Health & FitnessArticlesAustralia & New Zealand

ਆਸਟ੍ਰੇਲੀਆ ‘ਚ ਬੇਰੁਜ਼ਗਾਰੀ ਖੁਦਕੁਸ਼ੀਆਂ ਨੂੰ ਵਧਾਉਂਦੀ ਹੈ : ਖੋਜ ਦਾ ਦਾਅਵਾ

ਐਡੀਲੇਡ ਯੂਨੀਵਰਸਿਟੀ ਖੋਜ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਨਾਲ ਨਜਿੱਠਣਾ ਖੁਦਕੁਸ਼ੀ ਦਰਾਂ ਘਟਾਉਣ ਲਈ ਜ਼ਰੂਰੀ ਹੈ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਵਿੱਚ ਹਰ ਸਾਲ 3,000 ਤੋਂ ਵੱਧ ਲੋਕ ਖੁਦਕੁਸ਼ੀ ਕਰਕੇ ਆਪਣੀ ਜਾਨ ਗੁਆ ਬੈਠਦੇ ਹਨ ਪਰ ਖੁਦਕੁਸ਼ੀ ਦੇ ਸਭ ਤੋਂ ਵੱਡੇ ਅਤੇ ਜਾਣੇ-ਪਛਾਣੇ ਕਾਰਨਾਂ ਵਿੱਚੋਂ ਇੱਕ, ਬੇਰੁਜ਼ਗਾਰੀ ਨੂੰ ਦੇਸ਼ ਦੇ ਖੁਦਕੁਸ਼ੀ ਰੋਕਥਾਮ ਪ੍ਰੋਗਰਾਮਾਂ ਵਿੱਚ ਅਜੇ ਵੀ ਲਗਭਗ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ।

ਐਡੀਲੇਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਹੁਣ ਖੁਦਕੁਸ਼ੀ ਰੋਕਥਾਮ ਲਈ ਇੱਕ ਬੁਨਿਆਦੀ ਨੀਤੀਗਤ ਤਬਦੀਲੀ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਰੁਜ਼ਗਾਰ, ਬੇਰੁਜ਼ਗਾਰੀ ਅਤੇ ਵਿੱਤੀ ਅਸੁਰੱਖਿਆ ਨੂੰ ਆਸਟ੍ਰੇਲੀਆ ਦੀ ਖੁਦਕੁਸ਼ੀ ਰੋਕਥਾਮ ਰਣਨੀਤੀ ਦੇ ਕੇਂਦਰੀ ਹਿੱਸੇ ਵਜੋਂ ਮੰਨਿਆ ਜਾਣਾ ਚਾਹੀਦਾ ਹੈ।

ਮੈਡੀਕਲ ਰਿਸਰਚ ਫਿਊਚਰ ਫੰਡ ਦੀ “ਮਿਲੀਅਨ ਮਾਈਂਡਜ਼ ਮੈਨਟਲ ਹੈਲਥ ਰਿਸਰਚ ਮਿਸ਼ਨ” ਵੱਲੋਂ ਫੰਡ ਪ੍ਰਾਪਤ ਦੋ ਸਾਲਾਂ ਦੇ ਪ੍ਰੋਜੈਕਟ “ਵਰਕ ਐਂਡ ਅਨਇੰਪਲਾਇਮੈਂਟ: ਵਾਈਟਲ ਟੂ ਇਫੈਕਟਿਵ ਸੁਸਾਈਡ ਪ੍ਰਿਵੈਂਸ਼ਨ” ਤਹਿਤ ਇਹ ਅਧਿਐਨ ਕੀਤਾ ਗਿਆ ਹੈ। ਇਸ ਖੋਜ ਵਿੱਚ ਇਹ ਜਾਂਚਿਆ ਗਿਆ ਕਿ ਸਰਕਾਰੀ ਨੀਤੀਆਂ, ਨਿਯੋਗਕਰਤਾ, ਖੁਦਕੁਸ਼ੀ ਰੋਕਥਾਮ ਨੈੱਟਵਰਕ, ਸਿਹਤ ਪੇਸ਼ੇਵਰ ਅਤੇ ਸਮਾਜਿਕ ਸੁਰੱਖਿਆ ਪ੍ਰਣਾਲੀਆਂ ਖੁਦਕੁਸ਼ੀ ਦੇ ਖ਼ਤਰੇ ਨੂੰ ਘਟਾਉਣ ਵਿੱਚ ਕਿਵੇਂ ਯੋਗਦਾਨ ਪਾ ਸਕਦੀਆਂ ਹਨ। ਅੱਜ ਸੋਮਵਾਰ ਨੂੰ ਜਾਰੀ ਕੀਤੀ ਗਈ ਅੰਤਿਮ ਰਿਪੋਰਟ ਵਿੱਚ ਖੋਜਕਰਤਾਵਾਂ ਨੇ ਕਿਹਾ ਕਿ ਜਦੋਂ ਤੱਕ ਬੇਰੁਜ਼ਗਾਰੀ, ਵਿੱਤੀ ਤੰਗੀ, ਅਸਥਿਰ ਰੁਜ਼ਗਾਰ, ਆਮਦਨ ਦੀ ਅਣਿਸ਼ਚਿਤਤਾ ਅਤੇ ਕੰਮਕਾਜੀ ਤਣਾਅ ਵਰਗੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ਨੂੰ ਹੱਲ ਨਹੀਂ ਕੀਤਾ ਜਾਂਦਾ, ਤਦ ਤੱਕ ਆਸਟ੍ਰੇਲੀਆ ਖੁਦਕੁਸ਼ੀ ਦੀਆਂ ਦਰਾਂ ਵਿੱਚ ਮਹੱਤਵਪੂਰਨ ਕਮੀ ਨਹੀਂ ਲਿਆ ਸਕਦਾ। ਇਹ ਨਤੀਜੇ ਖਾਸ ਤੌਰ ‘ਤੇ ਉਸ ਵੇਲੇ ਸਾਹਮਣੇ ਆਏ ਹਨ ਜਦੋਂ ਆਸਟ੍ਰੇਲੀਆਈ ਸਰਕਾਰ ਨੇ ਹਾਲ ਹੀ ਵਿੱਚ ਜੌਬਸੀਕਰ (JobSeeker) ਪ੍ਰਣਾਲੀ ਵਿੱਚ ਵੱਡੇ ਸੁਧਾਰ ਕੀਤੇ ਹਨ।

ਪ੍ਰੋਜੈਕਟ ਦੇ ਮੁੱਖ ਖੋਜਕਾਰ ਐਸੋਸੀਏਟ ਪ੍ਰੋਫੈਸਰ ਟੋਬੀ ਫ੍ਰੀਮੈਨ ਨੇ ਕਿਹਾ ਕਿ, “ਰੁਜ਼ਗਾਰ ਅਤੇ ਬੇਰੁਜ਼ਗਾਰੀ ਖੁਦਕੁਸ਼ੀ ਨਾਲ ਜੁੜੇ ਸਭ ਤੋਂ ਮਹੱਤਵਪੂਰਨ ਸਮਾਜਿਕ ਕਾਰਕਾਂ ਵਿੱਚੋਂ ਹਨ ਪਰ ਇਨ੍ਹਾਂ ਨੂੰ ਅਜੇ ਵੀ ਖੁਦਕੁਸ਼ੀ ਰੋਕਥਾਮ ਨੀਤੀਆਂ ਵਿੱਚ ਲੋੜੀਂਦੀ ਤਰਜੀਹ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਨੇ ਕਿਹਾ ਕਿ ਖੋਜ ਤੋਂ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਦੀ ਭਲਾਈ ਪ੍ਰਣਾਲੀ ਦੇ ਕਈ ਪੱਖ ਜਿਵੇਂ ਘੱਟ ਸਹਾਇਤਾ ਭੁਗਤਾਨ, ਸਖ਼ਤ ਪਾਬੰਦੀਆਂ ਅਤੇ ਰੁਜ਼ਗਾਰ ਸੇਵਾਵਾਂ ਵਿੱਚ ਸਜ਼ਾਮੁਖੀ ਰਵੱਈਆ, ਵਿੱਤੀ ਮੁਸ਼ਕਲਾਂ, ਸਮਾਜਿਕ ਅਲੱਗਾਵ ਅਤੇ ਮਨੋਵਿਗਿਆਨਕ ਤਣਾਅ ਨੂੰ ਵਧਾ ਸਕਦੇ ਹਨ। ਇਹ ਸਾਰੇ ਤੱਤ ਖੁਦਕੁਸ਼ੀ ਦੇ ਵਧੇਰੇ ਖ਼ਤਰੇ ਨਾਲ ਜੁੜੇ ਹੋਏ ਹਨ। ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਨੌਕਰੀ ਦੀ ਅਸੁਰੱਖਿਆ, ਮਾਨਸਿਕ-ਸਮਾਜਿਕ ਖ਼ਤਰੇ, ਖਰਾਬ ਕੰਮਕਾਜੀ ਹਾਲਾਤ ਅਤੇ ਦਫ਼ਤਰੀ ਸ਼ਕਤੀ ਅਸਮਾਨਤਾਵਾਂ ਵੀ ਖੁਦਕੁਸ਼ੀ ਸੰਬੰਧੀ ਤਣਾਅ ਵਿੱਚ ਵੱਡਾ ਯੋਗਦਾਨ ਪਾਉਂਦੀਆਂ ਹਨ ਹਾਲਾਂਕਿ ਇਨ੍ਹਾਂ ਨੂੰ ਆਮ ਤੌਰ ‘ਤੇ ਖੁਦਕੁਸ਼ੀ ਰੋਕਥਾਮ ਯਤਨਾਂ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ।”

