
ਭਾਂਵੇਂ ਮੈਂ ਫੀਫਾ ਵਿਸ਼ਵ ਕੱਪ ਦਾ ਇੱਕ ਨਿਰਪੱਖ ਪ੍ਰਸ਼ੰਸਕ ਹਾਂ ਪਰ ਐਨਾਂ ਨਿਰਪੱਖ ਵੀ ਨਹੀਂ ਕਿ ਲਿਓਨਲ ਮੈਸੀ ਦਾ ‘ਫੈਨ’ ਨਾ ਹੋਵਾਂ! ਬਹੁਤਿਆਂ ਵਾਂਗ ਮੈਂ ਵੀ ਬਹੁਤ ਸਮੇਂ ਤੋਂ ਮੈਸੀ ਦਾ ਮੁਰੀਦ ਹਾਂ। ਉਸ ਦੀ ਖੇਡ ਦਾ ਕਮਾਲ,ਸਹਿਜ,ਸ਼ਾਂਤਮਈ ਲਹਿਜਾ ਅਤੇ ਟਹਿਲਦੇ ਮਟਕਦੇ ਅਚਾਨਕ ਦੋੜਨ-ਭੱਜਣ ਅਤੇ ਗੋਲੀ ਵਾਂਗ ਜਾਂ ਵਲਦਾਰ (ਕਰਲਿੰਗ) ਗੋਲ ਦਾਗਣ ਜਾਂ ਆਪਣੇ ਸਾਥੀ ਖਿਡਾਰੀ ਨੂੰ ਗੋਲਕਰਨ ਲਾਇਕ ਨਿਸ਼ਾਨਾਬੱਧ ਪਾਸ ਦੇਣ ਵਿਚ ਉਸ ਦੀ ਮੁਹਾਰਤ ਸਭ ਨੂੰ ਟੁੰਬਦੀ ਹੈ।
ਪਰ ਇਸ ਵਿਸ਼ਵ ਕੱਪ ਫਾਈਨਲ ਵਿੱਚ ‘ਮੈਸੀ-ਮੈਜਿਕ’ ਚੱਲ ਨਹੀਂ ਸਕਿਆ ਤੇ ਜਾਂ ਅਗਲਿਆਂ ਚੱਲਣ ਨਹੀਂ ਦਿੱਤਾ। ਸ਼ਨਿੱਚਰ-ਐੇਤਵਾਰ ਦੀ ਰਾਤ ਜਾਗ ਕੇ ਕੱਟੀ ਵੀ ਪਰ ਮੈਚ ਦਾ ਸੁਆਦ ਵੀ ਨਾ ਆਇਆ। ‘ਨਾਂ ਖੁਦਾ ਹੀ ਮਿਲਾ ਨਾਂ ਵਿਸਾਲੇ ਸਨਮ’!
ਡਿਫੈਂਡਿੰਗ ਚੈਂਪੀਅਨ ਅਰਜਨਟੀਨਾ ਤਾਂ ਲੱਗੇ ਹੀ ਨਹੀਂ ਕਿ ਉਹ ਫਾਈਨਲ ਖੇਲ ਰਹੇ ਹਨ। ਬਸ ਢਿੱਚਕ ਢਿੱਚਕ, ਠੱਪਕ ਠੱਪਕ। ਸਪੇਨ ਵਾਲੇ ਵੀ ਬਾਲ ਪੋਜ਼ੈਸ਼ਨ ਕਰੀ ਗਏ ਪਰ ਗੋਲ ਕਿਧਰੋਂ ਨਾ ਆਵੇ। ਜੇ ਫੇਰਾਨ ਟੋਰੇਸ ਦੁਆਰਾ ਇਕਲੋਤਾ ਤੇ ਜੇਤੂ ਗੋਲ ਕੀਤਾ ਹੀ ਗਿਆ ਤਾਂ ਉਹ ਵੀ 90 ਮਿੰਟ ਦੀ ਬੇ-ਗੋਲ ਬੋਰਿੰਗ ਜਿਹੀ ਖੇਡ ਉਪਰੰਤ ਐੇਕਸਟਰਾ ਟਾਈਮ ਦੇ 106ਵੇਂ ਮਿੰਟ ‘ਚ। ਉਦੋਂ ਤੱਕ ਤਾਂ ਮੇਰੇ ਵਰਗਾ ਗੈਰ-ਖਿਡਾਰੀ ਫੁੱਟਬਾਲ ਖੇਡ-ਪ੍ਰੇਮੀ ਆਪਣੇ ਆਪ ਨੂੰ ਕੋਸਣ ਲਗ ਪੈਂਦੈ ਕਿ ਭਲਾ ਰਾਤ ਦਾ ਜਾਗਾ ਕੱਟ ਕੇ ਕੀ ਖੱਟਿਆ।
ਬੰਦਾ ਤਾਂ ਇਹ ਕਲਪਨਾਂ ਵੀ ਨਹੀਂ ਕਰ ਸਕਦਾ ਕਿ ਇਸ ਵਿਸ਼ਵ ਕੱਪ ਦੌਰਾਨ ਸਭ ਤੋਂ ਵਧੇਰੇ ਗੋਲ ਕਰਨ ਵਾਲੀ ਅਰਜਨਟੀਨਾ ਦੀ ਟੀਮ ਨੇ 120 ਮਿੰਟਾਂ ਦੌਰਾਨ ਕੋਈ ਵੀ ਟਾਰਗੈਟ ਉਪਰ ਹਿੱਟ ਨਹੀਂਂ ਮਾਰੀ, ਬਲਕਿ ਬਹੁਤਾ ਸਮਾਂ ਤਾਂ ਉਹ ਹਿੱਟ ਮਾਰ ਹੀ ਨਹੀਂ ਸਕੇ! ਤੁਸੀਂ ਅਖਬਾਰਾਂ ‘ਚ ਪੜ੍ਹ ਹੀ ਚੁੱਕੇ ਹੋ ਤੇ ਟੀਵੀ ਚੈਨਲਾਂ/ਸੋਸ਼ਲ ਮੀਡੀਆ ਉਪਰ ਦੇਖ ਹੀ ਚੁੱਕੇ ਹੋ ਕਿ ਸਪੇਨ ਨੇ ਗੋਲ ਵੱਲ 20 ਸ਼ਾਟ ਮਾਰੇ ਜਿਹਨਾਂ ‘ਚੋਂਂ 12 ਟਾਰਗੈਟ ‘ਤੇ ਸਨ, ਬੇਸ਼ਕ ਗੋਲ ‘ਚ ਇੱਕ ਹੀ ਤਬਦੀਲ ਹੋ ਸਕਿਆ। ਉਹਨਾਂ ਕੋਲ 68% ਪੋਜ਼ੈਸ਼ਨ ਰਹੀ ਤੇ ਉਹਨਾਂ 90% ਪ੍ਰਤੀਸ਼ਤ ਦਰੁਸਤੀ ਵਾਲੇ 878 ਪਾਸ ਕੀਤੇ! ਇਸ ਦੇ ਮੁਕਾਬਲੇ ਅਰਜਨਟੀਨਾ ਕੋਲ 32% ਬਾਲ ਪੋਜ਼ੈਸ਼ਨ ਰਹੀ, ਉਹਨਾਂ 476 ਪਾਸ ਕੀਤੇ, ਸਿਰਫ ਦੋ ਵਾਰ ਗੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਸਫਲਤਾ ਜ਼ੀਰੋ ਰਹੀ। ਹੋਰ ਤਾਂ ਹੋਰ, ਅਰਜਨਟੀਨਾ ਦੀ ਹੜਬੜੀ ਇਸ ਗੱਲ ਤੋਂ ਵੀ ਭਲੀ ਭਾਂਤ ਪ੍ਰਗਟ ਹੁੰਦੀ ਹੈ ਕਿ ਉਸ ਦੇ ਖਿਡਾਰੀਆਂ ਨੂੰ ਰੈਫਰੀ ਵਲੋਂ 6 ਪੀਲੇ ਕਾਰਡ ਅਤੇ ਇੱਕ ਰੈਡ ਕਾਰਡ ਦਿਖਾਇਆ ਗਿਆ, ਜਿਸ ਉਪਰੰਤ ਉਹਨਾਂ ਨੂੰ ਦਸ ਖਿਡਾਰੀਆਂ ਨਾਲ ਹੀ ਖੇਡਣਾ ਪਿਆ, ਜਦ ਕਿ ਸਪੇਨ ਨੂੰ ਇਕ ਕਾਰਡ ਵੀ ਨਹੀਂ ਦਿਖਾਇਆ ਗਿਆ। ਅਸੀਂ ਇਸ ਗੱਲ ਤੋਂ ਬਹੁਤ ਮਾਯੂਸ ਹੋਏ ਕਿ ਸਾਰੀ ਉਮਰ ਬਹੁਤ ਹੀ ਸਾਫ-ਸੁਥਰੀ ਖੇਡ ਅਤੇ ਸਹਿਜਤਾ ਲਈ ਪ੍ਿਰਸੱਧ ਮੈਸੀ ਨੇ ਵੀ ਇਸ ਵਾਰ ਫਾਊਲ ਕੀਤਾ। ਉਂਝ ਵੀ ਉਸ ਦੀ ਖੇਡ ਵਿਚ ਹਾਜ਼ਰੀ ਨਾਮਾਤਰ ਹੀ ਦਿਸੀ। ਆਖਿਰ ‘ਚ ਜੇ ਥੋੜੀ ਬਹੁਤੀ ਦਿਸੀ ਹੀ ਤਾਂ ਉਦੋਂ ਬਹੁਤ ਦੇਰ ਹੋ ਚੁੱਕੀ ਸੀ ਤੇ ‘ਤੇਰਾ ਲੁਟਿਆ ਸ਼ਹਿਰ ਭੰਬੋਰ ਨੀ ਸੱਸੀਏ ਬੇਖਬਰੇ’ ਵਾਲੀ ਅਵੱਸਥਾ ਹੋ ਚੁੱਕੀ ਸੀ। ਜਾਣੀ ‘ਸਭ ਕੁਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਯਾ ਕੀਆ’! ਜਨਾਬ ਜੀ! ‘ਬਹੁਤ ਦੇਰ ਕਰ ਦੀ ਮਿਹਰਬਾਂ ਆਤੇ ਆਤੇ’!
ਅਰਜਨਟੀਨਾ ਦੀ ਟੀਮ ‘ਚ ਇਉਂ ਲਗਾ ਕਿ ਕੇਵਲ ਉਹਨਾਂ ਦਾ ਗੋਲਕੀਪਰ ਏਮੀ ਮਾਰਟੀਨੇਜ਼ ਹੀ ਖੇਲ ਰਿਹਾ ਸੀ। ਜੇ ਉਹ ਸਪੇਨ ਵਲੋਂ ਕੀਤੇ ਗਏ ਤਾਬੜਤੋੜ ਹਮਲਿਆਂ ਦਾ ਬਚਾਅ ਨਾ ਕਰਦਾ ਤਾਂ ਅਰਜਨਟੀਨਾ ਅੱਧੀ ਦਰਜਨ ਗੋਲਾਂ ਨਾਲ ਹਾਰਦੀ।
ਓਧਰ ਸਪੇਨ ਦੀ ਡਿਫੈਂਸ ਇਸ ਕਦਰ ਚੱਟਾਨੀ ਮਜ਼ਬੂਤੀ ਵਾਲੀ ਸੀ ਕਿ ਇਸ ਟੀਮ ਨੇ ਟੂਰਨਾਮੈਂਟ ਦੇ ਆਪਣੇ ਸਾਰੇ ਮੈਚਾਂ ਦੌਰਾਨ ਸਿਰਫ ਇੱਕ ਗੋਲ ਖਾਧਾ!
