BollywoodArticlesAustralia & New ZealandBreaking NewsIndiaInternationalLatest NewsPunjabPollywood

ਬੁਲੰਦ ਆਵਾਜ਼ ਵਾਲੀ ਬਾਲੀਵੁੱਡ ਦੀ ਮਸ਼ਹੂਰ ਪੰਜਾਬਣ ਗਾਇਕਾ ਦੀ ਸਫਲਤਾ ਪਿੱਛੇ ਲੁਕੇ ਹੋਏ ਸੰਘਰਸ਼ ਦੀ ਕਹਾਣੀ !

ਪੰਜਾਬ ਤੋਂ ਅਮਰੀਕਾ ਵਸ ਜਾਣ ਦੇ ਬਾਵਜੂਦ ਜੈਸਮੀਨ ਸੈਂਡਲਸ ਦਾ ਪੰਜਾਬੀ ਸੰਗੀਤ ਅਤੇ ਆਪਣੀ ਮਿੱਟੀ ਨਾਲ ਪਿਆਰ ਕਦੇ ਘੱਟ ਨਹੀਂ ਹੋਇਆ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਮਨੋਰੰਜਨ ਜਗਤ ਵਿੱਚ ਹਰ ਕਲਾਕਾਰ ਦੀ ਸਫਲਤਾ ਪਿੱਛੇ ਕੋਈ ਨਾ ਕੋਈ ਸੰਘਰਸ਼ ਦੀ ਕਹਾਣੀ ਜ਼ਰੂਰ ਹੁੰਦੀ ਹੈ। ਕੁਝ ਲੋਕਾਂ ਨੂੰ ਆਪਣੀ ਮੰਜ਼ਿਲ ਛੇਤੀ ਮਿਲ ਜਾਂਦੀ ਹੈ, ਜਦਕਿ ਕਈਆਂ ਨੂੰ ਆਪਣੀ ਪਛਾਣ ਬਣਾਉਣ ਲਈ ਸਾਲਾਂ ਤੱਕ ਮਿਹਨਤ ਕਰਨੀ ਪੈਂਦੀ ਹੈ। ਅਜਿਹੀ ਹੀ ਇੱਕ ਪ੍ਰੇਰਣਾਦਾਇਕ ਕਹਾਣੀ ਪੰਜਾਬੀ ਅਤੇ ਬਾਲੀਵੁੱਡ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਦੀ ਹੈ। ਅੱਜ ਜੈਸਮੀਨ ਸੈਂਡਲਸ ਦਾ ਨਾਮ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ਉਸ ਦੀ ਦਮਦਾਰ ਆਵਾਜ਼, ਵੱਖਰਾ ਗਾਉਣ ਦਾ ਅੰਦਾਜ਼ ਅਤੇ ਗੀਤਾਂ ਵਿੱਚ ਨਜ਼ਰ ਆਉਣ ਵਾਲੀ ਊਰਜਾ ਨੇ ਉਸ ਨੂੰ ਲੱਖਾਂ ਲੋਕਾਂ ਦਾ ਚਹੇਤਾ ਬਣਾ ਦਿੱਤਾ ਹੈ। ਖਾਸ ਕਰਕੇ ਫਿਲਮ ‘ਧੁਰੰਧਰ 2’ ਦੇ ਗੀਤ ‘ਸਜਨਾ’ ਨਾਲ ਉਹ ਇੱਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਅੱਜ ਸੰਗੀਤ ਦੀ ਦੁਨੀਆ ਵਿੱਚ ਨਾਮ ਕਮਾਉਣ ਵਾਲੀ ਇਸ ਗਾਇਕਾ ਨੇ ਕਦੇ ਆਪਣੇ ਗੀਤ ਲੋਕਾਂ ਤੱਕ ਪਹੁੰਚਾਉਣ ਲਈ ਸੜਕਾਂ ‘ਤੇ ਮਿਹਨਤ ਕੀਤੀ ਸੀ।

