Health & FitnessArticlesAustralia & New Zealand

ਕਸਰਤ ਨਾਲ ਸਿਗਰਟ ਛੱਡਣ ਵਿੱਚ ਮਿਲ ਸਕਦੀ ਹੈ ਮੱਦਦ : ਨਵੀਂ ਖੋਜ

ਆਸਟ੍ਰੇਲੀਆ ਦੀ ਇੱਕ ਨਵੀਂ ਖੋਜ ਅਨੁਸਾਰ ਨਿਯਮਿਤ ਤੌਰ Ḕਤੇ ਕਸਰਤ ਕਰਨੀ ਸਿਗਰਟ ਛੱਡਣ ਵਿੱਚ ਮੱਦਦਗਾਰ ਹੋ ਸਕਦੀ ਹੈ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਸਿਗਰਟ ਪੀਣ ਵਾਲਾ ਇੱਕ ਵਿਅਕਤੀ ਹਰ ਸਾਲ ਸਿਗਰਟਾਂ ‘ਤੇ ਲਗਭਗ 14,000 ਡਾਲਰ ਖਰਚ ਕਰ ਸਕਦਾ ਹੈ, ਪਰ ਫਿਰ ਵੀ ਪੈਸੇ ਅਤੇ ਸਿਹਤ ਦੇ ਵੱਡੇ ਨੁਕਸਾਨ ਦੇ ਬਾਵਜੂਦ ਵੀ ਸਿਗਰਟ ਛੱਡਣਾ ਬਹੁਤ ਸਾਰੇ ਲੋਕਾਂ ਲਈ ਸਭ ਤੋਂ ਔਖਾ ਕੰਮ ਹੁੰਦਾ ਹੈ।

ਹੁਣ ਆਸਟ੍ਰੇਲੀਆ ਦੀ ਐਡੀਲੇਡ ਯੂਨੀਵਰਸਿਟੀ ਦੀ ਇੱਕ ਨਵੀਂ ਖੋਜ ਵਿੱਚ ਸਾਹਮਣੇ ਆਇਆ ਹੈ ਕਿ ਨਿਯਮਿਤ ਤੌਰ Ḕਤੇ ਕਸਰਤ ਕਰਨੀ ਸਿਗਰਟ ਛੱਡਣ ਵਿੱਚ ਮੱਦਦਗਾਰ ਹੋ ਸਕਦੀ ਹੈ। ਖੋਜ ਮੁਤਾਬਕ ਕਸਰਤ ਨਾਲ ਸਿਗਰਟ ਦੀ ਤਲਬ ਘਟਦੀ ਹੈ, ਹਰ ਰੋਜ਼ ਪੀਤੀਆਂ ਜਾਣ ਵਾਲੀਆਂ ਸਿਗਰਟਾਂ ਦੀ ਗਿਣਤੀ ਘਟਦੀ ਹੈ ਅਤੇ ਸਿਗਰਟ ਛੱਡਣ ਦੇ ਮੌਕੇ ਵੀ ਵਧ ਜਾਂਦੇ ਹਨ। ਖੋਜਕਾਰਾਂ ਨੇ ਪਾਇਆ ਕਿ ਜਿਨ੍ਹਾਂ ਲੋਕਾਂ ਨੇ ਕਸਰਤ ਵਾਲੇ ਪ੍ਰੋਗਰਾਮ ਵਿੱਚ ਹਿੱਸਾ ਲਿਆ ਉਨ੍ਹਾਂ ਵਿੱਚ ਲੰਬੇ ਸਮੇਂ ਤੱਕ ਸਿਗਰਟ ਤੋਂ ਦੂਰ ਰਹਿਣ ਦੀ ਸੰਭਾਵਨਾ 15 ਫੀਸਦੀ ਵੱਧ ਸੀ। ਇਸ ਤੋਂ ਇਲਾਵਾ ਉਹਨਾਂ ਵਿੱਚ ਸੱਤ ਦਿਨ ਤੱਕ ਬਿਨਾਂ ਸਿਗਰਟ ਰਹਿਣ ਦੀ ਸੰਭਾਵਨਾ 21 ਫੀਸਦੀ ਵੱਧ ਦੇਖੀ ਗਈ। ਇਸ ਖੋਜ ਵਿੱਚ ਇਹ ਵੀ ਸਾਹਮਣੇ ਆਇਆ ਕਿ ਕਸਰਤ ਕਰਨ ਨਾਲ ਇੱਕ ਦਿਨ ਵਿੱਚ ਦੋ ਸਿਗਰਟਾਂ ਤੱਕ ਘੱਟ ਪੀਤੀਆਂ ਜਾ ਸਕਦੀਆਂ ਹਨ। ਸਿਰਫ਼ ਇੱਕ ਵਾਰ ਕਸਰਤ ਕਰਨ ਨਾਲ ਵੀ ਲਗਭਗ 30 ਮਿੰਟ ਤੱਕ ਸਿਗਰਟ ਪੀਣ ਦੀ ਤਲਬ ਘੱਟ ਹੋ ਜਾਂਦੀ ਹੈ। ਇਹ ਖੋਜ 9,000 ਤੋਂ ਵੱਧ ਲੋਕਾਂ ‘ਤੇ ਕੀਤੇ ਗਏ 59 ਰੈਂਡਮਾਈਜ਼ਡ ਕੰਟਰੋਲਡ ਟਰਾਇਲਾਂ ਦੇ ਅਧਿਐਨ ‘ਤੇ ਆਧਾਰਿਤ ਹੈ। ਇਸ ਵਿੱਚ ਕਸਰਤ ਦਾ ਸਿਗਰਟ ਛੱਡਣ, ਤਲਬ, ਸਿਗਰਟ ਨਾ ਪੀਣ ਕਾਰਨ ਆਉਣ ਵਾਲੇ ਲੱਛਣ ਅਤੇ ਮਨੋਦਸ਼ਾ ‘ਤੇ ਪੈਣ ਵਾਲੇ ਅਸਰਾਂ ਦਾ ਅਧਿਐਨ ਕੀਤਾ ਗਿਆ।