ਇਸ ਵਿਸ਼ਵ ਕੱਪ ਨੇ ਚਾਰ ਚਮਤਕਾਰੀ ਤੇ ਆਈਕੌਨਿਕ ਖਿਡਾਰੀਆਂ ਦੀ ਚਮਕ-ਦਮਕ ਫਿਕੀ ਪਾ ਦਿਤੀ। ਇਹਨਾਂ ‘ਚੋਂ ਤਿੰਨਾਂ ਦੀ ਤਾਂ ਸਮਝੋ ਮਿੱਟੀ ਹੀ ਪਲੀਤ ਕਰ ਦਿਤੀ। ਇਹ ਹਨ-ਲਿਓਨਲ ਮੈਸੀ, ਕਰਿਸਟੀਆਨੋ ਰਿਨਾਲਡੋ ਅਤੇ ਨੇਮਾਰ ਜੂਨੀਅਰ। ਚੌਥੇ, ਮਹਾਨ ਮਿਡਫੀਲਡਰ ਲਿਯੂਕਾ ਮੋਡਰਿਚ ਦੀ ਹੋਣਹਾਰ ਕੋਰੇਸ਼ੀਆ ਟੀਮ ਵੀ ਪੁਰਤਗਾਲ ਕੋਲੋਂ 2-1 ਨਾਲ ਰਾਊਂਡ 32 ‘ਚ ਹੀ ਹਾਰ ਗਈ। ਕਿਲੀਅਨ ਐਮਬਾਪੇ ਦੀ ਟੀਮ ਦੀ ਵੀ ਲੱਸੀ ਤਾਂ ਹੋਈ ਪਰ ਉਹ ਆਪ ਗੋਲਡਨ ਬੂਟ ਲੈਣ ਵਿਚ ਸਫਲ ਹੋ ਗਿਆ। ਇਸ ਨਿੱਜੀ ਪ੍ਰਾਪਤੀ ਨਾਲ ਉਸ ਨੇ ਮੈਸੀ ਦੀ ਆਖਰੀ ਉਮੀਦ ‘ਤੇ ਵੀ ਪਾਣੀ ਫੇਰ ਦਿਤਾ। ਮੈਸੀ ਵਿਸ਼ਵ ਕੱਪ ਟੂਰਨਾਮੈਂਟਾਂ ‘ਚ ਕੁੱਲ 21 ਗੋਲਾਂ ਨਾਲ ਐਮਬਾਪੇ ਨਾਲੋਂ ਪਹਿਲਾਂ ਅੱਗੇ ਸੀ ਪਰ ਤੀਸਰੇ ਸਥਾਨ ਲਈ ਇੰਗਲੈਂਡ ਅਤੇ ਫਰਾਂਸ ਵਿਚਲੇ ਮੁਕਾਬਲੇ ਸਮੇਂ ਐਮਬਾਪੇ ਦੋ ਗੋਲ ਦਾਗ ਕੇ ਆਪਣੀ ਟੋਟਲ ਟੈਲੀ 22 ਕਰਕੇ ਮੈਸੀ ਤੋਂ ਅੱਗੇ ਲੰਘ ਗਿਆ। ਮੈਸੀ ਬਾਰੇ ਤਾਂ ਐਂ ਕਹਿ ਲਉ ਕਿ ‘ਸ਼ਬਾਬ ਸੈਰ ਕੋ ਆਇਆ ਥਾ ਸੋਗਵਾਰ ਗਿਆ’!
(ਦਰਅਸਲ, ਮੈਚ ਹੀ ਤੀਸਰੇ ਸਥਾਨ ਵਾਲਾ ਦੇਖਣ ਲਾਇਕ ਸੀ। 6-4 ਦੇ ਸਕੋਰ ਵਾਲੇ ਇਸ ਮੈਚ ‘ਚ ਗੋਲਾਂ ਦੀ ਤਾਂ ਝੜੀ ਲ਼ੱਗ ਗਈ।ਸੱਚ ਪੁੱਛੋਂ ਤਾਂ ਇਹ ਮੈਚ ਫਾਈਨਲ ਨਾਲੋਂ ਬਿਹਤਰ ਸੀ!)