ਪੰਜਾਬ ਦੇ ਜਲੰਧਰ ਸ਼ਹਿਰ ਵਿੱਚ 4 ਸਤੰਬਰ 1985 ਨੂੰ ਜਨਮੀ ਜੈਸਮੀਨ ਸੈਂਡਲਸ ਨੇ ਬਚਪਨ ਵਿੱਚ ਹੀ ਗਾਇਕੀ ਦਾ ਸ਼ੌਕ ਪਾਲ ਲਿਆ ਸੀ। ਲਗਭਗ 13 ਸਾਲ ਦੀ ਉਮਰ ਵਿੱਚ ਉਹ ਆਪਣੇ ਪਰਿਵਾਰ ਨਾਲ ਅਮਰੀਕਾ ਚਲੀ ਗਈ। ਜੈਸਮੀਨ ਸੈਂਡਲਸ ਦਾ ਪੂਰਾ ਨਾਮ ਜੈਸਮੀਨ ਕੌਰ ਸੈਂਡਲਸ ਪੰਜਾਬੀ ਮੂਲ ਦੀ ਗਾਇਕਾ ਅਤੇ ਗੀਤਕਾਰ ਹੈ। ਪਰ ਵਿਦੇਸ਼ ਜਾਣ ਦੇ ਬਾਵਜੂਦ ਉਸ ਦਾ ਪੰਜਾਬੀ ਸੰਗੀਤ ਅਤੇ ਆਪਣੀ ਮਿੱਟੀ ਨਾਲ ਪਿਆਰ ਕਦੇ ਘੱਟ ਨਹੀਂ ਹੋਇਆ। ਕਦੇ ਗੁਰਦੁਆਰੇ ਵਿੱਚ ਸ਼ਬਦ ਗਾਉਣ ਵਾਲੀ ਇਸ ਪੰਜਾਬੀ ਕੁੜੀ ਨੇ ਅਮਰੀਕਾ ਵਿੱਚ ਗਰੀਬੀ ਦੇ ਦਿਨ ਦੇਖੇ। ਪਰਿਵਾਰ ਨੂੰ ਇੱਕ ਛੋਟੇ ਜਿਹੇ ਘਰ ਵਿੱਚ ਰਹਿਣਾ ਪਿਆ। ਪਿਤਾ ਗੈਸ ਸਟੇਸ਼ਨ ‘ਤੇ ਕੰਮ ਕਰਦੇ ਸਨ ਅਤੇ ਮਾਂ ਵੀ ਛੋਟੇ-ਮੋਟੇ ਕੰਮ ਕਰਕੇ ਘਰ ਚਲਾਉਂਦੀ ਸੀ। ਅੱਜ ਇਹੀ ਕੁੜੀ ਬਾਲੀਵੁੱਡ ਅਤੇ ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਹੈ।

