇ ਨਾਲ ਮੌਜ-ਮਸਤੀ ਅਤੇ ਪਾਰਟੀਆਂ ਕਰਦੇ ਹੋਏ ਦਿਖਾਇਆ ਗਿਆ ਹੈ।
ਇਹਨਾਂ ਜਾਰੀ ਕੀਤੇ ਗਏ 3 ਲੱਖ ਦਸਤਾਵੇਜ਼ਾਂ ਵਿੱਚ ਜਾਂਚ ਨਾਲ ਸਬੰਧਤ ਹਜ਼ਾਰਾਂ ਫੋਟੋਆਂ ਅਤੇ ਜਾਣਕਾਰੀਆਂ ਸ਼ਾਮਲ ਹਨ ਪਰ ਉਹ ਐਪਸਟਾਈਨ ਦੇ ਅਪਰਾਧਾਂ ਜਾਂ ਉੱਚ-ਪ੍ਰੋਫਾਈਲ ਵਿਅਕਤੀਆਂ ਨਾਲ ਉਸਦੇ ਸਬੰਧਾਂ ਬਾਰੇ ਕੋਈ ਵੱਡੀ ਨਵੀਂ ਜਾਣਕਾਰੀ ਪ੍ਰਗਟ ਨਹੀਂ ਕਰਦੇ। ਫੋਨ ਰਿਕਾਰਡ, ਯਾਤਰਾ ਲੌਗ ਅਤੇ ਪੀੜਤਾਂ ਨਾਲ ਇੰਟਰਵਿਊ ਸਮੇਤ ਕਈ ਦਸਤਾਵੇਜ਼ਾਂ ਦੇ ਮਹੱਤਵਪੂਰਨ ਹਿੱਸੇ ਬਲੈਕ ਆਊਟ ਕਰ ਦਿੱਤੇ ਗਏ ਹਨ। 119 ਪੰਨਿਆਂ ਦੀ ਇੱਕ ਫਾਈਲ ਪੂਰੀ ਤਰ੍ਹਾਂ ਬਲੈਕ ਆਊਟ ਕਰ ਦਿੱਤੀ ਗਈ ਹੈ। ਜ਼ਿਆਦਾਤਰ ਦਸਤਾਵੇਜ਼ 2005 ਵਿੱਚ ਫਲੋਰੀਡਾ ਦੇ ਪਾਮ ਬੀਚ ਵਿੱਚ ਸ਼ੁਰੂ ਹੋਈ ਪੁਲਿਸ ਜਾਂਚ 2008 ਵਿੱਚ ਹੋਈ ਪਟੀਸ਼ਨ ਡੀਲ ਅਤੇ 2019 ਵਿੱਚ ਨਿਊਯਾਰਕ ਵਿੱਚ ਸ਼ੁਰੂ ਹੋਈ ਜਾਂਚ ਨਾਲ ਸਬੰਧਤ ਹਨ।
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 18 ਨਵੰਬਰ ਨੂੰ ਇੱਕ ਕਾਨੂੰਨ ‘ਤੇ ਦਸਤਖਤ ਕੀਤੇ ਸਨ ਜਿਸ ਵਿੱਚ ਜੈਫਰੀ ਐਪਸਟੀਨ ਨਾਲ ਸਬੰਧਤ ਸਾਰੇ ਦਸਤਾਵੇਜ਼ 30 ਦਿਨਾਂ ਦੇ ਅੰਦਰ ਜਾਰੀ ਕਰਨ ਦਾ ਹੁਕਮ ਦਿੱਤਾ ਗਿਆ ਸੀ ਅਤੇ ਇਹ 30 ਦਿਨਾਂ ਦੀ ਸਮਾਂ ਸੀਮਾ 19 ਦਸੰਬਰ 2025 ਨੂੰ ਖਤਮ ਹੋ ਗਈ ਸੀ। ਅਮਰੀਕਨ ਨਿਆਂ ਵਿਭਾਗ ਨੇ ਇਹ ਵੀ ਕਿਹਾ ਹੈ ਕਿ ਕੁੱਝ ਦਸਤਾਵੇਜ਼ ਇਸ ਸਮੇਂ ਚੱਲ ਰਹੀਆਂ ਜਾਂਚਾਂ ਜਾਂ ਰਾਸ਼ਟਰੀ ਸੁਰੱਖਿਆ ਚਿੰਤਾਵਾਂ ਦੇ ਕਾਰਣ ਰੋਕੇ ਜਾ ਰਹੇ ਹਨ। ਇਸ ਕਾਰਣ ਕੁੱਝ ਫਾਈਲਾਂ ਅਜੇ ਵੀ ਅੰਤਿਮ ਜਾਂਚ ਅਧੀਨ ਹਨ। 200 ਤੋਂ ਵੱਧ ਨਿਆਂ ਵਿਭਾਗ ਦੇ ਵਕੀਲ ਇਨ੍ਹਾਂ ਦਸਤਾਵੇਜ਼ਾਂ ਦੀ ਸਮੀਖਿਆ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁੱਖ ਤਰਜੀਹ ਪੀੜਤਾਂ ਦੀ ਸੁਰੱਖਿਆ ਅਤੇ ਗੁਪਤਤਾ ਦੀ ਰੱਖਿਆ ਕਰਨਾ ਹੈ।
ਐਪਸਟੀਨ ਫਾਈਲਜ਼ ਦਾ ਮਾਮਲਾ ਸਾਲ 2005 ਵਿੱਚ ਸ਼ੁਰੂ ਹੋਇਆ ਸੀ ਜਦੋਂ ਫਲੋਰੀਡਾ ਵਿੱਚ ਇੱਕ 14 ਸਾਲ ਦੀ ਕੁੜੀ ਦੀ ਮਾਂ ਨੇ ਪੁਲਿਸ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੀ ਧੀ ਨੂੰ ਮਸਾਜ ਕਰਨ ਦੇ ਬਹਾਨੇ ਜ਼ੈਫਰੀ ਐਪਸਟੀਨ ਦੇ ਆਲੀਸ਼ਾਨ ਘਰ ਵਿੱਚ ਭਰਮਾਇਆ ਗਿਆ ਸੀ ਪਰ ਪਹੁੰਚਣ ‘ਤੇ ਉਸਨੂੰ ਸੈਕਸ ਲਈ ਦਬਾਅ ਪਾਇਆ ਗਿਆ। ਜਦੋਂ ਕੁੜੀ ਨੇ ਇਸ ਘਟਨਾ ਸਬੰਧੀ ਆਪਣੇ ਮਾਪਿਆਂ ਨੂੰ ਦੱਸਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਹ ਜੈਫਰੀ ਐਪਸਟਾਈਨ ਵਿਰੁੱਧ ਪਹਿਲੀ ਅਧਿਕਾਰਤ ਸ਼ਿਕਾਇਤ ਸੀ। ਪੁਲਿਸ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਕੋਈ ਵੱਖਰਾ ਮਾਮਲਾ ਨਹੀਂ ਸੀ। ਹੌਲੀ-ਹੌਲੀ ਲਗਭਗ 36 ਨਾਬਾਲਗ ਕੁੜੀਆਂ ਦੀ ਪਛਾਣ ਕੀਤੀ ਗਈ ਜਿਨ੍ਹਾਂ ਨੇ ਜ਼ੈਫਰੀ ਐਪਸਟੀਨ ਵਿਰੁੱਧ ਇਸੇ ਤਰ੍ਹਾਂ ਦੇ ਦੋਸ਼ ਲਗਾਏ ਸਨ। ਜੈਫਰੀ ਐਪਸਟੀਨ ਵਿਰੁੱਧ ਅਪਰਾਧਿਕ ਜਾਂਚ ਸ਼ੁਰੂ ਹੋਈ। ਫਲੋਰੀਡਾ ਦੀ ਕੋਰਟ ਨੇ ਸਾਲ 2008 ਵਿੱਚ ਉਸਨੂੰ ਸਿਰਫ਼ 13 ਮਹੀਨਿਆਂ ਦੀ ਸਜ਼ਾ ਸੁਣਾਈ।
ਇਸ ਜਾਂਚ ਦੌਰਾਨਂ ਪਤਾ ਲੱਗਾ ਕਿ ਜੈਫਰੀ ਐਡਵਰਡ ਐਪਸਟੀਨ ਨਿਊਯਾਰਕ ਦਾ ਇੱਕ ਮਿਲੀਨੀਅਰ ਫਾਈਨੈਂਸਰ ਸੀ ਅਤੇ ਉਸਦੀ ਕਈ ਪ੍ਰਮੁੱਖ ਸਿਆਸਤਦਾਨਾਂ ਅਤੇ ਮਸ਼ਹੂਰ ਹਸਤੀਆਂ ਨਾਲ ਦੋਸਤੀ ਸੀ। ਐਪਸਟੀਨ ਸ਼ੁਰੂਆਤ ਦੇ ਵਿੱਚ ਇੱਕ ਸਕੂਲ ਟੀਚਰ ਸੀ ਪਰ 1976 ਦੇ ਵਿੱਚ ਉਸਨੂੰ ਡਿਸਮਿਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਸਨੇ ਬੈਂਕਿੰਗ ਤੇ ਫਾਇਨਾਂਸ ਖੇਤਰ ਵਿੱਚ ਕਈ ਤਰ੍ਹਾਂ ਦੇ ਕੰਮ ਕਰਦਿਆਂ ਆਪਣਾ ਕਾਰੋਬਾਰ ਸ਼ੁਰੂ ਕਰ ਲਿਆ। ਐਪਸਟੀਨ ਮੈਨਹਟਨ ਅਤੇ ਪਾਮ ਬੀਚ ਵਿੱਚ ਆਲੀਸ਼ਾਨ ਵਿਲਾ ਦਾ ਮਾਲਕ ਸੀ ਅਤੇ ਉੱਥੇ ਪਾਰਟੀਆਂ ਦੀ ਮੇਜ਼ਬਾਨੀ ਕਰਦਾ ਸੀ ਜਿਸ ਵਿੱਚ ਬਹੁਤ ਸਾਰੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹੁੰਦੀਆਂ ਸਨ। ਐਪਸਟਾਈਨ ਆਪਣੇ ਨਿੱਜੀ ਜਹਾਜ਼ ‘ਲੋਲਿਤਾ ਐਕਸਪ੍ਰੈਸ’ ‘ਤੇ ਪਾਰਟੀਆਂ ਵਿੱਚ ਨਾਬਾਲਗ ਕੁੜੀਆਂ ਨੂੰ ਸਫ਼ਰ ਕਰਾਉਂਦਾ ਹੂੰਦਾ ਸੀ। ਉਹ ਕੁੜੀਆਂ ਨੂੰ ਪੈਸੇ ਅਤੇ ਗਹਿਣਿਆਂ ਦਾ ਲਾਲਚ ਦੇ ਕੇ ਅਤੇ ਧਮਕੀਆਂ ਦੇ ਕੇ ਜ਼ਬਰਦਸਤੀ ਕਰਦਾ ਸੀ। ਜੈਫਰੀ ਐਪਸਟੀਨ ਦੀ ਪ੍ਰੇਮਿਕਾ ਅਤੇ ਸਾਥਣ ਗਿਸਲੇਨ ਮੈਕਸਵੈੱਲ ਇਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਸੀ। ਅਮਰੀਕੀ, ਬ੍ਰਿਟਿਸ਼ ਅਤੇ ਫ੍ਰੈਂਚ ਸਿਟੀਜ਼ਨ, ਗਿਸਲੇਨ ਨੋਏਲ ਮੈਰੀਅਨ ਮੈਕਸਵੈੱਲ ਅਸਲ ਵਿੱਚ ਫਰਾਂਸ ਦੀ ਜੰਮਪਲ ਹੈ, ਨੇ 1994 ਅਤੇ 1997 ਦੇ ਵਿਚਕਾਰ ਕਈ ਨਾਬਾਲਗ ਕੁੜੀਆਂ ਨੂੰ ਜਿਨਸੀ ਸ਼ੋਸ਼ਣ ਲਈ ਭਰਮਾਇਆ ਅਤੇ ਤਿਆਰ ਕੀਤਾ। ਮੈਕਸਵੈੱਲ ਨੇ ਪੀੜਤਾਂ ਨਾਲ ਦੋਸਤੀ ਕਰਕੇ ਜਿਨਸੀ ਸ਼ੋਸ਼ਣ ਨੂੰ ਆਮ ਬਨਾਉਣ ਦੀ ਕੋਸ਼ਿਸ਼ ਕੀਤੀ। ਉਹ ਜਿਨਸੀ ਵਿਸ਼ਿਆਂ ‘ਤੇ ਚਰਚਾ ਕਰਦੀ ਸੀ, ਨਾਬਾਲਗ ਪੀੜਤਾਂ ਦੇ ਸਾਹਮਣੇ ਕੱਪੜੇ ਉਤਾਰਦੀ ਸੀ, ਜਾਂ ਪੀੜਤਾਂ ਦੇ ਨੰਗੇ ਹੋਣ ‘ਤੇ ਮੌਜੂਦ ਹੁੰਦੀ ਸੀ। ਕਈ ਵਾਰ ਉਹ ਐਪਸਟਾਈਨ ਨਾਲ ਜਿਨਸੀ ਗਤੀਵਿਧੀਆਂ ਵਿੱਚ ਵੀ ਹਿੱਸਾ ਲੈਂਦੀ ਸੀ। ਮੈਕਸਵੈੱਲ ਨਾਬਾਲਗ ਪੀੜਤਾਂ ਨੂੰ ਜੈਫਰੀ ਐਪਸਟਾਈਨ ਦੇ ਮਾਲਿਸ਼ ਕਰਨ ਲਈ ਕਹਿੰਦੀ ਸੀ ਅਤੇ ਮਾਲਿਸ਼ਾਂ ਦੌਰਾਨ, ਐਪਸਟਾਈਨ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕਰਦਾ ਸੀ। ਇਸ ਤੋਂ ਇਲਾਵਾ ਐਪਸਟੀਨ ਕੁੱਝ ਪੀੜਤਾਂ ਨੂੰ ਪੈਸੇ ਦੀ ਪੇਸ਼ਕਸ਼ ਕਰਦਾ ਸੀ ਅਤੇ ਮੈਕਸਵੈੱਲ ਉਨ੍ਹਾਂ ਨੂੰ ਇਹ ਮਦਦ ਸਵੀਕਾਰ ਕਰਨ ਲਈ ਭਰਮਾਉਂਦੀ ਸੀ, ਜਿਸ ਨਾਲ ਉਹ ਕਰਜ਼ਦਾਰ ਮਹਿਸੂਸ ਕਰਦੇ ਸਨ ਅਤੇ ਵਿਸ਼ਵਾਸ ਕਰਦੇ ਸਨ ਕਿ ਉਹ ਉਸਦੀ ਮਦਦ ਕਰ ਰਹੇ ਹਨ। ਉਹ ਨਾਬਾਲਗਾਂ ਨੂੰ ਮੂਵੀ ਅਤੇ ਸ਼ਾਪਿੰਗ ਦਾ ਲਾਲਚ ਦੇ ਕੇ ਉਨ੍ਹਾਂ ਨਾਲ ਦੋਸਤੀ ਕਰਦੇ ਅਤੇ ਆਪਣੇ ਪੀੜਤਾਂ ਦੇ ਕਰੀਬ ਹੋ ਜਾਂਦੇ ਸਨ। ਹਾਲਾਂਕਿ, ਸ਼ੁਰੂਆਤੀ ਜਾਂਚ ਦੇ ਬਾਵਜੂਦ ਜੈਫਰੀ ਐਪਸਟੀਨ ਜੇਲ੍ਹ ਵਿੱਚ ਜ਼ਿਆਦਾ ਸਮਾਂ ਨਹੀਂ ਰਿਹਾ। ਉਸਦਾ ਪ੍ਰਭਾਵ ਇੰਨਾ ਸੀ ਕਿ 2008 ਵਿੱਚ ਉਸਨੂੰ ਸਿਰਫ਼ 13 ਮਹੀਨਿਆਂ ਦੀ ਸਜ਼ਾ ਸੁਣਾਈ ਗਈ ਜਿਸ ਦੌਰਾਨ ਉਹ ਜੇਲ੍ਹ ਤੋਂ ਬਾਹਰ ਕੰਮ ਕਰ ਸਕਦਾ ਸੀ। ਜੈਫਰੀ ਐਪਸਟੀਨ ਨੂੰ 6 ਜੁਲਾਈ 2019 ਵਿੱਚ ਸੈਕਸ ਤਸਕਰੀ ਦੇ ਦੋਸ਼ਾਂ ਹੇਠ ਮੁੜ ਗ੍ਰਿਫਤਾਰ ਕੀਤਾ ਗਿਆ, ਹਾਲਾਂਕਿ ਉਸਨੇ 10 ਅਗਸਤ 2019 ਨੂੰ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ। ਜੈਫਰੀ ਐਪਸਟੀਨ ਦੀ ਮੌਤ ਤੋਂ ਬਾਅਦ 2019 ਦੀ ਜਾਂਚ ਅਧੂਰੀ ਰਹਿ ਗਈ ਸੀ। ਜੈਫਰੀ ਐਪਸਟੀਨ ਦੀ ਸਾਥਣ ਗਿਸਲੇਨ ਮੈਕਸਵੈੱਲ, ਬਾਲ ਸੈਕਸ ਅਪਰਾਧਾਂ ਦੀ ਸਾਲ 2021 ਤੋਂ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਭੁਗਤ ਰਹੀ ਹੈ।
