ਭਾਈ ਉਦੈ ਸਿੰਘ ਜੀ ਪੰਥ ਦੀ ਮਹਾਨ ਵਿਦਵਾਨ ਸੂਝਵਾਨ ਸਖਸ਼ੀਅਤ ਭਾਈ ਮਨੀ ਸਿੰਘ ਜੀ ਦੇ ਸਪੁੱਤਰ, ਭਾਈ ਮਾਈਦਾਸ ਜੀ ਦੇ ਪੋਤਰੇ ਅਤੇ ਭਾਈ ਬੱਲੂ ਜੀ ਸ਼ਹੀਦ ਦੇ ਪੜਪੋਤੇ ਸਨ। ਆਪ ਜੀ ਦਾ ਜਨਮ ਉਸ ਸ਼ਹੀਦ ਪਰਿਵਾਰ ਵਿੱਚ ਹੋਇਆ ਜਿਸ ਪਰਿਵਾਰ ਦੇ ਪੰਜਾਹ ਤੋਂ ਵੱਧ ਅਨੋਖੇ ਯੋਧੇ ਤੇ ਨਿਰਭੈ ਸਿਦਕਵਾਨ ਗੁਰੂਚਰਨਾਂ ਦੇ ਦੁਲਾਰਿਆਂ ਨੇ ਸਿੱਖੀ ਦੀ ਆਨ-ਸ਼ਾਨ ਲਈ ਸ਼ਹਾਦਤਾਂ ਦਿੱਤੀਆਂ।
ਆਪਜੀ ਦਾ ਜਨਮ 27 ਅਕਤੂਬਰ ਸੰਨ 1665 ਈ. ਨੂੰ ਪਿੰਡ ਅਲੀਪੁਰ ਜ਼ਿਲਾ ਮੁਜਫਰਗੜ੍ਹ ਰਿਆਸਤ ਮੁਲਤਾਨ ਵਿੱਚ ਹੋਇਆ। ਆਪ ਜੀ ਨੂੰ ਸੂਰਬੀਰਤਾ ਤੇ ਸਿਦਕਦਿਲੀ ਵਿਰਾਸਤ ਵਿਚੋਂ ਹੀ ਮਿਲੀ। ਆਪ ਛੋਟੀ ਉਮਰੇ ਹੀ ਤੀਰ ਅੰਦਾਜ਼ੀ ਤੇ ਤਲਵਾਰੀ ਜੌਹਰਾਂ ਵਿੱਚ ਮਾਹਿਰ ਹੋ ਗਏ ਸੀ। ਸਰੀਰਕ ਪੱਖੋਂ ਆਪ ਜੀ ਲੋਹਪੁਰਸ਼ ਤੇ ਸੁੰਦਰ ਜਿਸਮ ਵਾਲੇ ਦਰਸ਼ਨੀ ਸਿੰਘ ਸਨ।
ਭਾਈ ਮਨੀ ਸਿੰਘ ਜੀ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਜੋ ਪੰਜ ਪੁੱਤਰ ਅਰਪਣ ਕੀਤੇ ਸਨ ਉਹਨਾਂ ਵਿਚੋਂ ਇੱਕ ਭਾਈ ਉਦੈ ਸਿੰਘ ਜੀ ਵੀ ਸਨ, ਜਿਸਦਾ ਉਲੇਖ ਭਾਈ ਕਾਹਨ ਸਿੰਘ ਜੀ ਨੇ ਮਹਾਨ ਸ਼ਬਦ ਕੋਸ਼ ਦੇ ਪੰਨਾ 951 ਤੇ ਇਸ ਤਰ੍ਹਾਂ ਉਲੇਖ ਕੀਤਾ ਹੈ।
ਜਿਲ੍ਹਾ ਮੁਲਤਾਨ ਦੇ ਅਲੀਪੁਰ ਗ੍ਰਾਮ ਦਾ ਵਸਨੀਕ ਮਨੀ ਰਾਮ ਰਾਜਪੂਤ ਜਿਸਨੇ ਆਪਣੇ ਪੰਜ ਪੁੱਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅਰਪਣ ਕੀਤੇ, ਕਲਗੀਧਰ ਨੇ 1 ਵੈਸਾਖ ਸੰਮਤ 1756 ਵਿੱਚ ਅੰਮ੍ਰਿਤ ਛਕਾ ਕੇ ਇਹਨਾਂ ਨੂੰ ਸਿੰਘ ਸਜਾਇਆ।