ਮੈਸੀ ਨੂੰ ਕੋਈ ਹੋਰ ਵਿਅਕਤੀਗਤ ਟਰਾਫੀ ਵੀ ਨਹੀਂ ਮਿਲ ਸਕੀ ਕਿਉਂਕਿ ਵਿਜੇਤਾ ਟੀਮ ਦੇ ਰੋਡਰੀ ਨੇ ਇਸ ਵਿਸ਼ਵ ਕੱਪ ਦੇ ਸਰਬੋਤਮ ਖਿਡਾਰੀ ਵਜੋਂ ਗੋਲਡਨ ਬਾਲ, ਉਨਾਈ ਸਾਈਮਨ ਨੇ ਬਿਹਤਰੀਨ ਗੋਲਕੀਪਰ ਲਈ ਗੋਲਡਨ ਗਲੱਵ ਤੇ ਪਾਉ ਕੁਬਾਰਸੀ ਨੇ ਸਰਬੋਤਮ ਨੌਜਵਾਨ ਖਿਡਾਰੀ ਦੇ ਖਿਤਾਬ ਜਿੱਤ ਲਏ। ਆਖਰੀ ਅੈਵਾਰਡ ਤਾਂ ਪਾਉ ਨੇ ਆਪਣੇ ਹੀ 19 ਸਾਲਾ ਸਾਥੀ ਲਾਮੀਨ ਜਮਾਲ ਨੂੰ ਪਛਾੜ ਕੇ ਹਾਸਲ ਕੀਤਾ।
ਪਹਿਲੇ 3 ਸਟਾਰ ਤਾਂ ਭਾਵੁਕ ਹੋ ਕੇ ਰੋਂਦੇ-ਰੋਂਦੇ ਖੇਡ ਦੇ ਮੈਦਾਨ ‘ਚੋ ਬਾਹਰ ਗਏ। ਉਹਨਾਂ ਨੂੰ ਪਤਾ ਸੀ ਕਿ ਉਮਰ ਪੱਖੋਂ ਇਹ ਉਹਨਾਂ ਦਾ ਆਖਰੀ ਵਿਸ਼ਵ ਕੱਪ ਹੋਵੇਗਾ। ਰੋਨਾਲਡੋ 41, ਮੈਸੀ 39 ਅਤੇ ਨੇਮਾਰ 34 ਸਾਲਾਂ ਦੇ ਹਨ। ਮੋਡਰਿਚ ਵੀ 40 ਸਾਲਾਂ ਦਾ ਹੈ। ਹਾਂ, ਐਮਬਾਪੇ ਅਜੇ 27 ਸਾਲ ਦਾ ਹੈ ਤੇ ਅਗਲਾ ਵਿਸ਼ਵ ਕੱਪ ਖੇਡ ਸਕਦਾ ਹੈ। ਇੰਗਲੈਂਡ ਦਾ ਹੈਰੀ ਕੇਨ ਵੀ 32 ਸਾਲ ਦਾ ਹੋ ਗਿਐ ਤੇ ਉਸ ਵਲੋਂ ਅਗਲਾ ਵਿਸ਼ਵ ਕੱਪ ਖੇਡਣ ਦੀ ਸੰਭਾਵਨਾਂ ਘਟ ਵਧ ਹੀ ਹੈ। ਹਾਂ, ਉਸ ਨੂੰ ਇਹ ਤਸੱਲੀ ਜ਼ਰੂਰ ਹੈ ਕਿ ਉਸ ਦੀ ਟੀਮ ਤੀਸਰੇ ਸਥਾਨ ਉਪਰ ਆ ਕੇ ‘ਕੰਨਸੋਲੇਸ਼ਨ ਪ੍ਰਾਈਜ਼’ ਜਿੱਤ ਗਈ।
ਮੈਸੀ ਬਹੁਤ ਦੇਰ ਗਰਾਊਂਡ ‘ਤੇ ਬੈਠਾ ਹੰਝੂ ਕੇਰਦਾ ਰਿਹਾ। ਬਾਦ ‘ਚ ਆਪਣੇ ਪ੍ਰਸ਼ੰਸਕਾਂ ਵੱਲ ਮੂੰਹ ਕਰਕੇ ਵੀ ਉਹ ਬਹੁਤ ਦੇਰ ਅਸ਼ਕਵਾਰ ਰਿਹਾ। ਸਾਡਾ ਵੀ ਮਨ ਬੜਾ ਖਰਾਬ ਹੋਇਆ ਇਹ ਸਭ ਕੁੱਝ ਦੇਖ ਕੇ। ਸੋਸ਼ਲ ਮੀਡੀਆ ਉਪਰ ਮੈਸੀ ਦੇ ਇਹਨਾਂ ਹੰਝੂਆਂ ਵਾਲੀ ਤਸਵੀਰ ਬਹੁਤ ਵਾਇਰਲ ਹੋਈ। ਨਾਲ ਹੀ ‘ਨੋਹ ਨਾਈਨ’ ਸੰਗੀਤ ਪ੍ਰੌਜੈਕਟ ਦੇ ਇੱਕ ਪ੍ਰਸਿੱਧ ਗੀਤ ਦੇ ਬੋਲ ਬਾਰ-ਬਾਰ ਗਾਏ ਜਾ ਰਹੇ ਸਨ-‘ਬੰਦਾ ਰੋ ਸਕਦੈ/ਬੰਦਾ ਟੁੱਟ ਸਕਦੈ? ਉਹ ਭਾਰ ਹੇਠਾਂ ਝੁਕ ਸਕਦੇ? ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਲੜਾਈ ਹਾਰ ਗਿਐ? ਇਸ ਦਾ ਮਤਲਬ ਹੈ ਕਿ ਉਹ ਇਸ ਰਾਤ ਅਜੇ ਜ਼ਿੰਦਾ ਹੈ/ਹੰਝੂਆਂ ਨੂੰ ਖੁੱਲ੍ਹ ਕੇ ਵਗਣ ਦਿਉ/ਰਾਜੇ ਤੀਕ ਆਪਣੇ ਗੋਡਿਆਂ ਭਾਰ ਹੋ ਜਾਂਦੇ ਹਨ/ਦਰਦ ‘ਚ ਵੀ ਸ਼ਕਤੀ ਹੈ, ਭਲਾ ਇਸ ‘ਚ ਸ਼ਰਮ ਕਾਹਦੀ/ਇਹ ਕੋਈ ਕਮਜ਼ੋਰ ਬੰਦਾ ਨਹੀਂ ਜੇ ਉਹ ਰੋ ਸਕਦੈ…” (ਏ ਮੈਨ ਕੈਨ ਕਰਾਈ, ਏ ਮੈਨ ਕੈਨ ਬਰੇਕ/ਏ ਮੈਨ ਕੈਨ ਬੈਂਡ ਬਿਨੀਥ ਦਿ ਵੇਟ/ਇਟ ਡਸ ਨੌਟ ਮੀਨ ਹੀ ਹੈਸ ਲੌਸਟ ਦਿ ਫਾਈਟ/ਇਟ ਮੀਨਜ਼ ਹੀ ਇਜ਼ ਸਟਿਲ ਅਲਾਈਵ ਟੂਨਾਈਟ/ਲੈਟ ਦਿ ਟੀਅਰਜ਼ ਰੋਲ ਫ੍ਰੀ? ਈਵਨ ਕਿੰਗਜ਼ ਕੈਨ ਬਾਉ ਔਨ ਦੇਅਰ ਨੀਜ਼/ਦੇਅਰ ਇਜ਼ ਸਟ੍ਰੈਂਗਥ ਇਨ ਪੇਨ…ਇਟ ਇਜ਼ ਨੌਟ ਵੀਕ ਵੈਨ ਏ ਮੈਨ ਕੈਨ ਕਰਾਈ…”)
ਵਈ, ਮਰਦ ਨੂੰ ਵੀ ਦਰਦ ਹੁੰਦੈ! ਹਾਰ ਦੇ ਗਮ ‘ਚ ਉਸ ਦੇ ਵੀ ਹੰਝੂ ਨਿਕਲ ਸਕਦੇ ਐ। ਹੰਝੂ ਤਾਂ ਖਾਮੋਸ਼ੀ ਦੀ ਜ਼ੁਬਾਨ ਹੁੰਦੇ ਹਨ-“ਯੇ ਆਂਸੂ ਮੇਰੇ ਦਿਲ ਕੀ ਜ਼ੁਬਾਂਨ ਹੈਂ”! ਮੈਸੀ ਦੇ ਹੰਝੂ ਵੀ ਉਸ ਦੇ ਦਰਦ ਦਾ ਬਿਆਨੀਆਂ ਹਨ। ਇਹਨਾਂ ਪਿਛੇ ਹਾਰ ਦਾ ਗਮ ਤਾਂ ਹੈ ਹੀ ਪਰ ਨਾਲ ਹੀ ਉਹ ਪੀੜਾ ਵੀ ਹੈ ਜਿਸ ‘ਚ ਮੈਸੀ ਦੇ ਇਸ ਵਿਸ਼ਵ ਕੱਪ ਦੇ ਆਖਰੀ ਵਿਸ਼ਵ ਕੱਪ ਹੋਣ, ਉਸ ਦੀ ਫੁੱਟਬਾਲ ਜਗਤ ਨੂੰ ਦਿੱਤੀ ਸ਼ਾਨਦਾਰ ਦੇਣ ਦਾ ਮਾਣਮੱਤਾ ਇਤਿਹਾਸ ਅਤੇ ਉਸ ਦੇ ਪ੍ਰਸ਼ੰਸਕਾਂ ਵਲੋਂ ਉਸ ਪ੍ਰਤੀ ਅਥਾਹ ਪ੍ਰੇਮ ਦੀ ਦਾਸਤਾਂ ਛੁਪੀ ਪਈ ਹੈ। ਨਾਲ ਹੀ ਉਹ ਮਲਾਲ ਵੀ ਕਿ ਉਹ ਆਪਣੀ ਇਸ ਵਿਦਾਇਗੀ ਗੇਮ ‘ਚ ਮੈਸੀ-ਮੈਜਿਕ ਨਹੀਂ ਦਿਖਾ ਸਕਿਆ।
ਇਥੇ ਮੈਸੀ ਅਤੇ ਜਮਾਲ ਦੇ ਇੱਕ ਬੜੇ ਹੀ ਸ਼ੋਭਾਜਨਕ ‘ਜੈਸਚਰ’ ਦਾ ਜ਼ਿਕਰ ਕਰਨਾ ਬਣਦਾ ਹੈ। ਜਿਸ ਬਾਲ ਜਮਾਲ ਨੂੰ ਮੈਸੀ ਨੇ ਕਦੀ ਆਪਣੇ ਹੱਥੀਂ ਨੁਹਾਇਆ ਸੀ, ਉਹ ਗੱਭਰੂ ਹੋ, ਸਟਾਰ ਬਣ ਕੇ ਵਿਜੇਤਾ ਟੀਮ ਦੇ ਮੈਂਬਰ ਵਜੋਂ ਵਿਸ਼ਵ ਦੇ ਲੈਜੈਂਡਰੀ ਖਿਡਾਰੀਆਂ ਪੇਲੇ ਤੇ ਮੈਰਾਡੋਨਾ ਵਰਗੇ ਹਰਮਨ ਪਿਆਰੇ ਖਿਡਾਰੀ ਮੈਸੀ ਨੂੰ ਆਪ ਚੱਲ ਕੇ ਉਦੋਂ ਮਿਲਣ ਆਇਆ ਜਦ ਮੈਸੀ ਹਾਰਨ ਦੇ ਮਲਾਲ ‘ਚ 80633 ਦਰਸ਼ਕਾਂ ਨਾਲ ਖਚਾਖਚ ਭਰੇ ਈਸਟ ਰਦਰਫੋਰਡ (ਅਮਰੀਕਾ) ਦੇ ਮੈਟਲਾਈਫ ਸਟੇਡੀਅਮ ਦੀ ਗਰਾਊਂਡ ‘ਚ ਮੂੰਹ ਸੁੱਟੀ ਬੈਠਾ ਸੀ। ਪਰ ਮੈਸੀ ਸੰਭਲਿਆ, ਸਤਿਕਾਰ ਵਜੋਂ ਉਠਿਆ, ਜਮਾਲ ਨਾਲ ਜੱਫੀ ਪਾਈ ਤੇ ਫਿਰ ਬੈਠ ਗਿਆ। ਸਾਨੂੰ ਇਹ ਸੰਕੇਤਕ ਮਿਲਣੀ ਇੱਕ ਫਿੱਕੇ ਪਏ ਸਟਾਰ ਵਲੋਂ ਦੂਜੇ ਚਮਕਦੇ ਸਟਾਰ ਨੂੰ ਵਿਸ਼ਵ ਫੁੱਟਬਾਲ ਖੇਡ ਦਾ ਬੈਟਨ ਪ੍ਰਦਾਨ ਕਰਨ ਸਮਾਨ ਲੱਗੀ।
ਬਾਦ ‘ਚ ਮੈਸੀ ਨੇ ਇੱਕ ਪੋਸਟ ਰਾਹੀਂ ਆਪਣੀ ਟੀਮ ਦੀ ਉਦਾਸਕੁੰਨ ਹਾਰ ਬਾਰੇ ਲਿਖਿਆ, “ਬਹੁਤ ਅਸੀਮ ਪੀੜਾ ਹੈ ਤੇ ਇਸ ਜ਼ਖਮ ਨੂੰ ਭਰਨ ਲਈ ਸਮਾਂ ਲਗੇਗਾ। ਪਰ ਇਸ ਨੇ ਉਹ ਸਭ ਚੰਗਾ ਪ੍ਰਭਾਵ ਵੀ ਪ੍ਰਗਟ ਕੀਤਾ। ਅੱਜ ਇਸ ਗੱਲ਼ ਦੀ ਪ੍ਰਸ਼ੰਸਾ ਕਰਨੀ ਜ਼ਰਾ ਮੁਸ਼ਕਿਲ ਹੈ ਜੋ ਕੁੱਝ ਅਸੀਂ ਪ੍ਰਾਪਤ ਕੀਤੈ, ਪਰ ਇਹ ਗਰੁੱਪ (ਟੀਮ) ਸਿੱਧਾ ਦੋ ਫਾਈਨਲਾਂ ‘ਚ ਅੱਪੜਿਆ”।
ਬੇਸ਼ਕ ਮੈਸੀ ਟੀਮ ਨਾਲ ਨਹੀਂ ਪਰਤਿਆ, ਪਰ ਲੱਖਾਂ ਲੋਕਾਂ ਨੇ ਟੀਮ ਦਾ ਦੇਸ਼ ਪਰਤਣ ‘ਤੇ ਭਰਵਾਂ ਤੇ ਜੋਸ਼ੀਲਾ ਸਵਾਗਤ ਕੀਤਾ।
ਵਿਕਟੋਰੀਅਨ ਯੁਗ ਦੇ ਪ੍ਰਸਿੱਧ ਅੰਗਰੇਜ਼ੀ ਕਵੀ ਲੌਰਡ ਐਲਫ੍ਰੈਡ ਟੈਨੀਸਨ ਨੇ ਆਪਣੀ ਇੱਕ ਕਵਿਤਾ ਵਿਚ ਲਿਖਿਐ ਕਿ ‘ਨਵੇਂ ਨੇਮ ਨੂੰ ਥਾਂ ਦੇਣ ਲਈ ਪੁਰਾਣਾ ਨੇਮ ਬਦਲਦੈ’! ਇਸ ਨੂੰ ਪੰਜਾਬੀ ਲੋਕਬੋਲੀ ‘ਚ ਕਹਿੰਦੇ ਹਨ-‘ਪਿੱਪਲ ਦਿਆ ਪੱਤਿਆ ਵੇ, ਕਿਉਂ ਖੜ ਕੜ ਲਾਈ ਐ/ਪੱਤ ਝੜ ਗਏੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਐ’!