ਦੁਨੀਆ ਭਰ ਵਿੱਚ ਤੰਬਾਕੂ ਪੀਣਾ ਅਜੇ ਵੀ ਸਮੇਂ ਤੋਂ ਪਹਿਲਾਂ ਹੋਣ ਵਾਲੀ ਬਿਮਾਰੀ ਅਤੇ ਮੌਤ ਦਾ ਸਭ ਤੋਂ ਵੱਡਾ ਕਾਰਣ ਹੈ ਜਿਸ ਤੋਂ ਬਚਿਆ ਜਾ ਸਕਦਾ ਹੈ। ਹਰ ਸਾਲ ਤਿੰਬਾਕੂ ਪੀਣ ਦੇ ਕਾਰਣ ਕਰੀਬ 7 ਮਿਲੀਅਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਨ੍ਹਾਂ ਵਿੱਚ ਲਗਭਗ 1.6 ਮਿਲੀਅਨ  ਗੈਰ-ਸਿਗਰਟਨੋਸ਼ ਵੀ ਸ਼ਾਮਲ ਹਨ ਜੋ ਦੂਜਿਆਂ ਦੇ ਧੂੰਏਂ ਦੇ ਸੰਪਰਕ ਵਿੱਚ ਆਉਂਦੇ ਹਨ। ਇਸੇ ਸਮੇਂ ਦੁਨੀਆ ਭਰ ਵਿੱਚ ਈ-ਸਿਗਰਟ ਵਰਤਣ ਵਾਲਿਆਂ ਦੀ ਗਿਣਤੀ 10ੋ ਮਿਲੀਅਨ ਤੋਂ ਵੱਧ ਹੋ ਚੁੱਕੀ ਹੈ। ਖੋਜਕਾਰਾਂ ਦਾ ਕਹਿਣਾ ਹੈ ਕਿ ਕਸਰਤ ਨੂੰ ਸਿਗਰਟ ਛੱਡਣ ਲਈ ਵਰਤੀ ਜਾਣ ਵਾਲੀਆਂ ਹੋਰ ਸਹਾਇਕ ਵਿਧੀਆਂ ਦੇ ਨਾਲ ਇੱਕ ਵਾਧੂ ਸਾਧਨ ਵਜੋਂ ਅਪਣਾਇਆ ਜਾਣਾ ਚਾਹੀਦਾ ਹੈ।

