Punjab

ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕ ਸਮਾਗਮ ਲਈ 50 ਏਕੜ ਜ਼ਮੀਨ ਕਿਰਾਏ ’ਤੇ ਲਈ

ਅੰਮ੍ਰਿਤਸਰ – ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ 13 ਮਾਰਚ ਦਿਨ ਐਤਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦਾ ਪ੍ਰੋਗਰਾਮ ਹੈ। ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵਲੋਂ ਅੱਜ ਸ੍ਰੀ ਹਰਿਮੰਦਰ ਸਾਹਿਬ ਸਮੇਤ ਇਥੋਂ ਦੇ ਹੋਰਨਾਂ ਧਾਰਮਿਕ ਸਥਾਨਾਂ ‘ਤੇ ਸ਼ੁਕਰਾਨੇ ਵਜੋਂ ਮੱਥਾ ਟੇਕਿਆ ਜਾਵੇਗਾ ਅਤੇ ਇੱਕ ਰੋਡ ਸ਼ੋਅ ਵੀ ਕੱਢਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਦੋਵਾਂ ਨੇਤਾਂਵਾਂ ਦੀ ਅੰਮ੍ਰਿਤਸਰ ਫੇਰੀ ਦੇ ਲਈ ਪਾਰਟੀ ਵਰਕਰਾਂ ਅਤੇ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਧੰਨਵਾਦ ਯਾਤਰਾ ਵਿੱਚ ਸ਼ਾਮਿਲ ਹੋਣ ਲਈ ਵੱਖ ਵੱਖ ਪਿੰਡਾਂ ਸ਼ਹਿਰਾਂ ਵਿੱਚੋਂ ਐਤਵਾਰ ਸਵੇਰੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਅੰਮ੍ਰਿਤਸਰ ਲਈ ਰਵਾਨਾ ਹੋ ਰਹੇ ਹਨ।

ਪ੍ਰਸ਼ਾਸਨ ਨੇ ਰਾਤੀਂ ਕੀਤੀ ਰਿਹਰਸਲ 

ਪੰਜਾਬ ਦੇ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅੰਮ੍ਰਿਤਸਰ ਫੇਰੀ ਤੋਂ ਇੱਕ ਰਾਤ ਪਹਿਲਾਂ ਪੂਰਾ ਜ਼ਿਲ੍ਹਾ ਪ੍ਰਸ਼ਾਸਨ ਸੜਕਾਂ ‘ਤੇ ਰਿਹਾ। ਡੀਸੀ ਗੁਰਪ੍ਰੀਤ ਸਿੰਘ ਖਹਿਰਾ ਤੋਂ ਇਲਾਵਾ ਪੁਲੀਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਵੀ ਅੱਧੀ ਰਾਤ ਤੱਕ ਸੜਕਾਂ ’ਤੇ ਰੁਕ ਕੇ ਪ੍ਰਬੰਧਾਂ ਨੂੰ ਖੁਦ ਦੇਖਿਆ। ਜ਼ਿਲ੍ਹਾ ਪ੍ਰਸ਼ਾਸਨ ਨੇ ਰਾਤੀਂ ਰਿਹਰਸਲ ਕੀਤੀ ਤੇ ਡੀਸੀ ਖਹਿਰਾ ਅਤੇ ਪੁਲਿਸ ਕਮਿਸ਼ਨਰ ਡਾ: ਗਿੱਲ ਨੇ ਖੁਦ ਰਿਹਰਸਲ ਵਿੱਚ ਹਿੱਸਾ ਲਿਆ ਅਤੇ ਸੁਰੱਖਿਆ ਕਰਮੀਆਂ ਨੂੰ ਆਦੇਸ਼ ਦਿੱਤੇ ਤਾਂ ਜੋ ਸੀ ਐਮ ਮਾਨ ਦੇ ਸਵਾਗਤ ਵਿੱਚ ਕੋਈ ਕਮੀ ਨਾ ਰਹਿਣ ਦਿੱਤੀ ਜਾਵੇ। ਰਾਤ 11 ਵਜੇ ਦੇ ਕਰੀਬ ਸਾਰਾ ਜ਼ਿਲ੍ਹਾ ਪ੍ਰਸ਼ਾਸਨ ਕਚਰੀ ਚੌਕ ਨੇੜੇ ਇਕੱਠਾ ਹੋ ਗਿਆ ਅਤੇ ਰੋਡ ਸ਼ੋਅ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ। ਰੋਡ ਸ਼ੋਅ ਤੋਂ ਇਲਾਵਾ ਏਅਰਪੋਰਟ ਤੋਂ ਹਰਿਮੰਦਰ ਸਾਹਿਬ, ਦੁਰਗਿਆਣਾ ਅਤੇ ਰਾਮਤੀਰਥ ਮੰਦਰ ਤੱਕ ਦੇ ਰੂਟ ‘ਤੇ ਰਿਹਰਸਲ ਵੀ ਕੀਤੀ ਗਈ। ਤਾਂ ਜੋ ਆਮ ਲੋਕਾਂ ਨੂੰ ਸੀ ਐਮ ਦੇ ਦੌਰੇ ਨੂੰ ਲੈ ਕੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜ਼ਿਲ੍ਹਾ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਇਸ ਰਸਤੇ ਨੂੰ ਘੱਟ ਤੋਂ ਘੱਟ ਸਮੇਂ ਲਈ ਬੰਦ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਹੋਵੇ। ਇਸ ਦੇ ਨਾਲ ਹੀ ਰੋਡ-ਸ਼ੋਅ ਦੌਰਾਨ ਇੱਕ ਪਾਸੇ ਸੜਕ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ।