ਇਸ ਦੌਰਾਨ ਸਾਰੇ ਦਸਤਾਵੇਜ਼ ਇੱਕੋ ਸਮੇਂ ਜਾਰੀ ਨਾ ਕਰਨ ਦੇ ਲਈ ਨਿਆਂ ਵਿਭਾਗ ਨੂੰ ਆਲੋਚਨਾਵਾਂ ਦਾ ਸਾਹਮਣਾ ਕਰਨਾ ਪਿਆ ਹੈ। ਅਮਰੀਕਾ ਦੀਆਂ ਦੋਵਾਂ ਪ੍ਰਮੁੱਖ ਰਾਜਨੀਤਿਕ ਪਾਰਟੀਆਂ ਦੇ ਕਾਨੂੰਨਸਾਜ਼ਾਂ ਨੇ ਅਮਰੀਕੀ ਨਿਆਂ ਵਿਭਾਗ ‘ਤੇ ਕਾਨੂੰਨ ਦੀ ਸਹੀ ਢੰਗ ਨਾਲ ਪਾਲਣਾ ਨਾ ਕਰਨ ਦਾ ਦੋਸ਼ ਲਗਾਇਆ ਹੈ।
ਡੋਨਾਲਡ ਟਰੰਪ ਦੇ ਸੱਜੇ-ਪੱਖੀ ਸਮਰਥਕਾਂ ਨੇ ਲੰਬੇ ਸਮੇਂ ਤੋਂ ਐਪਸਟਾਈਨ ਫਾਈਲਾਂ ਨੂੰ ਜਾਰੀ ਕਰਨ ਦੀ ਮੰਗ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਉਮੀਦ ਸੀ ਕਿ ਉਹ ਕਈ ਪ੍ਰਮੁੱਖ ਸਿਆਸਤਦਾਨਾਂ ਵਿਰੁੱਧ ਸਬੂਤਾਂ ਦਾ ਖੁਲਾਸਾ ਕਰਨਗੇ। ਹਾਲਾਂਕਿ, ਜਦੋਂ ਫਾਈਲਾਂ ਕੋਈ ਮਹੱਤਵਪੂਰਨ ਖੁਲਾਸੇ ਪ੍ਰਗਟ ਕਰਨ ਵਿੱਚ ਅਸਫਲ ਰਹੀਆਂ ਤਾਂ ਉਨ੍ਹਾਂ ਦਾ ਜਵਾਬ ਵੀ ਕਮਜ਼ੋਰ ਸੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖੁਦ ਇਸ ਮਾਮਲੇ ‘ਤੇ ਕੋਈ ਟਿੱਪਣੀ ਨਹੀਂ ਕੀਤੀ।
ਐਪਸਟੀਨ ਫਾਈਲਾਂ ਵਿੱਚ ਨਾਮ ਅਤੇ ਫੋਟੋਆਂ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲੰਿਟਨ ਨੇ ਆਪਣੇ ਆਪ ਨੂੰ ‘ਬਲੀ ਦਾ ਬੱਕਰਾ’ ਬਣਾਇਆ ਗਿਆ ਦੱਸਿਆ ਹੈ। ਉਨ੍ਹਾਂ ਦੇ ਬੁਲਾਰੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਉਨ੍ਹਾਂ ਨੂੰ ਜਾਣਬੁੱਝ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਐਪਸਟੀਨ ਦੇ ਮਾਮਲੇ ਵਿੱਚ ਸ਼ਾਮਲ ਲੋਕਾਂ ਨੂੰ ਦੋ ਸਮੂਹਾਂ ਵਿੱਚ ਵੰਡਿਆ ਜਾ ਸਕਦਾ ਹੈ: ਉਹ ਲੋਕ ਜਿਨ੍ਹਾਂ ਨੂੰ ਐਪਸਟਾਈਨ ਦੇ ਅਪਰਾਧਾਂ ਦਾ ਕੋਈ ਗਿਆਨ ਨਹੀਂ ਸੀ ਅਤੇ ਉਹ ਲੋਕ ਜਿਨ੍ਹਾਂ ਨੇ ਅਪਰਾਧਾਂ ਦੇ ਸਾਹਮਣੇ ਆਉਣ ਤੋਂ ਬਾਅਦ ਵੀ ਸਬੰਧ ਬਣਾਏ ਰੱਖੇ। 20 ਸਾਲ ਪੁਰਾਣੀਆਂ ਅਤੇ ਧੁੰਦਲੀਆਂ ਫੋਟੋਆਂ ਭਾਵੇਂ ਕਿੰਨੀਆਂ ਵੀ ਜਾਰੀ ਕੀਤੀਆਂ ਜਾਣ, ਇਸ ਮਾਮਲੇ ਦਾ ਬਿਲ ਕਲੰਿਟਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਬੁਲਾਰੇ ਨੇ ਇਹ ਵੀ ਕਿਹਾ ਕਿ ਡੋਨਾਲਡ ਟਰੰਪ ਦੀ ਨਜ਼ਦੀਕੀ ਸਹਿਯੋਗੀ ਸੂਜ਼ੀ ਵਾਈਲਸ ਨੇ ਹਾਲ ਹੀ ਵਿੱਚ ਸਵੀਕਾਰ ਕੀਤਾ ਹੈ ਕਿ ਟਰੰਪ ਗਲਤ ਸੀ ਜਦੋਂ ਉਸਨੇ ਕਿਹਾ ਸੀ ਕਿ ਐਪਸਟੀਨ ਫਾਈਲਾਂ ਵਿੱਚ ਬਿਲ ਕਲੰਿਟਨ ਵਿਰੁੱਧ ਕੋਈ ਠੋਸ ਸਬੂਤ ਨਹੀਂ ਹਨ। ਬਿਲ ਕਲੰਿਟਨ ਨੂੰ ਐਪਸਟਾਈਨ ਦੇ ਅਪਰਾਧਾਂ ਦਾ ਕੋਈ ਗਿਆਨ ਨਹੀਂ ਸੀ ਅਤੇ ਇਨ੍ਹਾਂ ਅਪਰਾਧਾਂ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਉਨ੍ਹਾਂ ਨੇ ਐਪਸਟੀਨ ਨਾਲ ਆਪਣਾ ਰਿਸ਼ਤਾ ਖਤਮ ਕਰ ਲਿਆ ਸੀ। ਉਹ 20 ਸਾਲ ਪਹਿਲਾਂ ਦੀਆਂ ਜਿੰਨੀਆਂ ਮਰਜ਼ੀ ਧੁੰਦਲੀਆਂ ਫੋਟੋਆਂ ਜਾਰੀ ਕਰ ਸਕਦੇ ਹਨ ਪਰ ਇਹ ਮਾਮਲਾ ਬਿਲ ਕਲੰਿਟਨ ਨਾਲ ਸਬੰਧਤ ਨਹੀਂ ਹੈ।
ਜੈਫਰੀ ਐਪਸਟੀਨ ਦੀ ਇੱਕ ਪੀੜਤ ਲੀਸਾ ਫਿਲਿਪਸ ਨੇ ਅਮਰੀਕਨ ਨਿਆਂ ਵਿਭਾਗ ‘ਤੇ ਗੰਭੀਰ ਦੋਸ਼ ਲਗਾਏ ਹਨ। ਐਪਸਟੀਨ ਫਾਈਲਾਂ ਦੇ ਕਈ ਹਿੱਸੇ ਸੋਧੇ ਹੋਏ ਹਿੱਸਿਆਂ ਨਾਲ ਜਾਰੀ ਕੀਤੇ ਗਏ ਹਨ। ਲੀਜ਼ਾ ਦੇ ਅਨੁਸਾਰ ਨਿਆਂ ਵਿਭਾਗ ਪੀੜਤਾਂ ਦੀ ਬਜਾਏ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਲੀਸਾ ਫਿਲਿਪਸ ਨੇ ਕਿਹਾ ਕਿ ਉਹ ਐਪਸਟੀਨ ਨੂੰ ਉਦੋਂ ਮਿਲੀ ਜਦੋਂ ਉਹ 20 ਸਾਲਾਂ ਦੀ ਸੀ। ਬਾਅਦ ਵਿੱਚ ਉਸਨੂੰ ਐਪਸਟੀਨ ਅਤੇ ਉਸਦੇ ਨੈੱਟਵਰਕ ਨਾਲ ਜੁੜੇ ਲੋਕਾਂ ਦੇ ਹੱਥੋਂ ਕਈ ਸਾਲਾਂ ਤੱਕ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ।
ਅਮਰੀਕਾ ਦਾ ਕਾਨੂੰਨ ਸਪੱਸ਼ਟ ਤੌਰ ‘ਤੇ ਕਹਿੰਦਾ ਹੈ ਕਿ ਕੋਈ ਵੀ ਦਸਤਾਵੇਜ਼ ਸਿਰਫ਼ ਇਸ ਲਈ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਇਹ ਕਿਸੇ ਨੂੰ ਸ਼ਰਮਿੰਦਾ ਕਰੇਗਾ, ਕਿਸੇ ਦੀ ਛਵੀ ਨੂੰ ਖਰਾਬ ਕਰੇਗਾ, ਜਾਂ ਮਾਮਲਾ ਰਾਜਨੀਤਿਕ ਤੌਰ ‘ਤੇ ਸੰਵੇਦਨਸ਼ੀਲ ਹੈ। ਇਹ ਨਿਯਮ ਹਰ ਕਿਸੇ ‘ਤੇ ਲਾਗੂ ਹੁੰਦਾ ਹੈ ਭਾਵੇਂ ਉਹ ਸਰਕਾਰੀ ਅਧਿਕਾਰੀ ਹੋਵੇ, ਕੋਈ ਪ੍ਰਮੁੱਖ ਨੇਤਾ ਹੋਵੇ, ਜਾਂ ਕੋਈ ਵਿਦੇਸ਼ੀ ਸ਼ਖਸੀਅਤ ਹੋਵੇ। ਹਾਲਾਂਕਿ, ਕਾਨੂੰਨ ਇਹ ਵੀ ਕਹਿੰਦਾ ਹੈ ਕਿ ਦਸਤਾਵੇਜ਼ਾਂ ਦੇ ਕੁੱਝ ਹਿੱਸਿਆਂ ਨੂੰ ਪੀੜਤਾਂ ਦੀ ਨਿੱਜੀ ਪਛਾਣ ਜਾਣਕਾਰੀ ਵਾਲੇ ਦਸਤਾਵੇਜ਼, ਬਾਲ ਜਿਨਸੀ ਸ਼ੋਸ਼ਣ ਨੂੰ ਦਰਸਾਉਂਦੀ ਸਮੱਗਰੀ, ਸਰੀਰਕ ਹਿੰਸਾ ਨੂੰ ਦਰਸਾਉਂਦੀ ਸਮੱਗਰੀ, ਜਾਣਕਾਰੀ ਜੋ ਚੱਲ ਰਹੀ ਜਾਂਚ ਨੂੰ ਪ੍ਰਭਾਵਤ ਕਰ ਸਕਦੀ ਹੈ, ਜਾਣਕਾਰੀ ਜੋ ਰਾਸ਼ਟਰੀ ਸੁਰੱਖਿਆ ਜਾਂ ਵਿਦੇਸ਼ ਨੀਤੀ ਦੇ ਵਿਚਾਰਾਂ ਕਾਰਣ ਗੁਪਤ ਰੱਖੀ ਜਾਣੀ ਚਾਹੀਦੀ ਹੈ ਆਦਿ ਨੂੰ ਕੁੱਝ ਖਾਸ ਹਾਲਤਾਂ ਵਿੱਚ ਰੋਕਿਆ ਜਾ ਸਕਦਾ ਹੈ। ਇਸ ਕਾਰਣ ਕੁੱਝ ਫਾਈਲਾਂ ਅਜੇ ਵੀ ਅੰਤਿਮ ਜਾਂਚ ਅਧੀਨ ਹਨ। 200 ਤੋਂ ਵੱਧ ਨਿਆਂ ਵਿਭਾਗ ਦੇ ਵਕੀਲ ਇਨ੍ਹਾਂ ਦਸਤਾਵੇਜ਼ਾਂ ਦੀ ਸਮੀਖਿਆ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁੱਖ ਤਰਜੀਹ ਪੀੜਤਾਂ ਦੀ ਸੁਰੱਖਿਆ ਅਤੇ ਗੁਪਤਤਾ ਦੀ ਰੱਖਿਆ ਕਰਨਾ ਹੈ।
