BusinessArticlesBreaking NewsIndiaLatest News

ਭਾਰਤ ਵਿੱਚ ਕੋਲੇ ਦੀ ਪੈਦਾਵਾਰ ਵਧਣ ਨਾਲ ਕੋਲਾ ਦਰਾਮਦ 5.83 ਫੀਸਦੀ ਘਟੀ

ਭਾਰਤ ਵਿੱਚ ਕੋਲੇ ਦੀ ਪੈਦਾਵਾਰ ਵਧਣ ਨਾਲ ਕੋਲਾ ਦਰਾਮਦ 5.83 ਫੀਸਦੀ ਘਟ ਹੈ।

ਨਵੀਂ ਦਿੱਲੀ – ਭਾਰਤ ਵਿੱਚ ਘਰੇਲੂ ਕੋਲੇ ਦੀ ਪੈਦਾਵਾਰ ਵਧਣ ਕਾਰਨ ਵਿਦੇਸ਼ਾਂ ਤੋਂ ਕੋਲਾ ਮੰਗਵਾਉਣ ਵਿੱਚ ਕਮੀ ਆਈ ਹੈ। ਅਗਸਤ 2026 ਦੌਰਾਨ ਭਾਰਤ ਦਾ ਕੋਲਾ ਦਰਾਮਦ ਸਾਲਾਨਾ ਆਧਾਰ ’ਤੇ 5.83 ਫੀਸਦੀ ਘਟ ਕੇ 104.57 ਮਿਲੀਅਨ ਟਨ ਰਹਿ ਗਿਆ। ਪਿਛਲੇ ਸਾਲ ਅਗਸਤ ਵਿੱਚ ਇਹ ਅੰਕੜਾ 111.05 ਮਿਲੀਅਨ ਟਨ ਸੀ।

ਕੋਲਾ ਮੰਤਰਾਲੇ ਨੇ ਐਤਵਾਰ ਨੂੰ ਜਾਰੀ ਬਿਆਨ ਵਿੱਚ ਦੱਸਿਆ ਕਿ ਇਸ ਵਾਰ ਕੋਲਾ ਦਰਾਮਦ ਵਿੱਚ 6.48 ਮਿਲੀਅਨ ਟਨ ਦੀ ਕਮੀ ਆਈ ਹੈ। ਇਸ ਦਾ ਕਾਰਨ ਦੇਸ਼ ਵਿੱਚ ਕੋਲੇ ਦੀ ਵਧੀ ਪੈਦਾਵਾਰ ਅਤੇ ਸਪਲਾਈ ਪ੍ਰਣਾਲੀ ਵਿੱਚ ਸੁਧਾਰ ਦੱਸਿਆ ਗਿਆ ਹੈ। ਬਿਜਲੀ ਬਣਾਉਣ ਵਾਲੇ ਪਲਾਂਟਾਂ ਵੱਲੋਂ ਵੀ ਵਿਦੇਸ਼ੀ ਕੋਲੇ ਦੀ ਵਰਤੋਂ ਘਟਾਈ ਗਈ ਹੈ। ਅਗਸਤ 2026 ਵਿੱਚ ਇਨ੍ਹਾਂ ਪਲਾਂਟਾਂ ਦਾ ਕੋਲਾ ਦਰਾਮਦ 6.39 ਫੀਸਦੀ ਘਟ ਕੇ 21.32 ਮਿਲੀਅਨ ਟਨ ਰਹਿ ਗਿਆ, ਜਦਕਿ ਪਿਛਲੇ ਸਾਲ ਇਹ 22.77 ਮਿਲੀਅਨ ਟਨ ਸੀ। ਖ਼ਾਸ ਤੌਰ ’ਤੇ ਭਾਰਤੀ ਕੋਲੇ ਨਾਲ ਮਿਲਾ ਕੇ ਵਰਤਣ ਲਈ ਵਿਦੇਸ਼ਾਂ ਤੋਂ ਮੰਗਵਾਏ ਜਾਣ ਵਾਲੇ ਕੋਲੇ ਵਿੱਚ 35.23 ਫੀਸਦੀ ਦੀ ਕਮੀ ਆਈ ਹੈ। ਇਹ ਦਰਾਮਦ 4.64 ਮਿਲੀਅਨ ਟਨ ਤੋਂ ਘਟ ਕੇ 3 ਮਿਲੀਅਨ ਟਨ ਰਹਿ ਗਈ।