ਐਸੋਸੀਏਟ ਪ੍ਰੋਫੈਸਰ ਫ੍ਰੀਮੈਨ ਨੇ ਕਿਹਾ ਕਿ, “ਅਕਸਰ ਖੁਦਕੁਸ਼ੀ ਦੇ ਖ਼ਤਰੇ ਨੂੰ ਸਿਰਫ਼ ਵਿਅਕਤੀਗਤ ਸਮੱਸਿਆ ਵਜੋਂ ਦੇਖਿਆ ਜਾਂਦਾ ਹੈ ਅਤੇ ਉਹਨਾਂ ਸਮਾਜਿਕ ਤੇ ਆਰਥਿਕ ਹਾਲਾਤਾਂ ਨੂੰ ਅਣਡਿੱਠਾ ਕਰ ਦਿੱਤਾ ਜਾਂਦਾ ਹੈ ਜੋ ਉਸ ਤਣਾਅ ਦਾ ਕਾਰਨ ਬਣ ਰਹੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ, “ਜੇ ਕੋਈ ਵਿਅਕਤੀ ਨੌਕਰੀ ਗੁਆ ਬੈਠਣ, ਮਕਾਨ ਦਾ ਖਰਚਾ ਨਾ ਝੱਲ ਸਕਣ ਜਾਂ ਗੰਭੀਰ ਵਿੱਤੀ ਤੰਗੀ ਕਾਰਨ ਪਰੇਸ਼ਾਨ ਹੈ ਤਾਂ ਸਿਰਫ਼ ਦਵਾਈਆਂ ਉਸ ਦੀ ਸਮੱਸਿਆ ਦੀ ਜੜ੍ਹ ਨੂੰ ਹੱਲ ਨਹੀਂ ਕਰ ਸਕਦੀਆਂ। ਮਾਨਸਿਕ ਸਿਹਤ ਸੇਵਾਵਾਂ ਬਹੁਤ ਮਹੱਤਵਪੂਰਨ ਹਨ, ਪਰ ਗਰੀਬੀ, ਬੇਰੁਜ਼ਗਾਰੀ, ਵਿੱਤੀ ਅਸੁਰੱਖਿਆ, ਰਹਾਇਸ਼ੀ ਦਬਾਅ ਅਤੇ ਖਰਾਬ ਕੰਮਕਾਜੀ ਹਾਲਾਤ ਕਿਸੇ ਵਿਅਕਤੀ ਦੀ ਭਲਾਈ ਅਤੇ ਖੁਦਕੁਸ਼ੀ ਦੇ ਖ਼ਤਰੇ ‘ਤੇ ਡੂੰਘਾ ਅਸਰ ਪਾਉਂਦੇ ਹਨ।”

