ArticlesBreaking NewsInternationalLatest NewsWomen's World

IWPG ਦੀ 2026 ਅੰਤਰਰਾਸ਼ਟਰੀ ਮਹਿਲਾ ਸ਼ਾਂਤੀ ਕਾਨਫਰੰਸ ਸਮਾਪਤ

ਅਫਗਾਨ ਸੰਸਦ ਦੀ ਸਾਬਕਾ ਉਪ-ਸਪੀਕਰ ਫੌਜ਼ੀਆ ਕੂਫੀ ਨੇ ਸੰਘਰਸ਼ ਅਤੇ ਰੋਜ਼ਾਨਾ ਜੀਵਨ ਵਿੱਚ ਸ਼ਾਂਤੀ ਦੌਰਾਨ ਔਰਤਾਂ ਦੇ ਦ੍ਰਿੜ੍ਹ-ਸੰਕਲਪ (ਲਚਕੀਲੇਪਣ) ਦੇ ਵਿਸ਼ੇ 'ਤੇ ਗੱਲਬਾਤ ਕੀਤੀ।

ਚਿਓਂਗਜੂ, ਦੱਖਣੀ ਕੋਰੀਆ – ਇੰਟਰਨੈਸ਼ਨਲ ਵੁਮੈਨਜ਼ ਪੀਸ ਗਰੁੱਪ (IWPG) ਵੱਲੋਂ ਕਰਵਾਈ ਗਈ “2026 ਇੰਟਰਨੈਸ਼ਨਲ ਵੁਮੈਨਜ਼ ਪੀਸ ਕਾਨਫਰੰਸ” 17 ਅਤੇ 18 ਸਤੰਬਰ ਨੂੰ ਦੱਖਣੀ ਕੋਰੀਆ ਦੇ ਚਿਓਂਗਜੂ ਸਥਿਤ ਐਨਫੋਰਡ ਹੋਟਲ ਵਿੱਚ ਸਮਾਪਤ ਹੋ ਗਈ।

“ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਂਤੀ, ਔਰਤਾਂ ਦੀ ਤਾਕਤ: ਵਿਸ਼ਵ ਪੱਧਰੀ ਪ੍ਰਬੰਧਨ ਨੂੰ ਆਕਾਰ ਦੇਣਾ” ਵਿਸ਼ੇ ਹੇਠ ਹੋਈ ਇਸ ਦੋ ਦਿਨਾਂ ਕਾਨਫਰੰਸ ਵਿੱਚ ਲਗਭਗ 800 ਲੋਕਾਂ ਨੇ ਹਿੱਸਾ ਲਿਆ। ਇਨ੍ਹਾਂ ਵਿੱਚ ਸਾਬਕਾ ਅਤੇ ਮੌਜੂਦਾ ਮੰਤਰੀ, ਸਥਾਨਕ ਸਰਕਾਰਾਂ ਦੇ ਆਗੂ, ਡਿਪਲੋਮੈਟ, ਅੰਤਰਰਾਸ਼ਟਰੀ ਸੰਸਥਾਵਾਂ ਦੇ ਅਧਿਕਾਰੀ, ਮਹਿਲਾ ਸਮਾਜਿਕ ਆਗੂ, ਅਧਿਆਪਕ ਅਤੇ ਪੱਤਰਕਾਰ ਸ਼ਾਮਲ ਸਨ। ਕੁਝ ਲੋਕ ਕਾਨਫਰੰਸ ਵਿੱਚ ਮੌਜੂਦ ਰਹੇ, ਜਦਕਿ ਹੋਰਾਂ ਨੇ ਆਨਲਾਈਨ ਹਿੱਸਾ ਲਿਆ। ਕਾਨਫਰੰਸ ਦੌਰਾਨ ਇਸ ਗੱਲ ’ਤੇ ਵਿਚਾਰ ਕੀਤਾ ਗਿਆ ਕਿ ਔਰਤਾਂ ਵੱਲੋਂ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਂਤੀ ਲਈ ਕੀਤੇ ਜਾਂਦੇ ਕੰਮਾਂ ਅਤੇ ਤਜਰਬਿਆਂ ਨੂੰ ਸਰਕਾਰੀ ਨੀਤੀਆਂ ਅਤੇ ਅੰਤਰਰਾਸ਼ਟਰੀ ਪੱਧਰ ਦੇ ਨਿਯਮਾਂ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ।