ਸਹੁੰ ਚੁੱਕ ਸਮਾਗਮ ਲਈ ਖਟਕੜ ਕਲਾਂ ‘ਚ 50 ਏਕੜ ਜ਼ਮੀਨ ਕਿਰਾਏ ’ਤੇ ਲਈ

ਪੰਜਾਬ ਵਿੱਚ ਪਹਿਲੀ ਵਾਰ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਚੰਡੀਗੜ੍ਹ ਵਿੱਚ ਗਵਰਨਰ ਹਾਊਸ ਦੇ ਬਾਹਰ ਹੋਣ ਜਾ ਰਿਹਾ ਹੈ। ਆਮ ਆਦਮੀ ਪਾਰਟੀ (ਆਪ) ਵਿਧਾਇਕ ਦਲ ਦੇ ਨੇਤਾ ਭਗਵੰਤ ਮਾਨ ਅਤੇ ਉਨ੍ਹਾਂ ਦੀ ਕੈਬਨਿਟ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਤੋਂ ਬਾਅਦ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਦੇ ਪਿੰਡ ਖਟਕੜ ਕਲਾਂ ਵਿਖੇ 16 ਮਾਰਚ ਨੂੰ ਸਹੁੰ ਚੁੱਕਣਗੇ। ਸਰਕਾਰ ਦੇ ਸਹੁੰ ਚੁੱਕ ਸਮਾਗਮ ਦੀਆਂ ਤਿਆਰੀਆਂ ਸੂਬੇ ਦੇ ਉੱਚ ਅਧਿਕਾਰੀਆਂ ਨੇ ਸੰਭਾਲ ਲਈਆਂ ਹਨ। ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜਕਲਾਂ ਵਿੱਚ ਹੋਣ ਵਾਲੇ ਇਸ ਸਮਾਗਮ ਦੇ ਪ੍ਰਬੰਧਾਂ ਵਿੱਚ ਸਾਰੇ ਸੀਨੀਅਰ ਅਧਿਕਾਰੀ ਅਤੇ ਪੁਲੀਸ-ਪ੍ਰਸ਼ਾਸਨ ਜੁੱਟੇ ਹੋਏ ਹਨ। ਉਸ ਦਿਨ ਇਕੱਠੀ ਹੋਣ ਵਾਲੀ ਭੀੜ ਦੇ ਨਾਲ-ਨਾਲ ਵੀ ਵੀ ਆਈ ਪੀ ਲੋਕਾਂ ਦੇ ਵਾਹਨਾਂ ਦੀ ਪਾਰਕਿੰਗ ਦੇ ਨਾਲ-ਨਾਲ ਪਿੰਡ ਵਿੱਚ ਚਾਰ ਹੈਲੀਪੈਡ ਬਣਾਏ ਜਾ ਰਹੇ ਹਨ। ਆਮ ਆਦਮੀ ਪਾਰਟੀ ਨੇ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤੀਆਂ ਹਨ, ਇਸ ਲਈ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਵਿੱਚ ਵੀ ਭਾਰੀ ਭੀੜ ਆਉਣ ਦੀ ਉਮੀਦ ਹੈ। ਇਸ ਦੇ ਮੱਦੇਨਜ਼ਰ ਪਿੰਡ ਖਟਕੜ ਕਲਾਂ ਵਿੱਚ ਸਮਾਗਮ ਵਾਲੀ ਥਾਂ ’ਤੇ ਇੱਕ ਲੱਖ ਲੋਕਾਂ ਦੇ ਬੈਠਣ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪੰਡਾਲ ਵਿੱਚ 40 ਹਜ਼ਾਰ ਕੁਰਸੀਆਂ ਲਗਾਉਣ ਦੀ ਯੋਜਨਾ ਹੈ। ਪਿੰਡ ਖਟਕੜਕਲਾਂ ਵਿੱਚ ਸ਼ਹੀਦੀ ਸਮਾਰਕ ਦੇ ਬਿਲਕੁਲ ਪਿੱਛੇ ਜ਼ਮੀਨ ’ਤੇ ਖੜ੍ਹੇ ਘਾਹ ਨੂੰ ਹਟਾਉਣ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਜ਼ਮੀਨ ਨੂੰ ਸਾਫ਼ ਕਰਨ ਤੋਂ ਬਾਅਦ ਇੱਥੇ ਗੁੰਬਦ ਸਟਾਈਲ ਵਿੱਚ ਟੈਂਟ ਲਗਾਏ ਜਾਣਗੇ। ਇੱਥੇ ਕਈ ਟਰੱਕਾਂ ਵਿੱਚ ਗੁੰਬਦ ਅਤੇ ਟੈਂਟ ਦਾ ਸਾਮਾਨ ਪਹੁੰਚ ਚੁੱਕਾ ਹੈ ਅਤੇ ਮਜ਼ਦੂਰ ਦਿਨ-ਰਾਤ ਇਸ ਨੂੰ ਲਗਾਉਣ ਵਿੱਚ ਲੱਗੇ ਹੋਏ ਹਨ। ਸਮਾਗਮ ਵਿੱਚ ਆਉਣ ਵਾਲੀਆਂ ਸੰਗਤਾਂ ਲਈ ਠੰਡੇ ਜਲ ਦੀ ਛਬੀਲ ਤੋਂ ਇਲਾਵਾ ਭੋਜਨ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਪਿੰਡ ਖਟਕੜਕਲਾਂ ਵਿੱਚ ਸ਼ਹੀਦ ਭਗਤ ਸਿੰਘ ਯਾਦਗਾਰ ਨੇੜੇ ਪ੍ਰਾਈਵੇਟ ਸਕੂਲ ਦੀ ਗਰਾਊਂਡ ਵਿੱਚ ਚਾਰ ਹੈਲੀਪੈਡ ਬਣਾਏ ਜਾ ਰਹੇ ਹਨ। ਪ੍ਰੋਗਰਾਮ ਵਿੱਚ ਪਹੁੰਚਣ ਵਾਲੇ ਹੋਰਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਤੋਂ ਇਲਾਵਾ ਪੰਜਾਬ ਦੇ ਰਾਜਪਾਲ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਹੋਰ ਵੀ ਵੀ ਆਈ ਪੀਜ਼ ਦੇ ਹੈਲੀਕਾਪਟਰ ਇਨ੍ਹਾਂ ਹੈਲੀਪੈਡਾਂ ‘ਤੇ ਉਤਰਨਗੇ। ਸਕੂਲ ਦੇ ਮੈਦਾਨ ਤੋਂ ਇਹ ਲੋਕ ਸੜਕੀ ਰਸਤੇ ਸਮਾਰਕ ਦੇ ਪਿੱਛੇ ਪੰਡਾਲ ਪਹੁੰਚਣਗੇ। ਪਿੰਡ ਦੀ ਪੰਚਾਇਤੀ ਜ਼ਮੀਨ ਦੀ ਘਾਟ ਕਾਰਨ ਪੰਜਾਬ ਸਰਕਾਰ ਨੇ ਪਿੰਡ ਖਟਕੜ ਕਲਾਂ ਦੇ ਕਿਸਾਨਾਂ ਤੋਂ ਕਰੀਬ 50 ਏਕੜ ਜ਼ਮੀਨ ਕਿਰਾਏ ’ਤੇ ਲਈ ਹੈ। ਇਸ ਸਮੇਂ ਇਨ੍ਹਾਂ ਖੇਤਾਂ ਵਿੱਚ ਕਣਕ ਅਤੇ ਗੰਨੇ ਦੀ ਫ਼ਸਲ ਖੜ੍ਹੀ ਹੈ। ਨਵਾਂਸ਼ਹਿਰ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਵਚਨਬੱਧਤਾ ਪ੍ਰਗਟਾਈ ਹੈ। ਕਿਸਾਨਾਂ ਦੀ ਸਹਿਮਤੀ ਤੋਂ ਬਾਅਦ ਖੇਤਾਂ ਵਿੱਚ ਖੜ੍ਹੀ ਫ਼ਸਲ ਦੀ ਕਟਾਈ ਦਾ ਕੰਮ ਚੱਲ ਰਿਹਾ ਹੈ। ਇੱਥੇ 25,000 ਵਾਹਨਾਂ ਦੀ ਪਾਰਕਿੰਗ ਬਣਾਈ ਜਾਵੇਗੀ।