ਇਸ ਰੀਸਰਚ ਦੇ ਮੁਖੀ ਡਾæ ਬੇਨ ਸਿੰਘ ਨੇ ਇਸ ਵਾਰੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, “ਸਿਗਰਟ ਛੱਡਣਾ ਸਿਹਤ ਲਈ ਸਭ ਤੋਂ ਵਧੀਆ ਫ਼ੈਸਲਿਆਂ ਵਿੱਚੋਂ ਇੱਕ ਹੈ, ਪਰ ਇਹ ਸਭ ਤੋਂ ਮੁਸ਼ਕਲ ਕੰਮਾਂ ਵਿੱਚ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਲੋਕ ਸਿਗਰਟ ਛੱਡਣਾ ਚਾਹੁੰਦੇ ਹਨ ਪਰ ਮੌਜੂਦਾ ਤਰੀਕੇ ਹਰ ਕਿਸੇ ਲਈ ਕਾਰਗਰ ਨਹੀਂ ਹੁੰਦੇ। ਇਸ ਲਈ ਘੱਟ ਖਰਚ ਵਾਲੇ ਅਤੇ ਆਸਾਨ ਤਰੀਕਿਆਂ ਦੀ ਲੋੜ ਹੈ ਜਿਨ੍ਹਾਂ ਨੂੰ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸ਼ਾਮਲ ਕਰ ਸਕਣ। ਨਿਯਮਿਤ ਕਸਰਤ ਵਰਗੀ ਸਧਾਰਨ ਆਦਤ ਵੀ ਲੋਕਾਂ ਨੂੰ ਸਿਗਰਟ ਦੀ ਤਲਬ ‘ਤੇ ਕਾਬੂ ਪਾਉਣ, ਘੱਟ ਸਿਗਰਟ ਪੀਣ ਅਤੇ ਸਿਗਰਟ ਛੱਡਣ ਦੀ ਸੰਭਾਵਨਾ ਵਧਾਉਣ ਵਿੱਚ ਮੱਦਦ ਕਰ ਸਕਦੀ ਹੈ।”

ਭਾਵੇਂ ਪਿਛਲੇ ਦੋ ਦਹਾਕਿਆਂ ਦੌਰਾਨ ਸਿਗਰਟ ਪੀਣ ਵਾਲਿਆਂ ਦੀ ਗਿਣਤੀ ਘਟੀ ਹੈ ਪਰ ਈ-ਸਿਗਰਟ ਅਤੇ ਹੀਟਡ ਤੰਬਾਕੂ ਉਤਪਾਦਾਂ ਦੀ ਵਰਤੋਂ ਵਧ ਰਹੀ ਹੈ, ਖ਼ਾਸ ਕਰਕੇ ਨੌਜਵਾਨਾਂ ਵਿੱਚ। ਅੱਜ ਦੁਨੀਆ ਦੇ ਲਗਭਗ 1æ3 ਬਿਲੀਅਨ ਤੰਬਾਕੂ ਵਰਤੋਂਕਾਰਾਂ ਵਿੱਚੋਂ ਕਰੀਬ 80 ਫੀਸਦੀ ਘੱਟ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ ਰਹਿੰਦੇ ਹਨ। ਦੂਜੇ ਪਾਸੇ ਕਈ ਵਿਕਸਿਤ ਦੇਸ਼ਾਂ ਵਿੱਚ ਵੀ ਵੇਪਿੰਗ ਦਾ ਰੁਝਾਨ ਵੱਧ ਰਿਹਾ ਹੈ।