8 ਦੇਸ਼ਾਂ ਦੀਆਂ 12 ਸੰਸਥਾਵਾਂ ਨਾਲ ਸਮਝੌਤੇ

IWPG ਨੇ ਇਸ ਕਾਨਫਰੰਸ ਦੌਰਾਨ 8 ਦੇਸ਼ਾਂ ਦੀਆਂ 12 ਸੰਸਥਾਵਾਂ ਅਤੇ ਸਰਕਾਰੀ ਜਾਂ ਸਮਾਜਿਕ ਸੰਗਠਨਾਂ ਨਾਲ ਮੈਮੋਰੈਂਡਮ ਆਫ ਅੰਡਰਸਟੈਂਡਿੰਗ (MOU) ’ਤੇ ਦਸਤਖ਼ਤ ਕੀਤੇ। ਇਨ੍ਹਾਂ ਵਿੱਚ ਇਕਵਾਡੋਰ ਦੇ ਅੰਬਾਟੋ ਸ਼ਹਿਰ ਦੀ ਮੇਅਰ ਡਾਇਨਾ ਕਾਇਜ਼ਾ ਵੀ ਸ਼ਾਮਲ ਸਨ। ਇਨ੍ਹਾਂ ਸਮਝੌਤਿਆਂ ਰਾਹੀਂ ਸਥਾਨਕ ਸਰਕਾਰਾਂ, ਸਿੱਖਿਆ ਸੰਸਥਾਵਾਂ ਅਤੇ ਸਮਾਜਿਕ ਸੰਗਠਨਾਂ ਨਾਲ ਮਿਲ ਕੇ ਸ਼ਾਂਤੀ ਅਤੇ ਮਹਿਲਾ ਸਸ਼ਕਤੀਕਰਨ ਲਈ ਲੰਬੇ ਸਮੇਂ ਦੇ ਪ੍ਰਾਜੈਕਟ ਚਲਾਉਣ ਦੀ ਯੋਜਨਾ ਬਣਾਈ ਗਈ ਹੈ। ਕਾਨਫਰੰਸ ਵਿੱਚ 2026 ਗਲੋਬਲ ਵੁਮੈਨਜ਼ ਪੀਸ ਰਿਕਮੈਂਡੇਸ਼ਨਜ਼ ਵੀ ਜਾਰੀ ਕੀਤੀਆਂ ਗਈਆਂ। ਇਹ ਸਿਫ਼ਾਰਸ਼ਾਂ ਦੁਨੀਆ ਦੇ 46 ਦੇਸ਼ਾਂ ਵਿੱਚ ਵੱਖ-ਵੱਖ ਖੇਤਰਾਂ ਨਾਲ ਜੁੜੀਆਂ ਲਗਭਗ 1,070 ਮਹਿਲਾ ਆਗੂਆਂ ਦੇ ਵਿਚਾਰਾਂ ਦੇ ਆਧਾਰ ’ਤੇ ਤਿਆਰ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਔਰਤਾਂ ਨੂੰ ਫੈਸਲੇ ਲੈਣ ਵਿੱਚ ਵਧੇਰੇ ਅਧਿਕਾਰ ਦੇਣਾ, ਸਿਹਤ, ਕਾਨੂੰਨੀ ਅਤੇ ਮਾਨਸਿਕ ਸਹਾਇਤਾ ਲਈ ਪ੍ਰਬੰਧ ਕਰਨਾ, ਨਵੀਂ ਪੀੜ੍ਹੀ ਲਈ ਸ਼ਾਂਤੀ ਸਿੱਖਿਆ ਅਤੇ ਵੱਖ-ਵੱਖ ਖੇਤਰਾਂ ਵਿੱਚ ਅੰਤਰਰਾਸ਼ਟਰੀ ਸਹਿਯੋਗ ਵਧਾਉਣਾ ਸ਼ਾਮਲ ਹੈ। IWPG ਮੁਤਾਬਕ ਇਹ ਸਿਫ਼ਾਰਸ਼ਾਂ ਸੰਯੁਕਤ ਰਾਸ਼ਟਰ ਦੀ Commission on the Status of Women (CSW) ਅਤੇ African Union (AU) ਵਰਗੀਆਂ ਸੰਸਥਾਵਾਂ ਅੱਗੇ ਨੀਤੀ ਸੁਝਾਵਾਂ ਵਜੋਂ ਰੱਖੀਆਂ ਜਾਣਗੀਆਂ।

