ਅੰਮ੍ਰਿਤਸਰ – ਸਿੱਖਾਂ ਕੌਮ ਦੇ ਪਾਕ ਤੇ ਪਵਿੱਤਰ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਸਥਿਤ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਬੇਅਦਬੀ ਦੀ ਕੋਸ਼ਿਸ਼ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਗਨੀਮਤ ਰਹੀ ਕਿ ਸੇਵਾਦਾਰਾਂ ਦੀ ਫੁਰਤੀ ਸਦਕਾ ਪਰਿਕਰਮਾ ‘ਚ ਬੇਅਦਬੀ ਦੀ ਕੋਸ਼ਿਸ਼ ਨੂੰ ਨਾਕਾਮਯਾਬ ਕਰ ਦਿੱਤਾ ਗਿਆ। ਚੌਕਸ ਸੇਵਾਦਾਰਾਂ ਵੱਲੋਂ ਮੌਕੇ ‘ਤੇ ਹੀ ਬੇਅਦਬੀ ਹੋਣ ਤੋਂ ਪਹਿਲਾਂ ਆਈ ਮਹਿਲਾ ਨੂੰ ਰੋਕ ਦਿੱਤਾ ਗਿਆ ਜਿਸਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਪਰਿਕਰਮਾ ‘ਚ ਬੀੜੀ ਪੀਣ ਦੀ ਕੋਸ਼ਿਸ਼ ਕੀਤੀ।
ਦਰਬਾਰ ਸਾਹਿਬ ਵਿਖੇ ਇੱਕ ਬਿਹਾਰੀ ਔਰਤ ਵੱਲੋਂ ਬੇਅਦਬੀ ਕੀਤੇ ਜਾਣ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਜਿਸ ਵਿੱਚ ਇੱਕ ਮੁਲਾਜ਼ਮ ਵੱਲੋਂ ਉਸ ਔਰਤ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਉਹ ਔਰਤ ਵੀ ਵੀਡੀਓ ਵਿੱਚ ਬੋਲ ਰਹੀ ਹੈ ਕਿ ਉਸ ਵੱਲੋਂ ਗਲਤੀ ਨਾਲ ਸ੍ਰੀ ਦਰਬਾਰ ਸਾਹਿਬ ਚ ਬੀੜੀ ਪੀਣ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਆਪਣੀ ਗਲਤੀ ਦੀ ਮੁਆਫੀ ਮੰਗਦੀ ਹੈ। ਸੇਵਾਦਾਰਾਂ ਵੱਲੋਂ ਦੇਰ ਰਾਤ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਬੀੜੀ ਪੀਣ ਦੀ ਕੋਸ਼ਿਸ ਕਰਦੀ ਇਸ ਬਿਹਾਰੀ ਔਰਤ ਨੂੰ ਕਾਬੂ ਕਰਕੇ ਉਸ ਤੋਂ ਪੁੱਛਗਿੱਛ ਮਗਰੋਂ ਬਣਦੀ ਕਾਰਵਾਈ ਕਰਦਿਆਂ ਉਸਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ। ਵਾਇਰਲ ਹੋ ਰਹੀ ਵੀਡੀਓ ਤੋਂ ਇਹ ਵੀ ਖ਼ਦਸ਼ਾ ਲਾਇਆ ਜਾ ਰਿਹਾ ਕਿ ਬਿਹਾਰ ਨਾਲ ਸਬੰਧਿਤ ਇਹ ਔਰਤ ਮਰਿਆਦਾ ਤੋਂ ਅਣਜਾਣ ਹੋਵੇ, ਪਰ ਆਪਣੇ ਫਰਜ਼ ਦੀ ਪੂਰਤੀ ਕਰਦਿਆਂ ਸ਼੍ਰੋਮਣੀ ਕਮੇਟੀ ਵੱਲੋਂ ਬਣਦੀ ਕਾਰਵਾਈ ਨੂੰ ਲੋਕਾਂ ਵੱਲੋਂ ਜਾਇਜ਼ ਠਹਿਰਾਇਆ ਗਿਆ ਹੈ। ਸ਼੍ਰੋਮਣੀ ਕਮੇਟੀ ਨੇ ਸੰਗਤ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਹੈ।
