Punjab

ਰਾਜ ਸਭਾ ਲਈ ‘ਆਪ’ ਦੇ 5 ਉਮੀਦਵਾਰ: ਗੈਰ-ਪੰਜਾਬੀ ਉਮੀਦਵਾਰਾਂ ‘ਤੇ ਸਿਆਸਤ ਗਰਮਾਈ !

ਚੰਡੀਗੜ੍ਹ – ਪੰਜਾਬ ਦੀਆਂ ਪੰਜ ਰਾਜ ਸਭਾ ਸੀਟਾਂ ਲਈ ਹੋਣ ਵਾਲੀਆਂ ਚੋਣਾ ਲਈ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਜਰੀ ਵਿੱਚ ਐਲਾਨੇ ਗਏ ਉਮੀਦਵਾਰਾਂ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਭੱਜੀ, ‘ਆਪ’ ਪੰਜਾਬ ਦੇ ਸਹਿ ਪ੍ਰਭਾਰੀ ਰਾਘਵ ਚੱਢਾ, ਚੋਣ ਰਣਨੀਤੀਕਾਰ ਸੰਦੀਪ ਪਾਠਕ, ਦੇਸ਼ ਦੀ ਪ੍ਰਸਿੱਧ ਯੂਨੀਵਰਸਿਟੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ) ਦੇ ਚਾਂਸਲਰ ਅਸ਼ੋਕ ਮਿਤਲ ਅਤੇ ਲੁਧਿਆਣਾ ਦੇ ਉਦਯੋਗਪਤੀ ਸੰਜੀਵ ਅਰੋੜਾ ਨੇ ਪੰਜਾਬ ਵਿਧਾਨ ਸਭਾ ਵਿੱਚ ਰਾਜ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਭਰੇ।

2022 ਦੀਆਂ ਪੰਜਾਬ ਵਿਧਾਨ ਸਭਾ ਚੋਣਾ ‘ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਅਤੇ ਪਾਰਟੀ ਦੇ 92 ਉਮੀਦਵਾਰ ਜਿੱਤ ਕੇ ਵਿਧਾਨ ਸਭਾ ਪਹੁੰਚੇ ਹਨ।  ਵਿਧਾਨ ਸਭਾ ਦੀਆਂ ਸੀਟਾਂ ਦੀ ਗਿਣਤੀ ਅਤੇ ਅੰਕੜਿਆਂ ਅਨੁਸਾਰ ‘ਆਪ’ ਦੇ ਸਾਰੇ ਪੰਜੇ ਉਮੀਦਵਾਰਾਂ ਦਾ ਨਿਰਵਿਰੋਧ ਚੁਣਿਆ ਜਾਣਾ ਨਿਸ਼ਚਿਤ ਹੈ। ਰਾਜ ਸਭਾ ਲਈ ਉਮੀਦਵਾਰ ਰਾਘਵ ਚੱਢਾ, ਜਿਹੜੇ ਪਾਰਟੀ ਦੇ ਪੰਜਾਬ ਮਾਮਲਿਆਂ ਬਾਰੇ ਸਹਿ ਪ੍ਰਭਾਰੀ ਹਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਕਾਫ਼ੀ ਭਰੋਸੇਮੰਦ ਹਨ। ਵਿਸ਼ਵ ਪ੍ਰਸਿੱਧ ਲੰਡਨ ਸਕੂਲ ਆਫ਼ ਇਕਨਾਮਿਕਸ ਤੋਂ ਪੜ੍ਹੇ ਰਾਘਵ ਚੱਢਾ ਨੂੰ ਪਾਰਟੀ ਵੱਲੋਂ ਸਭ ਤੋਂ ਘੱਟ ਉਮਰ ਦੇ ਬੁਲਾਰੇ ਵਜੋਂ ਨਿਯੁਕਤ ਕੀਤਾ ਗਿਆ ਸੀ। 2020 ‘ਚ ਦਿੱਲੀ ਵਿਧਾਨ ਸਭਾ ਚੋਣਾ ਵਿੱਚ ਰਾਘਵ ਚੱਢਾ ਨੇ ਰਾਜਿੰਦਰ ਨਗਰ ਵਿਧਾਨ ਸਭਾ ਸੀਟ ਤੋਂ ਜਿੱਤ ਪ੍ਰਾਪਤ ਕੀਤੀ ਸੀ ਅਤੇ ਉਹ ਦਿੱਲੀ ਜਲ ਬੋਰਡ ਦੇ ਉਪ ਪ੍ਰਧਾਨ ਵੀ ਹਨ ਅਤੇ ਪੰਜਾਬ ‘ਚ ਪਾਰਟੀ ਦੀ ਸ਼ਾਨਦਾਰ ਜਿੱਤ ਲਈ ਰਣਨੀਤੀਕਾਰਾਂ ਵਿੱਚੋਂ ਇੱਕ ਹਨ।