ਸੰਘਰਸ਼ ਵਾਲੇ ਖੇਤਰਾਂ ਦੀਆਂ ਮਹਿਲਾ ਆਗੂਆਂ ਨੇ ਰੱਖੇ ਵਿਚਾਰ

18 ਸਤੰਬਰ ਨੂੰ ਹੋਏ ਮੁੱਖ ਸੈਸ਼ਨ ਵਿੱਚ ਸੰਘਰਸ਼ ਅਤੇ ਸਮਾਜਿਕ ਅਸਮਾਨਤਾ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਕੰਮ ਕਰ ਰਹੀਆਂ ਮਹਿਲਾ ਆਗੂਆਂ ਨੇ ਆਪਣੇ ਤਜਰਬੇ ਅਤੇ ਨੀਤੀ ਸਬੰਧੀ ਸੁਝਾਅ ਸਾਂਝੇ ਕੀਤੇ। ਅਫਗਾਨ ਵੁਮੈਨਜ਼ ਕੋਲੀਸ਼ਨ ਦੀ ਪ੍ਰਧਾਨ ਅਤੇ ਅਫਗਾਨਿਸਤਾਨ ਦੀ ਪਹਿਲੀ ਮਹਿਲਾ ਡਿਪਟੀ ਸਪੀਕਰ ਰਹੀ ਫੌਜ਼ੀਆ ਕੂਫੀ ਨੇ ਕਿਹਾ ਕਿ ਸਿਰਫ਼ ਹਥਿਆਰਾਂ ਦਾ ਚੁੱਪ ਹੋ ਜਾਣਾ ਹੀ ਸ਼ਾਂਤੀ ਨਹੀਂ ਹੈ। ਉਨ੍ਹਾਂ ਮੁਤਾਬਕ ਔਰਤਾਂ ਨੂੰ ਦੇਸ਼ ਦੀ ਸੁਰੱਖਿਆ, ਵਿੱਤ ਅਤੇ ਰਾਜਨੀਤਿਕ ਪ੍ਰਬੰਧ ਨਾਲ ਸਬੰਧਤ ਫੈਸਲਿਆਂ ਵਿੱਚ ਸਰਗਰਮ ਭੂਮਿਕਾ ਮਿਲਣੀ ਚਾਹੀਦੀ ਹੈ। ਇਕਵਾਡੋਰ ਦੇ ਅੰਬਾਟੋ ਸ਼ਹਿਰ ਦੀ ਮੇਅਰ ਡਾਇਨਾ ਗੁਆਡਾਲੂਪੇ ਕਾਇਜ਼ਾ ਨੇ ਕਿਹਾ ਕਿ ਔਰਤਾਂ ਵਿੱਚ ਯੋਗਤਾ ਮੌਜੂਦ ਹੈ, ਪਰ ਉਨ੍ਹਾਂ ਨੂੰ ਸਿੱਖਿਆ, ਸੁਰੱਖਿਆ ਅਤੇ ਨੀਤੀ ਬਣਾਉਣ ਵਿੱਚ ਬਰਾਬਰ ਮੌਕੇ ਦੀ ਲੋੜ ਹੈ। ਯਮਨ ਦੀ ਮਹਿਲਾ ਨੀਤੀਆਂ ਨਾਲ ਸਬੰਧਤ ਮੰਤਰੀ ਅਹਦ ਮੁਹੰਮਦ ਸਲੇਮ ਗਾਸੋਸ ਨੇ ਕਿਹਾ ਕਿ ਗ੍ਰਹਿ ਯੁੱਧ ਵਰਗੇ ਸੰਕਟਾਂ ਦੌਰਾਨ ਆਪਣੇ ਭਾਈਚਾਰਿਆਂ ਦੀ ਜ਼ਿੰਦਗੀ ਅਤੇ ਰੋਜ਼ਗਾਰ ਨੂੰ ਸੰਭਾਲਣ ਵਾਲੀਆਂ ਔਰਤਾਂ ਦੇ ਤਜਰਬੇ ਭਵਿੱਖ ਵਿੱਚ ਦੇਸ਼ ਦੇ ਮੁੜ ਨਿਰਮਾਣ ਲਈ ਮਹੱਤਵਪੂਰਨ ਹੋ ਸਕਦੇ ਹਨ।