ਇਹ ਪੰਜੇ ਵੀਰ ਉਦਯ ਸਿੰਘ, ਅਜਾਇਬ ਸਿੰਘ, ਅਨਕ ਸਿੰਘ, ਚਿਤ੍ਰ ਸਿੰਘ ਤੇ ਬਚਿਤ੍ਰ ਸਿੰਘ ਸਦਾ ਕਲਗੀਧਰ ਦੀ ਸੇਵਾ ਵਿੱਚ ਹਾਜ਼ਿਰ ਰਹੇ। ਖਾਲਸੇ ਦੀ ਸਾਜਨਾ ਵੇਲੇ ਇਹ ਵੱਡੇ ਪੰਜੇ ਪੁੱਤਰ ਭਾਈ ਮਨੀ ਸਿੰਘ ਜੀ ਦੇ ਨਾਲ ਹਾਜ਼ਰ ਸਨ। ਜਿਹਨਾਂ ਨੇ ਅੰਮ੍ਰਿਤ ਛਕਿਆ ਤੇ ਦਸਮੇਸ਼ ਪਿਤਾ ਦੇ ਹਜ਼ੂਰੀ ਸਿੰਘਾਂ ਵਿੱਚ ਰਹਿ ਕੇ ਸੇਵਾ ਕਰਦੇ ਰਹੇ। ਜਿਸ ਬਾਬਤ ਭੱਟ ਭਾਈ ਸੇਵਾ ਸਿੰਘ ਨੇ ਵੀ ਸ਼ਹੀਦੀ ਬਿਲਾਸ ਵਿੱਚ ਜ਼ਿਕਰ ਕੀਤਾ ਹੈ :
ਮਨੀ ਸਿੰਘ ਕੇ ਪਾਂਚ ਸੁਤ ਪਾਂਚੋਂ ਖਰੇ ਕਰਾਇ।
ਪੀ ਅੰਮ੍ਰਿਤ ਭਏ ਖਾਲਸਾ ਰਹੇ ਹਜ਼ੂਰ ਸਦਾਇ।
ਭਾਈ ਊਦੈ ਸਿੰਘ ਜੀ ਆਪਣੇ ਕੁਲ ਦਸ ਭਰਾਵਾਂ ਵਿਚੋਂ ਤੀਜੇ ਨੰਬਰ ‘ਤੇ ਸਨ। ਇਹਨਾਂ ਨੂੰ ਦਸਮੇਸ਼ ਪਿਤਾ ਦੇ ਹਜ਼ੂਰੀ ਸਿੰਘਾਂ ਵਿੱਚ ਹੋਣ ਦਾ ਮਾਣ ਪ੍ਰਾਪਤ ਹੈ। ਇਹਨਾਂ ਦਾ ਵਿਆਹ ਵੀ ਅਨੰਦਪੁਰ ਸਾਹਿਬ ਰਹਿੰਦੇ ਹੋਏ ਹੋਇਆ ਸੀ। ਅਗੋਂ ਆਪ ਜੀ ਦੇ ਘਰ 7 ਪੁੱਤਰਾਂ ਨੇ ਜਨਮ ਲਿਆ। ਜਿਨ੍ਹਾਂ ਦੇ ਨਾਮ ਭਾਈ ਮਹਿਬੂਬ ਸਿੰਘ, ਭਾਈ ਅਜਬ ਸਿੰਘ, ਭਾਈ ਫਤ੍ਹੇ ਸਿੰਘ, ਭਾਈ ਅਲਬੇਲ ਸਿੰਘ, ਭਾਈ ਮੋਹਰ ਸਿੰਘ, ਭਾਈ ਬਾਘ ਸਿੰਘ ਤੇ ਭਾਈ ਅਨੋਖ ਸਿੰਘ ਸਨ। ਭਾਈ ਮਹਿਬੂਬ ਸਿੰਘ ਤੇ ਭਾਈ ਫਤਹਿ ਸਿੰਘ ਜੀ 13 ਮਈ 1710 ਵਿੱਚ ਚੱਪੜ ਚਿੜੀ ਅਤੇ ਭਾਈ ਬਾਘ ਸਿੰਘ 28 ਦਸੰਬਰ 1713 ਨੂੰ ਸਢੌਰਾ ਵਿਖੇ ਸ਼ਹੀਦ ਹੋਏ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸੇ ਦੀ ਸਾਜਨਾ ਕੀਤੀ ਤਾਂ ਪੰਜ ਪਿਆਰਿਆਂ ਤੋਂ ਬਾਅਦ ਭਾਈ ਉਦੈ ਸਿੰਘ ਨੇ ਮੋਹਰੀ ਸਿੰਘਾਂ ਵਿੱਚ ਖੜਕੇ ਅੰਮ੍ਰਿਤਪਾਨ ਕੀਤਾ। ਇਸ ਸ਼ੇਰਦਿਲ ਬਹਾਦਰ ਯੁਵਕ ਨੇ ਸੰਨ 1696 ਦੀ 9 ਮਾਰਚ ਨੂੰ ਇਕ ਸ਼ੇਰ ਦਾ ਸ਼ਿਕਾਰ ਵੀ ਕੀਤਾ ਸੀ। ਜਿਸ ਵਜੋਂ ਗੁਰੂ ਜੀ ਨੇ ਇਨਾਂ ਦੀ ਬਹਾਦਰੀ ਨੂੰ ਸਲਾਹਿਆ ਸੀ। ਇਕ ਵੇਰੀ ਗੁਰੂ ਜੀ ਸ਼ਿਕਾਰ ‘ਤੇ ਗਏ ਤਦ ਭਾਈ ਊੁਦੈ ਸਿੰਘ ਜੀ ਤੇ ਥੋੜੀ ਜਿਹੀ ਗਿਣਤੀ ਵਿੱਚ ਹੋਰ ਸਿੰਘ ਵੀ ਗੁਰੂ ਜੀ ਦੇ ਸੰਗ ਸਨ। ਪਹਾੜੀ ਰਾਜੇ ਬਲੀਆ ਚੰਦ ਤੇ ਆਲਮ ਚੰਦ ਨੇ ਜਦ ਵੇਖਿਆ ਕਿ ਗੁਰੂ ਜੀ ਨਾਲ ਥੋੜੇ ਜਿਹੇ ਸਿੰਘ ਹਨ। ਉਸਨੇ ਇਹ ਵਧੀਆ ਮੌਕਾ ਵੇਖ ਹਮਲਾ ਬੋਲ ਦਿੱਤਾ। ਭਾਈ ਊੁਦੈ ਸਿੰਘ ਨੇ ਬੜੀ ਬਹਾਦਰੀ ਨਾਲ ਬਲੀਆ ਚੰਦ ਨਾਲ ਮੁਕਾਬਲਾ ਕੀਤਾ ਤੇ ਉਸਨੂੰ ਆਪਣੀ ਬੰਦੂਕ ਦੀ ਗੋਲੀ ਨਾਲ ਸਖਤ ਫਟੜ ਕਰ ਦਿੱਤਾ। ਭਾਈ ਆਲਮ ਸਿੰਘ ਨੇ ਰਾਜੇ ਆਲਮ ਚੰਦ ਦੀ ਭੈੜੀ ਗੱਤ ਬਣਾਈ ਤੇ ਆਹਮੋ-ਸਾਹਮਣੇ ਦੀ ਲੜਾਈ ਵਿੱਚ ਉਸਦੀ ਸੱਜੀ ਬਾਂਹ ਵੀ ਵੱਢ ਦਿੱਤੀ। ਪਹਾੜੀਏ ਦੌੜ ਗਏ। ਗੁਰੂ ਜੀ ਨੇ ਭਾਈ ਊਦੈ ਸਿੰਘ ਜੀ ਤੇ ਆਲਮ ਸਿੰਘ ਦੀ ਬੀਰਤਾ ਦੀ ਚੰਗੀ ਪ੍ਰਸੰਸਾ ਕੀਤੀ ਤੇ ਉਹਨਾਂ ਨੂੰ ਆਸ਼ੀਰਵਾਦ ਨਾਲ ਨਿਵਾਜਿਆ।
ਇਹਨਾਂ ਵਿੱਚ ਵੀਰਤਾ ਦਲੇਰੀ ਤਾਂ ਨੱਕੋ-ਨੱਕ ਭਰੀ ਹੋਈ ਸੀ। ਕਿਸੇ ਤਰ੍ਹਾਂ ਦਾ ਭੈ ਤਾਂ ਇਸ ਵੀਰਪੁਰਸ਼ ਦੇ ਨੇੜੇ ਨਹੀਂ ਸੀ ਫੜਕਦਾ। ਇਹ ਸਸ਼ਤਰ ਵਿੱਦਿਆ ਤੇ ਯੁੱਧ ਕਲਾ ਵਿੱਚ ਬੜੇ ਨਿਪੁੰਨ ਸਨ। ਤੀਰ ਅੰਦਾਜ਼ੀ ਤੇ ਨਿਸ਼ਾਨੇਬਾਜ਼ੀ ਤਾਂ ਇਨ੍ਹਾਂ ਦੇ ਖਾਸ ਸ਼ੌਕ ਸਨ। ਤਾਰਾਗੜ੍ਹ ਦੇ ਕਿਲੇ ‘ਤੇ ਪਹਾੜੀ ਫੌਜਾਂ ਵੱਲੋਂ ਹਮਲਾ ਕਰਨ ਸਮੇਂ ਗੁਰੂ ਜੀ ਨੇ ਭਾਈ ਊੁਦੇ ਸਿੰਘ ਨੂੰ ਸਵਾ ਸੌ ਤੋਂ ਵੱਧ ਸਿੰਘ ਜੁਝਾਰੂਆਂ ਨਾਲ ਰਲ ਕੇ ਉਹਨਾ ਦਾ ਮੁਕਾਬਲਾ ਕਰਨ ਲਈ ਹੁਕਮ ਦਿੱਤਾ। ਇਸ ਜੰਗ ਵਿੱਚ ਪਹਾੜੀ ਸੈਨਿਕਾਂ ਦਾ ਭਾਰੀ ਜਾਨੀ ਨੁਕਸਾਨ ਹੋਇਆ।
