ArticlesAustralia & New ZealandBreaking NewsLatest News

ਚੋਰੀ ਹੋਏ ਟਰੱਕ ਨੇ ਖੋਲ੍ਹੀ 40 ਮਿਲੀਅਨ ਡਾਲਰ ਦੀ ਭੰਗ ਦੇ ਵੱਡੇ ਭੰਡਾਰ ਦੀ ਪੋਲ !

ਵਿਕਟੋਰੀਆ ਪੁਲਿਸ।

 

ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਵਿਕਟੋਰੀਆ ਪੁਲਿਸ ਨੂੰ ਇੱਕ ਚੋਰੀ ਹੋਏ ਟਰੱਕ ਦੀ ਭਾਲ ਕਰਦਿਆਂ ਮੈਲਬੌਰਨ ਦੇ ਪੱਛਮੀ ਇਲਾਕੇ ਵਿੱਚ ਭੰਗ ਦੀ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਖੇਤੀ ਦਾ ਪਤਾ ਲੱਗਾ ਹੈ। ਪੁਲਿਸ ਨੇ ਇੱਕ ਪੇਂਡੂ ਜਾਇਦਾਦ ਵਿੱਚੋਂ 6,000 ਤੋਂ 8,000 ਦੇ ਕਰੀਬ ਭੰਗ ਦੇ ਪੌਦੇ ਬਰਾਮਦ ਕੀਤੇ ਹਨ, ਜਿਨ੍ਹਾਂ ਦੀ ਕਾਲੇ ਬਾਜ਼ਾਰ ਵਿੱਚ ਅੰਦਾਜ਼ਨ ਕੀਮਤ 40 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ।

ਇਹ ਕਾਰਵਾਈ ਪਿਛਲੇ ਸੋਮਵਾਰ ਦੁਪਹਿਰ ਨੂੰ ਸ਼ੁਰੂ ਹੋਈ, ਜਦੋਂ ਮੈਲਟਨ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਜਾਸੂਸ ਇੱਕ ਚੋਰੀ ਹੋਏ ਟਰੱਕ ਦੀ ਜਾਂਚ ਕਰ ਰਹੇ ਸਨ। ਜਾਂਚ ਦੌਰਾਨ ਪੁਲਿਸ ਟਰੱਕ ਦਾ ਪਿੱਛਾ ਕਰਦਿਆਂ ਟੂਲਰਨ ਵੇਲ ਵਿਖੇ ਇੱਕ ਪੇਂਡੂ ਜਾਇਦਾਦ ਤੱਕ ਪਹੁੰਚ ਗਈ। ਜਦੋਂ ਪੁਲਿਸ ਉੱਥੇ ਪਹੁੰਚੀ ਤਾਂ ਟਰੱਕ ਚਿੱਕੜ ਵਿੱਚ ਫਸਿਆ ਹੋਇਆ ਸੀ ਅਤੇ ਉਸ ਨੂੰ ਉੱਥੇ ਹੀ ਛੱਡ ਦਿੱਤਾ ਗਿਆ ਸੀ। ਪਰ ਟਰੱਕ ਦੀ ਭਾਲ ਦੌਰਾਨ ਪੁਲਿਸ ਨੂੰ ਜਾਇਦਾਦ ਵਿੱਚ ਗਾਂਜੇ ਦੀ ਖੇਤੀ ਦਾ ਇੱਕ ਵੱਡਾ ਅਤੇ ਯੋਜਨਾਬੱਧ ਪ੍ਰਬੰਧ ਮਿਲਿਆ।

ਪੁਲਿਸ ਮੁਤਾਬਕ ਇਸ ਜਾਇਦਾਦ ਵਿੱਚ ਪੰਜ ਵੱਡੇ ਗ੍ਰੀਨਹਾਊਸ (ਕੱਚ ਜਾਂ ਪਲਾਸਟਿਕ ਨਾਲ ਢੱਕੇ ਖੇਤੀ ਵਾਲੇ ਘਰ) ਬਣਾਏ ਗਏ ਸਨ, ਜਿਨ੍ਹਾਂ ਵਿੱਚ ਹਜ਼ਾਰਾਂ ਭੰਗ ਦੇ ਪੌਦੇ ਉਗਾਏ ਜਾ ਰਹੇ ਸਨ। ਇਸ ਤੋਂ ਬਾਅਦ ਪੁਲਿਸ ਨੇ ਤਲਾਸ਼ੀ ਵਾਰੰਟ ਹਾਸਲ ਕਰਕੇ ਪੂਰੀ ਜਾਇਦਾਦ ਦੀ ਜਾਂਚ ਕੀਤੀ। ਜਾਂਚ ਦੌਰਾਨ 6,000 ਤੋਂ 8,000 ਦੇ ਕਰੀਬ ਪੂਰੀ ਤਰ੍ਹਾਂ ਵਿਕਸਿਤ ਹੋ ਚੁੱਕੇ ਭੰਗ ਦੇ ਪੌਦੇ ਮਿਲੇ। ਇਨ੍ਹਾਂ ਦੀ ਅੰਦਾਜ਼ਨ ਕੀਮਤ 40 ਮਿਲੀਅਨ ਡਾਲਰ ਲਗਾਈ ਗਈ ਹੈ। ਪੁਲਿਸ ਨੇ ਮੌਕੇ ਤੋਂ ਇਲੈਕਟ੍ਰਾਨਿਕ ਉਪਕਰਨ ਅਤੇ ਬਿਜਲੀ ਦੇ ਮੀਟਰ ਜਾਂ ਸਪਲਾਈ ਨਾਲ ਛੇੜਛਾੜ ਕਰਕੇ ਬਿਜਲੀ ਦੀ ਵਰਤੋਂ ਕਰਨ ਨਾਲ ਸਬੰਧਤ ਕੁਝ ਸਾਮਾਨ ਵੀ ਜ਼ਬਤ ਕੀਤਾ ਹੈ। ਪੁਲਿਸ ਵੱਲੋਂ ਸਾਰੇ ਪੌਦਿਆਂ ਦੀ ਬਨਸਪਤੀ ਮਾਹਿਰਾਂ ਰਾਹੀਂ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ। ਇਸ ਜਾਂਚ ਤੋਂ ਬਾਅਦ ਸਾਰੇ ਪੌਦਿਆਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਜਾਂਚਕਰਤਾ ਇਸ ਗੱਲ ਦੀ ਵੀ ਪੜਤਾਲ ਕਰ ਰਹੇ ਹਨ ਕਿ ਕੀ ਚੋਰੀ ਕੀਤਾ ਗਿਆ ਟਰੱਕ ਭੰਗ ਦੀ ਫਸਲ ਵਿੱਚੋਂ ਪੌਦੇ ਜਾਂ ਹੋਰ ਸਾਮਾਨ ਚੋਰੀ ਕਰਨ ਦੇ ਇਰਾਦੇ ਨਾਲ ਉੱਥੇ ਲਿਆਂਦਾ ਗਿਆ ਸੀ।