ਸ਼ਾਂਤੀ ਸਿੱਖਿਆ ਅਤੇ ਮਹਿਲਾ ਆਗੂਆਂ ਲਈ ਨਵੇਂ ਉਪਰਾਲੇ

ਕਾਨਫਰੰਸ ਦੌਰਾਨ AI ਅਤੇ ਸ਼ਾਂਤੀ, ਸ਼ਾਂਤੀ ਸਿੱਖਿਆ ਅਤੇ ਮਹਿਲਾ ਆਗੂਪਨ, ਭਵਿੱਖੀ ਪੀੜ੍ਹੀ ਅਤੇ ਸ਼ਾਂਤੀ ਅਤੇ ਸਿਵਲ ਸੋਸਾਇਟੀ ਵਰਗੇ ਵਿਸ਼ਿਆਂ ’ਤੇ ਵੀ ਸੈਸ਼ਨ ਕਰਵਾਏ ਗਏ। ਮੈਕਸੀਕੋ ਦੀ Autonomous University of Tabasco Juárez (UJAT) ਵਿੱਚ ਸ਼ਾਂਤੀ ਸਿੱਖਿਆ ਲਈ ਕੀਤੇ ਜਾ ਰਹੇ ਕੰਮ ਨੂੰ ਵੀ ਉਦਾਹਰਨ ਵਜੋਂ ਪੇਸ਼ ਕੀਤਾ ਗਿਆ। ਇਸ ਵਿੱਚ ਯੂਨੀਵਰਸਿਟੀ ਵਿੱਚ Peace Committee ਬਣਾਉਣਾ ਅਤੇ ਸਿਖਲਾਈ ਪ੍ਰਾਪਤ Peace Instructors ਤਿਆਰ ਕਰਨਾ ਸ਼ਾਮਲ ਹੈ। IWPG ਨੇ ਇਹ ਵੀ ਐਲਾਨ ਕੀਤਾ ਕਿ ਪਿਛਲੇ 10 ਸਾਲਾਂ ਤੋਂ ਚੱਲ ਰਹੀ Peace Committee ਨੂੰ ਹੁਣ “Peace Chapters” ਵਿੱਚ ਬਦਲਿਆ ਜਾਵੇਗਾ। ਇਹ ਸਥਾਨਕ ਪੱਧਰ ’ਤੇ ਖੁਦ ਕੰਮ ਕਰਨ ਵਾਲੇ ਸ਼ਾਂਤੀ ਸੰਗਠਨ ਹੋਣਗੇ। ਪੁਰਾਣੀ Peace Committee ਨੂੰ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਵਾਲੀ ਨੀਤੀ ਸਲਾਹਕਾਰ ਸੰਸਥਾ ਵਜੋਂ ਵਿਕਸਿਤ ਕੀਤਾ ਜਾਵੇਗਾ।

“ਔਰਤਾਂ ਦੇ ਰੋਜ਼ਾਨਾ ਤਜਰਬੇ ਵਿਸ਼ਵ ਪੱਧਰੀ ਨੀਤੀਆਂ ਲਈ ਰਾਹ ਦਿਖਾ ਸਕਦੇ ਹਨ”