ਇਤਿਹਾਸਕਾਰਾਂ ਵੱਲੋਂ ਇਹ ਜੰਗ 29 ਅਗਸਤ 1700 ਨੂੰ ਲੜੀ ਦੱਸੀ ਗਈ ਹੈ। ਇਸ ਲੜਾਈ ਵਿੱਚ ਭਾਈ ਉਦੈ ਸਿੰਘ ਨੇ ਵੈਰੀਆਂ ਨਾਲ ਭਾਰੀ ਲੋਹਾ ਲਿਆ ਤੇ ਉਹਨਾਂ ਨੇ ਜੰਗੇ ਮੈਦਾਨ ਵਿੱਚ ਐਸੇ ਬਹਾਦਰੀ ਦੇ ਜੌਹਰ ਵਿਖਾਏ, ਜਿਸ ਨੂੰ ਵੇਖ ਕੇ ਵੈਰੀ ਵੀ ਦੰਗ ਰਹਿ ਗਏ। ਇਸ ਜੰਗ ’ਚ ਭਾਰੀ ਨੁਕਸਾਨ ਕਰਵਾ ਕੇ ਵੈਰੀ ਮੈਦਾਨ ਛੱਡ ਗਏ।
ਪਹਿਲੀ ਸਤੰਬਰ ਸੰਨ 1700 ਨੂੰ ਪਹਾੜੀ ਰਾਜਿਆਂ ਨੇ ਤੜਕਸਾਰ ਹੀ ਇਕ ਬਲਸ਼ਾਲੀ ਹਾਥੀ ਨੂੰ ਮਦਮਸਤ ਕਰਕੇ ਫੌਲਾਦੀ ਕਵਰ ਨਾਲ ਪੂਰਾ ਢੱਕ ਕੇ, ਮੱਥੇ ‘ਤੇ ਸੱਤ ਤਵਿਆਂ ਦੀ ਪਰਤ ਬਣਾ ਕੇ, ਸੁੰਢ ਵਿੱਚ ਤੇਜ਼ਧਾਰੀ ਤਲਵਾਰਾਂ ਲਟਕਾ ਕੇ ਲੋਹਗੜ੍ਹ ਦੇ ਕਿਲੇ ਦਾ ਦਰਵਾਜਾ ਤੋੜਨ ਹਿਤ ਤੋਰਿਆ ਤੇ ਪਿੱਛੇ-ਪਿਛੇ ਭਾਰੀ ਫੌਜਾਂ ਦੀਆਂ ਟੁਕੜੀਆਂ ਰਵਾਨਾ ਕੀਤੀਆਂ। ਗੁਰੂ ਜੀ ਦੇ ਹੁਕਮ ਨਾਲ ਭਾਈ ਬਚਿੱਤਰ ਸਿੰਘ ਨੇ ਹਾਥੀ ਨਾਲ ਮੁਕਾਬਲਾ ਕੀਤਾ ਤੇ ਨਾਗਿਨੀ ਬਰਛੇ ਨਾਲ ਉਸਨੂੰ ਭਾਰੀ ਜ਼ਖਮੀ ਕੀਤਾ ਤੇ ਤਕਰੀਬਨ ਉਸਦਾ ਮੱਥਾ ਵਿੰਨ ਹੀ ਸੁੱਟਿਆ। ਹਾਥੀ ਜ਼ਖ਼ਮੀ ਹਾਲਤ ਵਿਚ ਘਬਰਾ ਕੇ ਪਿਛੇ ਦੌੜਿਆ ਜਿਸ ਨਾਲ ਆਪਣੀਆਂ ਫੌਜਾਂ ਦਾ ਹੀ ਸਖ਼ਤ ਨੁਕਸਾਨ ਕਰ ਗਿਆ।
ਭਾਈ ਉਦੈ ਸਿੰਘ ਜੀ ਨੇ ਗੁਰੂ ਜੀ ਦੀ ਕ੍ਰਿਪਾ ਸੇਤੀ ਵੈਰੀ ਫੌਜਾਂ ਦੇ ਕਮਾਂਡਰ ਜਸੋਵਾਰੀਆ ਰਾਜਾ ਕੇਸਰੀ ਚੰਦ ਨੂੰ ਜਾ ਲਲਕਾਰਿਆ ਤੇ ਬਹਾਦਰੀ ਨਾਲ ਆਹਮੋ-ਸਾਹਮਣੇ ਦੀ ਲੜਾਈ ਵਿੱਚ ਉਸ ਦਾ ਸਿਰ ਲਾਹ ਕੇ ਗੁਰੂ ਜੀ ਪਾਸ ਆ ਕੇ ਪੇਸ਼ ਕੀਤਾ।
ਇਸ ਤੋਂ ਬਾਅਦ 15 ਮਾਰਚ 1701 ਨੂੰ ਭਾਈ ਉਦੈ ਸਿੰਘ ਜੀ ਨੇ ਸਿੱਖ ਫੌਜਾਂ ਸਹਿਤ ਬਜਰੂੜ ਪਿੰਡ ਤੇ ਜ਼ਾਲਿਮ ਗੁਜਰਾਂ ਤੇ ਰੰਗੜਾਂ ਨੂੰ ਚੰਗੀ ਤਰ੍ਹਾਂ ਸੋਧਿਆ। ਮਿਤੀ 7 ਮਾਰਚ ਸੰਨ 1701 ਈ ਨੂੰ ਇਸੇ ਵੀਰ ਪੁਰਸ਼ ਨੇ ਆਪਣੇ ਸਾਥੀਆਂ ਨਾਲ ਬੱਸੀ ‘ਤੇ ਹੱਲਾ ਬੋਲ ਕੇ ਜਾਬਰ ਜੰਗ ਖਾਂ ਦੇ ਚੁੰਗਲ ਤੋਂ ਪੰਡਿਤ ਦਵਾਰਕਾ ਦਾਸ ਦੀ ਪਤਨੀ ਛੁਡਵਾਈ।
