ArticlesAustralia & New Zealand

ਕੀ ਹੁਣ ਆਸਟ੍ਰੇਲੀਆ ਦੇ ਰਾਜਨੀਤਕ ਲੋਕ ਵੀ ਜ਼ੈਡ-ਸਕਿਉਰਟੀ ਲੈ ਕੇ ਘੁੰਮਿਆ ਕਰਨਗੇ?

ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਉਪ-ਪ੍ਰਧਾਨ ਮੰਤਰੀ ਤੇ ਰੱਖਿਆ ਮੰਤਰੀ ਰਿਚਰਡ ਮਾਰਲਸ, ਸਿਹਤ ਅਤੇ ਬੁਢਾਪਾ ਮੰਤਰੀ, ਅਪੰਗਤਾ ਤੇ ਰਾਸ਼ਟਰੀ ਅਪੰਗਤਾ ਬੀਮਾ ਯੋਜਨਾ ਮੰਤਰੀ ਮਾਰਕ ਬਟਲਰ ਸੰਸਦ ਮੈਂਬਰ, ਵਿਕਟੋਰੀਆ ਦੀ ਪ੍ਰੀਮੀਅਰ ਜੇਸਿੰਟਾ ਐਲਨ ਅਤੇ ਜਲਵਾਯੂ ਪਰਿਵਰਤਨ ਅਤੇ ਊਰਜਾ ਮੰਤਰੀ ਕ੍ਰਿਸ ਬੋਵੇਨ ਇੱਕ ਸਮਾਗਮ ਦੇ ਦੌਰਾਨ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਬਹੁਤ ਹੀ ਖੂਬਸੂਰਤ, ਸ਼ਾਂਤਮਈ ਅਤੇ ਰਹਿਣਯੋਗ ਦੇਸ਼ ਹੈ। ਇਥੋਂ ਦੇ ਬਹੁ-ਗਿਣਤੀ ਰਾਜਨੀਤਕ ਲੋਕ ਵੀ ਬਹੁਤ ਹੀ ਸੁਲਝੇ ਹੋਏ, ਮਰਯਾਦਾ ਅੰਦਰ ਰਹਿਣ ਵਾਲੇ, ਸਲੀਕੇ ਨਾਲ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਵਾਲੇ ਅਤੇ ਲੋਕਾਂ ਦੀ ਗੱਲ ਬਹੁਤ ਹੀ ਠਰ੍ਹੰਮੇ ਨਾਲ ਸੁਣਨ ਵਾਲੇ ਮੰਨੇ ਜਾਂਦੇ ਹਨ। ਆਸਟ੍ਰੇਲੀਆ ਦੇ ਰਾਜਨੀਤਕ ਲੋਕ ਰੋਜ਼ਾਨਾ ਜੀਵਨ ਦੌਰਾਨ ਵਿਚਰਦੇ ਅਕਸਰ ਆਮ ਹੀ ਮਿਲ ਜਾਂਦੇ ਹਨ ਅਤੇ ਉਹ ਬਿਨਾਂ ਕਿਸੇ ਸਕਿਉਰਟੀ ਤੋਂ ਪਬਲਿਕ ਟਰਾਂਸਪੋਰਟ ਦੇ ਵਿੱਚ ਵੀ ਆਉਂਦੇ-ਜਾਂਦੇ ਦਿਸ ਜਾਂਦੇ ਹਨ। ਇਥੋਂ ਦੇ ਰਾਜਨੀਤਕ ਲੋਕ ਜ਼ੈੱਡ ਸਕਿਉਰਟੀ ਲੈ ਕੇ ਨਹਂੀ ਘੁੰਮਦੇ, ਉਹਨਾਂ ਨੂੰ ਆਰਾਮ ਨਾਲ ਕਿਤੇ ਵੀ ਮਿਲਕੇ ਆਪਣੀ ਗੱਲ ਕਹੀ ਜਾ ਸਕਦੀ ਹੋ। ਪਿਛਲੀਆਂ ਕੁੱਝ ਇੱਕ ਵਾਪਰੀਆਂ ਘਟਨਾਵਾਂ ਨੇ ਆਸਟ੍ਰੇਲੀਆ ਦੇ ਰਾਜਨੀਤਕ ਲੋਕਾਂ ਦੇ ਨਾਲ-ਨਾਲ ਆਮ ਲੋਕਾਂ ਦੇ ਵਿੱਚ ਵੀ ਡਰ ਅਤੇ ਸਹਿਮ ਦਾ ਮਹੌਲ ਪੈਦਾ ਕਰ ਦਿੱਤਾ ਹੈ। ਹੋਰਨਾਂ ਦੇਸ਼ਾਂ ਦੇ ਅੰਦਰ ਚੱਲ ਰਹੀਆਂ ਘਟਨਾਵਾਂ ਦਾ ਅਸਰ ਹੌਲੀ-ਹੌਲੀ ਇਹ ਦੇਸ਼ ਵੀ ਕਬੂਲਦਾ ਨਜ਼ਰ ਆ ਰਿਹਾ ਹੈ। ਸ਼ਾਇਦ ਹੁਣ ਉਹ ਦਿਨ ਦੂਰ ਨਹੀਂ ਜਦੋਂ ਆਸਟ੍ਰਲੀਆ ਦੇ ਰਾਜਨੀਤਕ ਲੋਕ ਵੀ ਹੋਰਨਾਂ ਦੇਸ਼ਾਂ ਦੇ ਰਾਜਨੀਤਕ ਲੋਕਾਂ ਵਾਂਗ, ਜ਼ੈਡ ਸਕਿਉਰਟੀ ਲੈਕੇ ਘੁੰਮਣ ਲੱਗ ਪੈਣ ਅਤੇ ਲੋਕਾਂ ਨੂੰ ਆਪਣੀ ਗੱਲ ਪਹੁੰਚਾਉਣ ਦੇ ਲਈ ਉਹਨਾਂ ਤੱਕ ਪਹੁੰਚ ਕਰਨੀ ਹੀ ਮੁਸ਼ਕਲ ਹੋ ਜਾਵੇ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੂੰ ਕੱਲ੍ਹ ਸ਼ਾਮ 6 ਵਜੇ ਬੰਬ ਦੇ ਖਤਰੇ ਦੀ ਸੂਚਨਾ ਤੋਂ ਬਾਅਦ ਉਹਨਾਂ ਦੇ ਕੈਨਬਰਾ ਸਥਿਤ ਸਰਕਾਰੀ ਨਿਵਾਸ ‘ਦ ਲੌਜ’ ਤੋਂ ਬਾਹਰ ਲਿਜਾਇਆ ਗਿਆ। ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ‘ਦ ਲੌਜ’ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ, ਐਂਥਨੀ ਐਲਬਨੀਜ਼ ਨੂੰ ਕੁੱਝ ਘੰਟਿਆਂ ਲਈ ਕਿਸੇ ਹੋਰ ਸੁਰੱਖਿਅਤ ਥਾਂ ਤੇ ਲਿਜਾਇਆ ਗਿਆ ਅਤੇ ਤਿੰਨ ਘੰਟਿਆਂ ਦੀ ਜਾਂਚ ਤੋਂ ਬਾਅਦ ਸਭ ਕੁੱਝ ਠੀਕ-ਠਾਕ ਹੋਣ ਦੀ ਤਸੱਲੀ ਕੀਤੇ ਜਾਣ ਤੋਂ ਬਾਅਦ ਕਰੀਬ 9 ਵਜੇ ਉਹ ਆਪਣੇ ਘਰ ਮੁੜ ਵਾਪਸ ਆਏ। ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਕਿਹਾ ਗਿਆ ਕਿ ਉਹ ਪੁਲਿਸ ‘ਤੇ ਭਰੋਸਾ ਕਰਦੇ ਹਨ ਅਤੇ ਪੁਲਿਸ ਦਾ ਧੰਨਵਾਦ ਕਰਦੇ ਹਨ। ਪ੍ਰਧਾਨ ਮੰਤਰੀ ਨੂੰ ਕਿਸ ਕਿਸਮ ਦਾ ਖਤਰਾ ਸੀ, ਇਸ ਸਬੰਧੀ ਕੋਈ ਵੀ ਜਾਣਕਾਰੀ ਹਾਲੇ ਜਨਤਕ ਨਹੀਂ ਕੀਤੀ ਗਈ ਅਤੇ ਇਸ ਸਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ। ਬੇਸ਼ੱਕ ਇਸ ਘਟਨਾ ਤੋਂ ਇਸ ਵੇਲੇ ਸਭਕੁੱਝ ਠੀਕ-ਠਾਕ ਹੈ ਪਰ ਰਾਜਨੀਤਕ ਲੋਕਾਂ ਨੂੰ ਆਏ ਦਿਨ ਮਿਲ ਰਹੀਆਂ ਧਮਕੀਆਂ ਨੂੰ ਬਹੁਤ ਹੀ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ।

