Health & FitnessArticlesAustralia & New Zealand

ਆਸਟ੍ਰੇਲੀਆ ਵਿੱਚ ਡਿਮੈਂਸ਼ੀਆ ਨਾਲ ਜੀਅ ਰਹੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ !

ਆਸਟ੍ਰੇਲੀਆ ਵਿੱਚ ਕਰੀਬ 4 ਲੱਖ 46 ਹਜ਼ਾਰ 500 ਲੋਕ ਡਿਮੈਂਸ਼ੀਆ ਨਾਲ ਜੀਅ ਰਹੇ ਹਨ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਡਿਮੈਂਸ਼ੀਆ ਆਸਟ੍ਰੇਲੀਆ ਵੱਲੋਂ ਜਾਰੀ ਨਵੇਂ ਅੰਕੜਿਆਂ ਮੁਤਾਬਕ, ਸਾਲ 2026 ਵਿੱਚ ਆਸਟ੍ਰੇਲੀਆ ਵਿੱਚ ਕਰੀਬ 4 ਲੱਖ 46 ਹਜ਼ਾਰ 500 ਲੋਕ ਡਿਮੈਂਸ਼ੀਆ ਨਾਲ ਜੀਅ ਰਹੇ ਹਨ। ਇਹ ਗਿਣਤੀ ਆਉਣ ਵਾਲੇ ਸਾਲਾਂ ਵਿੱਚ ਹੋਰ ਵੀ ਵੱਧਣ ਦੀ ਉਮੀਦ ਹੈ ਅਤੇ ਸਾਲ 2065 ਤੱਕ ਇਹ 10 ਲੱਖ ਤੋਂ ਵੀ ਜ਼ਿਆਦਾ ਹੋ ਸਕਦੀ ਹੈ। ਡਿਮੈਂਸ਼ੀਆ ਹਰ ਉਮਰ ਦੇ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ। ਇਸ ਸਮੇਂ ਲਗਭਗ 29 ਹਜ਼ਾਰ ਲੋਕ ਯੰਗ ਔਨਸੈਟ ਡਿਮੈਂਸ਼ੀਆ ਨਾਲ ਜੀਅ ਰਹੇ ਹਨ। ਯੰਗ ਔਨਸੈਟ ਡਿਮੈਂਸ਼ੀਆ ਉਹ ਹੁੰਦੀ ਹੈ ਜੋ 18 ਤੋਂ 65 ਸਾਲ ਦੀ ਉਮਰ ਵਿੱਚ ਹੋ ਜਾਂਦੀ ਹੈ। ਅਨੁਮਾਨ ਹੈ ਕਿ ਸਾਲ 2054 ਤੱਕ ਇਹ ਗਿਣਤੀ 41 ਹਜ਼ਾਰ ਹੋ ਜਾਵੇਗੀ। ਇਸ ਤੋਂ ਇਲਾਵਾ, ਆਸਟ੍ਰੇਲੀਆ ਵਿੱਚ ਲਗਭਗ 1,500 ਬੱਚੇ ਵੀ ਚਾਈਲਡਹੁੱਡ ਡਿਮੈਂਸ਼ੀਆ ਨਾਲ ਜੀ ਰਹੇ ਹਨ।

ਵਿਕਟੋਰੀਆ ਵਿੱਚ 2026 ਵਿੱਚ ਕਰੀਬ 1 ਲੱਖ 13 ਹਜ਼ਾਰ 900 ਲੋਕ ਡਿਮੈਂਸ਼ੀਆ ਨਾਲ ਜੀਅ ਰਹੇ ਹਨ। ਇਹ ਗਿਣਤੀ ਵੀ 2054 ਤੱਕ ਵੱਧ ਕੇ ਲਗਭਗ 2 ਲੱਖ 16 ਹਜ਼ਾਰ 400 ਹੋ ਸਕਦੀ ਹੈ।

ਡਿਮੈਂਸ਼ੀਆ ਆਸਟ੍ਰੇਲੀਆ ਦੀ ਸੀਈਓ ਪ੍ਰੋਫੈਸਰ ਟਾਨਿਆ ਬਿਊਕੈਨਨ ਨੇ ਕਿਹਾ ਹੈ ਕਿ, “ਡਿਮੈਂਸ਼ੀਆ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਇਹ ਹੁਣ ਆਸਟ੍ਰੇਲੀਆ ਵਿੱਚ ਮੌਤ ਦਾ ਸਭ ਤੋਂ ਵੱਡਾ ਕਾਰਨ ਬਣ ਚੁੱਕਾ ਹੈ। ਇਸ ਲਈ ਹੁਣ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਉਹਨਾਂ ਕਿਹਾ, “ਸਾਨੂੰ ਸਾਰੀ ਜ਼ਿੰਦਗੀ ਦੌਰਾਨ ਦਿਮਾਗੀ ਸਿਹਤ ਨੂੰ ਬਿਹਤਰ ਬਣਾਉਣ ਲਈ ਇੱਕ ਰਾਸ਼ਟਰੀ ਪ੍ਰੋਗਰਾਮ ਦੀ ਬਹੁਤ ਲੋੜ ਹੈ। ਨਾਲ ਹੀ, ਹਰ ਉਮਰ ਦੇ ਡਿਮੈਂਸ਼ੀਆ ਨਾਲ ਜੀਅ ਰਹੇ ਲੋਕਾਂ, ਉਹਨਾਂ ਦੇ ਪਰਿਵਾਰਾਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਚੰਗੀ ਸਹਾਇਤਾ ਅਤੇ ਸੇਵਾਵਾਂ ਹੋਣੀਆਂ ਚਾਹੀਦੀਆਂ ਹਨ।”