ਆਸਟ੍ਰੇਲੀਆ ਦੀ ਇੰਸਟੀਚਿਊਟ ਆਫ਼ ਹੈਲਥ ਐਂਡ ਵੈਲਫੇਅਰ ਦੇ ਅੰਕੜਿਆਂ ਅਨੁਸਾਰ ਬੇਰੁਜ਼ਗਾਰੀ ਭੱਤਾ ਪ੍ਰਾਪਤ ਕਰਨ ਵਾਲੇ ਲੋਕਾਂ ਵਿੱਚ ਖੁਦਕੁਸ਼ੀ ਨਾਲ ਮਰਨ ਦੀ ਸੰਭਾਵਨਾ ਆਮ ਲੋਕਾਂ ਨਾਲੋਂ 2.8 ਗੁਣਾ ਵੱਧ ਹੈ। ਹਰ ਸਾਲ ਆਸਟ੍ਰੇਲੀਆ ਵਿੱਚ 600 ਤੋਂ ਵੱਧ ਬੇਰੁਜ਼ਗਾਰ ਲੋਕ ਖੁਦਕੁਸ਼ੀ ਕਰਦੇ ਹਨ। ਇਸ ਖੋਜ ਵਿੱਚ ਰੁਜ਼ਗਾਰ, ਸਮਾਜਿਕ ਸੁਰੱਖਿਆ ਅਤੇ ਸਿਹਤ ਨੀਤੀਆਂ ਦਾ ਵਿਸ਼ਲੇਸ਼ਣ, ਮੌਜੂਦਾ ਸਬੂਤਾਂ ਦੀ ਸਮੀਖਿਆ, ਖੁਦਕੁਸ਼ੀ ਨਾਲ ਸੰਬੰਧਿਤ ਕੋਰੋਨਰ ਡਾਟਾ ਦਾ ਅਧਿਐਨ ਅਤੇ ਦੇਸ਼ ਭਰ ਦੇ ਨੀਤੀ-ਨਿਰਧਾਰਕਾਂ, ਨਿਯੋਗਕਰਤਾਵਾਂ ਅਤੇ ਖੁਦਕੁਸ਼ੀ ਰੋਕਥਾਮ ਖੇਤਰ ਨਾਲ ਜੁੜੇ ਲੋਕਾਂ ਦੇ ਇੰਟਰਵਿਊ ਸ਼ਾਮਲ ਸਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰੀ ਨੀਤੀਆਂ ਵਿੱਚ ਇੱਕ ਵੱਡਾ ਵਿਰੋਧਾਭਾਸ ਮੌਜੂਦ ਹੈ। ਜਿੱਥੇ ਖੁਦਕੁਸ਼ੀ ਰੋਕਥਾਮ ਰਣਨੀਤੀਆਂ ਸਮਾਜਿਕ ਅਤੇ ਆਰਥਿਕ ਕਾਰਕਾਂ ਦੀ ਮਹੱਤਤਾ ਨੂੰ ਮੰਨ ਰਹੀਆਂ ਹਨ, ਉੱਥੇ ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ਨਾਲ ਸੰਬੰਧਿਤ ਨੀਤੀਆਂ ਅਕਸਰ ਇਹ ਨਹੀਂ ਸੋਚਦੀਆਂ ਕਿ ਉਹ ਖੁਦਕੁਸ਼ੀ ਦੇ ਖ਼ਤਰੇ ‘ਤੇ ਕੀ ਅਸਰ ਪਾ ਸਕਦੀਆਂ ਹਨ। ਖੋਜਕਰਤਾਵਾਂ ਨੇ ਕਿਹਾ ਕਿ ਦੇਸ਼ ਭਰ ਵਿੱਚ ਸਥਾਨਕ ਸੁਸਾਈਡ ਪ੍ਰਿਵੈਂਸ਼ਨ ਨੈੱਟਵਰਕ ਕਮਿਊਨਿਟੀਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ, ਪਰ ਤਣਾਅ ਦੇ ਸਮਾਜਿਕ ਕਾਰਕਾਂ ਨੂੰ ਹੱਲ ਕਰਨ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਅਜੇ ਵੀ ਪੂਰੀ ਮਾਨਤਾ ਅਤੇ ਸਹਾਇਤਾ ਨਹੀਂ ਮਿਲ ਰਹੀ।

ਇਸ ਰਿਪੋਰਟ ਵਿੱਚ ਸਰਕਾਰਾਂ, ਨਿਯੋਗਕਰਤਾਵਾਂ, ਖੁਦਕੁਸ਼ੀ ਰੋਕਥਾਮ ਸੰਸਥਾਵਾਂ ਅਤੇ ਸਿਹਤ ਸੇਵਾ ਪ੍ਰਦਾਤਾਵਾਂ ਲਈ ਕਈ ਸਿਫ਼ਾਰਸ਼ਾਂ ਕੀਤੀਆਂ ਗਈਆਂ ਹਨ:

