ਭਾਰਤ ਦੁਨੀਆ ਵਿੱਚ ਅਤਿ-ਅਮੀਰ ਵਿਅਕਤੀਆਂ ਦੀ ਆਬਾਦੀ ਦੇ ਮਾਮਲੇ ‘ਚ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਵਿੱਚ 30 ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਵਾਲੇ ਅਮੀਰਾਂ ਦੀ ਗਿਣਤੀ 2026 ‘ਚ 19,877 ਦਰਜ ਕੀਤੀ ਗਈ ਹੈ, ਜਿਸ ਦੇ 2031 ਤੱਕ 27 ਫੀਸਦੀ ਵਧ ਕੇ 25,217 ਹੋਣ ਦੀ ਸੰਭਾਵਨਾ ਹੈ।
ਨਾਈਟ ਫ੍ਰੈਂਕ ਦੀ ‘ਵੈਲਥ ਰਿਪੋਰਟ 2026’ ਅਨੁਸਾਰ ਭਾਰਤ ਹੁਣ ਅਰਬਪਤੀਆਂ ਦੀ ਗਿਣਤੀ ਦੇ ਮਾਮਲੇ ‘ਚ ਵਿਸ਼ਵ ਪੱਧਰ ‘ਤੇ ਅਮਰੀਕਾ ਤੇ ਚੀਨ ਤੋਂ ਬਾਅਦ ਤੀਜੇ ਸਥਾਨ ‘ਤੇ ਹੈ। ਪਿਛਲੇ ਪੰਜ ਸਾਲਾਂ ‘ਚ ਭਾਰਤੀ ਅਰਬਪਤੀਆਂ ਦੀ ਗਿਣਤੀ 58 ਫੀਸਦੀ ਵਧ ਕੇ 207 ਹੋ ਗਈ ਹੈ। ਅਨੁਮਾਨ ਹੈ ਕਿ 2031 ਤੱਕ ਦੇਸ਼ ‘ਚ ਅਰਬਪਤੀਆਂ ਦੀ ਕੁੱਲ ਗਿਣਤੀ 313 ਹੋ ਜਾਵੇਗੀ, ਜੋ ਕਿ 51 ਫੀਸਦੀ ਦਾ ਵੱਡਾ ਉਛਾਲ ਹੈ। ਇਸ ਵਾਧੇ ਨਾਲ ਵਿਸ਼ਵ ਦੇ ਕੁੱਲ ਅਰਬਪਤੀਆਂ ‘ਚ ਭਾਰਤ ਦੀ ਹਿੱਸੇਦਾਰੀ 8 ਫੀਸਦੀ ਤੱਕ ਪਹੁੰਚ ਜਾਵੇਗੀ। ਇਹ ਵਾਧਾ ਭਾਰਤੀ ਆਰਥਿਕਤਾ ‘ਚ ਆ ਰਹੇ ਵੱਡੇ ਬਦਲਾਅ ਦਾ ਨਤੀਜਾ ਹੈ। ਭਾਰਤ ਹੁਣ ਸਿਰਫ਼ ਖਪਤ-ਅਧਾਰਤ ਬਾਜ਼ਾਰ ਨਹੀਂ ਰਿਹਾ ਸਗੋਂ ਉੱਦਮਤਾ, ਟੈਕਨੋਲੋਜੀ ਤੇ ਪੂੰਜੀ ਬਾਜ਼ਾਰ ਦਾ ਕੇਂਦਰ ਬਣ ਰਿਹਾ ਹੈ।
ਭਾਰਤ ਦੇ 40 ਸਾਲ ਤੋਂ ਘੱਟ ਉਮਰ ਦੇ ਸੰਸਥਾਪਕ ਲਗਭਗ 950 ਬਿਲੀਅਨ ਡਾਲਰ ਦੀ ਜਾਇਦਾਦ ਨੂੰ ਕੰਟਰੋਲ ਕਰ ਰਹੇ ਹਨ, ਜੋ ਕਿ ਸਵਿਟਜ਼ਰਲੈਂਡ ਦੀ ਜੀਡੀਪੀ ਤੋਂ ਵੀ ਜ਼ਿਆਦਾ ਹੈ। ਟੈਕਨੋਲੋਜੀ, ਵਿੱਤੀ ਸੇਵਾਵਾਂ ਅਤੇ ਡਿਜੀਟਲਾਈਜ਼ੇਸ਼ਨ ਦੌਲਤ ਪੈਦਾ ਕਰਨ ਦੇ ਨਵੇਂ ਰਸਤੇ ਖੋਲ੍ਹ ਰਹੇ ਹਨ। ਭਾਰਤ ਦੀ ਦੌਲਤ ਹੁਣ ਸਿਰਫ਼ ਮੁੰਬਈ ਤੱਕ ਸੀਮਤ ਨਹੀਂ ਰਹੀ। ਹਾਲਾਂਕਿ ਮੁੰਬਈ ਅਜੇ ਵੀ 35.4 ਫੀਸਦੀ ਹਿੱਸੇਦਾਰੀ ਨਾਲ ਸਿਖਰ ‘ਤੇ ਹੈ, ਪਰ ਦਿੱਲੀ (22.8%), ਹੈਦਰਾਬਾਦ (6.3%) ਅਤੇ ਚੇਨਈ (4.8%) ਵਰਗੇ ਸ਼ਹਿਰਾਂ ਵਿੱਚ ਅਮੀਰਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਭਾਵੇਂ ਅਮਰੀਕਾ (2,51,352) ਅਤੇ ਚੀਨ (1,21,677) ਅਤਿ-ਅਮੀਰਾਂ ਦੀ ਗਿਣਤੀ ਵਿੱਚ ਭਾਰਤ ਤੋਂ ਕਾਫ਼ੀ ਅੱਗੇ ਹਨ, ਪਰ ਭਾਰਤ ਦੀ ਵਿਕਾਸ ਦਰ ਦੁਨੀਆ ਵਿੱਚ ਸਭ ਤੋਂ ਤੇਜ਼ ਹੈ, ਜੋ ਭਵਿੱਖ ਵਿੱਚ ਇਸ ਪਾੜੇ ਨੂੰ ਘਟਾ ਸਕਦੀ ਹੈ। ਅਨੁਮਾਨ ਹੈ ਕਿ 2026 ਤੋਂ 2031 ਦੇ ਦਰਮਿਆਨ ਭਾਰਤ ਦੀ ਅਮੀਰ ਆਬਾਦੀ ਵਿੱਚ 26.9 ਫੀਸਦੀ ਦਾ ਵਾਧਾ ਹੋਵੇਗਾ।