ਆਸਟ੍ਰੇਲੀਆ ਦੇ ਵਿੱਚ ਪਿਛਲੇ ਕੁੱਝ ਇੱਕ ਸਾਲਾਂ ਵਿੱਚ ਹੀ ਕਈ ਰਾਜਨੀਤਕ ਵਿਅਕਤੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਆਸਟ੍ਰੇਲੀਅਨ ਫੈਡਰਲ ਪੁਲਿਸ ਦਾ ਮੰਨਣਾ ਹੈ ਕਿ ਸਾਲ 2022 ਤੋਂ 2024 ਦੇ ਦਰਮਿਆਨ ਆਸਟ੍ਰੇਲੀਆ ਦੇ ਫੈਡਰਲ ਰਾਜਨੀਤਕ ਵਿਅਕਤੀਆਂ ਦੀ ਸੁਰੱਖਿਆ ਨਾਲ ਜੁੜੀਆਂ ਧਮਕੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਪਿਛਲੇ ਸਾਲ ਹੀ ਅਕਤੂਬਰ 2025 ਵਿੱਚ ਇੱਕ ਰਾਸ਼ਟਰੀ ਸੁਰੱਖਿਆ ਜਾਂਚ ਟੀਮ ਬਣਾਈ ਜੋ ਉਹਨਾਂ ਗਰੁੱਪਾਂ ਅਤੇ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਦੀ ਹੈ ਜੋ ਸਮਾਜਕ ਏਕਤਾ ਨੂੰ ਨੁਕਸਾਨ ਪਹੁੰਚਾਉਂਦੇ ਹਨ ਅਤੇ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦੇ ਹਨ। ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਕਮਿਸ਼ਨਰ ਕ੍ਰਿਸੀ ਲੀ ਬੈਰਟ ਨੇ ਇਸ ਸਬੰਧੀ ਦੱਸਿਆ ਕਿ, “ਇਸ ਰਾਸ਼ਟਰੀ ਸੁਰੱਖਿਆ ਜਾਂਚ ਟੀਮ ਦੇ ਗਠਨ ਤੋਂ ਬਾਅਦ 21 ਲੋਕਾਂ ‘ਤੇ ਕੇਸ ਦਰਜ ਕੀਤੇ ਗਏ। ਜ਼ਿਆਦਾਤਰ ਮਾਮਲੇ ਸੰਸਦ ਮੈਂਬਰਾਂ ਅਤੇ ਉੱਚ ਅਹੁਦੇਦਾਰਾਂ ਨੂੰ ਧਮਕੀਆਂ ਨਾਲ ਸੰਬੰਧਿਤ ਹਨ। ਇਸੇ ਸਾਲ ਫਰਵਰੀ 2026 ਵਿੱਚ ਮੈਲਬੋਰਨ ਦੇ ਇੱਕ 33 ਸਾਲਾ ਵਿਅਕਤੀ ‘ਤੇ ਇੱਕ ਫੈਡਰਲ ਸੰਸਦ ਮੈਂਬਰ ਨੂੰ ਸੋਸ਼ਲ ਮੀਡੀਆ ਅਤੇ ਈਮੇਲ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਯਹੂਦੀ ਵਿਰੋਧੀ ਟਿੱਪਣੀਆਂ ਕਰਨ ਦੇ ਦੋਸ਼ ਲੱਗੇ ਸਨ। ਇੱਕ ਹੋਰ ਮਾਮਲੇ ਵਿੱਚ ਇਸੇ ਸਾਲ 10 ਫਰਵਰੀ 2026 ਨੂੰ ਇੱਕ ਵਿਅਕਤੀ ਨੂੰ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਤਨੀ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਧਮਕੀਆਂ ਦੇਣ ਅਤੇ ਅਪਮਾਨਜਨਕ ਸੰਦੇਸ਼ ਭੇਜਣ ਲਈ ਦੋਸ਼ੀ ਠਹਿਰਾਇਆ ਗਿਆ ਸੀ। ਕੱਲ੍ਹ ਮੰਗਲਵਾਰ ਨੂੰ ਸਿਡਨੀ ਦੇ ਇੱਕ 67 ਸਾਲਾ ਵਿਅਕਤੀ ਨੂੰ ਇੱਕ ਫੈਡਰਲ ਸੰਸਦ ਮੈਂਬਰ ਨੂੰ ਅਪਮਾਨਜਨਕ ਈਮੇਲ ਭੇਜਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ। ਉਸ ਉਪਰ ਧਮਕੀ ਦੇਣ, ਪ੍ਰੇਸ਼ਾਨ ਕਰਨ ਅਤੇ ਗਲਤ ਕੰਮ ਕਰਨ ਦੇ ਲਈ ਕੈਰਿਜਜ ਸਰਵਿਸ ਦੀ ਵਰਤੋਂ ਕਰਨ ਦੇ ਦੋਸ਼ ਲਾਏ ਗਏ ਹਨ। ਪੁਲਿਸ ਨੇ ਸਿਡਨੀ ਦੇ ਅੰਦਰੂਨੀ ਉੱਤਰੀ ਇਲਾਕੇ ਵੋਲਸਟੋਨਕ੍ਰਾਂਫ਼ਟ ਵਿੱਚ ਸਰਚ ਵਰੰਟ ਦੇ ਦੌਰਾਨ ਇੱਕ ਮੋਬਾਈਲ ਫ਼ੋਨ ਅਤੇ ਇੱਕ ਯੂਐਸਬੀ ਵੀ ਜ਼ਬਤ ਕੀਤੀ ਹੈ।

ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਗਸ ਟੇਲਰ ਨੇ ਇਸ ਸਬੰਧੀ ਕਿਹਾ ਹੈ ਕਿ, “ਮੈਂ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨਾਲ ਗੱਲਬਾਤ ਕੀਤੀ ਹੈ। ਮੈਂ ਖੁਸ਼ ਹਾਂ ਕਿ ਪ੍ਰਧਾਨ ਮੰਤਰੀ ਸੁਰੱਖਿਅਤ ਹਨ। ਕਿਸੇ ਵੀ ਸੰਸਦ ਮੈਂਬਰ ਨੂੰ ਧਮਕਾਉਣਾ ਬਿਲਕੁਲ ਗਲਤ ਹੈ ਅਤੇ ਖਾਸਤੌਰ ‘ਤੇ ਅਜਿਹੇ ਦੇਸ਼ ਵਿੱਚ ਜੋ ਗੱਲਬਾਤ ਦੇ ਰਾਹੀਂ ਆਪਣੇ ਮੱਤਭੇਦਾਂ ਨੂੰ ਜ਼ਾਹਿਰ ਕਰਨ ‘ਤੇ ਹੀ ਬਣਿਆ ਹੋਇਆ ਹੈ। ਅਸੀਂ ਚਾਹੁੰਦੇ ਹਾਂ ਕਿ ਇੱਕਜੁੱਟ ਮੋਰਚਾ ਬਣੇ ਤਾਂ ਜੋ ਇਹ ਪੱਕਾ ਹੋ ਸਕੇ ਕਿ ਵਿਦੇਸ਼ਾਂ ਵਿੱਚ ਅਕਸਰ ਦੇਖੀ ਜਾਣ ਵਾਲੀ ਰਾਜਨੀਤਕ ਹਿੰਸਾ ਆਸਟ੍ਰੇਲੀਆ ਦੇ ਵਿੱਚ ਨਾ ਫੈਲੇ।”

ਆਸਟ੍ਰੇਲੀਆ ਦੀ ਵਿੱਤ-ਮੰਤਰੀ ਕੇਟੀ ਗੈਲਾਗਰ ਨੇ ਇਸ ਸਬੰਧੀ ਕਿਹਾ ਹੈ ਕਿ, “ਆਸਟ੍ਰੇਲੀਆ ਦਾ ਰਾਜਨੀਤਿਕ ਮਾਹੌਲ ਬਦਲ ਗਿਆ ਹੈ ਅਤੇ ਹੁਣ ਲੋਕ ਗੁਪਤ ਤਰੀਕੇ ਨਾਲ ਵੀ ਧਮਕੀਆਂ ਦੇ ਸਕਦੇ ਹਨ। ਕਿਸੇ ਦੇ ਵੀ ਵੱਖਰੇ ਵਿਚਾਰ ਹੋ ਸਕਦੇ ਹਨ, ਪਰ ਕਿਸੇ ਨੂੰ ਮੌਤ ਦੀ ਧਮਕੀ ਦੇਣਾ ਕਦੇ ਵੀ ਠੀਕ ਨਹੀਂ ਹੈ।

ਗ੍ਰੀਨਜ਼ ਪਾਰਟੀ ਦੇ ਸੈਨੇਟਰ ਨਿੱਕ ਮਕਿੱਮ ਨੇ ਇਸ ਸਬੰਧੀ ਕਿਹਾ ਹੈ ਕਿ, “ਸਾਰੇ ਲੋਕਾਂ ਦੀ ਜ਼ਿੰਮੇਵਾਰੀ ਹੈ ਕਿ ਰਾਜਨੀਤਿਕ ਵਿਚਾਰ-ਵਟਾਂਦਰੇ ਨੂੰ ਸਹਿਣਸ਼ੀਲਤਾ ਨਾਲ ਰੱਖਿਆ ਜਾਵੇ ਅਤੇ ਹੱਦਾਂ ਪਾਰ ਨਾ ਕੀਤੀਆਂ ਜਾਣ। ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਰਾਜਨੀਤੀ ਵਿੱਚ ਅਸਹਿਮਤੀਆਂ ਬਹੁਤ ਹੁੰਦੀਆਂ ਹਨ ਅਤੇ ਆਪਣੀ ਗੱਲ ਕਹਿਣੀ ਠੀਕ ਹੈ। ਸਾਨੂੰ ਆਪਣੀ ਗੱਲ ਮਜ਼ਬੂਤੀ ਅਤੇ ਦਲੀਲ ਨਾਲ ਰੱਖਣੀ ਚਾਹੀਦੀ ਹੈ ਪਰ ਇੱਕ ਹੱਦ ਹੁੰਦੀ ਹੈ, ਜਿਸਨੂੰ ਪਾਰ ਨਹੀਂ ਕਰਨਾ ਚਾਹੀਦਾ।”

Related posts

ਮੈਲਬੌਰਨ ਵਿੱਚ ਹਾਈਟੈਕ ਵਾਹਨ ਚੋਰ ਗਿਰੋਹ ਬੇਨਕਾਬ : ਚੋਰੀ ਤੋਂ ਬਚਾਅ ਲਈ ਸੁਝਾਅ !

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

admin