5-6 ਦਸੰਬਰ ਦੀ ਰਾਤ ਜਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸ੍ਰੀ ਅਨੰਦਪੁਰ ਸਾਹਿਬ ਨੂੰ ਸਦਾ ਲਈ ਛੱਡਿਆ ਤਾਂ ਉਹਨਾਂ ਚਾਲੀ ਸਿੰਘਾਂ ਵਿੱਚ ਭਾਈ ਉਦੈ ਸਿੰਘ ਜੀ ਦਾ ਨਾਂ ਵੀ ਇਕ ਸੀ। ਜਿਨ੍ਹਾਂ ਨੇ ਗੁਰੂ ਜੀ ਦੇ ਸੰਗ ਰਹਿ ਕੇ ਜੀਣ-ਮਰਨ ਦਾ ਪ੍ਰਣ ਲਿਆ ਸੀ। ਭਾਈ ਉਦੈ ਸਿੰਘ ਜੀ ਗੁਰੂ ਸਾਹਿਬ ਜੀ ਦੇ ਨਾਲ ਇਕੱਠੇ ਅਨੰਦਪੁਰ ਤੋਂ ਰਵਾਨਾ ਹੋਏ। ਜਦੋਂ ਸਿੰਘਾਂ ਦਾ ਇਹ ਕਾਫਲਾ ਦਸਮੇਸ਼ ਪਿਤਾ ਜੀ ਸਹਿਤ ਕੀਰਤਪੁਰ ਤੋਂ ਅੱਗੇ ਲੰਘ ਕੇ ਸਰਸਾ ਨਦੀ ਦੇ ਨੇੜੇ ਪੁੱਜਾ ਤਾ ਪਹਾੜੀ ਫੌਜਾਂ ਨੇ ਇਕ ਦਮ ਹੱਲਾ ਬੋਲ ਦਿੱਤਾ। ਗੁਰੂ ਜੀ ਨੇ ਭਾਈ ਉਦੈ ਸਿੰਘ ਜੀ ਨੂੰ ਲਗਭਗ ਪੰਜਾਹ ਸਿੰਘਾਂ ਤੋਂ ਵੱਧ ਦੇ ਜੱਥੇ ਨਾਲ ਸ਼ਾਹੀ ਟਿੱਬੀ ‘ਤੇ ਵੈਰੀਆਂ ਨੂੰ ਰੋਕਣ ਲਈ ਤਾਇਨਾਤ ਕੀਤਾ। ਜਿਥੇ ਭਾਈ ਸਾਹਿਬ ਨੇ ਭਾਰੀ ਜੋਸ਼ ਨਾਲ ਆਪਣੇ ਜਥੇ ਦੇ ਸਿੰਘਾਂ ਨੂੰ ਹੱਲਾਸ਼ੇਰੀ ਦਿੰਦੇ ਹੋਏ ਪਹਾੜੀ ਸੈਨਿਕਾਂ ਦੀਆਂ ਲੋਥਾਂ ਦੇ ਢੇਰ ਲਾ ਦਿੱਤੇ। ਤੀਰਾਂ ਦੀ ਇਕ ਵੇਰ ਉਹ ਬੌਛਾਰ ਕੀਤੀ ਕਿ ਵੈਰੀਆਂ ਦੇ ਪੈਰ ਉਖੜ ਗਏ। ਤੀਰਾਂ ਦੀ ਬੌਛਾਰ ਦੇ ਬਾਅਦ ਭਾਈ ਉਦੈ ਸਿੰਘ ਜੀ ਤੇ ਸਾਥੀਆਂ ਨੇ ਆਹਮੋ-ਸਾਹਮਣੇ ਦੀ ਲੜਾਈ ਉਹ ਕਮਾਲ ਦੀ ਲੜੀ ਕਿ ਵੈਰੀ ਭਾਰੀ ਗਿਣਤੀ ਵਿੱਚ ਮੌਤ ਦੇ ਸ਼ਿਕਾਰ ਹੋ ਗਏ। ਇਸ ਜੰਗ ਵਿੱਚ ਲਗਭਗ ਸਾਰੇ 51 ਸਿੰਘ ਸ਼ਹੀਦ ਹੋ ਗਏ। ਭਾਈ ਉਦੈ ਸਿੰਘ ਜੀ ਨੇ ਇਸ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਬਾਣਾ ਪਹਿਨਿਆ ਹੋਇਆ ਸੀ। ਇਸ ਕਰਕੇ ਦੁਸ਼ਮਨਾਂ ਨੂੰ ਗੁਰੂ ਜੀ ਦਾ ਭੁਲੇਖਾ ਪੈ ਗਿਆ ਤੇ ਉਹਨਾਂ ਨੇ ਜਲਦੀ ਨਾਲ ਸਿਰ ਕਲਮ ਕਰਾ ਕੇ ਨਵਾਬ ਕੋਲ ਰੋਪੜ ਭੇਜਿਆ। ਪਰ ਬਾਅਦ ਵਿੱਚ ਸੱਚਾਈ ਪਤਾ ਚਲੀ ਕਿ ਇਹ ਗੁਰੂ ਜੀ ਨਹੀਂ ਇਹ ਤਾਂ ਉਹਨਾਂ ਦਾ ਸ਼ੇਰ ਭਾਈ ਊੁਦੈ ਸਿੰਘ ਜੀ ਹਨ। ਫਿਰ ਹਾਕਮਾਂ ਦੇ ਹੁਕਮ ਨਾਲ ਇਹ ਵੈਰੀ ਫੌਜਾਂ ਗੁਰੂ ਜੀ ਦੀ ਖੋਜ ’ਚ ਬੜੀ ਬੇਚੈਨੀ ਨਾਲ ਪਿਛੇ ਲਗ ਤੁਰੀਆਂ।
ਭਾਈ ਉਦੈ ਸਿੰਘ ਜੀ ਤੇ ਭਾਈ ਬਚਿੱਤਰ ਸਿੰਘ ਜੀ ਨਾ ਕੇਵਲ ਖਾਲਸਾ ਫੌਜਾਂ ਦੇ ਵੱਡੇ ਵੀਰ ਯੋਧੇ ਜਾਂ ਜਥੇਦਾਰ ਹੀ ਸਨ ਬਲਕਿ ਇਨ੍ਹਾਂ ਨੂੰ ਸਤਿਗੁਰ ਦਸਮੇਸ਼ ਪਿਤਾ ਜੀ ਦੇ ਹਜ਼ੂਰੀ ਸਿੰਘਾਂ ਦੇ ਨਿਜੀ ਸੁਰੱਖਿਆ ਦਲਾਂ ਵਿੱਚ ਸ਼ਾਮਲ ਹੋਣ ਦਾ ਵੀ ਖਾਸ ਮਾਣ ਪ੍ਰਾਪਤ ਹੈ। ਇਨ੍ਹਾਂ ਦੀ ਦਲੇਰੀ ਹਿੰਮਤ ਤੇ ਵੀਰਤਾਂ ਦਾ ਕੋਈ ਸਾਨੀ ਨਹੀਂ ਸੀ। ਤੀਰ ਅੰਦਾਜ਼ੀ ਤੇ ਤਲਵਾਰਬਾਜੀ ਵਿੱਚ ਉਨ੍ਹਾਂ ਨੇ ਚੰਗੀ ਨਿਪੁੰਨਤਾ ਪ੍ਰਾਪਤ ਕੀਤੀ ਹੋਈ ਸੀ। ਜੰਗੇ -ਮੈਦਾਨ ਵਿੱਚ ਇਹ ਹਨੇਰੀ ਦੀ ਤਰ੍ਹਾਂ ਵਗਦੇ ਸੀ। ਇਹਨਾਂ ਦਾ ਭੈ ਵੈਰੀ ਫੌਜਾਂ ਦੇ ਵੱਡੇ-ਵੱਡੇ ਜਰਨੈਲ ਵੀ ਖਾਂਦੇ ਸਨ।
ਭਾਈ ਉਦੈ ਸਿੰਘ ਜੀ ਦੇ ਬਹਾਦਰੀ ਦੇ ਕਾਰਨਾਮਿਆਂ ਨੂੰ ‘ਪੰਜਾਬੀ ਵਾਰਾਂ’ ਪੁਸਤਕ ਦੇ ਐਡੀਸ਼ਨ 1980 ਵਿੱਚ ਇਸ ਤਰ੍ਹਾਂ ਉਲੇਖ ਗਿਆ ਕੀਤਾ ਹੈ :
ਭਾਈ ਉਦੈ ਸਿੰਘ ਜੀ ਵਿੱਚ ਰਾਹ ਦੇ ਫਿਰ ਐਸੀ ਤੇਗਾਂ ਮਾਰੀਆਂ।
ਘੋੜਿਆਂ ਪਾਈਆਂ ਪਾਖਰਾਂ ਸਿੰਘ ਲਏ ਸੰਜੋਏ।
ਰਣ ਨੂੰ ਵਾਂਗਾ ਚਾਈਆਂ ਹੋਣੀ ਹੋਇ ਸੁ ਹੋਇ।
ਉਦੈ ਸਿੰਘ ਦਿਆਂ ਬਰਛਿਆਂ ਕਹੁ ਆਖਰ ਪਾਈ।
ਜਿਸ ਮਿਲ ਮਾਰੇ ਸੂਰਮੇ ਕਹੁ ਕਿਥੇ ਜਾਈ।