IWPG ਦੀ ਪ੍ਰਧਾਨ ਨਾ-ਯੋਂਗ ਜਿਓਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸ਼ਾਂਤੀ ਬਾਰੇ ਗੱਲ ਅਕਸਰ ਦੇਸ਼ਾਂ ਵਿਚਕਾਰ ਗੱਲਬਾਤ, ਅੰਤਰਰਾਸ਼ਟਰੀ ਮੀਟਿੰਗਾਂ ਅਤੇ ਵੱਡੀਆਂ ਨੀਤੀਆਂ ਦੇ ਸੰਦਰਭ ਵਿੱਚ ਕੀਤੀ ਜਾਂਦੀ ਹੈ। ਪਰ ਉਨ੍ਹਾਂ ਮੁਤਾਬਕ ਸ਼ਾਂਤੀ ਸਭ ਤੋਂ ਪਹਿਲਾਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਔਰਤਾਂ ਦੇ ਤਜਰਬਿਆਂ ਨੂੰ ਸਾਂਝਾ ਕਰਕੇ ਉਨ੍ਹਾਂ ਤੋਂ ਮਿਲੇ ਸਬਕਾਂ ਨੂੰ ਗਿਆਨ ਵਿੱਚ ਬਦਲਣਾ ਅਤੇ ਉਸ ਗਿਆਨ ਨੂੰ ਨੀਤੀਆਂ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਨਾਲ ਜੋੜਨਾ ਜ਼ਰੂਰੀ ਹੈ। IWPG ਦੀ ਸਕੱਤਰ-ਜਨਰਲ ਚੋਈ ਕਿਯੋਂਗ-ਨਾਮ ਨੇ ਕਿਹਾ ਕਿ ਸਿਰਫ਼ ਔਰਤਾਂ ਦੇ ਤਜਰਬੇ ਸੁਣਨਾ ਕਾਫ਼ੀ ਨਹੀਂ, ਸਗੋਂ ਉਨ੍ਹਾਂ ਤਜਰਬਿਆਂ ਨੂੰ ਕਾਰਵਾਈ ਅਤੇ ਸਮਾਜਿਕ ਤੇ ਸੰਸਥਾਗਤ ਬਦਲਾਅ ਨਾਲ ਜੋੜਨਾ ਵੀ ਜ਼ਰੂਰੀ ਹੈ। IWPG ਮੁਤਾਬਕ ਇਹ ਸੰਸਥਾ ਦੱਖਣੀ ਕੋਰੀਆ ਵਿੱਚ ਸਥਿਤ ਇੱਕ ਅੰਤਰਰਾਸ਼ਟਰੀ ਮਹਿਲਾ ਸ਼ਾਂਤੀ ਗੈਰ-ਸਰਕਾਰੀ ਸੰਸਥਾ ਹੈ। ਇਹ ਸੰਯੁਕਤ ਰਾਸ਼ਟਰ ਦੀ ECOSOC ਅਤੇ Department of Global Communications (DGC) ਨਾਲ ਰਜਿਸਟਰਡ ਹੈ। ਸੰਸਥਾ ਦੇ ਅਨੁਸਾਰ ਦੁਨੀਆ ਭਰ ਵਿੱਚ ਇਸ ਦੀਆਂ 105 ਸ਼ਾਖਾਵਾਂ ਅਤੇ ਲਗਭਗ 900 ਭਾਈਵਾਲ ਸੰਸਥਾਵਾਂ ਹਨ, ਜੋ ਸ਼ਾਂਤੀ ਸਿੱਖਿਆ, ਸ਼ਾਂਤੀ ਦੀ ਸੰਸਕ੍ਰਿਤੀ ਅਤੇ ਮਹਿਲਾ ਸ਼ਾਂਤੀ ਨੀਤੀਆਂ ਨਾਲ ਸਬੰਧਤ ਕੰਮ ਕਰਦੀਆਂ ਹਨ।

Related posts

ਰੇਲ ਦੀਆਂ ਪਟੜੀਆਂ ‘ਤੇ ਚਲਦਾ ਦੇਸ਼

admin

ਮੈਲਬੌਰਨ ਦੀ ਵਿਦਿਆਰਥਣ ਨੇ 5 ਲੱਖ ਬੱਚਿਆਂ ਨੂੰ ਪਹਿਲੀ ਕਿਤਾਬ ਦੇਣ ਦੀ ਮੁਹਿੰਮ ਚਲਾਈ

admin

ਚੰਨੀ ਨਾਲ ਰੰਧਾਵਾ ਤੇ ਸੋਨੀ ਨੇ ਸਹੁੰ ਚੁੱਕੀ: ‘ਜ਼ਖਮੀ ਸ਼ੇਰ’ ਦਾ ਡਰ ਸਤਾ ਰਿਹਾ ਕਾਂਗਰਸ ਹਾਈਕਮਾਂਡ ਨੂੰ !

Bunty