  • ਖੁਦਕੁਸ਼ੀ ਰੋਕਥਾਮ ਵਿੱਚ ਰੁਜ਼ਗਾਰ ਅਤੇ ਬੇਰੁਜ਼ਗਾਰੀ ਨੂੰ ਕੇਂਦਰੀ ਕਾਰਕ ਵਜੋਂ ਮੰਨਿਆ ਜਾਵੇ ਅਤੇ ਇਨ੍ਹਾਂ ਨੂੰ ਰੁਜ਼ਗਾਰ ਅਤੇ ਸਮਾਜਿਕ ਸੁਰੱਖਿਆ ਨੀਤੀਆਂ ਨਾਲ ਜੋੜਿਆ ਜਾਵੇ।
  • ਨੌਕਰੀ ਦੀ ਅਸੁਰੱਖਿਆ, ਮਾਨਸਿਕ-ਸਮਾਜਿਕ ਖ਼ਤਰਿਆਂ, ਖਰਾਬ ਕੰਮਕਾਜੀ ਹਾਲਾਤ ਅਤੇ ਸ਼ਕਤੀ ਅਸਮਾਨਤਾਵਾਂ ਵਰਗੇ ਕਾਰਕਾਂ ਨੂੰ ਦੂਰ ਕੀਤਾ ਜਾਵੇ।
  • ਜੌਬਸੀਕਰ ਭੁਗਤਾਨ ਨੂੰ ਜੀਵਨ-ਯੋਗ ਪੱਧਰ ਤੱਕ ਵਧਾਇਆ ਜਾਵੇ ਅਤੇ ਸਜ਼ਾਮੁਖੀ ਨੀਤੀਆਂ ਦੀ ਥਾਂ ਸਹਾਇਕ ਰੁਜ਼ਗਾਰ ਸੇਵਾਵਾਂ ਦਿੱਤੀਆਂ ਜਾਣ।
  • ਦੂਰ-ਦਰਾਜ਼ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਭਾਈਚਾਰਿਆਂ ਲਈ ਰੁਜ਼ਗਾਰ ਪ੍ਰੋਗਰਾਮ ਸਥਾਨਕ ਭਾਈਚਾਰਿਆਂ ਨਾਲ ਮਿਲ ਕੇ ਤਿਆਰ ਕੀਤੇ ਜਾਣ।
  • ਖੁਦਕੁਸ਼ੀ ਰੋਕਥਾਮ ਨੂੰ ਸਿਰਫ਼ ਕਲੀਨਿਕਲ ਇਲਾਜ ਤੱਕ ਸੀਮਿਤ ਨਾ ਰੱਖਿਆ ਜਾਵੇ, ਸਗੋਂ ਬੇਰੁਜ਼ਗਾਰੀ, ਗਰੀਬੀ, ਰਹਾਇਸ਼ੀ ਅਸੁਰੱਖਿਆ ਅਤੇ ਵਿੱਤੀ ਤੰਗੀ ਵਰਗੇ ਸਮਾਜਿਕ ਤੇ ਆਰਥਿਕ ਕਾਰਕਾਂ ‘ਤੇ ਵੀ ਧਿਆਨ ਦਿੱਤਾ ਜਾਵੇ।
  • ਕਮਿਊਨਿਟੀ ਆਧਾਰਿਤ ਸੁਸਾਈਡ ਪ੍ਰਿਵੈਂਸ਼ਨ ਨੈੱਟਵਰਕਾਂ ਲਈ ਵਧੇਰੇ ਸਹਾਇਤਾ ਦਿੱਤੀ ਜਾਵੇ ਅਤੇ ਸਿਹਤ ਕਰਮਚਾਰੀਆਂ, ਰੁਜ਼ਗਾਰ ਸੇਵਾਵਾਂ ਦੇ ਸਟਾਫ਼ ਅਤੇ ਕਾਰਜਸਥਲਾਂ ਲਈ ਬਿਹਤਰ ਤਰਬੀਅਤ ਮੁਹੱਈਆ ਕਰਵਾਈ ਜਾਵੇ।
  • ਸਰਕਾਰਾਂ, ਨਿਯੋਗਕਰਤਾਵਾਂ, ਸਿਹਤ ਸੇਵਾਵਾਂ ਅਤੇ ਕਮਿਊਨਿਟੀ ਸੰਸਥਾਵਾਂ ਵਿਚਕਾਰ ਵਧੇਰੇ ਸਹਿਯੋਗ ਸਥਾਪਿਤ ਕੀਤਾ ਜਾਵੇ।