ਮਾਰੇ ਵਿੱਚ ਬੁੱਕਲ ਦੇ ਦੇ ਹੱਥ ਸਫਾਈ।
ਸਿਰ ਕੱਟੇ ਵਾਗੂ ਤੂੁੰਬੜੇ ਕੀ ਅੱਤ ਚਲਾਈ।
ਊਦੈ ਸਿੰਘ ਵਿੱਚ ਖੇਤ ਦੇ ਅਮਰ ਪਦਵੀ ਪਾਈ।
ਭਾਈ ਉਦੈ ਸਿੰਘ ਜੀ ਤੇ ਇਹਨਾਂ ਦੇ ਹੋਰ ਚਾਰ ਭਰਾਵਾਂ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਚੇਚੇ ਤੌਰ ’ਤੇ ਇਕ ਹੁਕਮਨਾਮਾ ਦੇ ਕੇ ਨਿਵਾਜਿਆ ਸੀ। ਇਹਨਾਂ ਨੂੰ ਫ਼ਰਜੰਦਹ ਖਾਨਜ਼ਾਦ ਕਹਿ ਕੇ ਵਡਿਆਈ ਬਖਸ਼ੀ ਸੀ ਤੇ ਬਖਸ਼ਿਸ਼ ਕਰਕੇ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਸੀ ਕਿ ਜੋ ਇਨਾਂ ਦੀ ਸੇਵਾ ਕਰਨਗੀਆਂ ਉਹ ਕੀਤੀ ਸੇਵਾ ਗੁਰੂ ਦੀ ਦਰਗਾਹ ਵਿੱਚ ਪ੍ਰਵਾਨ ਮੰਨੀ ਜਾਵੇਗੀ।
ਭੱਟਵਹੀ ਕਰਸਿੰਧੂ ਵਿੱਚ ਭਾਈ ਉਦੈ ਸਿੰਘ ਜੀ ਦੀ ਸ਼ਹੀਦੀ ਬਾਰੇ ਵਰਣਨ ਇਸ ਪ੍ਰਕਾਰ ਹੈ :
ਭਾਈ ਉਦੈ ਸਿੰਘ ਬੇਟਾ ਮਨੀ ਸਿੰਘ ਕਾ, ਪੋਤਾ ਮਾਈ ਦਾਸ ਕਾ ਪੜਪੋਤਾ ਬੱਲੂੁ ਰਾਇ ਕਾ, ਚੰਦਰ ਬੰਸਿ ਭਾਰਦੁਆਜੀ ਗੋਤਰਾ ਪੁਆਰ ਬੰਸ ਬੀਂਝੇ ਕਾ ਬੰਝਰਉਂਤ ਜਲਹਾਨਾ ਸੰਮਤ ਸਤਰਾਂ ਸੈ ਬਾਸਠ ਪੋਖ ਮਾਸੇ ਦਿਹੁੰ ਰਾਤ ਗਏ ਵੀਰਵਾਰ ਕੇ ਦਿਵਸੁ ਪਚਾਸ ਸਿੱਖਾਂ ਕੋ ਗੈਲ ਲੈ ਸ਼ਾਹੀ ਟਿੱਬੀ ਕੇ ਮਲਾ੍ਹਨ ਪਰਗਨਾ ਭਰਤਗੜ੍ਹ ਰਾਜ ਕਹਿਲੂਰ ਆਧ ਘਰੀ ਦਿਹੁੰ ਨਿਕਲੇ ਰਾਜਾ ਅਜਮੇਰ ਚੰਦ ਬੇਟਾ ਭੀਮ ਚੰਦ ਕਾ, ਪੋਤਾ ਦੀਆ ਚੰਦ ਕਾ, ਪੜਪੋਤਾ ਤਾਰਾ ਚੰਦ ਕਾ ਬੰਸ ਕਲਿਆਣ ਚੰਦ ਚੰਦੇਲ ਗੋਤਰਾ ਰਾਣੇ ਕੀ ਫੌਜ ਗੈਲ ਬਾਰਾ ਘਰੀ ਜੂਝ ਕੇ ਮਰਾ।
(ਭੱਟ ਵਹੀ ਕਰਸਿੰਧੂ ਪਰਗਨਾ ਸਫੀਦੋਂ ਕਾ)
ਭਾਈ ਕਾਹਨ ਸਿੰਘ ਜੀ ਦੁਆਰਾ ਰਚਿਤ ‘ਮਹਾਨ ਕੋਸ਼’ ਦੇ ਪੰਨਾ ਨੰ 9 ’ਤੇ ਭਾਈ ਉਦੈ ਸਿੰਘ ਬਾਬਤ ਹੇਠ ਲਿਖੇ ਮੁਤਾਬਕ ਉਲੇਖ ਕੀਤਾ ਗਿਆ ਹੈ।