ਸੰਦੀਪ ਪਾਠਕ, ਪੰਜਾਬ ਵਿਧਾਨ  ਚੋਣਾ ਵਿੱਚ ਪਾਰਟੀ ਦੇ ਚਾਣਕਿਆ ਦੀ ਭੂਮਿਕਾ ਵਿੱਚ ਰਹੇ ਹਨ। ਸੰਦੀਪ ਪਾਠਕ ਨੇ ਕੈਂਬ੍ਰਿਜ ਯੂਨੀਵਰਸਿਟੀ, ਇੰਗਲੈਂਡ ਤੋਂ ਪੀ.ਐਚ.ਡੀ ਕੀਤੀ ਹੈ ਅਤੇ ਉਹ ਆਈ.ਆਈ.ਟੀ ਦਿੱਲੀ ‘ਚ ਐਸੋਸੀਏਟ ਪ੍ਰੋਫ਼ੈਸਰ ਰਹੇ ਹਨ। ਅਰਵਿੰਦ ਕੇਜਰੀਵਾਲ ਦੇ ਭ੍ਰਿਸ਼ਟਾਚਾਰ ਮੁਕਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪਾਠਕ ਪਾਰਟੀ ‘ਚ ਸ਼ਾਮਲ ਹੋਏ ਅਤੇ ਉਹ ਕਈ ਸਾਲਾਂ ਤੋਂ ਪਰਦੇ ਦੇ ਪਿੱਛੇ ਰਹਿ ਕੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ। ਪਾਠਕ ਨੇ ਹੀ ਪੂਰੇ ਪੰਜਾਬ ਵਿੱਚ ਪਾਰਟੀ ਦਾ ਮਜ਼ਬੂਤ ਸੰਗਠਨ ਤਿਆਰ ਕੀਤਾ ਅਤੇ 2022 ਵਿਧਾਨ ਸਭਾ ਚੋਣਾ ਦੌਰਾਨ ਆਮ ਆਦਮੀ ਪਾਰਟੀ  ਦੀ ਵੱਡੀ ਜਿੱਤ ਦੀ ਰਣਨੀਤੀ ਤਿਆਰ ਕੀਤੀ। ਵਿਗਿਆਨਿਕ  ਤਰੀਕੇ ਨਾਲ ਸਹੀ ਅਤੇ ਸਟੀਕ ਚੋਣ ਸਰਵੇਖਣ ਕਰਕੇ ਅਤੇ ਚੰਗੇ ਉਮੀਦਵਾਰਾਂ ਦੀ ਚੋਣ ਕਰਕੇ ਪਾਠਕ ਨੇ ਪਰਦੇ ਦੇ ਪਿੱਛੇ ਰਹਿ ਕੇ ਪੰਜਾਬ ਵਿੱਚ ਪਾਰਟੀ ਦੀ ਇਤਿਹਾਸਕ ਜਿੱਤ ਦੀ ਪਟਕਥਾ ਤਿਆਰ ਕੀਤੀ।
ਮਸ਼ਹੂਰ ਕ੍ਰਿਕਟਰ ਅਤੇ ਭਾਰਤ ਦੇ ਸਭ ਤੋਂ ਸਫ਼ਲ ਆਫ਼ ਸਪਿਨ ਗੇਂਦਬਾਜ਼ ਹਰਭਜਨ ਸਿੰਘ ਭੱਜੀ ਨੇ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਕੇ ਰਾਜ

ਸਭਾ ਲਈ ਨਾਮਜ਼ਦਗੀ ਪੱਤਰ ਭਰਿਆ। ਹਰਭਜਨ ਸਿੰਘ 1998 ਤੋਂ 2016 ਤੱਕ ਭਾਰਤੀ ਕ੍ਰਿਕਟ ਟੀਮ ਲਈ ਖੇਡੇ ਅਤੇ ਆਪਣੀ ਅਦਭੁਤ ਗੇਂਦਬਾਜੀ ਨਾਲ ਦੇਸ਼ ਦੇ ਲੋਕਾਂ ਦੇ ਦਿਲਾਂ ਵਿੱਚ ਖਾਸ ਜਗ੍ਹਾ ਬਣਾਈ। ਸਿੰਘ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਮੁੰਬਈ ਇੰਡੀਅਨਜ਼ ਟੀਮ ਦੇ ਕਪਤਾਨ ਸਨ ਅਤੇ ਉਹ ਕਿੰਗਜ਼ ਇਲੈਵਨ ਪੰਜਾਬ ਦੇ ਵੀ ਕਪਤਾਨ ਰਹੇ ਸਨ। ਆਪਣੀ ਅਦਭੁਤ ਖੇਡ ਲਈ ਹਰਭਜਨ ਸਿੰਘ ਨੂੰ ਦੇਸ਼ ਦੇ ਪ੍ਰਸਿੱਧ ਖੇਲ ਰਤਨ ਸਨਮਾਨ ਅਰਜੁਨ ਅਵਾਰਡ ਅਤੇ ਪਦਮ ਸ੍ਰੀ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਚਾਂਸਲਰ ਅਸ਼ੋਕ ਮਿਤਲ ਨੂੰ ਵੀ ਆਮ ਆਦਮੀ ਪਾਰਟੀ ਨੇ ਰਾਜ ਸਭਾ ਲਈ ਆਪਣਾ ਉਮੀਦਵਾਰ ਬਣਾਇਆ ਹੈ। ਮਿਤਲ ਉਚ ਸਿੱਖਿਆ ਦੇ ਖੇਤਰ ‘ਚ ਆਪਣੇ ਪ੍ਰਸੰਸਾਯੋਗ ਕੰਮਾਂ ਅਤੇ ਸਮਾਜ ਸੇਵਾ ਲਈ ਜਾਣੇ ਜਾਂਦੇ ਹਨ। ਆਮ ਪਰਿਵਾਰ ‘ਚ ਜੰਮੇਂ ਅਸ਼ੋਕ ਮਿਤਲ ਨੇ ਆਪਣੀ ਮਿਹਨਤ ਅਤੇ ਯੋਗਤਾ ਦੇ ਦਮ ‘ਤੇ ਸਫ਼ਲਤਾ ਹਾਸਲ ਕੀਤੀ ਅਤੇ ਵੱਡਾ ਮੁਕਾਮ ਹਾਸਲ ਕੀਤਾ। ਪੰਜਾਬ ਦੇ ਸਿੱਖਿਆ ਖੇਤਰ ‘ਚ ਯੋਗਦਾਨ ਪਾਉਣ ਲਈ ਉਨ੍ਹਾਂ ਜਲੰਧਰ ‘ਚ ਦੇਸ਼ ਦੀ ਪ੍ਰਸਿੱਧ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ) ਦੀ ਸਥਾਪਨਾ ਕੀਤੀ। ਐਲ.ਪੀ.ਯੂ ਭਾਰਤ ਦੀਆਂ ਸਭ ਤੋਂ ਪ੍ਰਸਿੱਧ ਵੱਡੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ ਅਤੇ ਇੱਥੇ 50 ਤੋਂ ਜ਼ਿਆਦਾ ਮੁਲਕਾਂ ਦੇ ਵਿਦਿਆਰਥੀ ਪੜ੍ਹਨ ਲਈ ਆਉਂਦੇ ਹਨ।

ਲੁਧਿਆਣਾ ਦੇ ਵੱਡੇ ਉਦਯੋਗਪਤੀਆਂ ਵਿਚੋਂ ਇੱਕ ਸੰਜੀਵ ਅਰੋੜਾ ਵੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਜਾਣਗੇ। ਸੰਜੀਵ ਅਰੋੜਾ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ ਚਲਾਉਂਦੇ ਹਨ। ਆਪਣੇ ਮਾਤਾ ਪਿਤਾ ਦੇ ਕੈਂਸਰ ਕਾਰਨ ਜਾਨ ਗੁਆ ਦੇਣ ਤੋਂ ਬਾਅਦ ਉਨ੍ਹਾਂ ਚੈਰੀਟੇਬਲ ਟਰੱਸਟ ਸਥਾਪਤ ਕੀਤਾ ਅਤੇ 160 ਤੋਂ ਜ਼ਿਆਦਾ ਕੈਂਸਰ ਰੋਗੀਆਂ ਦਾ ਮੁਫ਼ਤ ਇਲਾਜ ਕਰਵਾਇਆ। ਸੰਜੀਵ ਅਰੋੜਾ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਲੁਧਿਆਣਾ ਦੀ ਗਵਰਨਿੰਗ ਬਾਡੀ ਦੇ ਮੈਂਬਰ ਹਨ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਅਪੈਕਸ ਕਾਊਂਸਲ ਦੇ ਮੈਂਬਰ ਵੀ ਹਨ।

‘ਆਪ’ ਦੇ ਰਾਜ ਸਭਾ ਉਮੀਦਵਾਰਾਂ ਦੇ ਬਾਹਰਲੇ ਨਾਵਾਂ ‘ਤੇ ਸਿਆਸਤ ਗਰਮਾਈ 