ਐਸੋਸੀਏਟ ਪ੍ਰੋਫੈਸਰ ਫ੍ਰੀਮੈਨ ਨੇ ਕਿਹਾ, “ਅਸੀਂ ਸਿਰਫ਼ ਇਲਾਜ ਦੇ ਆਧਾਰ ‘ਤੇ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕਦੇ। ਆਸਟ੍ਰੇਲੀਆ ਵਿੱਚ ਖੁਦਕੁਸ਼ੀ ਘਟਾਉਣ ਲਈ ਉਸ ਸਮੇਂ ਤੋਂ ਪਹਿਲਾਂ ਕਾਰਵਾਈ ਕਰਨ ਦੀ ਲੋੜ ਹੈ ਜਦੋਂ ਲੋਕ ਸੰਕਟ ਦੀ ਸਥਿਤੀ ਤੱਕ ਪਹੁੰਚਦੇ ਹਨ। ਬੇਰੁਜ਼ਗਾਰੀ, ਅਸਥਿਰ ਰੁਜ਼ਗਾਰ, ਵਿੱਤੀ ਅਸੁਰੱਖਿਆ ਅਤੇ ਸਮਾਜਿਕ ਅਲੱਗਾਵ ਲੋਕਾਂ ਦੀ ਜ਼ਿੰਦਗੀ ‘ਤੇ ਡੂੰਘਾ ਪ੍ਰਭਾਵ ਪਾਉਂਦੇ ਹਨ ਅਤੇ ਜੇਕਰ ਇਨ੍ਹਾਂ ਕਾਰਕਾਂ ਨੂੰ ਅਣਡਿੱਠਾ ਕੀਤਾ ਜਾਂਦਾ ਰਿਹਾ ਤਾਂ ਖੁਦਕੁਸ਼ੀਆਂ ਰੋਕਣ ਅਤੇ ਜਾਨਾਂ ਬਚਾਉਣ ਦੇ ਕਈ ਮੌਕੇ ਹੱਥੋਂ ਨਿਕਲਦੇ ਰਹਿਣਗੇ।

ਇਹ ਪ੍ਰੋਜੈਕਟ ਐਡੀਲੇਡ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਟੋਬੀ ਫ੍ਰੀਮੈਨ ਦੀ ਅਗਵਾਈ ਹੇਠ ਡਾ. ਮਿਰੀਅਮ ਵੈਨ ਡੈਨ ਬਰਗ, ਪ੍ਰੋਫੈਸਰ ਜੌਨ ਜੁਰੇਡੀਨੀ ਅਤੇ ਡਾ. ਮੈਟ ਫ਼ਿਸ਼ਰ ਵੱਲੋਂ ਕੀਤਾ ਗਿਆ। ਇਸ ਵਿੱਚ ਆਸਟ੍ਰੇਲੀਅਨ ਅਨਇੰਪਲਾਇਡ ਵਰਕਰਜ਼ ਯੂਨੀਅਨ, ਸਾਊਥ ਆਸਟ੍ਰੇਲੀਅਨ ਕੌਂਸਲ ਆਫ਼ ਸੋਸ਼ਲ ਸਰਵਿਸ, ਐਂਟੀ-ਪਾਵਰਟੀ ਨੈੱਟਵਰਕ ਐਸਏ, ਹੀਲਿੰਗ ਸੈਂਟਰ ਫ਼ਾਰ ਗ੍ਰੀਫੋਲੋਜੀ, ਸੁਸਾਈਡ ਪ੍ਰਿਵੈਂਸ਼ਨ ਆਸਟ੍ਰੇਲੀਆ ਅਤੇ ਵੇਸਲੀ ਮਿਸ਼ਨ ਨੇ ਭਾਈਵਾਲੀ ਕੀਤੀ।

Related posts

ਮੈਲਬੌਰਨ ‘ਚ 800 ਤੋਂ ਵੱਧ ਮਾਹਿਰ ਸਿਹਤ ਚੁਣੌਤੀਆਂ ‘ਤੇ ਚਰਚਾ ਕਰਨਗੇ

admin

ਯੂਵੀ ਕਿਰਨਾਂ ਅੱਖਾਂ ਲਈ ਨੁਕਸਾਨਦੇਹ ਹਨ

admin

ਆਸਟ੍ਰੇਲੀਆ ਦੀ ਵਿਰਾਸਤੀ ਥਾਂ ‘ਤੇ ਟਾਇਰ ਸੁੱਟਣ ਵਾਲੇ ਨੂੰ ਹਜ਼ਾਰਾਂ ਡਾਲਰ ਜੁਰਮਾਨਾ

admin