ਦੂਜੇ ਪਾਸੇ, ਜਿਹੜੇ ਬਿਜਲੀ ਪਲਾਂਟ ਮੁੱਖ ਤੌਰ ’ਤੇ ਵਿਦੇਸ਼ੀ ਕੋਲੇ ਨਾਲ ਹੀ ਚੱਲਦੇ ਹਨ, ਉਨ੍ਹਾਂ ਦਾ ਦਰਾਮਦ 0.98 ਫੀਸਦੀ ਵਧ ਕੇ 18.31 ਮਿਲੀਅਨ ਟਨ ਹੋ ਗਿਆ। ਦੇਸ਼ ਦੀ ਕੁੱਲ ਕੋਲਾ ਖਪਤ ਵਿੱਚ ਵਿਦੇਸ਼ੀ ਕੋਲੇ ਦੀ ਹਿੱਸੇਦਾਰੀ ਵੀ ਘਟ ਕੇ 19.30 ਫੀਸਦੀ ਰਹਿ ਗਈ ਹੈ। ਪਿਛਲੇ ਸਾਲ ਇਹ 21.20 ਫੀਸਦੀ ਸੀ। ਸਟੀਲ ਉਦਯੋਗ ਵਿੱਚ ਵਰਤੇ ਜਾਣ ਵਾਲੇ ਕੋਕਿੰਗ ਕੋਲੇ ਦਾ ਦਰਾਮਦ ਵੀ 4.18 ਫੀਸਦੀ ਘਟ ਕੇ 27.30 ਮਿਲੀਅਨ ਟਨ ਰਹਿ ਗਿਆ। ਹਾਲਾਂਕਿ ਮੰਤਰਾਲੇ ਮੁਤਾਬਕ ਭਾਰਤ ਵਿੱਚ ਇਸ ਕਿਸਮ ਦੇ ਕੋਲੇ ਦੀ ਗੁਣਵੱਤਾ ਅਤੇ ਉਪਲਬਧਤਾ ਸੀਮਤ ਹੋਣ ਕਾਰਨ ਸਟੀਲ ਉਦਯੋਗ ਲਈ ਇਸ ਦਾ ਦਰਾਮਦ ਅਜੇ ਵੀ ਜ਼ਰੂਰੀ ਹੈ।

ਸਰਕਾਰ ਕੋਲਾ ਉਤਪਾਦਨ ਵਧਾਉਣ, ਰੇਲ ਅਤੇ ਸੜਕ ਰਾਹੀਂ ਢੋਆ-ਢੁਆਈ ਸੁਧਾਰਨ ਅਤੇ ਬਿਜਲੀ ਪਲਾਂਟਾਂ ਵਿੱਚ ਕੋਲੇ ਦੇ ਭੰਡਾਰ ਦੀ ਨਿਗਰਾਨੀ ਕਰਨ ਲਈ ਕਦਮ ਚੁੱਕ ਰਹੀ ਹੈ। ਕੋਲਾ ਮੰਤਰਾਲਾ ਕੋਲ ਇੰਡੀਆ ਅਤੇ ਰੇਲਵੇ ਮੰਤਰਾਲੇ ਨਾਲ ਮਿਲ ਕੇ ਬਿਜਲੀ ਪਲਾਂਟਾਂ ਤੱਕ ਸਮੇਂ ਸਿਰ ਕੋਲਾ ਪਹੁੰਚਾਉਣ ਲਈ ਕੰਮ ਕਰ ਰਿਹਾ ਹੈ। ਸਰਕਾਰ ਦਾ ਉਦੇਸ਼ ਵਿਦੇਸ਼ੀ ਕੋਲੇ ਉੱਤੇ ਨਿਰਭਰਤਾ ਘਟਾਉਣਾ ਅਤੇ ਦੇਸ਼ ਵਿੱਚ ਬਿਜਲੀ ਦੀ ਸਪਲਾਈ ਲਗਾਤਾਰ ਜਾਰੀ ਰੱਖਣਾ ਹੈ।

Related posts

ਹਰਵਿੰਦਰ ਕੌਰ ਸੰਧੂ : ਪੰਜਾਬ ਦੇ ਫਿਰੋਜ਼ਪੁਰ ਤੋਂ ਬ੍ਰਿਟਿਸ਼ ਕੋਲੰਬੀਆ ਦੀ ਪਾਰਲੀਮੈਂਟ ਤੱਕ ਦਾ ਸਫ਼ਰ !

admin

ਕੈਨੇਡਾ ’ਚ ਹਾਦਸੇ ਦਾ ਸ਼ਿਕਾਰ ਹੋਈ ਜਸਪ੍ਰੀਤ ਦੇ ਪਰਿਵਾਰ ਦੇ ਇਸ ਭਾਜਪਾ ਆਗੂ ਨੇ ਫੜ੍ਹੀ ਬਾਂਹ

Bunty

ਜੀਓ ਚੇਤੰਨਤਾ ਦੇ ਨਾਲ

admin