ਬਰਮਿੰਘਮ – ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਪੁਰਸ਼ ਹਾਕੀ ਦੇ ਫਾਈਨਲ ਵਿੱਚ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਦਿੱਤਾ ਹੈ। ਆਸਟ੍ਰੇਲੀਆ ਨੇ ਭਾਰਤ ਨੂੰ ਫਾਈਨਲ ਮੈਚ ਦੇ ਵਿੱਚ 7-0 ਨਾਲ ਹਰਾਇਆ। ਆਸਟ੍ਰੇਲੀਆ ਨੇ ਭਾਰਤ ਦਾ ਇਸ ਟੂਰਨਾਮੈਂਟ ‘ਚ ਗੋਲਡ ਮੈਡਲ ਜਿੱਤਣ ਦਾ ਸੁਪਨਾ ਇਕ ਵਾਰ ਫਿਰ ਤੋੜ ਦਿੱਤਾ ਹੈ। ਇਸ ਤੋਂ ਪਹਿਲਾਂ 2010 ਅਤੇ 2014 ਵਿੱਚ ਵੀ ਆਸਟ੍ਰੇਲੀਆ ਨੇ ਭਾਰਤ ਨੂੰ ਹਰਾਇਆ ਸੀ। ਦਿਲਚਸਪ ਗੱਲ ਇਹ ਹੈ ਕਿ ਆਸਟ੍ਰੇਲੀਆ ਖਿਲਾਫ ਰਾਸ਼ਟਰਮੰਡਲ ਦੇ ਤਿੰਨੋਂ ਫਾਈਨਲਾਂ ‘ਚ ਭਾਰਤੀ ਟੀਮ ਇਕ ਵੀ ਗੋਲ ਨਹੀਂ ਕਰ ਸਕੀ। ਭਾਰਤੀ ਹਾਕੀ ਟੀਮ 2014 ਤੋਂ ਬਾਅਦ ਰਾਸ਼ਟਰਮੰਡਲ ਖੇਡਾਂ ‘ਚ ਤਗਮਾ ਜਿੱਤਣ ‘ਚ ਕਾਮਯਾਬ ਰਹੀ ਹੈ।
ਇਸ ਜਿੱਤ ਦੇ ਨਾਲ ਹੀ ਆਸਟ੍ਰੇਲੀਆ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਲਗਾਤਾਰ 7ਵਾਂ ਗੋਲਡ ਮੈਡਲ ਜਿੱਤਿਆ ਹੈ। 1998 ਤੋਂ ਬਾਅਦ ਕੋਈ ਵੀ ਟੀਮ ਆਸਟ੍ਰੇਲੀਆ ਨੂੰ ਫਾਈਨਲ ਵਿੱਚ ਹਰਾਉਣ ਵਿੱਚ ਕਾਮਯਾਬ ਨਹੀਂ ਹੋਈ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਇਹ ਆਖਰੀ ਘਟਨਾ ਸੀ।
ਭਾਰਤੀ ਡਿਫੈਂਡਰ ਆਸਟ੍ਰੇਲੀਆ ਦੇ ਦੋ ਪੈਨਲਟੀ ਕਾਰਨਰ ਨੂੰ ਨਾਕਾਮ ਕਰਨ ‘ਚ ਕਾਮਯਾਬ ਰਹੇ ਪਰ ਆਸਟ੍ਰੇਲੀਆ ਨੇ ਤੀਜੀ ਕੋਸ਼ਿਸ਼ ‘ਚ ਗੋਲ ਕਰ ਦਿੱਤਾ। ਬਲੈਕ ਗੋਵਰਸ ਨੇ 9ਵੇਂ ਮਿੰਟ ਵਿੱਚ ਆਪਣੀ ਟੀਮ ਦਾ ਖਾਤਾ ਖੋਲਿ੍ਹਆ। ਨਾਥਨ ਇਫਾਰਮਸ ਨੇ 14ਵੇਂ ਮਿੰਟ ਵਿੱਚ ਮੈਦਾਨੀ ਗੋਲ ਕਰਕੇ ਆਸਟ੍ਰੇਲੀਆ ਦੀ ਬੜ੍ਹਤ ਨੂੰ ਦੁੱਗਣਾ ਕਰ ਦਿੱਤਾ। ਜੈਕਬ ਐਂਡਰਸਨ ਨੇ 22ਵੇਂ ਮਿੰਟ ਵਿੱਚ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਆਸਟ੍ਰੇਲੀਆ ਨੂੰ 3-0 ਨਾਲ ਅੱਗੇ ਕਰ ਦਿੱਤਾ। ਟੌਮ ਵਿੱਕਹਮ ਨੇ 26ਵੇਂ ਮਿੰਟ ਵਿੱਚ ਚੌਥਾ ਗੋਲ ਕੀਤਾ, ਐਂਡਰਸਨ ਨੇ 27ਵੇਂ ਮਿੰਟ ਵਿੱਚ ਇੱਕ ਹੋਰ ਗੋਲ ਕੀਤਾ ਅਤੇ ਆਸਟ੍ਰੇਲੀਅਨ ਖਿਡਾਰੀਆਂ ਨੇ ਭਾਰਤੀ ਟੀਮ ਉਪਰ ਲਗਾਤਾਰ ਹਾਵੀ ਰਹੀ ਅਤੇ ਦੋ ਗੋਲ ਹੋਰ ਕਰਕੇ ਆਪਣੀ ਟੀਮ ਦਾ ਸਕੋਰ 7 ਤੱਕ ਪਹੁੰਚਾ ਦਿੱਤਾ। ਮਨਪ੍ਰੀਤ ਸਿੰਘ ਦੀ ਅਗਵਾਈ ‘ਚ ਭਾਰਤੀ ਟੀਮ ਨੇ ਫਾਈਨਲ ਤੋਂ ਪਹਿਲਾਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੂਰਨਾਮੈਂਟ ‘ਚ ਅਜੇਤੂ ਰਹੀ ਸੀ ਪਰ ਆਸਟ੍ਰੇਲੀਅਨ ਟੀਮ ਦੇ ਅੱਗੇ ਉਸਦੀ ਇੱਕ ਨਹੀਂ ਚੱਲੀ।