ਡਿਮੈਂਸ਼ੀਆ ਆਸਟ੍ਰੇਲੀਆ ਨੇ ਫੈਡਰਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਨੈਸ਼ਨਲ ਡਿਮੈਂਸ਼ੀਆ ਐਕਸ਼ਨ ਪਲਾਨ ਲਈ ਪੂਰਾ ਫੰਡ ਦਿੱਤਾ ਜਾਵੇ। ਇਹ ਦਸ ਸਾਲਾਂ ਦੀ ਯੋਜਨਾ 2024 ਦੇ ਅਖੀਰ ਵਿੱਚ ਜਾਰੀ ਕੀਤੀ ਗਈ ਸੀ, ਜਿਸਦਾ ਮਕਸਦ ਡਿਮੈਂਸ਼ੀਆ ਨਾਲ ਜੀ ਰਹੇ ਲੋਕਾਂ ਅਤੇ ਉਹਨਾਂ ਦੇ ਕੇਅਰਰਜ਼ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਹੈ।

ਡਿਮੈਂਸ਼ੀਆ ਐਡਵੋਕੇਟ ਰੇਬੇਕਾ ਸਕਾਊਲਰ ਆਪਣੀ ਮਾਂ ਸ਼ਾਰਲਟ ਦੀ ਦੇਖਭਾਲ ਕਰਦੀ ਹੈ, ਜਿਨ੍ਹਾਂ ਨੂੰ 2017 ਵਿੱਚ ਅਲਜ਼ਾਈਮਰਜ਼ ਦੀ ਬਿਮਾਰੀ ਹੋਈ ਸੀ। ਰੇਬੇਕਾ ਕਹਿੰਦੀ ਹੈ, “ਡਿਮੈਂਸ਼ੀਆ ਕਿਸੇ ਨਾ ਕਿਸੇ ਸਮੇਂ ਸਾਡੀ ਹਰ ਇੱਕ ਦੀ ਜ਼ਿੰਦਗੀ ਨੂੰ ਛੂਹ ਸਕਦੀ ਹੈ। ਇਸ ਲਈ ਇਸ ਯੋਜਨਾ ਲਈ ਤੁਰੰਤ ਪੈਸੇ ਲਗਾਉਣ ਦੀ ਬਹੁਤ ਲੋੜ ਹੈ।”

ਡਿਮੈਂਸ਼ੀਆ ਆਸਟ੍ਰੇਲੀਆ ਸਰਕਾਰ ਨਾਲ ਮਿਲ ਕੇ ਤਿੰਨ ਮੁੱਖ ਕੰਮਾਂ ‘ਤੇ ਧਿਆਨ ਦੇਣਾ ਚਾਹੁੰਦੀ ਹੈ:

  • ਦਿਮਾਗੀ ਸਿਹਤ ਬਾਰੇ ਜਾਣਕਾਰੀ ਫੈਲਾਉਣ ਲਈ ਰਾਸ਼ਟਰੀ ਮੁਹਿੰਮ ਸ਼ੁਰੂ ਕਰਨੀ

  • ਡਿਮੈਂਸ਼ੀਆ ਕੇਅਰ ਨੇਵੀਗੇਟਰਾਂ ਦੀ ਸੇਵਾ ਸ਼ੁਰੂ ਕਰਨੀ ਤਾਂ ਜੋ ਲੋਕਾਂ ਨੂੰ ਸਹੀ ਸਮੇਂ ਸਹਾਇਤਾ ਮਿਲ ਸਕੇ

  • ਕੇਅਰ ਵਰਕਰਾਂ ਨੂੰ ਵਧੀਆ ਤਰਬੀਅਤ ਦੇਣਾ ਤਾਂ ਜੋ ਡਿਮੈਂਸ਼ੀਆ ਮਰੀਜ਼ਾਂ ਦੀ ਚੰਗੀ ਦੇਖਭਾਲ ਹੋ ਸਕੇ

ਜੇ ਤੁਹਾਨੂੰ ਡਿਮੈਂਸ਼ੀਆ ਬਾਰੇ ਜਾਣਕਾਰੀ ਜਾਂ ਸਹਾਇਤਾ ਚਾਹੀਦੀ ਹੈ, ਤਾਂ ਤੁਸੀਂ ਨੈਸ਼ਨਲ ਡਿਮੈਂਸ਼ੀਆ ਹੈਲਪਲਾਈਨ 1800 100 500 ‘ਤੇ ਕਿਸੇ ਵੀ ਸਮੇਂ ਸੰਪਰਕ ਕਰ ਸਕਦੇ ਹੋ। ਇਹ ਸੇਵਾ 24 ਘੰਟੇ, ਸਾਲ ਦੇ ਹਰ ਦਿਨ ਉਪਲਬਧ ਹੈ।

ਹੋਰ ਜਾਣਕਾਰੀ ਲਈ dementia.org.au ‘ਤੇ ਜਾ ਸਕਦੇ ਹੋ।

Related posts

Pricing Framework Sets Direction for Public Hospital Funding in 2026–27

admin

ਆਪਣਾ ਦੇਸ਼ ਪਰਾਏ ਲੋਕ !

admin

ਨਿਊਟਨ ਅਤੇ ‘ਮਿਲਗਰੋਮੀਅਨ ਡਾਇਨਾਮਿਕਸ’ !

admin