ਆਮ ਆਦਮੀ ਪਾਰਟੀ ਨੇ ਪੰਜ ਰਾਜ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਸਾਰੇ ਪੰਜ ਉਮੀਦਵਾਰਾਂ ਨੇ ਵੀ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤੇ ਹਨ। ਇਸ ਦੌਰਾਨ ਵਿਰੋਧੀ ਧਿਰ ਕੁਝ ਉਮੀਦਵਾਰਾਂ ‘ਤੇ ਹਮਲੇ ਕਰ ਰਹੀ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਰਾਜ ਸਭਾ ਮੈਂਬਰ ਬਣਾਇਆ ਜਾ ਰਿਹਾ ਹੈ। ਸੂਬੇ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਦੇ ਲੋਕਾਂ ਨੂੰ ਰਾਜ ਸਭਾ ਦਾ ਮੈਂਬਰ ਬਣਾਉਣ ਲਈ ਆਮ ਆਦਮੀ ਪਾਰਟੀ ਦੀ ਸਖ਼ਤ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਜਿਹਾ ਕਰਕੇ ਸੂਬੇ ਦੇ ਹੱਕ ਖੋਹ ਲਏ ਹਨ। ਸਾਰੇ ਰਾਜ ਸਭਾ ਮੈਂਬਰ ਪੰਜਾਬ ਤੋਂ ਹੋਣੇ ਚਾਹੀਦੇ ਹਨ। ਬਾਦਲ ਨੇ ਕਿਹਾ ਕਿ ਜਿਸ ਸੂਬੇ ਦੇ ਵਿਧਾਇਕ ਹਨ, ਉਸ ਦੇ ਰਾਜ ਸਭਾ ਮੈਂਬਰ ਹਨ। ਉਨ੍ਹਾਂ ਕਿਹਾ ਕਿ ਹੁਣ ਸੂਬੇ ਦਾ ਪਾਣੀ ਵੀ ਇਸੇ ਤਰ੍ਹਾਂ ਖੋਹਿਆ ਜਾਵੇਗਾ। ਬਾਦਲ ਨੇ ਇਹ ਗੱਲ ਅੱਜ ਆਪਣੇ ਧੰਨਵਾਦੀ ਦੌਰੇ ਦੇ ਦੂਜੇ ਦਿਨ ਪਿੰਡ ਲਾਹੜੀ ਪੱਲੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਉਹ ਇਹ ਗੱਲ ਚੋਣਾਂ ਦੌਰਾਨ ਹੀ ਕਹਿ ਰਹੇ ਸਨ, ਜੇਕਰ ਸੂਬੇ ਵਿੱਚ ‘ਆਪ’ ਦੀ ਸਰਕਾਰ ਆਈ ਤਾਂ ਦਿੱਲੀ ਤੋਂ ਰਾਜ ਚੱਲੇਗਾ। ਹੁਣ ਉਹੀ ਕੁਝ ਹੋ ਰਿਹਾ ਹੈ। ਹੁਣ ਇਸ ਤੋਂ ਬਾਅਦ ਪੰਜਾਬ ਦਾ ਪਾਣੀ ਵੀ ਲੈ ਜਾਵੇਗਾ। ਪੰਜਾਬ ਦੇ ਮੰਤਰੀ ਨਾਮ ਦੇ ਹੀ ਹਨ, ਰਾਜ ਦਿੱਲੀ ਤੋਂ ਹੀ ਚੱਲੇਗਾ। ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਐਸਵਾਈਐਲ ਦਾ ਮੁੱਦਾ ਹੱਲ ਕਰਨ ਦੀ ਮੰਗ ‘ਤੇ ਬਾਦਲ ਨੇ ਕਿਹਾ ਕਿ ਸੂਬੇ ਦੇ ਪਾਣੀਆਂ ‘ਤੇ ਸਿਰਫ਼ ਪੰਜਾਬ ਦਾ ਹੀ ਹੱਕ ਹੈ। ਜਿਸ ਰਾਜ ਵਿਚ ਨਦੀਆਂ ਵਗਦੀਆਂ ਹਨ, ਪਾਣੀ ਦਾ ਹੱਕ ਉਸੇ ਰਾਜ ਦਾ ਹੈ। ਅਕਾਲੀ ਦਲ ਨੇ ਇਹ ਨਹਿਰ ਨਹੀਂ ਬਣਨ ਦਿੱਤੀ। ਹੁਣ ਦੇਖੋ ਆਮ ਆਦਮੀ ਪਾਰਟੀ ਕੀ ਕਰਦੀ ਹੈ। ਬਿਕਰਮ ਮਜੀਠੀਆ ਦੇ ਮਾਮਲੇ ‘ਚ ਨਵੀਂ ਐਸ.ਆਈ.ਟੀ ਦੇ ਗਠਨ ਦੇ ਸਵਾਲ ‘ਤੇ ਬਾਦਲ ਨੇ ਕਿਹਾ ਕਿ ਸੂਬੇ ‘ਚ ਅਕਾਲੀ ਦਲ ਹੀ ਸੂਬੇ ਦੇ ਹੱਕਾਂ ਲਈ ਲੜਨ ਵਾਲੀ ਪਾਰਟੀ ਹੈ।

ਕਾਂਗਰਸੀ ਵਿਧਾਇਕ ਤੇ ਸਾਬਕਾ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਬਾਹਰੀ ਵਿਅਕਤੀਆਂ ਨੂੰ ਉਮੀਦਵਾਰ ਬਣਾਉਣ ’ਤੇ ਇਤਰਾਜ਼ ਪ੍ਰਗਟਾਇਆ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਪੰਜਾਬ ਦੇ ਲੋਕਾਂ ਨੇ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਵਿੱਚ ਵੱਡਾ ਵਿਸ਼ਵਾਸ ਦਿਖਾ ਕੇ ਵਿਧਾਨ ਸਭਾ ਵਿੱਚ ਭੇਜਿਆ ਹੈ। ਉਹ ਵੀ ਪੰਜਾਬ ਅਤੇ ਪੰਜਾਬੀਅਤ ਦੀ ਗੱਲ ਕਰਦੇ ਰਹੇ ਹਨ ਅਤੇ ਪੰਜਾਬ ਅਤੇ ਪੰਜਾਬੀਅਤ ਦੀ ਰਾਖੀ ਕਰਨ ਦਾ ਸਮਾਂ ਆ ਗਿਆ ਹੈ।

ਪੰਜਾਬ ਵਿੱਚੋਂ ਰਾਜ ਸਭਾ ਦੀ ਮੈਂਬਰੀ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨ ਕੀਤੇ ਨਾਵਾਂ ’ਤੇ ਪ੍ਰਤੀਕਰਮ ਦਿੰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸੱਤਾ ਸੰਭਾਲੀ ਸੀ, ਪਰੰਤੂ ਕੇਜਰੀਵਾਲ ਦੇ ਰਾਜ ਸਭਾ ਮੈਂਬਰਾਂ ਬਾਰੇ ਫੈਸਲੇ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਹੱਕਾਂ ’ਤੇ ਕੋਹਾੜਾ ਮਾਰਨ ਲਈ ਦਸਤਾ ਪੰਜਾਬ ਦੇ ਵਿਰੋਧੀਆਂ ਦੇ ਹੱਥ ਫੜ੍ਹਾ ਲਿਆ ਹੈ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਰਾਜ ਸਭਾ ਅੰਦਰ ਅਬਾਦੀ ਦੇ ਹਿਸਾਬ ਨਾਲ ਨੁਮਾਇੰਦਗੀ ਮਿਲਣ ਕਰਕੇ ਪੰਜਾਬ ਨੂੰ ਪਹਿਲਾਂ ਹੀ ਵੱਡਾ ਨੁਕਸਾਨ ਹੋ ਰਿਹਾ ਹੈ। ਬਾਕੀ ਸੂਬਿਆਂ ਵਿਚ ਦੋ-ਦੋ ਸਾਲਾਂ ਦੇ ਵਕਫੇ ਨਾਲ ਰਾਜ ਸਭਾ ਦੀ ਮੈਂਬਰੀ ਦੀ ਚੋਣ ਹੁੰਦੀ ਹੈ, ਪਰੰਤੂ ਪੰਜਾਬ ਵਿਚ ਲੰਮਾ ਸਮਾਂ ਗਵਰਨਰੀ ਰਾਜ ਰਹਿਣ ਕਰਕੇ ਇਥੋਂ ਸਾਰੇ ਮੈਂਬਰ ਇੱਕੋ ਵਾਰ ਭੇਜਣ ਕਰਕੇ ਵੀ ਪੰਜਾਬ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਬਾਹਰਲੇ ਲੋਕਾਂ ਨੂੰ ਨੁਮਾਇੰਦਗੀ ਦੇਣ ਦੀ ਨਵੀਂ ਪ੍ਰਥਾ ਪਾ ਕੇ ਕੇਜਰੀਵਾਲ ਨੇ ਇਹ ਗੱਲ ਸੱਚ ਕਰ ਦਿੱਤੀ ਹੈ ਕਿ ਪੰਜਾਬ ਦੀ ਸਰਕਾਰ ਦਾ ਰਿਮੋਟ ਹੁਣ ਦਿੱਲੀ ਹੱਥ ਹੋਵੇਗਾ। ਉਨ੍ਹਾਂ ਕਿਹਾ ਕਿ ਰਾਜ ਸਭਾ ਵਿਚ ਪੰਜਾਬ ਦੀ ਨੁਮਾਇੰਦਗੀ ਕਰਨ ਵਾਲੇ ਪੰਜਾਬ ਦੀ ਵਕਾਲਤ ਕਰਦੇ ਹਨ, ਹੁਣ ਜੇਕਰ ਵਕੀਲ ਹੀ ਵਿਰੋਧੀ ਧਿਰ ਦਾ ਹੋਵੇਗਾ ਤਾਂ ਕੋਈ ਚੰਗੀ ਆਸ ਨਹੀਂ ਕੀਤੀ ਜਾ ਸਕਦੀ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਮਸਲੇ ਹਨ, ਜਿਨ੍ਹਾਂ ਵਿਚ ਪੰਜਾਬ ਦੇ ਪਾਣੀਆਂ ਦਾ ਮਸਲਾ, ਸੂਬਿਆਂ ਦੇ ਅਧਿਕਾਰ ਖੇਤਰ ਵਿਚ ਕੇਂਦਰ ਦੀ ਦਖ਼ਲਅੰਦਾਜ਼ੀ ਅਤੇ ਰਾਜਧਾਨੀ ਦਾ ਮਸਲਾ ਦਿੱਲੀ ਨਾਲ ਸਿੱਧੇ ਤੌਰ ’ਤੇ ਟਕਰਾਓ ਵਾਲੇ ਹਨ। ਉਨ੍ਹਾਂ ਕਿਹਾ ਕਿ ਰਾਜ ਸਭਾ ਲਈ ਪੰਜਾਬ ਤੋਂ ਚੁਣੇ ਜਾਣ ਵਾਲੇ ਉਕਤ ਨੁਮਾਇੰਦਿਆਂ ਵਿੱਚੋਂ ਬਹੁਤੇ ਦਿੱਲੀ ਦੇ ਹਨ। ਕੀ ਇਹ ਦਿੱਲੀ ਦੇ ਹੱਕ ਵਿਚ ਭੁਗਤਣਗੇ ਜਾਂ ਪੰਜਾਬ ਦੇ ਹੱਕ ਵਿਚ ਇਹ ਵੱਡਾ ਸਵਾਲ ਰਾਜਸੀ ਗਲਿਆਰਿਆਂ ਵਿਚ ਉੱਠ ਰਿਹਾ ਹੈ, ਜਿਸ ਦਾ ਜਵਾਬ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਰਾਜ ਸਭਾ ਵਿਚ ਨੁਮਾਇੰਦੇ ਭੇਜਣੇ ਚੁਣੇ ਹੋਏ ਨੁਮਾਇੰਦਿਆਂ ਦਾ ਹੱਕ ਹੈ, ਪਰ ਪ੍ਰਥਾ ਅਤੇ ਅਸੂਲ ਤੋੜ ਕੇ ਨਵੀਂ ਲੀਹ ਪਾਉਣੀ, ਉਹ ਵੀ ਵਿਰੋਧੀਆਂ ਦੇ ਹੱਥ ਚਾਬੀਆਂ ਫੜ੍ਹਾਉਣੀ ਇਹ ਸਰਾਸਰ ਪੰਜਾਬ ਨਾਲ ਧੋਖਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਨਵੀਂ ਬਣੀ ਹੈ, ਪਰ ਇਸ ਦੀ ਹੁਣ ਤੱਕ ਦੇ ਜ਼ਿਆਦਾ ਫੈਸਲੇ ਨਿਰਾਸ਼ਾਜਨਕ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਫ਼ਤਰ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦੀ ਤਸਵੀਰ ਹਟਾਉਣ ਨਾਲ ਵੀ ਪੰਜਾਬੀਆਂ ਦੇ ਮਨਾਂ ਨੂੰ ਗਹਿਰੀ ਸੱਟ ਵੱਜੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਲੰਮਾਂ ਸਮਾਂ ਪੰਜਾਬ ਅੰਗਰੇਜ਼ਾਂ ਦਾ ਗੁਲਾਮ ਨਹੀਂ ਸੀ ਹੋਇਆ, ਸਗੋਂ ਮਹਾਰਾਜਾ ਰਣਜੀਤ ਸਿੰਘ ਦੇ ਚਲਾਣੇ ਤੋਂ ਬਾਅਦ ਕੁਝ ਲੋਕਾਂ ਦੀਆਂ ਗੱਦਾਰੀਆਂ ਕਰਕੇ ਪੰਜਾਬ ਗੁਲਾਮ ਹੋਇਆ ਸੀ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਕ ਚੰਗੇ ਸ਼ਾਸਕ ਵਜੋਂ ਵੇਖਿਆ ਜਾਂਦਾ ਹੈ, ਉਨ੍ਹਾਂ ਦੀ ਤਸਵੀਰ ਉਤਾਰਨੀ ਗਲਤ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ਹੀਦਾਂ ਦਾ ਸਨਮਾਨ ਹੋਣਾ ਚਾਹੀਦਾ ਹੈ, ਪਰ ਸ਼ਹੀਦਾਂ ਵਿਚ ਵੰਡੀਆਂ ਪਾ ਕੇ ਸਿਆਸਤ ਕਰਨੀ ਸੂਬੇ ਦੇ ਹਿੱਤ ਵਿਚ ਨਹੀਂ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੇ ਭਾਵੇਂ ਪਾਰਟੀ ਦੇ ਕਹੇ ਅਨੁਸਾਰ ਰਾਜ ਸਭਾ ਮੈਂਬਰਾਂ ਦੀ ਸਿਫਾਰਸ਼ ’ਤੇ ਦਸਤਖ਼ਤ ਕਰ ਦਿੱਤੇ ਹਨ, ਪਰ ਉਹ ਅਪੀਲ ਕਰਦੇ ਹਨ ਕਿ ਉਹ ਪੰਜਾਬੀ ਹੋਣ ਦੇ ਨਾਤੇ ਆਪਣੀ ਜ਼ੁੰਮੇਵਾਰੀ ਨੂੰ ਸਮਝਣ ਅਤੇ ਪੰਜਾਬ ਦੇ ਹਿੱਤਾਂ ਲਈ ਪੰਜਾਬੀ ਹੋਣ ਦਾ ਸਬੂਤ ਦੇਣ।

ਪੰਜਾਬ ਦੀਆਂ ਰਾਜ ਸਭਾ ਸੀਟਾਂ ਲਈ ਆਮ ਆਦਮੀ ਪਾਰਟੀ ਵੱਲੋਂ 5 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਇਨ੍ਹਾਂ ਉਮੀਦਵਾਰਾਂ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਇਨ੍ਹਾਂ ਸਭ ਦੇ ਦਰਮਿਆਨ ਕਾਂਗਰਸੀ MP ਰਵਨੀਤ ਬਿੱਟੂ ਨੇ ਹਮਲਾ ਬੋਲਿਆ ਹੈ। ਬਿੱਟੂ ਨੇ ਟਵੀਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜਿਹੜੇ 5 ਚਿਹਰੇ ਐਲਾਨੇ ਗਏ ਹਨ, ਉਨ੍ਹਾਂ ਲਈ ਪੰਜਾਬ ਦੀ ਜਨਤਾ ਦੇ ਨਾਲ-ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਵੀ ਹੈਰਾਨ ਹਨ। ਉਹਨਾਂ ਲਿਖਿਆ, “ਜਨਤਾ ਦੀ ਰਾਏ ਲਈ ਹੈਲਪਲਾਈਨ ਸਿਰਫ ਚੋਣਾਂ ਤੋਂ ਪਹਿਲਾਂ ਖੁੱਲ੍ਹੀ ਸੀ। ਚੋਣਾਂ ਤੋਂ ਬਾਅਦ ਦਿੱਲੀ ਦੇ ਤਾਨਾਸ਼ਾਹ ਨੇ ਪੰਜਾਬ ਦੇ ਹਿੱਤਾਂ ਨੂੰ ਨਜ਼ਰਅੰਦਾਜ਼ ਕਰਦਿਆਂ ਆਪਣੇ ਨਿੱਜੀ ਹਿੱਤਾਂ ਲਈ 5 ਮੈਂਬਰ ਰਾਜ ਸਭਾ ਲਈ ਨਾਮਜ਼ਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ। ਪੰਜਾਬ ਦੀ ਜਨਤਾ ਦੇ ਨਾਲ-ਨਾਲ ਆਪ ਵਿਧਾਇਕ ਵੀ ਇਨ੍ਹਾਂ 5 ਚਿਹਰਿਆਂ ਤੋਂ ਹੈਰਾਨ ਹਨ”।

ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਕਿਹਾ ਕਿ ਇਹ ਨਿਰਾਸ਼ਾਜਨਕ ਹੈ ਕਿ ਪੰਜਾਬ ਤੋਂ ਬਾਹਰ ਰਾਜ ਸਭਾ ਦੀਆਂ ਸੀਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਐੱਨਡੀ ਗੁਪਤਾ ਤੇ ਸੁਸ਼ੀਲ ਗੁਪਤਾ ਨੂੰ ਦਿੱਲੀ ਤੋਂ ਬਾਹਰ ਰਾਜ ਸਭਾ ਲਈ ਨਾਮਜ਼ਦ ਕੀਤਾ ਗਿਆ ਸੀ ਤਾਂ ਆਸ਼ੁਤੋਸ਼, ਡਾ. ਕੁਮਾਰ ਵਿਸ਼ਵਾਸ ਤੇ ਆਸ਼ੀਸ਼ ਖੇਤਾਨ ਸਮੇਤ ਕਈ ਸੀਨੀਅਰ ਆਗੂਆਂ ਨੇ ਬਿਨਾਂ ਕਾਰਨ ਦੱਸੇ ਪਾਰਟੀ ਛੱਡ ਦਿੱਤੀ ਸੀ। ਕਿਉਂਕਿ ਉਹ ਕੇਜਰੀਵਾਲ ਤੋਂ ਨਿਰਾਸ਼ ਸਨ। ਅੱਜ ਪੰਜਾਬ ‘ਚ ਵੀ ਕੁਝ ਅਜਿਹਾ ਹੀ ਹੋਇਆ ਹੈ।

ਪਰਗਟ ਸਿੰਘ ਨੇ ਵੀ ਕਿਹਾ ਕਿ ਆਮ ਆਦਮੀ ਪਾਰਟੀ ਨੇ ਅਸਲੀ ਚਿਹਰਾ ਦਿਖਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ‘ਆਪ’ ਨੂੰ ਵੱਡਾ ਫ਼ਤਵਾ ਦਿੱਤਾ ਸੀ ਪਰ ਅੱਜ ਜਦੋਂ ਰਾਜ ਸਭਾ ‘ਚ ਲੋਕਾਂ ਨੂੰ ਭੇਜਣ ਦੀ ਵਾਰੀ ਆਈ ਤਾਂ ਹੁਣ ਪੰਜਾਬੀ ਕਿੱਥੇ ਹਨ। ਰਾਜ ਸਭਾ ਦੀਆਂ ਸੀਟਾਂ ਲਈ ‘ਆਪ’ ਵੱਲੋਂ ਪੰਜਾਬ ਤੋਂ ਬਾਹਰ ਲੋਕਾਂ ਨੂੰ ਸੀਟਾਂ ਦੇਣ ‘ਤੇ ਕਾਂਗਰਸ ਦੇ ਵਿਧਾਇਕ ਤੇ ਸਾਬਕਾ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਕ ਪੱਤਰ ਲਿਖ ਕੇ ਕਿਹਾ ਹੈ ਕਿ ਪੰਜਾਬ ਤੋਂ ਲੋਕਾਂ ਨੇ ‘ਆਪ’ ‘ਤੇ ਬਹੁਤ ਵੱਡਾ ਭਰੋਸਾ ਪ੍ਰਗਟਾ ਕੇ ਉਨ੍ਹਾਂ ਨੂੰ ਵਿਧਾਨ ਸਭਾ ਭੇਜਿਆ ਹੈ। ਉਹ ਵੀ ਪੰਜਾਬ ਤੇ ਪੰਜਾਬੀਅਤ ਦੀ ਗੱਲ ਕਰਦੇ ਆ ਰਹੇ ਹਨ ਤੇ ਪੰਜਾਬ ਤੇ ਪੰਜਾਬੀਅਤ ‘ਤੇ ਪਹਿਰਾ ਦੇਣ ਦਾ ਸਮਾਂ ਆ ਗਿਆ ਹੈ।

ਇਸ ਦੇ ਨਾਲ ਹੀ ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਮੌਂਟੀ ਗੁਰਮੀਤ ਸਹਿਗਲ ਨੇ ਆਮ ਆਦਮੀ ਪਾਰਟੀ (ਆਪ) ਵੱਲੋਂ ਰਾਜ ਸਭਾ ਲਈ ਨਾਮਜ਼ਦ ਕੀਤੇ ਜਾਣ ਦੀ ਪ੍ਰਕਿਰਿਆ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮੌਂਟੀ ਗੁਰਮੀਤ ਸਹਿਗਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਨੂੰ ਚਲਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਕਿਸੇ ਵੀ ਆਮ ਆਦਮੀ ਨੂੰ ਰਾਜ ਸਭਾ ਮੈਂਬਰ ਬਣਾਉਣਾ ਚਾਹੀਦਾ ਸੀ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin