India

ਹੁਣ 1984 ਦੇ ਸਿੱਖ ਕਤਲੇਆਮ ’ਤੇ ਵੀ ਫਿਲਮ ਬਣੇਗੀ !

ਨਵੀਂ ਦਿੱਲੀ – ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ 1984 ਦੇ ਸਿੱਖ ਕਤਲੇਆਮ ’ਤੇ ਫਿਲਮ ਬਣਾਉਣ ਦੇ ਐਲਾਨ ’ਤੇ ਉੱਘੇ ਫ਼ਿਲਮ ਨਿਰਮਾਤਾ ਤੇ ਨਿਰਦੇਸ਼ਕ ਸ੍ਰੀ ਵਿਵੇਕ ਅਗਨੀਹੋਤਰੀ ਦਾ ਧੰਨਵਾਦ ਕੀਤਾ ਹੈ ਤੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ ਇਹ ਫਿਲਮ ਜਲਦੀ ਬਣਾਉਣ ਤਾਂ ਜੋ ਲੋਕਾਂ ਨੂੰ ਸਿੱਖਾਂ ’ਤੇ ਹੋਏ ਜ਼ੁਲਮਾਂ ਤੇ ਅਤਿਆਚਾਰ ਦਾ ਛੇਤੀ ਪਤਾ ਲੱਗ ਸਕੇ।

ਦੱਸਣਯੋਗ ਹੈ ਕਿ ਸ੍ਰੀ ਵਿਵੇਕ ਅਗਨੀਹੋਤਰੀ ਹੀ ਦਾ ਕਸ਼ਮੀਰ ਫਾਈਲਜ਼ ਦੇ ਨਿਰਮਾਤਾ ਤੇ ਨਿਰਦੇਸ਼ਕ ਹਨ।

ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਉਹ ਇਸ ਐਲਾਨ ਦਾ ਸਵਾਗਤ ਕਰਦੇ ਹਨ ਜਿਸ ਲਈ ਉਹਨਾਂ ਨੇ ਵੀ ਸ੍ਰੀ ਵਿਵੇਕ ਅਗਨੀਹੋਤਰੀ ਨੂੰ ਬੇਨਤੀ ਕੀਤੀ ਸੀ ਕਿ 1984 ਦੇ ਸਿੱਖ ਕਤਲੇਆਮ ’ਤੇ ਵੀ ਫਿਲਮ ਬਣਾਈ ਜਾਵੇ। ਉਹਨਾਂ ਕਿਹਾ ਕਿ 1984 ਵਿਚ ਦੇਸ਼ ਦੀ ਪ੍ਰਧਾਨ ਮੰਤਰੀ ਨੇ ਇਕ ਵਿਸ਼ੇਸ਼ ਧਰਮ ਅਤੇ ਇਸ ਦੇ ਲੋਕਾਂ ਨੁੰ ਖ਼ਤਮ ਕਰਨ ਵਾਸਤੇ ਸਰਕਾਰੀ ਤੰਤਰ ਦੀ ਵਰਤੋਂ ਕੀਤੀ। ਇਸ ਕਤਲੇਆਮ ਮਗਰੋਂ ਕਤਲੇਆਮ ਕਰਨ ਵਾਲੇ ਦੋਸ਼ੀਆਂ ਨੁੰ ਐੱਮ ਪੀ, ਐਮ ਐੱਲ ਏ ਤੇ ਮੰਤਰੀ ਬਣਾਇਆ ਗਿਆ। ਇਹ ਵੀ ਕਹਿ ਦਿੱਤਾ ਗਿਆ ਕਿ ਜਦੋਂ ਕੋਈ ਵੱਡਾ ਰੁੱਖ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ।

ਉਹਨਾਂ ਕਿਹਾ ਕਿ 1984 ਦੇ ਸਿੱਖ ਕਤਲੇਆਮ ’ਤੇ ਫਿਲਮ ਬਣਾਉਣੀ ਜ਼ਰੂਰੀ ਹੈ ਤਾਂ ਜੋ ਇਹ ਸੱਚਾਈ ਸਾਹਮਣੇ ਆ ਸਕੇ ਤੇ ਦੇਸ਼ ਦੇ ਲੋਕ ਇਹ ਮਹਿਸੂਸ ਕਰ ਸਕਣ ਕਿ ਸਿੱਖ ਧਰਮ ਦੇ ਲੋਕ ਜਿਹਨਾਂ ਨੇ ਇਸ  ਦੇਸ਼ ਨੂੰ ਆਜ਼ਾਦ ਕਰਾਉਣ ਵਿਚ ਕਿੰਨਾ ਵੱਡਾ ਰੋਲ ਨਿਭਾਇਆ ਤੇ ਅੱਜ ਵੀ ਸਰਹੱਦਾਂ ਦੀ ਰਾਖੀ ਕਰ ਰਹੇ ਹਨ, ਉਹਨਾਂ ਨਾਲ ਇੰਨੀ ਬੇਇਨਸਾਫੀ ਹੋਈ ਤੇ ਇਸ ਬੇਇਨਸਾਫ਼ੀ ਵਿਚ ਕੋਈ ਸਾਡੇ ਨਾਲ ਖੜ੍ਹਾ ਵੀ ਨਹੀਂ ਹੋਇਆ। ਉਹਨਾਂ ਕਿਹਾ ਕਿ ਇਸ ਬੇਇਨਸਾਫੀ ਵਿਚ ਅਦਾਲਤਾਂ ਤੇ ਜੱਜ ਵੀ ਚੁੱਪ ਰਹੇ।

ਉਹਨਾਂ ਕਿਹਾ ਕਿ ਜਦੋਂ ਇਹ ਫਿਲਮ ਆਵੇਗੀ ਤਾਂ ਸਿੱਖਾਂ ਦਾ ਦਰਦ ਲੋਕਾਂ ਦੇ ਸਾਹਮਣੇ ਆਵੇਗਾ ਤੇ ਲੋਕਾਂ ਨੂੰ ਪਤਾ ਲੱਗੇਗਾ ਕਿ ਅਸੀਂ ਕਿੰਨੇ ਸਾਲ ਇਹ ਦਰਦ ਝੱਲਿਆ ਤੇ ਸਾਨੁੰ ਇਨਸਾਫ਼ ਵੀ ਨਹੀਂ ਮਿਲਿਆ।

ਉਹਨਾਂ ਕਿਹਾ ਕਿ ਮੈਂ ਸ੍ਰੀ ਵਿਵੇਕ ਅਗਨੀਹੋਤਰੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਪ੍ਰਾਜੈਕਟ ’ਤੇ ਜਲਦੀ ਕੰਮ ਕਰਕੇ ਸੱਚਾਈ ਲੋਕਾਂ ਦੇ  ਸਾਹਮਣੇ ਲਿਆਉਣ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin