ਅੰਮ੍ਰਿਤਸਰ – ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸੀਏਸ਼ਨ ਨੇ “ਪੰਜਾਬ ਕੇਸਰੀ ਗਰੁੱਪ” ਦੇ ਮਾਲਕਾਂ ਤੇ ਕਰਮਚਾਰੀਆਂ ਵਿਰੁੱਧ ਦਰਜ ਕੀਤੇ ਗਏ ਝੂਠੇ ਮੁਕੱਦਮਿਆਂ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਮੁਕੱਦਮੇ ਤੁਰੰਤ ਰੱਦ ਨਾ ਕੀਤੇ ਗਏ ਤਾਂ ਪੰਜਾਬ ਪੱਧਰ ਦਾ ਸੰਘਰਸ਼ ਵਿੱਢ ਦਿੱਤਾ ਜਾਵੇਗਾ ਤੇ ਇਸ ਤੋਂ ਨਿਕਲਣ ਵਾਲੇ ਸਿੱਟਿਆ ਲਈ ਸਰਕਾਰ ਜਿੰਮੇਵਾਰ ਹੋਵੇਗੀ।
ਇੱਕ ਬਿਆਨ ਰਾਹੀ ਚੰਡੀਗੜ੍ਹ ਪੰਜਾਬ ਜਰਨਲਿਸਟਸ ਅੇਸੋਸੀਏਸ਼ਨ ਦੇ ਪ੍ਰਧਾਨ ਸ੍ਰ ਜਸਬੀਰ ਸਿੰਘ ਪੱਟੀ ਨੇ ਕਿਹਾ ਕਿ ਪੰਜਾਬ ਕੇਸਰੀ ਦੇਸ਼ ਦੀ ਅਖੰਡਤਾ ਤੇ ਏਕਤਾ ਨੂੰ ਬਣਾਈ ਰੱਖਣ ਵਾਲਾ ਸਮੂਹ ਹੈ ਜਿਸਦੇ ਬਾਨੀ ਮਾਨਯੋਗ ਲਾਲਾ ਜਗਤ ਨਰੈਣ ਜੀ, ਸ੍ਰੀ ਰਮੇਸ਼ ਜੀ ਸਮੇਤ 62 ਹੋਰ ਕਰਮਚਾਰੀਆਂ, ਪੱਤਰਕਾਰਾਂ ਤੇ ਏਜੰਟਾਂ ਦੀਆਂ ਪਿਛਲੇ ਪੰਜਾਬ ਦੇ ਕਾਲੇ ਦੌਰ ਦੌਰਾਨ ਕੁਰਬਾਨੀਆਂ ਹੋ ਚੁੱਕੀਆਂ ਹਨ ਪਰ ਉਹਨਾਂ ਨੇ ਦੇਸ਼ ਵਿਰੋਧੀ ਤਾਕਤਾਂ ਅੱਗੇ ਕਦੇ ਵੀ ਗੋਡੇ ਨਹੀ ਟੇਕੇ। ਪੰਜਾਬ ਸਰਕਾਰ ਨੂੰ ਇਹ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਭਾਰਤ ਦੇ ਸੰਵਿਧਾਨ ਅਨੁਸਾਰ ਹਰ ਵਿਅਕਤੀ ਨੂੰ ਬੋਲਣ ਦਾ ਮੌਲਿਕ ਅਧਿਕਾਰ ਮਿਿਲਆ ਹੋਇਆ ਹੈ ਤੇ ਬੋਲਣ ਤੇ ਲਿਖਣ ਦੀ ਮਿਲੀ ਅਜ਼ਾਦੀ ਨੂੰ ਕੁਚਲਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਕਦੇ ਪੁਲ਼ੀਿਸ ਕਰਮਚਾਰੀ ਸਮੂਹ ਦੀ ਪ੍ਰਿੰਟਿੰਗ ਪ੍ਰੈਸ ਦੀਆਂ ਕੰਧਾਂ ਟੱਪ ਕੇ ਧਾੜਵੀਆਂ ਵਾਂਗ ਹਮਲੇ ਕਰਦੀ ਹੈ ਤੇ ਕਦੇ ਸਮੂਹ ਨਾਲ ਸਬੰਧਿਤ ਸੰਸਥਾਵਾਂ ਤੇ ਹਮਲੇ ਕੀਤੇ ਜਾਂਦੇ ਹਨ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਇਹ ਨਾਦਰਸ਼ਾਹੀ ਬੰਦ ਨਾ ਕੀਤੀ ਤਾਂ ਐਸੋਸੀਏਸ਼ਨ ਵੱਲੋ ਸੂਬਾ ਪੱਧਰੀ ਸੰਘਰਸ਼ ਛੇੜ ਦਿੱਤਾ ਜਾਵੇਗਾ।ਸਰਕਾਰ ਤਾਂ ਪਹਿਲਾਂ ਹੀ ਪੱਤਰਕਾਰਾਂ ਵਿਰੁੱਧ ਪਰਚਾ ਦਰਜ ਕਰਕੇ ਸਕਤੇ ਵਿੱਚ ਹੈ ਤੇ ਹੁਣ ਅਖਬਾਰ ਸਮੂਹ ਨਾਲ ਦਸਤ ਪੰਜਾ ਲੈ ਕੇ ਸੱਪ ਦੀ ਖੁੱਡ ਵਿੱਚ ਹੱਥ ਪਾ ਰਹੀ ਹੈ। ੳੇੁਹਨਾਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਤੁਰੰਤ ਮੁਕੱਦਮੇ ਰੱਦ ਕੀਤੇ ਜਾਣ ਤੇ ਸਰਕਾਰ ਬਿਨਾਂ ਦੇਰੀ ਕੀਤੀ ਵਧੀਕੀ ਦੀ ਮੁਆਫੀ ਮੰਗੇ। ਉਹਨਾਂ ਕਿਹਾ ਕਿ ਜਲਦੀ ਹੀ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਰਾਜਪਾਲ ਦੇ ਨਾਮ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ।
