ਪੰਜਾਬ ਕਾਂਗਰਸ ਵਿੱਚ ਮੁੱਖ-ਅਹੁਦਿਆਂ ‘ਤੇ ਨਿਯੁਕਤੀਆਂ ਕਰਨ ਵੇਲੇ ਦਲਿਤ ਭਾਈਚਾਰੇ ਨਾਲ ਕੀਤੇ ਜਾਂਦੇ ਵਿਤਕਰੇ ਦਾ ਮੁੱਦਾ ਇੱਕ ਵਾਰ ਫਿਰ ਚਰਚਾ ਦੇ ਵਿੱਚ ਹੈ ਅਤੇ ਵੱਡੇ ਅਹੁਦਿਆਂ ਦੀ ਵੰਡ ਵੇਲੇ ਦਲਿਤ ਭਾਈਚਾਰੇ ਨੂੰ ਖੁੱਡੇ ਲਾਈਨ ਲਾਉਣ ਦੇ ਮੁੱਦੇ ਨੇ ਪੰਜਾਬ ਕਾਂਗਰਸ ਦੇ ਵੱਡੇ ਆਗੂਆਂ ਨੂੰ ਚਿੰਤਾ ਦੇ ਵਿੱਚ ਡੁਬੋ ਦਿੱਤਾ ਹੈ।
ਪੰਜਾਬ ਦੇ ਹੀ ਸਾਬਕਾ ਮੁੱਖ-ਮੰਤਰੀ ਅਤੇ ਜਲੰਧਰ ਤੋਂ ਪਾਰਲੀਮੈਂਟ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਪਿਛਲੇ ਸ਼ਨੀਵਾਰ, 17 ਜਨਵਰੀ ਨੂੰ ਚੰਡੀਗੜ੍ਹ ਵਿੱਚ ਪੰਜਾਬ ਕਾਂਗਰਸ ਦੇ ਦਲਿਤ ਸੈੱਲ ਦੀ ਮੀਟਿੰਗ ਦੇ ਦੌਰਾਨ, ਪਾਰਟੀ ਦੇ ਸੂਬਾਈ ਅਹੁਦਿਆਂ ਉਪਰ ਜੱਟ ਸਿੱਖਾਂ ਦੇ ਮੁਕਾਬਲੇ ਦਲਿਤ ਆਗੂਆਂ ਦੀ ਘੱਟ ਭਾਗੀਦਾਰੀ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਚੰਨੀ ਨੇ ਰੋਸ ਜਿਤਾਇਆ ਕਿ ਦਲਿਤ ਆਗੂਆਂ ਨੂੰ ਸੂਬਾ ਪ੍ਰਧਾਨ, ਵਿਰੋਧੀ ਧਿਰ ਦੇ ਨੇਤਾ ਤੇ ਐਨਐਸਯੂਆਈ ਪ੍ਰਧਾਨ ਵਰਗੇ ਮਹੱਤਵਪੂਰਨ ਅਹੁਦਿਆਂ ‘ਤੇ ਨਿਯੁਕਤ ਨਹੀਂ ਕੀਤਾ ਜਾ ਰਿਹਾ, ਅਤੇ ਇਸ ਵੇਲੇ ਇਹ ਤਿੰਨੋਂ ਅਹੁਦੇ ਜੱਟ ਸਿੱਖ ਆਗੂਆਂ ਦੇ ਕੋਲ ਹਨ। ਚਰਨਜੀਤ ਸਿੰਘ ਚੰਨੀ ਨੇ ਸ਼ਿਕਾਇਤ ਕੀਤੀ ਕਿ ਪਾਰਟੀ ਦੇ ਮੁੱਖ-ਅਹੁਦਿਆਂ ‘ਤੇ ਨਿਯੁਕਤੀਆਂ ਕਰਨ ਵੇਲੇ ਦਲਿਤ ਆਗੂਆਂ ਨੂੰ ਦਰ-ਕਿਨਾਰ ਕੀਤਾ ਜਾ ਰਿਹਾ ਹੈ, ਜਦਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਨਾਲ ਇਹ ਉਮੀਦ ਕੀਤੀ ਜਾ ਰਹੀ ਸੀ ਕਿ ਦਲਿਤ ਆਗੂ ਸਾਰਾ ਕੰਮ ਸੰਭਾਲਣਗੇ। ਮੀਟਿੰਗ ਵਿੱਚ ਕਾਂਗਰਸ ਐਸਸੀ ਵਿਭਾਗ ਦੇ ਰਾਸ਼ਟਰੀ ਪ੍ਰਧਾਨ ਰਾਜਿੰਦਰ ਪਾਲ ਗੌਤਮ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਮੇਤ ਕਈ ਪ੍ਰਮੁੱਖ ਆਗੂ ਵੀ ਮੌਜੂਦ ਸਨ। ਇਸ ਮੀਟਿੰਗ ਵਿੱਚ ਮੌਜੂਦ ਸਾਰੇ ਦਲਿਤ ਭਾਈਚਾਰੇ ਦੇ ਆਗੂਆਂ ਨੇ ਚੰਨੀ ਲਈ ਆਪਣਾ ਪੂਰਾ ਸਮਰਥਨ ਪ੍ਰਗਟ ਕੀਤਾ ਅਤੇ ਉਨ੍ਹਾਂ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ। ਚਰਨਜੀਤ ਸਿੰਘ ਚੰਨੀ ਦੁਆਰਾ ਇਸ ਤਰ੍ਹਾਂ ਕਹੇ ਜਾਣ ‘ਤੇ ਮੀਟਿੰਗ ਹੰਗਾਮੇ ਨਾਲ ਭਰ ਗਈ ਅਤੇ ਗਰਮਾ-ਗਰਮੀ ਸ਼ੁਰੂ ਹੋ ਗਈ। ਹਾਲਾਤ ਇੰਨੇ ਵਿਗੜ ਗਏ ਕਿ ਇਸ ਮੌਕੇ ‘ਤੇ ਮੌਜੂਦ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚਰਨਜੀਤ ਸਿੰਘ ਚੰਨੀ ਨੂੰ ਹੋਰ ਬੋਲਣ ਤੋਂ ਰੋਕਣ ਲਈ ਉਨ੍ਹਾਂ ਦਾ ਮਾਈਕ੍ਰੋਫ਼ੋਨ ਬੰਦ ਕਰ ਦਿੱਤਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਨ੍ਹਾਂ ਮੁੱਦਿਆਂ ‘ਤੇ ਪਾਰਟੀ ਦੇ ਹੋਰ ਮੰਚਾਂ ‘ਤੇ ਚਰਚਾ ਕੀਤੀ ਜਾਵੇਗੀ।
