ਅਜੋਕੇ ਦੌਰ ਵਿੱਚ ਪੰਜਾਬੀ ਗਾਇਕੀ ਵਿੱਚੋਂ ਜ਼ਮੀਨੀ ਹਕੀਕਤਾਂ, ਤਰਕ, ਬੌਧਕਿਤਾ, ਨੈਤਿਕ ਕਦਰਾਂ-ਕੀਮਤਾਂ, ਆਸ-ਉਮੀਦ ਅਤੇ ਇਨਸਾਨੀਅਤ ਮਨਫੀ ਹੋ ਰਹੀ ਹੈ। ਬਹੁਤੇ ਗਾਇਕ ਅਨਜਾਣਪੁਣੇ ਵਿੱਚ ਹੀ ਨਸ਼ਿਆਂ, ਮਾਰ-ਧਾੜ ਅਤੇ ਹਥਿਆਰਾਂ ਨੂੰ ਪ੍ਰਮੋਟ ਕਰਨ ਵਾਲੇ ਗੀਤ ਗਾਈ ਜਾ ਰਹੇ ਹਨ। ਪਰ ਕੁਝ ਲੋਕ-ਗਾਇਕ ਅਜੇ ਵੀ ਸਮੇਂ ਦੀ ਨਬਜ਼ ਪਛਾਣ ਕੇ ਗਾ ਰਹੇ ਹਨ। ਉਹ ਲੋਕ-ਗਾਇਕ ਜ਼ਮੀਨੀ ਹਕੀਕਤਾਂ ਨੂੰ ਬਿਆਨ ਕਰਦੇ ਹੋਏ ਜਨਤਾ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਆਪਣੇ ਗਾਇਕੀ ਰਾਹੀਂ ਅਵਾਜ਼ ਉਠਾ ਰਹੇ ਹਨ। ਅਜਿਹਾ ਹੀ ਨ੍ਹੇਰੇ ਵਿੱਚ ਚਾਨਣ ਵੰਡਣ ਵਾਲਾ ਲੋਕ-ਗਾਇਕ ਹੈ ਧਰਮਿੰਦਰ ਮਸਾਣੀ। ਉਹ ਲੋਕਾਂ ਦੇ ਮੁੱਦਿਆਂ ਲਈ ਅਵਾਜ਼ ਉਠਾਉਣ ਦੇ ਨਾਲ਼-ਨਾਲ਼ ਉਹਨਾਂ ਨੂੰ ਸੰਗਰਾਮ ਕਰਕੇ ਕੁਝ ਰਾਹਤ ਪ੍ਰਾਪਤ ਕਰਨ ਦਾ ਸੁਨੇਹਾ ਵੀ ਦਿੰਦਾ ਹੈ। ਉਹ ਸਮੇਂ ਦੀ ਨਬਜ਼ ਪਛਾਣ ਕੇ ਕਿਰਤੀਆਂ ਦੇ ਹੱਕ ਵਿੱਚ ਗੀਤ ਗਾਉਣ ਵਾਲਾ ਲੋਕ-ਗਾਇਕ ਹੈ। ਉਸਦਾ ਅਜੋਕੇ ਸਮੇਂ ਵਿੱਚ ‘ਕਰੋਨਾ ਵਾਈਰਸ ਕਰਕੇ ਬਣੇ ਹਾਲਾਤਾਂ’ ਨੂੰ ਬਿਆਨ ਕਰਦਾ ਗਾਇਆ ਅਤੇ ਜੋ ਅਮੋਲਕ ਸਿੰਘ ਦਾ ਲਿਖਿਆ ਗੀਤ ਹੈ:-
ਕਿ ਮਾਰ ਕਰੋਨਾ ਕਾਰਨ ਧਰਤੀ ਬਣ ਗਈ ਮੜ੍ਹੀ-ਮਸਾਣਾਂ,
ਨਾ ਕੋਈ ਗਲ਼ ਲਗ ਕੇ ਰੋਵੇ ਨਾ ਹੀ ਢੁੱਕਣ ਮਕਾਨਾਂ,
ਕੇਹੀ ਆਈ ਰੁੱਤ ਵੈਣਾਂ ਦੀ ਧਰਤੀ-ਅੰਬਰ ਰੋਏ ।
ਬਸ ਇੱਕ ਇਨਸਾਨ ਸਸਤਾ ਹੋਇਆ ਸਭ ਕੁਝ ਮਹਿੰਗਾ ਹੋਏ।“
ਧਰਮਿੰਦਰ ਮਸਾਣੀ ਦਾ ਜਨਮ 30 ਅਪ੍ਰੈਲ 1982 ਨੂੰ ਪਿਤਾ ਗੁਰਮੇਲ ਸਿੰਘ ਮਾਤਾ ਸ਼੍ਰੀਮਤੀ ਗੁਰਬਖਸ਼ ਕੌਰ ਦੇ ਘਰ ਪਿੰਡ ਮਸਾਣੀ ਤਹਿਸੀਲ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਹੋਇਆ। ਉਸਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਸਾਣੀ ਤੋਂ ਦਸਵੀਂ ਤੱਕ ਦੀ ਪੜ੍ਹਾਈ ਕੀਤੀ। ਉਚੇਰੀ ਸਿੱਖਿਆ ਉਸਨੇ ਅਮਰਦੀਪ ਕਾਲਜ ਮੁਕੰਦਪੁਰ ਤੋਂ ਕੀਤੀ। ਕਾਲਜ ਵਿੱਚ ਹੀ ਉਸਨੂੰ ਚੰਗੀ ਅਤੇ ਲੋਕ ਪੱਖੀ ਗਾਇਕੀ ਕਰਕੇ ਉਸਤਾਦ ਪ੍ਰੋ. ਸ਼ਮਸ਼ਾਦ ਅਲੀ ਖਾਂ, ਵੱਡੇ ਵਿਦਵਾਨ ਪ੍ਰਿੰਸੀਪਲ ਸੁਰਜੀਤ ਸਿੰਘ ਭੱਟੀ ਅਤੇ ਉੱਘੇ ਖੇਡ ਪ੍ਰਮੋਟਰ ਪ੍ਰਿੰਸੀਪਲ ਸਰਵਣ ਸਿੰਘ ਵਰਗੇ ਚਾਨਣ ਮੁਨਾਰੇ ਮਿਲੇ। ਉਸਨੇ ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਪੰਜਾਬ, ਭਾਈ ਮੰਨਾ ਸਿੰਘ, ਭੈਣ ਜੀ ਸੁਮਨ ਲਤਾ ਅਤੇ ਪ੍ਰਗਤੀ ਕਲਾ ਕੇਂਦਰ (ਲਾਂਦਰਾ) ਵੱਲੋਂ ਰੰਗ ਮੰਚ ਵੀ ਕੀਤਾ। ਉਸਨੂੰ ਹੁਣ ਤੱਕ ਬਾਬਾ ਯਮਲਾ ਜੱਟ ਯਾਦਗਾਰੀ ਐਵਾਰਡ, ਸ਼ਿਵ ਕੁਮਾਰ ਬਟਾਲਵੀ ਯਾਦਗਾਰੀ ਸੁਰ-ਸੰਗੀਤ ਐਵਾਰਡ, ਸੁਰ-ਸੰਗਮ ਐਵਾਰਡ, ਸੰਗੀਤ ਸਮਰਾਟ ਐਵਾਰਡ, ਮੌਲਾਬਾਦ ਤੋਂ ਸਨਮਾਨ ਅਤੇ ਹੋਰ ਕਈ ਮਾਣ-ਸਨਮਾਨ ਮਿਲ ਚੁੱਕੇ ਹਨ। ਉਹ ਇਹਨਾਂ ਸਭ ਮਾਣਾਂ-ਸਨਮਾਨਾਂ ਪਿੱਛੇ ਉਸਤਾਦ ਪ੍ਰੋ. ਸ਼ਮਸ਼ਾਦ ਅਲੀ ਖਾਂ ਦਾ ਅਸ਼ੀਰਵਾਦ ਹੀ ਮੰਨਦਾ ਹੈ।