
ਬਾਬਾ ਫ਼ਰੀਦ ਜੀ ਸੂਫ਼ੀ ਸੰਤ ਤੇ ਮਹਾਨ ਫਕੀਰ ਸਨ। ਅਜਿਹੀਆਂ ਰੂਹਾਂ ਤੇ ਕਿਸੇ ਵੀ ਫ਼ਿਰਕੇ,ਧਰਮ ਦਾ ਕਬਜ਼ਾ ਨਹੀਂ ਹੋ ਸਕਦਾ ਹੁੰਦਾ,ਇਹ ਦਰਵੇਸ਼ ਲੋਕ ਸਮੁੱਚੀ ਲੋਕਾਈ ਦੇ ਸਾਂਝੇ ਹੁੰਦੇ ਹਨ।ਬਾਬਾ ਫ਼ਰੀਦ ਜੀ ਦਾ ਜਨਮ 1173 ਈਸਵੀ ਨੂੰ ਖੋਤਵਾਲ, ਜ਼ਿਲ੍ਹਾ ਮੁਲਤਾਨ ਵਿੱਚ ਜਮਾਲ ਉਦ ਦੀਨ ਸੁਲੇਮਾਨ ਅਤੇ ਸ਼ੇਖ ਵਜੀਹੁਦੀਨ ਖੋਜੇਂਦੀ ਦੀ ਧੀ ਕੁੱਲਸੂਮ ਬੀਬੀ ਦੀ ਕੁੱਖੋਂ ਹੋਇਆ।ਬਾਬਾ ਜੀ ਦੀ ਜਨਮ ਤਰੀਕ ਬਾਰੇ ਵਿਦਵਾਨਾਂ ਵਿਚ ਕਾਫੀ ਮਤਭੇਦ ਹਨ। ਬਾਬਾ ਫ਼ਰੀਦ ਜੀ ਦੇ ਪਿਤਾ ਜੀ ਬਹੁਤ ਜਲਦੀ ਗੁਜ਼ਰ ਗਏ ਸਨ। ਆਪ ਜੀ ਦੀ ਮਾਤਾ ਕੁਲਸੂਮ ਨੇ ਹੀ ਆਪ ਜੀ ਨੂੰ ਪਾਲ ਪੋਸ ਕੇ ਵੱਡਾ ਕੀਤਾ ਤੇ ਨਾਲ ਨਾਲ ਧਾਰਮਿਕ ਵਿੱਦਿਆ ਵੀ ਦਿੱਤੀ।ਆਪ ਦੀ ਮਾਤਾ ਦਾ ਆਪ ਨੂੰ ਰੱਬ ਨਾਲ ਜੋੜਨ ਵਿੱਚ ਬਹੁਤ ਵੱਡਾ ਯੋਗਦਾਨ ਹੈ।ਇਸ ਤੋਂ ਬਾਅਦ ਆਪ ਜੀ ਨੇ ਮੌਲਾਨਾ ਅਬੂ ਹਾਫ਼ਿਜ਼ ਕੋਲੋਂ ਬਕਾਇਦਾ ਕੁਰਾਨ ਮਜੀਦ ਦੀ ਸਿੱਖਿਆ ਹਾਸਿਲ ਕੀਤੀ। ਫਿਰ ਉਹ ਬਗਦਾਦ ਚਲੇ ਗਏ ,ਜਿੱਥੇ ਉਹਨਾਂ ਨੇ ਅਬਦੁਲ ਕਾਦਿਰ ਜਿਲਾਨੀ,ਸ਼ੇਖ ਸ਼ਿਰਾਬੂਦੀਨ ਸੁਹਰਾਵਰਦੀ ਅਤੇ ਖਵਾਜ਼ਾ ਮਾਈਉਦੀਨ ਚਿਸ਼ਤੀ ਆਦਿ ਦੀ ਸੰਗਤ ਤੋਂ ਲਾਭ ਲਿਆ ।