ਇਸ ਘਟਨਾ ਸਬੰਧੀ ਸ਼੍ਰੋਮਣੀ ਕਮੇਟੀ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਦੱਸਿਆ ਕਿ ਬਿਹਾਰੀ ਔਰਤ ਦੇ ਨਾਲ 2 ਬੱਚੇ ਵੀ ਸਨ ਅਤੇ ਇੱਕ ਸੇਵਾਦਾਰ ਵੱਲੋਂ 12-13 ਦੀ ਦਰਮਿਆਨੀ ਰਾਤ ਇਸ ਔਰਤ ‘ਤੇ ਸ਼ੱਕ ਹੋਇਆ ਜਿਸਤੋਂ ਬਾਅਦ ਉਸਤੋਂ ਪੁੱਛਗਿੱਛ ਕੀਤੀ ਗਈ। ਦੱਸਿਆ ਕਿ ਇਹ ਘਟਨਾ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾਂ ਦੀ ਹੈ ਜਿਸ ਵਿੱਚ ਇੱਕ ਬਿਹਾਰੀ ਔਰਤ ਵੱਲੋਂ ਬੀੜੀ ਪੀਣ ਦਾ ਮਾਮਲਾ ਸਾਹਮਣੇ ਆਇਆ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਜਦੋਂ ਐਸਜੀਪੀਸੀ ਦੇ ਮੁਲਾਜ਼ਮ ਰਾਤ ਨੂੰ ਡਿਊਟੀ ਕਰ ਰਹੇ ਸਨ ਕਿ ਕੋਈ ਚੋਰ ਕਿਸੇ ਸ਼ਰਧਾਲੂ ਦੀ ਜੇਬ ਨਾ ਕੱਟ ਲਏ ਤਾਂ ਉਸ ਸਮੇਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਪਰਿਕਰਮਾ ਦੇ ਵਿੱਚ ਇੱਕ ਔਰਤ ਬੀੜੀ ਪੀਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤੋਂ ਬਾਅਦ ਐੱਸਜੀਪੀਸੀ ਦੇ ਮੁਲਾਜ਼ਮਾਂ ਨੇ ਉਸ ਨੂੰ ਫੜ ਕੇ ਉਸ ਨਾਲ ਗੱਲਬਾਤ ਕੀਤੀ ਤੇ ਉਸ ਨਾਲ ਤੋਂ ਮਾਫੀ ਮੰਗਵਾਈ। ਇਸ ਦੇ ਨਾਲ ਹੀ ਮਹਿੰਦਰ ਸਿੰਘ ਇਯਾਲੀ ਨੇ ਅੱਗੇ ਦੱਸਿਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਸ ਔਰਤ ਦਾ ਚੰਗੇ ਤਰੀਕੇ ਨਾਲ ਪਤਾ ਲੱਗ ਸਕੇ ਕਿ ਉਸ ਔਰਤ ਨੇ ਜਾਣ ਬੁੱਝ ਕੇ ਅਜਿਹੀ ਗਲਤੀ ਕੀਤੀ ਤਾਂ ਉਸ ਖਿਲਾਫ਼ ਸਖਤ ਤੋਂ ਸਖ਼ਤ ਕਾਰਵਾਈ ਵੀ ਕੀਤੀ ਜਾਵੇਗੀ।
ਵਰਨਣਯੋਗ ਹੈ ਕਿ ਸਿੱਖਾਂ ਕੌਮ ਦੀ ਆਸਥਾ ਦਾ ਕੇਂਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿੱਥੇ ਰੋਜ਼ਾਨਾ ਹੀ ਲੱਖਾਂ ਦੀ ਗਿਣਤੀ ‘ਚ ਸੰਗਤ ਨਤਮਸਤਕ ਹੋਣ ਪਹੁੰਚਦੀ ਹੈ। ਪੰਜਾਬ ਤੋਂ ਬਾਹਰ ਦੇਸ਼ ਵਿਦੇਸ਼ ਵਿੱਚ ਵਸਦੇ ਲੋਕ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚਦੇ ਹਨ। ਇਸ ਦੌਰਾਨ ਹੀ ਦਰਬਾਰ ਸਾਹਿਬ ਵਿੱਚ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਕੁੱਝ ਮਹੀਨੇ ਪਹਿਲਾਂ ਵੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਵਿਚ ਬੇਅਦਬੀ ਕਰਨ ਦੀ ਕੋਸ਼ਿਸ਼ ਇੱਕ ਨੌਜਵਾਨ ਵੱਲੋਂ ਕੀਤੀ ਗਈ ਸੀ ਅਤੇ ਸਿੱਖ ਸੰਗਤ ਵਿੱਚ ਇਸ ਘਟਨਾ ਨੂੰ ਲੈਕੇ ਭਾਰੀ ਰੋਸ ਪਾਇਆ ਗਿਆ ਸੀ। ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਇਸ ਘਟਨਾਂ ਸਬੰਧੀ ਤੱਥ ਸ੍ਹਾਮਣੇ ਨਹੀਂ ਆ ਸਕੇ ਹਨ। ਇਸਦੇ ਚੱਲਦੇ ਹੀ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਇੱਕ ਵਾਰ ਫੇਰ ਮੰਦਭਾਗੀ ਘਟਨਾ ਵਾਪਰੀ ਹੈ।