ਪੰਜਾਬ ਕੈਬਨਿਟ ਵੱਲੋਂ ਵੱਡਾ ਫੇਰਬਦਲ ਕਰਦੇ ਹੋਏ ਦੋ ਮੰਤਰੀਆਂ ਦੇ ਵਿਭਾਗਾਂ ਵਿੱਚ ਅਦਲਾ-ਬਦਲੀ ਕੀਤੀ ਗਈ ਹੈ। ਮੰਤਰੀ ਸੰਜੀਵ ਅਰੋੜਾ ਨੂੰ ਲੋਕਲ ਬਾਡੀ ਵਿਭਾਗ ਅਤੇ ਮੰਤਰੀ ਡਾ. ਰਵਜੋਤ ਸਿੰਘ ਨੂੰ ਐਨਆਰਆਈ ਵਿਭਾਗ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਪਹਿਲਾਂ ਲੋਕਲ ਬਾਡੀ ਵਿਭਾਗ ਡਾ. ਰਵਜੋਤ ਕੋਲ ਸੀ, ਜਦਕਿ ਐਨਆਰਆਈ ਵਿਭਾਗ ਸੰਜੀਵ ਅਰੋੜਾ ਕੋਲ ਸੀ। ਦੋਵਾਂ ਮੰਤਰੀਆਂ ਦੇ ਵਿਭਾਗਾਂ ਵਿੱਚ ਫੇਰਬਦਲ ਨੂੰ ਮਨਜੂਰੀ ਲਈ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਕੋਲ ਭੇਜਿਆ ਗਿਆ ਹੈ।
ਸੰਜੀਵ ਅਰੋੜਾ 2025 ਵਿੱਚ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਉਪ ਚੋਣ ਜਿੱਤਣ ਤੋਂ ਬਾਅਦ ਵਿਧਾਇਕ ਬਣੇ। ਉਨ੍ਹਾਂ ਨੇ 28 ਜੂਨ 2025 ਨੂੰ ਵਿਧਾਇਕ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ, ਉਹ ਰਾਜ ਸਭਾ ਦੇ ਮੈਂਬਰ ਸਨ। ਵਿਧਾਇਕ ਬਣਨ ਤੋਂ ਬਾਅਦ, ਉਨ੍ਹਾਂ ਨੇ 1 ਜੁਲਾਈ 2025 ਨੂੰ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੂੰ 3 ਜੁਲਾਈ ਨੂੰ ਮੰਤਰੀ ਵਜੋਂ ਸਹੁੰ ਚੁਕਾਈ ਗਈ। ਉਨ੍ਹਾਂ ਨੂੰ ਉਦਯੋਗ ਅਤੇ ਵਣਜ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਦੇ ਵਿਭਾਗ ਦਿੱਤੇ ਗਏ ਸਨ। 18 ਅਗਸਤ 2025 ਨੂੰ ਮੰਤਰੀ ਮੰਡਲ ਵਿੱਚ ਫੇਰਬਦਲ ਵਿੱਚ, ਉਨ੍ਹਾਂ ਨੂੰ ਬਿਜਲੀ ਵਿਭਾਗ ਵੀ ਦਿੱਤਾ ਗਿਆ ਸੀ।