ਭਗਵੰਤ ਮਾਨ ਵੱਲੋਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼

ਇਸੇ ਦੌਰਾਨ ਪੰਜਾਬ ਦੇ 17ਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨਾਲ ਰਾਜ ਭਵਨ ਵਿੱਚ ਮੁਲਾਕਾਤ ਕੀਤੀ ਅਤੇ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਬੀਤੇ ਸ਼ੁੱਕਰਵਾਰ ਨੂੰ ਆਮ ਆਦਮੀ ਪਾਰਟੀ ਦੇ ਚੁਣੇ ਗਏ ਸਾਰੇ 92 ਵਿਧਾਇਕਾਂ ਨੇ ਮੋਹਾਲੀ ਵਿਖੇ ਬੈਠਕ ਕਰਕੇ ‘ਆਪ’ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੂੰ ਸਹਿਮਤੀ ਨਾਲ ‘ਆਪ’ ਵਿਧਾਇਕ ਦਲ ਦਾ ਆਗੂ ਚੁਣਿਆ ਸੀ। ‘ਆਪ’ ਆਗੂ ਭਗਵੰਤ ਮਾਨ ਨੇ ਸ਼ਨੀਵਾਰ ਨੂੰ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਆਪਣੇ ਸਮਰਥਨ ਵਿੱਚ ਨਵੇਂ ਚੁਣੇ ਗਏ 91 ਵਿਧਾਇਕਾਂ ਦੇ ਦਸਤਖ਼ਤ ਵਾਲਾ ਪੱਤਰ ਰਾਜਪਾਲ ਨੂੰ ਸੌਂਪ ਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਇਸ ਤੋਂ ਬਾਅਦ ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ, ” ਮਾਣਯੋਗ ਰਾਜਪਾਲ ਨੂੰ ਅਸੀਂ ਆਮ ਆਦਮੀ ਪਾਰਟੀ ਦੇ ਚੁਣੇ ਹੋਏ ਵਿਧਾਇਕਾਂ ਦੇ ਸਮਰਥਨ ਵਾਲਾ ਪੱਤਰ ਸੌਂਪ ਦਿੱਤਾ ਹੈ ਅਤੇ ਪੰਜਾਬ ਦੀ ਅਗਲੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ। ਜਿਸ ਨੂੰ ਰਾਜਪਾਲ ਨੇ ਮਨਜ਼ੂਰ ਕਰ ਲਿਆ ਹੈ। ਅਸੀਂ ਰਾਜਪਾਲ ਨੂੰ ਸਹੁੰ ਚੁੱਕ ਸਮਾਗਮ ਦੀ ਥਾਂ ਅਤੇ ਸਮੇਂ ਦੀ ਵੀ ਜਾਣਕਾਰੀ ਦਿੱਤੀ ਹੈ। 16 ਮਾਰਚ ਨੂੰ ਦੁਪਹਿਰ ਸਾਢੇ 12 ਵਜੇ ਸ਼ਹੀਦ ਏ ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿੱਚ ਸਹੁੰ ਚੁੱਕ ਸਮਾਗਮ ਹੋਵੇਗਾ। ਮਾਨ ਨੇ ਕਿਹਾ ਕਿ ਇਸ ਇਤਿਹਾਸਕ ਮੌਕੇ ਲਈ ਉਹ (ਮਾਨ) ਪੰਜਾਬ ਦੇ ਲੋਕਾਂ ਨੂੰ ਖਟਕੜ ਕਲਾਂ ਆਉਣ ਲਈ ਸੱਦਾ ਦਿੰਦੇ ਹਨ, ਕਿਉਂਕਿ 16 ਮਾਰਚ ਨੂੰ ਕੇਵਲ ‘ਆਪ’ ਦੇ ਮੁੱਖ ਮੰਤਰੀ ਅਤੇ ਮੰਤਰੀ ਹੀ ਸਹੁੰ ਨਹੀਂ ਚੁਕਣਗੇ, ਸਗੋਂ ਸਾਰੇ ਲੋਕ ਪੰਜਾਬ ਨੂੰ ਫਿਰ ਤੋਂ ਖੁਸ਼ਹਾਲ ਬਣਾਉਣ ਦੀ ਸਹੁੰ ਚੁਕਣਗੇ। ਉਨਾਂ ਕਿਹਾ ਕਿ ਮੁੱਖ ਮੰਤਰੀ, ਮੰਤਰੀ ਅਤੇ ਸਭ ਲੋਕ ਮਿਲ ਕੇ ਪੰਜਾਬ ਨੂੰ ਪਹਿਲਾਂ ਦੀ ਤਰਾਂ ਖੁਸ਼ਹਾਲ ਅਤੇ ਤਾਕਤਵਾਰ ਬਣਾਵਾਂਗੇ।

Related posts

HAPPY DIWALI 2025 !

admin

ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫ਼ਤਾਰੀ ਨਾਲ ਪੰਜਾਬ ਪੁਲਿਸ ‘ਚ ਮਚੀ ਹਥੜਾ-ਦਫ਼ੜੀ !

admin

ਹਾਈਕੋਰਟ ਵਲੋਂ ਨਸ਼ਾ ਐਕਟ ਅਧੀਨ ਘਰਾਂ ਅਤੇ ਦੁਕਾਨਾਂ ਢਾਹੁਣ ‘ਤੇ ਰੋਕ

admin