ਸੀਨੀਅਰ ਖੋਜਕਾਰ ਪ੍ਰੋਫੈਸਰ ਕੈਰੇਲ ਮੇਹਰ ਨੇ ਕਿਹਾ ਹੈ ਕਿ, “ਸਿਗਰਟ ਛੱਡਣਾ ਸਿਰਫ਼ ਇੱਛਾ-ਸ਼ਕਤੀ ਦਾ ਮਾਮਲਾ ਨਹੀਂ ਹੈ। ਸਿਗਰਟ ਦੀ ਤਲਬ ਨੂੰ ਸੰਭਾਲਣਾ ਔਖਾ ਹੋ ਸਕਦਾ ਹੈ ਪਰ ਇਹ ਕੁੱਝ ਸਮੇਂ ਬਾਅਦ ਘੱਟ ਹੋ ਜਾਂਦੀ ਹੈ। ਸਿਰਫ਼ ਇੱਕ ਵਾਰ ਦੀ ਕਸਰਤ ਵੀ ਲਗਭਗ 30 ਮਿੰਟ ਲਈ ਤਲਬ ਨੂੰ ਘਟਾ ਸਕਦੀ ਹੈ, ਜਿਸ ਨਾਲ ਲੋਕ ਸਿਗਰਟ ਛੱਡਣ ਦੇ ਸਭ ਤੋਂ ਮੁਸ਼ਕਲ ਪਲਾਂ ਵਿੱਚ ਹੌਸਲਾ ਬਣਾ ਸਕਦੇ ਹਨ। ਕਸਰਤ ਕਾਊਂਸਲਿੰਗ ਜਾਂ ਸਿਗਰਟ ਛੱਡਣ ਵਾਲੀਆਂ ਦਵਾਈਆਂ ਦਾ ਬਦਲ ਨਹੀਂ ਹੈ, ਪਰ ਇਹ ਇੱਕ ਸਸਤਾ ਅਤੇ ਪ੍ਰਭਾਵਸ਼ਾਲੀ ਸਹਾਇਕ ਤਰੀਕਾ ਹੈ ਜਿਸ ਨੂੰ ਹੋਰ ਇਲਾਜਾਂ ਨਾਲ ਮਿਲਾ ਕੇ ਵਰਤਿਆ ਜਾ ਸਕਦਾ ਹੈ।”

ਖੋਜਕਾਰ ਹੁਣ ਇਹ ਜਾਣਨਾ ਚਾਹੁੰਦੇ ਹਨ ਕਿ ਕਸਰਤ ਨੂੰ ਅਸਲ ਜੀਵਨ ਦੇ ਸਿਗਰਟ ਛੱਡਣ ਵਾਲੇ ਪ੍ਰੋਗਰਾਮਾਂ, ਡਿਜ਼ਿਟਲ ਸੇਵਾਵਾਂ, ਕਮਿਊਨਿਟੀ ਪ੍ਰੋਗਰਾਮਾਂ ਅਤੇ ਕਲੀਨਿਕਲ ਸੇਵਾਵਾਂ ਵਿੱਚ ਕਿਵੇਂ ਸ਼ਾਮਲ ਕੀਤਾ ਜਾ ਸਕਦਾ ਹੈ। ਨਾਲ ਹੀ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਕੀ ਇਹ ਤਰੀਕਾ ਵੇਪਿੰਗ ਛੱਡਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਵੀ ਲਾਭਦਾਇਕ ਸਾਬਤ ਹੋ ਸਕਦਾ ਹੈ।

  • ਸਿਗਰਟਨੋਸ਼ੀ ਜਾਂ ਵੈਪਿੰਗ ਛੱਡਣ ਵਿੱਚ ਸਹਾਇਤਾ ਲਈ, ਆਸਟ੍ਰੇਲੀਅਨ ਕੁਇਟਲਾਈਨ ਨੂੰ 13 78 48 ‘ਤੇ ਕਾਲ ਕਰੋ।

Related posts

ਸੰਦੀਪ ਨੰਗਲ ਅੰਬੀਆਂ ਦਾ ਕਤਲ ਤੇ ਪੰਜਾਬ ‘ਚ ਵਧ ਰਿਹਾ ਗੈਂਗਸਟਰ ਕਲਚਰ !

admin

ਤੰਬਾਕੂ ਖਾਣ ਨਾਲ ਹਰ ਸਾਲ 1.3 ਮਿਲੀਅਨ ਮੌਤਾਂ ਹੁੰਦੀਆਂ ਹਨ !

admin

ਥੀਏਟਰ ਕਰਨ ਨਾਲ ਅਦਾਕਾਰੀ ਦੀਆਂ ਬਾਰੀਕੀਆਂ ਤੇ ਆਤਮ-ਵਿਸ਼ਵਾਸ ਹਾਸਿਲ ਹੋਵੇਗਾ

admin