ਇਸ ਵਿਸ਼ਵ ਕੱਪ ਵਿਚ ਨਵੇਂ ਯੁਗ ਦੀ ਸ਼ੁਰੂਆਤ ਹੋਈ ਹੈ। ਨਵੇਂ ਸਿਤਾਰੇ ਉਭਰ ਕੇ ਸਾਹਮਣੇ ਆਏ ਹਨ। ਇਹਨਾਂ ਵਿਚ ਲਾਮੀਨ ਜਾਮਾਲ ਸਭ ਤੋਂ ਲਿਸ਼ਕਵਾਂ ਸਿਤਾਰਾ ਹੈ। ਜੂਡ ਵਿਲਿੰਘਹੈਮ ਦੀ ਖੇਡ ਵੀ ਹੋਰ ਖਿੜੀ। ਜਿਹੜੇ ਦੇਸ਼ਾਂ ਦਾ ਕਦੀ ਨਾਮ ਵੀ ਨਹੀਂ ਸੀ ਸੁਣਿਆਂ, ਉਹਨਾਂ ਦੇਸ਼ਾਂ ਦੀਆਂ ਫੁੱਟਬਾਲ ਟੀਮਾਂ ਨੇ ਬੱਲੇ-ਬੱਲੇ ਕਰਵਾ ਛੱਡੀ, ਖੇਡ ਦੇ ਮੈਦਾਨ ਵਿਚ ਧਮਾਲਾਂ ਪਾਈਆਂ। ਇਹਨਾਂ ਵਿਚ ਕਾਬੋ ਵਾਰਡੇ ਦੀ ਟੀਮ ਸਭ ਤੋਂ ਉਭਰਵੀਂ ਟੀਮ ਹੈ। ਇਸ ਦੇਸ਼, ਜਿਸ ਨੂੰ ਕੇਪ ਵਾਰਡੇ ਵੀ ਕਹਿੰਦੇ ਹਨ, ਦੀ ਆਬਾਦੀ 5 ਲੱਖ 25000 ਹੈ, ਜੋ ਸਾਡੇ ਜਲੰਧਰ ਸ਼ਹਿਰ ਨਾਲੋਂ ਵੀ ਘਟ ਹੈ। ਕਿਯੂਰੂਸਾਉ ਟਾਪੂ ਦੇਸ਼ ਦੀ ਆਬਾਦੀ ਤਾਂ 1,56000-58000 ਹੈ ਜੋ ਸਾਡੇ ਸ਼ਹਿਰ ਫਗਵਾੜਾ ਦੀ ਆਬਾਦੀ ਜਿੰਨੀ ਹੈ। ਸੁਣਿਆਂ ਸੀ ਕਦੀ ਇਹਨਾਂ ਦੇਸ਼ਾਂ ਦਾ ਨਾਮ? ਪਹਿਲੀ ਵਾਰ ਇਸ ਟੂਰਨਾਮੈਂਟ ‘ਚ ਭਾਗ ਲੈਣ (‘ਡੈਬਿਯੂ’) ਵਾਲੇ ਕਾਬੋ ਵਾਰਡੇ ਨੇ ਤਾਂ ਮੌਜੂਦਾ ਚੈਂਪੀਅਨ, ਜੋ ਉਸ ਵੇਲੇ ਯੂਰੋ ਚੈਂਪੀਅਨ ਤਾਂ ਸਨ ਹੀ, ਭਾਵ ਸਪੇਨ ਨੂੰ ਬੇ-ਗੋਲੀ ਬਰਾਬਰੀ ‘ਤੇ ਬੰਨਿਆਂ ਅਤੇ ਡਿਫੈਂਗਿੰਗ ਚੈਂਪੀਅਨ, ਜੋ ਹੁਣ ਰੱਨਰਜ਼-ਅਪ ਹਨ, ਭਾਵ ਅਰਜਨਟੀਨਾ ਵਿਰੁੱਧ 2 ਗੋਲ ਦਾਗ ਦਿੱਤੇ ਸਨ, ਬੇਸ਼ਕ ਅਰਜਨਟੀਨਾ ਔਖਾ-ਸੌਖਾ 3-2 ਦੇ ਫਰਕ ਨਾਲ ਮੈਚ ਜਿੱਤ ਗਿਆ ਸੀ।
ਰੋਨਾਲਡੋ ਦੀ ਟੀਮ ਪੁਰਤਗਾਲ ਨੂੰ ਸਪੇਨ ਨੇ ਰਾਊਂਡ ਆਫ 16 ‘ਚ ਹੀ 1-0 ਨਾਲ ਬਾਹਰ ਕਰ ਦਿਤਾ ਸੀ। ਨੌਰਵੇ ਨੇ 5 ਵਾਰ ਦੀ ਵਿਸ਼ਵ ਚੈਂਪੀਅਨ ਬਰਾਜ਼ੀਲ ਨੂੰ 2-1 ਨਾਲ ਰਾਊਂਡ ਸੋਲਾਂ ‘ਚ ਹੀ ਬਾਹਰ ਦਾ ਰਾਸਤਾ ਦਿਖਾ ਦਿਤਾ ਸੀ। ਨੌਰਵੇ ਦਾ ਇਰਲਿੰਗ ਹਾਲਾਂਡ ਇਸ ਕੱਪ ‘ਚ ਬਹੁਤ ਚਮਕਿਆ। ਚਾਰ ਵਾਰ ਦੀ ਚੈਂਪੀਅਨ ਜਰਮਨੀ ਨੂੰ ਪੈਰਾਗੁਏ ਨੇ 3-4 ਨਾਲ ਰਾਊਂਡ ਆਫ 32 ‘ਚ ਹਰਾ ਦਿਤਾ ਸੀ।
ਕਾਬੋ ਵਾਰਦੇ ਦਾ ਗੋਲਕੀਪਰ ਵੋਜ਼ੀਨ੍ਹਾ ਵਿਸ਼ਵ ਫੁੱਟਬਾਲ ਜਗਤ ‘ਚ ਇੱਕ ਨਵੇਂ ਸਿਤਾਰੇ ਵਜੋਂ ਸਾਹਮਣੇ ਆਇਆ। ਉਹ ਆਪਣੀ ਟੀਮ ਲਈ ਚੀਨ ਦੀ ਦੀਵਾਰ ਸਾਬਤ ਹੋਇਆ!
ਵਿਸ਼ਵ ਕੱਪ ਵਿਵਾਦਾਂ ਦੇ ਘੇਰੇ ‘ਚ ਵੀ ਰਿਹਾ। ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਆਪਣੇ ਸੁਭਾਅ ਮੁਤਾਬਕ ਆਪਣੀ ਟੰਗ ਫਸਾਈ ਤੇ ਆਪਣੇ ਦੇਸ਼ ਦੀ ਟੀਮ ਦੇ ਇਕ ਖਿਡਾਰੀ ਫੋਲਾਰਿਨ ਬਾਲੋਗਨ ਨੂੰ ਦਿੱਤਾ ਗਿਆ ਰੈਡ ਕਾਰਡ ਫੀਫਾ ਦੇ ਪ੍ਰਧਾਨ ਗਿਆਨੀ ਇਨਫੈਨਟੀਨੋ ਉਪਰ ਦਬਾਅ ਪਾ ਕੇ ਵਾਪਿਸ ਕਰਵਾਇਆ ਤਾਂ ਕਿ ਉਹ ‘ਸਟਰਾਈਕਰ’ ਬੈਲਜੀਅਮ ਵਿਰੁਧ ਹੋਣ ਵਾਲੇ ਮੈਚ ‘ਚ ਖੇਲ ਸਕੇ। ਇਹ ਵੱਖਰੀ ਗਲ ਹੈ ਕਿ ਅਮਰੀਕਾ ਦੀ ਟੀਮ ਫਿਰ ਵੀ ਹਾਰ ਗਈ। ਅਮਰੀਕਾ ਵਲੋਂ ਵੀਜ਼ਾ ਸਬੰਧੀ ਵੀ ਕਈ ਰੋਕਾਂ/ਅੜਿੱਕੇ ਡਾਹੇ ਗਏ। ‘ਵਾਰ’, ਭਾਵ ਵੀਡੀਓ ਅਸਿਟਿਡ ਰੈਫਰੀ ਦੇ ਵੀ ਬੜੇ ਪੰਗੇ ਪਏ। ਕਮਰਸ਼ਲ ਪੱਖ ਨੂੰ ਮੱਦੇ ਨਜ਼ਰ ਰਖ ਕੇ ਹਰ ਮੈਚ ਵਿਚ ਕੀਤੇ ਗਏ ਦੋ-ਦੋ ਪਾਣੀ ਪੀਣ ਦੇ ਵਕਫੇ (ਹਾਈਡਰੇਸ਼ਨ ਬਰੇਕ) ਕਾਰਨ ਮੈਚਾਂ ਦੇ ਮੁਮੈਂਟਿੰਮ (ਗਤੀ) ‘ਚ ਪੈਂਦੇ ਖਲਲ ਕਾਰਨ ਵੀ ਕਿੰਤੂ-ਪ੍ਰੰਤੂ ਹੁੰਦੀ ਰਹੀ। ਰੈਫਰੀਆਂ ਵਲੋਂ ਕੀਤੇ ਗਏ ਕਈ ਫੇਸਲੇ ਉਲੱਦ-ਪੁਲੱਦ ਹੁੰਦੇ ਰਹੇ। ਰੀਵਿਯੂ ਦੌਰਾਨ ਹੇਠਲੀ ਉਤੇ ਤੇ ਉਤਲੀ ਹੇਠਾਂ ਹੁੰਦੀ ਰਹੀ, ਸੁਆਦ ਖਰਾਬ ਹੁੰਦਾ ਰਿਹਾ, ਦਾਲ ‘ਚ ਆਏ ਕੋਕੜੂ ਵਾਂਗ। ਔਫ-ਸਾਈਡਾਂ ਕਈ ਵਾਰ ਸਬੰਧਤ ਖਿਡਾਰੀ, ਟੀਮ, ਦਰਸ਼ਕਾਂ ਵਲੋਂ ਕੀਤੇ ਗਏ ਗੋਲ ਉਪਰ ਜਸ਼ਨ ਮਨਾਏ ਜਾਣ ਉਪਰੰਤ ਦਿਤੀਆਂ ਗਈਆਂ, ਜੋ ਖੀਰ ‘ਚ ਖੇਹ ਪਾਉਣ ਸਮਾਨ ਸੀ। ਕੁੱਝ ਖਿਡਾਰੀਆਂ ਵਿਚਾਲੇ ਧੱਕਾ-ਮੁੱਕੀ ਦੀਆਂ ਘਟਨਾਵਾਂ ਵੀ ਚੰਗੀ ਗੱਲ ਨਹੀਂ ਸਨ।
ਖੈਰ, ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਦੀ ਸਾਂਝੀ ਮੇਜ਼ਬਾਨੀ ਨਾਲ ਕਰਵਾਏ ਗਏ 6 ਹਫਤੇ ਦੇ ਇਸ ਵਿਸ਼ਵ ਕੱਪ ‘ਚ 48 ਦੇਸ਼ਾਂ ਦੀਆਂ ਟੀਮਾਂ ਦੇ 104 ਮੈਚ ਹੋਏ, ਜਿਹਨਾਂ ਨੂੰ ਕਰੋੜਾਂ ਲੋਕਾਂ ਨੇ ਦੇਖਿਆ/ਮਾਣਿਆਂ। ਇਸ ਨਾਲ ਫੁੱਟਬਾਲ ਦੀ ਖੇਡ ਦੀ ਵਿਸ਼ਵਵਿਆਪੀ ਮਕਬੂਲੀਅਤ ਤੇ ਹਰਮਨਪਿਆਰਤਾ ਸਪੱਸ਼ਟ ਹੁੰਦੀ ਹੈ।
ਆਖਿਰ ਹਰ ਦੌਰ ਦਾ ਅੰਤ ਤਾਂ ਹੋਣਾ ਹੀ ਹੁੰਦੈ। ਨਵੇਂ ਯੁਗ ਦੀ ਸ਼ੁਰੂਆਤ ਹੋਣੀ ਹੀ ਹੁੰਦੀ ਹੈ। ਹੁਣ ਨੌਜਵਾਨ ਖਿਡਾਰੀਆਂ, ਨਵੇਂ ਢੰਗ-ਤਰੀਕਿਆਂ, ਟੈਕਨੌਲੋਜੀ ਅਤੇ ਚੁਸਤ-ਫੁਰਤੀਲੇ ਗੱਭਰੂਆਂ ਨੇ ਇਸ ਖੇਡ ਨੂੰ ਆਪਣੇ ਰੰਗ ‘ਚ ਰੰਗ ਲਿਐ। ਅਗਲੇ ਫੀਫਾ ਵਿਸ਼ਵ ਕੱਪ ‘ਚ ਹੋਰ ਵੀ ਰੋਮਾਂਚਕਾਰੀ ਖੇਡ ਦੇਖਣ ਨੂੰ ਮਿਲੇ, ਇਹੀ ਆਸ ਕਰਦੇ ਹਾਂ।
ਰੱਬ ਰਾਖਾ!
