ਅੰਮ੍ਰਿਤਸਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੇਅਦਬੀ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸੀਸੀਟੀਵੀ ਕੈਮਰਿਆਂ ਨੂੰ ਦੇਖਣ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਘਟਨਾ ਵਾਲੇ ਦਿਨ ਸਵੇਰੇ 8:30 ਵਜੇ ਜ਼ਲਿ੍ਹਆਵਾਲਾ ਬਾਗ ਮਾਰਗ ਰਾਹੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚਿਆ ਸੀ। ਇਸ ਦੌਰਾਨ ਉਹ ਪਹਿਲੀ ਵਾਰ ਕਰੀਬ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਪਰਕਰਮਾਂ ਵਿਚ ਦਾਖਲ ਹੋਣ ਲਈ ਆਇਆ, ਉਸਨੇ ਕੈਮਰੇ ਨੂੰ ਦੇਖਦਿਆਂ ਆਪਣਾ ਚਿਹਰਾ ਛਪਾਉਣ ਦੀ ਕੋਸ਼ਿਸ਼ ਕੀਤੀ, ਪਰ ਸੇਵਾਦਾਰਾਂ ਨੂੰ ਕੁੱਝ ਸ਼ੱਕ ਹੋਇਆ ਤਾਂ ਉਹਨਾਂ ਨੇ ਉਸਨੂੰ ਵਾਪਸ ਮੋੜ ਦਿੱਤਾ। ਇਸ ਮਗਰੋਂ ਉਹ ਪਲਾਜ਼ਾ ਰਾਹੀਂ ਸ੍ਰੀ ਗੁਰੂ ਰਾਮਦਾਸ ਨਿਵਾਸ ਵਾਲੇ ਪਾਸੇ ਪੁੱਜਾ ਅਤੇ ਸਵੇਰੇ 9:38 ਵਜੇ ਲੰਗਰ ਘਰ ਵਿਚ ਦਾਖਲ ਹੋਇਆ। ਉਸ ਨੇ ਲੰਗਰ ਛਕਿਆ ਅਤੇ ਚਾਹ ਪੀਤੀ। ਇਥੋਂ ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ 10:19 ਵਜੇ ਪਰਕਰਮਾਂ ਵਿਚ ਦਾਖ਼ਲ ਹੋਇਆ। ਦੋਸ਼ੀ ਵਿਅਕਤੀ 10:34 ਵਜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਗਿਆ ਪਰ ਬਿਨਾਂ ਮੱਥਾ ਟੇਕੇ 10:37 ‘ਤੇ ਹਰਿ ਕੀ ਪਓੜੀ ਤੋਂ ਹੁੰਦਾ ਹੋਇਆ 11:45 ਵਜੇ ਬਾਹਰ ਆ ਗਿਆ। ਇਸ ਮਗਰੋਂ ਉਹ ਫਿਰ ਸੱਚਖੰਡ ਅੰਦਰ ਦਾਖਲ ਹੋਇਆ ਅਤੇ 5:46 ‘ਤੇ ਮੰਦਭਾਗੀ ਘਟਨਾ ਨੂੰ ਅੰਜ਼ਾਮ ਦਿੱਤਾ। ਐਡਵੋਕੇਟ ਧਾਮੀ ਨੇ ਦੱਸਿਆ ਕਿ ਸੀਸੀਟੀਵੀ ਕੈਮਰਿਆਂ ਰਾਹੀਂ ਸਪੱਸ਼ਟ ਹੋਇਆ ਕਿ ਉਹ ਡਰਿਆ ਹੋਇਆ ਸੀ ਅਤੇ ਸਾਰਾ ਦਿਨ ਮੂੰਹ ਨੀਵਾਂ ਕਰਕੇ ਚੱਲਦਾ ਰਿਹਾ। ਇਸ ਦੌਰਾਨ ਉਸ ਨੂੰ ਜੇਬ ਕਤਰਾ ਆਦਿ ਸਮਝ ਕੇ ਟਾਕਸਫੋਰਸ ਵਾਲਿਆਂ ਨੇ ਉਸਨੂੰ ਬਾਹਰ ਵੀ ਕੀਤਾ ਸੀ ਪਰ ਸ਼ਾਮ 5 ਵਜੇ ਜਦੋਂ ਸੇਵਾਦਾਰਾਂ ਦੀ ਡਿਊਟੀ ਬਦਲੀ ਤਾਂ ਉਹ ਅੰਦਰ ਜਾਣ ‘ਚ ਸਫ਼ ਹੋ ਗਿਆ। ਉਨ੍ਹਾਂ ਕਿਹਾ ਕਿ ਸਾਫ ਨਜ਼ਰ ਆਉਂਦਾ ਹੈ ਕਿ ਦੋਸ਼ੀ ਮੰਦਭਾਵਨਾ ਨਾਲ ਹੀ ਆਇਆ ਸੀ ਅਤੇ ਪਿੱਛੋਂ ਮਿਲੀ ਟ੍ਰੇਨਿੰਗ ਅਨੁਸਾਰ ਕੰਮ ਕਰ ਰਿਹਾ ਸੀ।
ਸ਼੍ਰੋੑਮਣੀ ਕਮੇਟੀ ਵੀ ਇਕ ਸਿੱਟ ਬਣਾਏਗੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ਨਾਲ ਅਹਿਮ ਮੀਟਿੰਗ ਕੀਤੀ। ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਧਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਵਾਂਗ ਸ਼੍ਰੋੑਮਣੀ ਕਮੇਟੀ ਵੀ ਇਕ ਸਿੱਟ ਬਣਾਏਗੀ, ਜੋ ਮਾਮਲੇ ਦੀ ਤਹਿ ਤਕ ਜਾਵੇਗੀ। ਉਨ੍ਹਾਂ ਕਿਹਾ ਕਿ ਸਾਰੀਆਂ ਸਿੱਖ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੀ ਭੂਮਿਕਾ ‘ਤੇ ਵਿਸ਼ਵਾਸ ਪ੍ਰਗਟ ਕੀਤਾ ਹੈ। ਉਕਤ ਮੁਲਜ਼ਮ ਨੂੰ ਗੁਰਦੁਆਰਾ ਸਾਹਿਬ ‘ਚ ਤਾਇਨਾਤ ਟਾਸਕ ਫੋਰਸ ਨੇ ਸ਼ੱਕ ਪੈਣ ‘ਤੇ ਅੰਦਰ ਦਾਖਲ ਹੋਣ ਤੋਂ ਕਈ ਵਾਰ ਰੋਕਿਆ ਸੀ ਪਰ ਟਾਸਕ ਫੋਰਸ ਦੀ ਡਿਊਟੀ ਬਦਲਣ ‘ਤੇ ਉਹ ਕਿਸੇ ਤਰ੍ਹਾਂ ਅੰਦਰ ਦਾਖਲ ਹੋ ਗਿਆ, ਜਿਸ ਤੋਂ ਬਾਅਦ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਬੀਤੇ ਦਿਨ ਇਸ ਮਾਮਲੇ ਦੀ ਜਾਂਚ ਕਰਨ ਲਈ ਸਿੱਟ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਸਿੱਟ ਦੇ ਫ਼ੈਸਲੇ ਤੋਂ ਬਾਅਦ ਉਕਤ ਮੁਲਜ਼ਮ ਨਾਲ ਸਬੰਧਤ ਵੀਡੀਓ ਨੂੰ ਜਨਤਕ ਕੀਤਾ ਜਾਵੇਗਾ ਕਿ ਟਾਸਕ ਫੋਰਸ ਵੱਲੋਂ ਉਸ ਨੂੰ ਕਿੰਨੀ ਵਾਰ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਸਾਡੇ ਕੋਲ ਪੂਰੀ ਰਿਕਾਰਡਿੰਗ ਹੈ ਕਿ ਉਹ ਕਿੱਥੋਂ ਦਾਖਲ ਹੋਇਆ ਤੇ ਕਿੰਨੀ ਵਾਰ ਪਰਿਕਰਮਾ ਕੀਤੀ। ਕਪੂਰਥਲਾ ਮਾਮਲੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੁਲਸ ਤੱਥਾਂ ਦੇ ਆਧਾਰ ‘ਤੇ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਇਹ ਲੋਕ ਕਿਸੇ ਸਾਜ਼ਿਸ਼ ਤਹਿਤ ਭੇਜੇ ਗਏ ਸਨ।