ਜੈਸਮੀਨ ਦਾ ਬਚਪਨ ਸੰਗੀਤ ਨਾਲ ਜੁੜਿਆ ਹੋਇਆ ਸੀ। ਉਸ ਦੀ ਮਾਂ ਨੂੰ ਵੀ ਉਸ ਦੀ ਗਾਇਕੀ ਵਿੱਚ ਦਿਲਚਸਪੀ ਸੀ ਅਤੇ ਛੋਟੀ ਉਮਰ ਤੋਂ ਹੀ ਉਸ ਨੂੰ ਗਾਉਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਜੈਸਮੀਨ ਨੇ ਬਚਪਨ ਵਿੱਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਉਹ ਸਕੂਲ ਵਿੱਚ ਹੋਣ ਵਾਲੇ ਗਾਇਕੀ ਦੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੀ ਸੀ। ਪੰਜਾਬੀ ਲੋਕ ਗਾਇਕਾਂ ਦੇ ਗੀਤ ਸੁਣਨਾ ਉਸ ਨੂੰ ਬਹੁਤ ਪਸੰਦ ਸੀ। ਜੈਸਮੀਨ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਬਦਲਾਅ ਉਸ ਸਮੇਂ ਆਇਆ ਜਦੋਂ ਉਸ ਦਾ ਪਰਿਵਾਰ ਪੰਜਾਬ ਛੱਡ ਕੇ ਅਮਰੀਕਾ ਚਲਾ ਗਿਆ। ਜਦੋਂ ਉਹ ਲਗਭਗ 13 ਸਾਲ ਦੀ ਸੀ, ਉਸ ਸਮੇਂ ਉਸ ਦੇ ਪਰਿਵਾਰ ਨੇ ਬਿਹਤਰ ਜ਼ਿੰਦਗੀ ਦੀ ਉਮੀਦ ਵਿੱਚ ਅਮਰੀਕਾ ਜਾਣ ਦਾ ਫੈਸਲਾ ਕੀਤਾ। ਪਰ ਅਮਰੀਕਾ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਉਹ ਜ਼ਿੰਦਗੀ ਨਹੀਂ ਮਿਲੀ ਜਿਸ ਦੀ ਉਨ੍ਹਾਂ ਨੇ ਉਮੀਦ ਕੀਤੀ ਸੀ। ਨਵਾਂ ਦੇਸ਼, ਨਵੀਂ ਭਾਸ਼ਾ ਅਤੇ ਨਵਾਂ ਮਾਹੌਲ ਸੀ। ਜੈਸਮੀਨ ਨੂੰ ਅੰਗਰੇਜ਼ੀ ਭਾਸ਼ਾ ਵੀ ਚੰਗੀ ਤਰ੍ਹਾਂ ਨਹੀਂ ਆਉਂਦੀ ਸੀ। ਉਸ ਦੇ ਪਿਤਾ ਨੇ ਭਾਰਤ ਵਿੱਚ ਚੰਗੀ ਪੜ੍ਹਾਈ ਕੀਤੀ ਹੋਈ ਸੀ ਅਤੇ ਉੱਥੇ ਉਨ੍ਹਾਂ ਦੀ ਚੰਗੀ ਨੌਕਰੀ ਵੀ ਸੀ। ਪਰ ਅਮਰੀਕਾ ਪਹੁੰਚ ਕੇ ਉਨ੍ਹਾਂ ਨੂੰ ਨਵੇਂ ਸਿਰੇ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰਨੀ ਪਈ। ਉਸ ਦੇ ਪਿਤਾ ਨੇ ਗੈਸ ਸਟੇਸ਼ਨ ‘ਤੇ ਕੰਮ ਕਰਨਾ ਸ਼ੁਰੂ ਕੀਤਾ, ਜਦਕਿ ਉਸ ਦੀ ਮਾਂ ਨੇ ਫੈਕਟਰੀ ਵਿੱਚ ਕੰਮ ਕੀਤਾ ਅਤੇ ਫਲ ਤੋੜਨ ਵਰਗੇ ਛੋਟੇ-ਮੋਟੇ ਕੰਮ ਵੀ ਕੀਤੇ। ਉਸ ਦੇ ਪਰਿਵਾਰ ਦੇ ਛੇ ਜਣੇ ਇੱਕ ਛੋਟੇ ਜਿਹੇ ਇੱਕ ਕਮਰੇ ਵਾਲੇ ਘਰ ਵਿੱਚ ਰਹਿੰਦੇ ਸੀ। ਘਰ ਦਾ ਖਰਚਾ ਚਲਾਉਣ ਲਈ ਉਨ੍ਹਾਂ ਨੂੰ ਸਰਕਾਰੀ ਫੂਡ ਸਟੈਂਪਸ ਦੀ ਮਦਦ ਵੀ ਲੈਣੀ ਪੈਂਦੀ ਸੀ।

ਜੈਸਮੀਨ ਜਦੋਂ ਉਹ ਛੋਟੀ ਸੀ ਤਾਂ ਗੁਰਦੁਆਰੇ ਵਿੱਚ ਸ਼ਬਦ ਗਾਇਆ ਕਰਦੀ ਸੀ। ਉੱਥੋਂ ਹੀ ਉਸ ਨੂੰ ਸੁਰ ਅਤੇ ਤਾਲ ਦੀ ਮੁੱਢਲੀ ਸਮਝ ਮਿਲੀ। ਅਮਰੀਕਾ ਜਾਣ ਤੋਂ ਬਾਅਦ ਵੀ ਉਸ ਨੇ ਗਾਉਣਾ ਨਹੀਂ ਛੱਡਿਆ। ਉਹ ਆਪਣੇ ਇਲਾਕੇ ਵਿੱਚ ਦੀਵਾਲੀ, ਵਿਸਾਖੀ ਅਤੇ ਹੋਰ ਸਮਾਗਮਾਂ ਵਿੱਚ ਪੰਜਾਬੀ ਗੀਤ ਗਾਉਂਦੀ ਸੀ। ਉਸ ਨੂੰ ਪੰਜਾਬੀ ਗਾਇਕੀ ਦੇ ਨਾਲ-ਨਾਲ ਪੱਛਮੀ ਸੰਗੀਤ ਸੁਣਨ ਦਾ ਵੀ ਸ਼ੌਕ ਸੀ। ਸਕੂਲ ਜਾਣ ਸਮੇਂ ਬੱਸ ਵਿੱਚ ਰੇਡੀਓ ਸੁਣ ਕੇ ਉਹ ਨਵੇਂ ਗੀਤਾਂ ਬਾਰੇ ਜਾਣਦੀ ਸੀ। ਉਸ ਨੇ 50 Cent, Dr. Dre, Britney Spears ਅਤੇ Gwen Stefani ਵਰਗੇ ਕਲਾਕਾਰਾਂ ਤੋਂ ਵੀ ਸੰਗੀਤ ਦੀ ਪ੍ਰੇਰਣਾ ਲਈ। ਇਸ ਤਰ੍ਹਾਂ ਉਸ ਦੀ ਗਾਇਕੀ ਵਿੱਚ ਪੰਜਾਬੀ ਲੋਕ ਸੰਗੀਤ ਅਤੇ ਪੱਛਮੀ ਹਿੱਪ-ਹੌਪ ਦਾ ਮਿਲਿਆ-ਜੁਲਿਆ ਅੰਦਾਜ਼ ਵਿਕਸਿਤ ਹੋਣ ਲੱਗਾ।

ਜੈਸਮੀਨ ਦੇ ਸੰਘਰਸ਼ ਦੀ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਉਸ ਨੇ ਆਪਣੀ ਪਛਾਣ ਬਣਾਉਣ ਲਈ ਖੁਦ ਮਿਹਨਤ ਕੀਤੀ। ਜਦੋਂ ਉਸ ਨੂੰ ਸੰਗੀਤ ਜਗਤ ਵਿੱਚ ਕੋਈ ਵੱਡਾ ਮੌਕਾ ਨਹੀਂ ਮਿਲ ਰਿਹਾ ਸੀ, ਤਾਂ ਉਸ ਨੇ ਆਪਣੀਆਂ ਗਾਇਕੀ ਦੀਆਂ ਡੈਮੋ ਸੀਡੀਜ਼ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਆਪਣੇ ਦੋਸਤਾਂ ਦੇ ਗੈਰਾਜ ਵਿੱਚ ਘੱਟ ਪੈਸਿਆਂ ਨਾਲ ਮਿਊਜ਼ਿਕ ਵੀਡੀਓਜ਼ ਬਣਾਉਂਦੀ ਸੀ। ਇਸ ਤੋਂ ਬਾਅਦ ਉਹ ਆਪਣੀਆਂ ਸੀਡੀਜ਼ ਲੈ ਕੇ ਸੈਨ ਫਰਾਂਸਿਸਕੋ ਦੇ ਇਲਾਕੇ ਵਿੱਚ ਕਲੱਬਾਂ ਦੇ ਬਾਹਰ ਖੜ੍ਹੀ ਹੁੰਦੀ ਸੀ। ਉਹ ਲੋਕਾਂ ਨੂੰ ਆਪਣੀਆਂ ਸੀਡੀਜ਼ ਦਿੰਦੀ ਸੀ ਤਾਂ ਜੋ ਕੋਈ ਉਸ ਦੇ ਗੀਤ ਸੁਣੇ ਅਤੇ ਉਸ ਦੀ ਆਵਾਜ਼ ਨੂੰ ਪਛਾਣੇ।

ਜੈਸਮੀਨ ਦੇ ਸੰਗੀਤਕ ਕਰੀਅਰ ਵਿੱਚ ਸਾਲ 2007 ਅਤੇ 2008 ਬਹੁਤ ਮਹੱਤਵਪੂਰਨ ਰਹੇ। ਉਸ ਦਾ ਗੀਤ ‘Muskan’ ਲੋਕਾਂ ਵਿੱਚ ਪਸੰਦ ਕੀਤਾ ਗਿਆ। ਇਹ ਗੀਤ ਉਸ ਦੀ ਪਹਿਲੀ ਐਲਬਮ ‘The Diamond’ ਦਾ ਹਿੱਸਾ ਸੀ, ਜੋ 2008 ਵਿੱਚ ਰਿਲੀਜ਼ ਹੋਈ। 2012 ਵਿੱਚ ਉਸ ਦੀ ਐਲਬਮ ‘Gulabi’ ਰਿਲੀਜ਼ ਹੋਈ। ਇਸ ਐਲਬਮ ਨੂੰ ਸੋਨੀ ਮਿਊਜ਼ਿਕ ਨੇ ਰਿਲੀਜ਼ ਕੀਤਾ ਸੀ ਅਤੇ ਇਸ ਵਿੱਚ ਮਸ਼ਹੂਰ ਰੈਪਰ ਬੋਹੇਮੀਆ ਨੇ ਵੀ ਸਹਿਯੋਗ ਦਿੱਤਾ ਸੀ। ਇਸ ਐਲਬਮ ਤੋਂ ਬਾਅਦ ਜੈਸਮੀਨ ਦੀ ਪਛਾਣ ਪੰਜਾਬੀ ਸੰਗੀਤ ਦੇ ਸਰੋਤਿਆਂ ਵਿੱਚ ਹੋਰ ਮਜ਼ਬੂਤ ਹੋਈ। ਜੈਸਮੀਨ ਸੈਂਡਲਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਮੋੜ ਸਾਲ 2014 ਵਿੱਚ ਆਇਆ। ਉਸ ਨੂੰ ਸਲਮਾਨ ਖਾਨ ਦੀ ਫਿਲਮ ‘Kick’ ਵਿੱਚ ਗਾਉਣ ਦਾ ਮੌਕਾ ਮਿਲਿਆ। ਇਸ ਫਿਲਮ ਦਾ ਗੀਤ ‘Yaar Na Miley’ ਬਹੁਤ ਵੱਡਾ ਹਿੱਟ ਸਾਬਤ ਹੋਇਆ। ਇਸ ਗੀਤ ਵਿੱਚ ਜੈਸਮੀਨ ਨੇ ਯੋ ਯੋ ਹਨੀ ਸਿੰਘ ਨਾਲ ਕੰਮ ਕੀਤਾ ਸੀ। ਗੀਤ ਦੀ ਸਫਲਤਾ ਨੇ ਉਸ ਨੂੰ ਪੰਜਾਬੀ ਸੰਗੀਤ ਤੋਂ ਅੱਗੇ ਬਾਲੀਵੁੱਡ ਵਿੱਚ ਵੀ ਪਛਾਣ ਦਿਵਾਈ। ਇਸ ਤੋਂ ਬਾਅਦ ਉਸ ਨੇ ਗੈਰੀ ਸੰਧੂ ਨਾਲ ਵੀ ਕਈ ਹਿੱਟ ਗੀਤ ਦਿੱਤੇ।

