ਚੰਡੀਗੜ੍ਹ – ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਰਿਆਣਾ ਰਾਜ ਭਵਨ ਵਿਖੇ ‘ਹੋਲੀ ਮਿਲਨ ਸਮਾਗਮ’ ਵਿੱਚ ਸ਼ਿਰਕਤ ਕੀਤੀ ਅਤੇ ਹਰਿਆਣਾ ਦੇ ਮੁੱਖਮੰਤਰੀ ਦੇ ਨਾਲ ਹੋਲੀ ਖੇਡੀ। ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਭਗਵੰਤ ਮਾਨ ਦਾ ਸਵਾਗਤ ਕੀਤਾ। ਇਸ ਮੌਕੇ ਭਗਵੰਤ ਮਾਨ ਗੁਲਦਸਤਾ ਭੇਟ ਕੀਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਵੀ ਇਸ ਮੌਕੇ ਭਗਵੰਤ ਮਾਨ ਨੂੰ ਗੁਲਦਸਤੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਸਾਰੇ ਪਤਵੰਤਿਆਂ ਨੇ ਹੋਲੀ ਦੇ ਜਸ਼ਨ ਮਨਾਉਣ ਲਈ ਇੱਕ ਦੂਜੇ ‘ਤੇ ਗੁਲਾਬ ਦੀਆਂ ਫੁੱਲਾਂ ਦੀ ਵਰਖਾ ਕੀਤੀ ਅਤੇ ਗੁਲਾਲ ਦੇ ਛਿੜਕਾਅ ਕੀਤੇ।
ਅਸੀਂ ਪੰਜਾਬ ਤੋਂ ਪਾਣੀ ਲੈਕੇ ਰਹਾਂਗੇ – ਖੱਟਰ
ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਨਵੀਂ ਭਗਵੰਤ ਮਾਨ ਸਰਕਾਰ ਬਣਦਿਆਂ ਹੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਤਲੁਜ ਯਮੁਨਾ ਲਿੰਕ ਨਹਿਰ ਯਾਨੀ ਐੱਸ ਵਾਈ ਐੱਲ ਦਾ ਮੁੱਦਾ ਚੁੱਕ ਕੇ ਜ਼ੋਰ ਦੇ ਕੇ ਕਿਹਾ ਹੈ ਕਿ ਅਸੀਂ ਪਾਣੀ ਲੈਕੇ ਰਹਾਂਗੇ। ਉਹਨਾਂ ਕਿਹਾ ਕਿ ਅਸੀਂ ਪੰਜਾਬ ਤੋਂ ਪਾਣੀ ਲੈਣਾ ਹੈ ਅਤੇ ਦਿੱਲੀ ਨੂੰ ਦੇਣਾ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਦੀ ਦੋਹਰੀ ਜਵਾਬਦੇਹੀ ਹੈ ਕਿਉਂਕਿ ਦੋਹਾਂ ਰਾਜਾਂ ਵਿਚ ਆਮ ਆਦਮੀ ਪਾਰਟੀ ਸਰਕਾਰ ਹੈ। ਮੁੱਖ-ਮੰਤਰੀ ਆਪਣੀ ਹਰਿਆਣਾ ਨਿਵਾਸ ਵਿਚ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਆਮ ਆਦਮੀ ਪਾਰਟੀ ਦਾ ਅਗਲਾ ਟੀਚਾ ਹਰਿਆਣਾ ਹੋਣ ਦੇ ਮਾਮਲੇ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਰਿਆਣਾ ਵਿਚ ਨਹੀਂ ਆਵੇਗੀ ਬਲਕਿ ਭਾਜਪਾ ਪੰਜਾਬ ਵਿਚ ਅੱਗੇ ਵਧੇਗੀ ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਨੁੰ ਮੁਫ਼ਤ ਦੀ ਆਦਤ ਪਾਉਂਦੀ ਹੈ ਜਦੋਂ ਕਿ ਭਾਜਪਾ ਲੋਕਾਂ ਨੁੰ ਪੈਰਾਂ ਸਿਰ ਖੜ੍ਹਾ ਕਰਨ ਵਿਚ ਵਿਸ਼ਵਾਸ ਰੱਖਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਦਿੱਲੀ ਮਾਡਲ ‘ਤੇ ਹੱਲਾ ਬੋਲਦਿਆਂ ਖੱਟਰ ਨੇ ਕਿਹਾ ਕਿ ਕੇਜਰੀਵਾਲ ਕੇਵਲ ਸ਼ੇਖ਼ੀਆਂ ਮਾਰਦੇ ਹਨ, ਦਿੱਲੀ ਦੀ ਹਰਿਆਣਾ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਦਿੱਲੀ ਵਿਚ ਤਕਰੀਬਨ 1100 ਸਰਕਾਰੀ ਸਕੂਲ ਹਨ ਜਦੋਂ ਕਿ ਹਰਿਆਣਾ ਵਿਚ 15 ਹਜ਼ਾਰ ਸਰਕਾਰੀ ਸਕੂਲ ਹਨ ਅਤੇ ਇਹੀ ਗਿਣਤੀ ਹਸਪਤਾਲਾਂ ਦੀ ਵੀ ਹੈ।