ਇਹ ਕਾਰਵਾਈ ਮੈਲਬੌਰਨ  ਦੇ ਉੱਤਰ ਵੱਲ ਸਥਿਤ ਰੋਮਸੀ ਇਲਾਕੇ ਵਿੱਚ ਕੀਤੀ ਗਈ ਇੱਕ ਹੋਰ ਪੁਲਿਸ ਕਾਰਵਾਈ ਤੋਂ ਕੁਝ ਦਿਨ ਬਾਅਦ ਹੋਈ ਹੈ। ਪੁਲਿਸ ਨੇ ਰੋਮਸੀ ਵਿੱਚ ਇੱਕ ਵੱਡੀ ਪੇਂਡੂ ਜਾਇਦਾਦ ਉੱਤੇ ਛਾਪਾ ਮਾਰਿਆ ਸੀ। ਇਸ ਦੌਰਾਨ ਪੁਲਿਸ ਅਤੇ ਮੈਸੇਡਨ ਰੇਂਜਜ਼ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਜਾਸੂਸਾਂ ਨੇ ਡਰੋਨ ਦੀ ਮਦਦ ਨਾਲ ਇਲਾਕੇ ਦੀ ਜਾਂਚ ਕੀਤੀ। ਡਰੋਨ ਰਾਹੀਂ ਬਣਾਈ ਗਈ ਵੀਡੀਓ ਵਿੱਚ ਪੁਲਿਸ ਨੂੰ ਜਾਇਦਾਦ ਦੇ ਖੁੱਲ੍ਹੇ ਹਿੱਸੇ ਵਿੱਚ ਭੰਗ ਦੇ ਪੌਦੇ ਉਗੇ ਹੋਏ ਨਜ਼ਰ ਆਏ। ਪੁਲਿਸ ਨੇ ਉੱਥੋਂ ਵੱਖ–ਵੱਖ ਆਕਾਰ ਦੇ ਲਗਭਗ 3,700 ਭੰਗ ਦੇ ਪੌਦੇ ਬਰਾਮਦ ਕੀਤੇ। ਇਨ੍ਹਾਂ ਸਾਰੇ ਪੌਦਿਆਂ ਦਾ ਕੁੱਲ ਭਾਰ 620 ਕਿਲੋਗ੍ਰਾਮ ਸੀ। ਪੁਲਿਸ ਨੇ ਪੌਦਿਆਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਸ ਮਾਮਲੇ ਵਿੱਚ ਵੀ ਹਾਲੇ ਤੱਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਅਤੇ ਜਾਂਚ ਜਾਰੀ ਹੈ।

ਪੁਲਿਸ ਦੀਆਂ ਇਨ੍ਹਾਂ ਦੋਵਾਂ ਵੱਖ–ਵੱਖ ਜਾਂਚਾਂ ਦੌਰਾਨ ਕੁੱਲ ਮਿਲਾ ਕੇ 11,700 ਤੋਂ ਵੱਧ ਭੰਗ ਦੇ ਪੌਦੇ ਬਰਾਮਦ ਕੀਤੇ ਗਏ ਹਨ। ਇਨ੍ਹਾਂ ਦੀ ਸਾਂਝੀ ਅੰਦਾਜ਼ਨ ਕੀਮਤ ਲਗਭਗ 40 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਇਨ੍ਹਾਂ ਕਾਰਵਾਈਆਂ ਵਿੱਚ ਬੋਟਨੀ ਯੂਨਿਟ, ਕ੍ਰਾਈਮ ਸੀਨ ਸਰਵਿਸਿਜ਼ ਅਤੇ ਡਿਵੀਜ਼ਨ ਦੇ ਹੋਰ ਤਜਰਬੇਕਾਰ ਪੁਲਿਸ ਜਾਸੂਸਾਂ ਨੇ ਵੀ ਸਹਿਯੋਗ ਦਿੱਤਾ। ਪੁਲਿਸ ਦੋਵਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਗੈਰ–ਕਾਨੂੰਨੀ ਖੇਤੀ ਕਾਰਵਾਈਆਂ ਪਿੱਛੇ ਕੌਣ ਲੋਕ ਜਾਂ ਗਰੋਹ ਸ਼ਾਮਲ ਹਨ।

ਮੈਲਟਨ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਡਿਟੈਕਟਿਵ ਸੀਨੀਅਰ ਸਾਰਜੈਂਟ ਨਿਕ ਡੀ–ਮੀਏਰੀ ਨੇ ਕਿਹਾ ਕਿ ਸ਼ੁਰੂ ਵਿੱਚ ਇਹ ਮਾਮਲਾ ਸਿਰਫ਼ ਇੱਕ ਚੋਰੀ ਹੋਏ ਵਾਹਨ ਦੀ ਜਾਂਚ ਨਾਲ ਸਬੰਧਤ ਸੀ, ਪਰ ਜਾਂਚ ਦੌਰਾਨ ਪੁਲਿਸ ਨੂੰ 6,000 ਤੋਂ ਵੱਧ ਪੌਦਿਆਂ ਵਾਲੀ ਭੰਗ ਦੀ ਇੱਕ ਵੱਡੀ ਖੇਤੀ ਦਾ ਪਤਾ ਲੱਗ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਹਰ ਚੋਰੀ ਹੋਏ ਵਾਹਨ ਦੀ ਰਿਪੋਰਟ ਨੂੰ ਗੰਭੀਰਤਾ ਨਾਲ ਲੈਂਦੀ ਹੈ, ਕਿਉਂਕਿ ਕਈ ਵਾਰ ਅਜਿਹੀਆਂ ਘਟਨਾਵਾਂ ਦੇ ਪਿੱਛੇ ਹੋਰ ਵੱਡੀਆਂ ਅਪਰਾਧਿਕ ਗਤੀਵਿਧੀਆਂ ਵੀ ਹੋ ਸਕਦੀਆਂ ਹਨ। ਇਹ ਮਾਮਲਾ ਇਸ ਗੱਲ ਦੀ ਉਦਾਹਰਨ ਹੈ ਕਿ ਇੱਕ ਛੋਟੀ ਜਿਹੀ ਜਾਂਚ ਵੀ ਕਿਸੇ ਵੱਡੇ ਅਪਰਾਧਿਕ ਨੈੱਟਵਰਕ ਤੱਕ ਪਹੁੰਚਣ ਵਿੱਚ ਮਦਦ ਕਰ ਸਕਦੀ ਹੈ।

ਦੂਜੇ ਪਾਸੇ, ਮੈਸੇਡਨ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਦੇ ਕਾਰਜਕਾਰੀ ਡਿਟੈਕਟਿਵ ਸਾਰਜੈਂਟ ਬੈਨ ਸ਼ਾਅਯਰ ਨੇ ਕਿਹਾ ਕਿ ਵੱਡੇ ਪੱਧਰ ‘ਤੇ ਚੱਲ ਰਹੇ ਨਸ਼ਿਆਂ ਦੇ ਕਾਰੋਬਾਰ ਨੂੰ ਬੰਦ ਕਰਨਾ ਅਤੇ ਗੈਰ–ਕਾਨੂੰਨੀ ਨਸ਼ਿਆਂ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣਾ ਭਾਈਚਾਰੇ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਗੈਰ–ਕਾਨੂੰਨੀ ਨਸ਼ਿਆਂ ਦੀ ਖੇਤੀ ਅਤੇ ਤਸਕਰੀ ਰਾਹੀਂ ਸੰਗਠਿਤ ਅਪਰਾਧਿਕ ਗਰੋਹ ਵੱਡੀ ਕਮਾਈ ਕਰਦੇ ਹਨ। ਇਸੇ ਕਰਕੇ ਪੁਲਿਸ ਅਜਿਹੀਆਂ ਗਤੀਵਿਧੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਰੋਕਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਵਿਕਟੋਰੀਆ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਗੈਰ–ਕਾਨੂੰਨੀ ਨਸ਼ਿਆਂ ਦੀ ਖੇਤੀ ਜਾਂ ਇਸ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ। ਜਾਣਕਾਰੀ ਦੇਣ ਲਈ 1800 333 000 ‘ਤੇ ਫੋਨ ਕੀਤਾ ਜਾ ਸਕਦਾ ਹੈ ਜਾਂ www.crimestoppersvic.com.au ਰਾਹੀਂ ਗੁਪਤ ਰਿਪੋਰਟ ਦਰਜ ਕਰਵਾਈ ਜਾ ਸਕਦੀ ਹੈ।

Related posts

ਸਪਨਾ ਚੌਧਰੀ ਦੀ ਮੌਤ ਦੀ ਖ਼ਬਰ ਦੌਰਾਨ ਵਾਇਰਲ ਹੋਈ ਇਹ ਵੀਡੀਓ

Bunty

ਰੂਸ ਤੋਂ ਭਾਰਤ ਤੱਕ ਸਿੱਧੀ ਰੇਲ ਕਨੈਕਟੀਵਿਟੀ ਦੀਆਂ ਕਿੰਨੀਆਂ-ਕੁ-ਸੰਭਾਵਨਾ ?

admin

ਵੋਟ ਤੋਂ ਪੈਣ ਤੋਂ ਪਹਿਲਾਂ ਤੇ ਬਾਅਦ ਦਾ ਵਿਹਾਰ !

admin