ਸਾਲ 2014 ਵਿੱਚ ਜਦੋਂ ਉਸ ਦਾ ਗੀਤ ‘Yaar Na Miley’ ਵੱਡੀ ਸਫਲਤਾ ਹਾਸਲ ਕਰ ਰਿਹਾ ਸੀ, ਉਸੇ ਸਮੇਂ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ। ਇਹ ਉਸ ਲਈ ਬਹੁਤ ਵੱਡਾ ਸਦਮਾ ਸੀ। ਜੈਸਮੀਨ ਆਪਣੇ ਪਿਤਾ ਨਾਲ ਬਹੁਤ ਪਿਆਰ ਕਰਦੀ ਸੀ। ਉਸ ਦੇ ਪਿਤਾ ਨੇ ਪਰਿਵਾਰ ਲਈ ਬਹੁਤ ਮਿਹਨਤ ਕੀਤੀ ਸੀ। ਭਾਰਤ ਵਿੱਚ ਆਪਣੀ ਚੰਗੀ ਨੌਕਰੀ ਛੱਡ ਕੇ ਅਮਰੀਕਾ ਵਿੱਚ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨਾ ਵੀ ਉਨ੍ਹਾਂ ਦੇ ਪਰਿਵਾਰ ਲਈ ਇੱਕ ਵੱਡੀ ਕੁਰਬਾਨੀ ਸੀ। ਇਸ ਦੁੱਖ ਦਾ ਅਸਰ ਉਸ ਦੀ ਨਿੱਜੀ ਜ਼ਿੰਦਗੀ ਅਤੇ ਮਾਨਸਿਕ ਹਾਲਤ ‘ਤੇ ਵੀ ਪਿਆ। ਸਾਲ 2020 ਵਿੱਚ ਜੈਸਮੀਨ ਨੇ ਆਪਣੀ ਐਲਬਮ ‘What’s In A Name’ ਰਿਲੀਜ਼ ਕੀਤੀ। ਇਹ ਐਲਬਮ ਉਸ ਲਈ ਬਹੁਤ ਖਾਸ ਸੀ ਕਿਉਂਕਿ ਇਸ ਵਿੱਚ ਉਸ ਨੇ ਆਪਣੀਆਂ ਭਾਵਨਾਵਾਂ, ਦੁੱਖਾਂ, ਪਿਆਰ ਅਤੇ ਜ਼ਿੰਦਗੀ ਦੇ ਤਜਰਬਿਆਂ ਨੂੰ ਗੀਤਾਂ ਰਾਹੀਂ ਪੇਸ਼ ਕੀਤਾ। ਸਾਲ 2023 ਵਿੱਚ ਜੈਸਮੀਨ ਨੂੰ Women Songwriters Hall of Fame ਵਿੱਚ ਸ਼ਾਮਲ ਕੀਤਾ ਗਿਆ। ਸਾਲ 2024 ਵਿੱਚ ਜੈਸਮੀਨ ਨੇ ਫਿਲਮ ‘Munjya’ ਦੇ ਗੀਤ ‘Taras’ ਨਾਲ ਬਾਲੀਵੁੱਡ ਸੰਗੀਤ ਵਿੱਚ ਆਪਣੀ ਵਾਪਸੀ ਕੀਤੀ।

ਸਾਲ 2025 ਵਿੱਚ ਫਿਲਮ ‘Dhurandhar’ ਦੇ ਸੰਗੀਤ ਨਾਲ ਜੈਸਮੀਨ ਇੱਕ ਵਾਰ ਫਿਰ ਵੱਡੇ ਪੱਧਰ ‘ਤੇ ਚਰਚਾ ਵਿੱਚ ਆਈ। ਫਿਲਮ ਦੇ ਗੀਤ ‘Shararat’ ਅਤੇ ਟਾਈਟਲ ਟਰੈਕ ਨਾਲ ਉਸ ਦੀ ਆਵਾਜ਼ ਨੇ ਸਰੋਤਿਆਂ ਦਾ ਧਿਆਨ ਖਿੱਚਿਆ। ਉਸ ਦੀ ਆਵਾਜ਼ ਦਾ ਦਮਦਾਰ ਅੰਦਾਜ਼ ਅਤੇ ਗੀਤਾਂ ਵਿੱਚ ਭਾਵਨਾਵਾਂ ਪੇਸ਼ ਕਰਨ ਦੀ ਕਲਾ ਨੇ ਉਸ ਨੂੰ ਮੁੜ ਸੰਗੀਤ ਪ੍ਰੇਮੀਆਂ ਦੀ ਚਰਚਾ ਦਾ ਕੇਂਦਰ ਬਣਾ ਦਿੱਤਾ। ਇਸੇ ਸਾਲ ਉਸ ਨੇ ‘POLS’ ਵਰਗੇ ਗੀਤ ਰਿਲੀਜ਼ ਕੀਤੇ ਅਤੇ ਆਪਣੀ ਐਲਬਮ ‘Legal Robbery’ ਵੀ ਪੇਸ਼ ਕੀਤੀ। ਸਾਲ 2026 ਵਿੱਚ ਫਿਲਮ ‘Dhurandhar: The Revenge’ ਦੇ ਗੀਤ ‘Jaiye Sajna’ ਨੇ ਜੈਸਮੀਨ ਨੂੰ ਇੱਕ ਵਾਰ ਫਿਰ ਸੁਰਖੀਆਂ ਵਿੱਚ ਲਿਆ ਦਿੱਤਾ। ਇਸ ਤੋਂ ਇਲਾਵਾ ‘Main Aur Tu’ ਵਰਗੇ ਗੀਤਾਂ ਨੇ ਵੀ ਉਸ ਦੇ ਸੰਗੀਤਕ ਸਫ਼ਰ ਨੂੰ ਨਵੀਂ ਚਰਚਾ ਦਿੱਤੀ। ਉਹ ਆਪਣੀ ਜ਼ਿੰਦਗੀ ਦੇ ਤਜਰਬਿਆਂ ਨੂੰ ਆਪਣੇ ਗੀਤਾਂ ਵਿੱਚ ਵੀ ਪੇਸ਼ ਕਰਦੀ ਹੈ। ਉਸ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਸਿਰਫ਼ ਦੂਜਿਆਂ ਦੀ ਪਸੰਦ ਦੇ ਗੀਤ ਨਾ ਗਾਏ, ਸਗੋਂ ਆਪਣੀ ਸੋਚ ਅਤੇ ਆਪਣੀਆਂ ਭਾਵਨਾਵਾਂ ਨੂੰ ਵੀ ਸੰਗੀਤ ਰਾਹੀਂ ਲੋਕਾਂ ਤੱਕ ਪਹੁੰਚਾਏ।

Related posts

ਲਾਈਵ ਚੈਟ ਕਰ ਰਹੀ ਸੀ ਪ੍ਰਿਯੰਕਾ ਚੋਪੜਾ, ਪਤੀ ਨਿਕ ਨੇ ਕਰ ਦਿੱਤੀ ਅਜਿਹੀ ਹਰਕਤ ਕਿ ਗੁੱਸਾ ਹੋ ਗਈ ਪੀਸੀ

admin

ਕੌਮੀ ਸੁਰੱਖਿਆ ਦੇ ਮੱਦੇਨਜ਼ਰ ਅਮਰੀਕੀ ਜਾਣਕਾਰੀ ’ਤੇ ਜਾਂਚ ਕਮੇਟੀ ਕਾਇਮ ਕੀਤੀ: ਜੈਸ਼ੰਕਰ

Bunty

ਕਿਵੇਂ ਦੂਰ ਹੋ ਸਕਦਾ ਹੈ ਵਿਚਾਰਧਾਰਕ ਹਨੇਰਾ

admin