ਉਦਯ ਸਿੰਘ : ਅਲੀਪੁਰ ਜ਼ਿਲ੍ਹਾ ਮੁਲਤਾਨ ਦਾ ਵਸਨੀਕ ਮਾਈ ਦਾਸ ਕਾ ਪੁੱਤਰ ਮਨੀ ਰਾਮ ਰਾਜਪੂਤ ਸੀ, ਜਿਸਦੇ ਘਰ ਪੰਜ ਪੁੱਤਰ ਹੋੲੋ ਜਿਨ੍ਹਾਂ ਨੂੰ ਉਸਨੇ ਕਲਗੀਧਰ ਦੇ ਅਰਪਨ ਕੀਤਾ। ਦਸਮੇਸ਼ ਨੇ ਇਨ੍ਹਾਂ ਪੰਜਾਂ ਨੂੰ ਪਹਿਲੀ ਵੈਸਾਖ ਸੰਮਤ 1756 ਨੂੰ ਅੰਮ੍ਰਿਤ ਛਕਾ ਕੇ ਖਾਲਸਾ ਸਜਾਇਆ ਅਤੇ ਸਿੱਖ ਧਰਮ ਦੀ ਸਿੱਖਯਾ ਦਿੱਤੀ। ਇਹ ਪੰਜ ਪੰਥ ਰਤਨ ਉਦਯ ਸਿੰਘ, ਅਜਬ ਸਿੰਘ, ਅਜਾਇਬ ਸਿੰਘ, ਅਨਕ ਸਿੰਘ ਤੇ ਵਿਚਿਤ੍ਰ ਸਿੰਘ ਸਨ। ਉਦਯ ਸਿੰਘ ਜੀ ਨੇ ਇਕ ਵੇਰ ਸ਼ੇਰ ਮਾਰ ਕੇ ਉਸਦੀ ਖਲ ਦਸਮੇਸ਼ ਜੀ ਦੇ ਪੇਸ਼ ਕੀਤੀ। ਕਲਗੀਧਰ ਨੇ ਇਹ ਖਲ ਇਕ ਗਧੇ ਨੂੰ ਪਹਿਨਾਈ, ਜਿਸ ਤੋਂ ਨਿਰਭੈ ਹੋ ਕੇ ਉਹ ਖੇਤੀਆਂ ਖਾਣ ਲੱਗਾ ਅਰ ਗੂਣ ਦੇ ਬੋਝ ਤੋਂ ਉਸਨੇ ਛੁਟਕਾਰਾ ਪਾਇਆ। ਕਿਉਂਕਿ ਕਿਸੇ ਨੂੰ ਉਸ ਦੇ ਪਾਸ ਜਾਣ ਦਾ ਹੌਂਸਲਾ ਨਹੀਂ ਪੈਂਦਾ ਸੀ। ਇਕ ਵੇਰ ਗਧਿਆਂ ਦੀ ਬੋਲੀ ਸੁਣ ਕੇ ਹੀਂਗਦਾ ਹੋਇਆ ਆਪਣੇ ਮਾਲਿਕ ਕੁਮ੍ਹਾਰ ਦੇ ਘਰ ਪਹੁੰਚ ਕੇ ਖੋਤਿਆਂ ਨਾਲ ਖਰਮਸਤੀ ਕਰਨ ਲੱਗਾ। ਘੁਮ੍ਹਾਰ ਨੇ ਗਧਾ ਪਛਾਣ ਕੇ ਸ਼ੇਰ ਦੀ ਖੱਲ ਲਾਹ ਗੂਣ ਦੇ ਬੋਝ ਹੇਠ ਲੈ ਲਿਆ। ਦਸਮੇਸ਼ ਜੀ ਨੇ ਇਸ ਤੋਂ ਪੰਥ ਨੂੰ ਸਿੱਖਯਾ ਦਿੱਤੀ ਕਿ ਜੋ ਖਾਲਸਾ ਹੋ ਕੇ ਪੁਰਾਣੀ ਜਾਤਿ ਪਾਤਿ ਵਿੱਚ ਮੁੜਕੇ ਜਾ ਧਸਣਗੇ ਉਹਨਾਂ ਦੀ ਇਹੀ ਦਸ਼ਾ ਹੋਊ।
ਸੰਮਤ 1758 ਦੇ ਜੰਗ ਵਿੱਚ ਰਾਜਾ ਕੇਸਰੀ ਜਸੋਵਾਰੀਏ ਦਾ ਸਿਰ ਵੱਢ ਕੇ ਉਸਨੂੰ ਨੇਜੇ ਵਿੱਚ ਪਰੋ ਕੇ ਉਦਯ ਸਿੰਘ ਦਸਮੇਸ਼ ਜੀ ਦੇ ਹਜ਼ੂਰ ਲਿਆਏ ਸਨ। ਜਦ ਸਤਿਗੁਰੂ ਨੇ ਅਨੰਦਪੁਰ ਛੱਡਿਆ ਤਦ ਏਹ ਕਲਗੀਧਰ ਦੇ ਨਾਲ ਸਨ। ਚਮਕੌਰ ਦੇ ਰਸਤੇ ਸੰਮਤ 1761 ਵਿੱਚ ਵੱਡੀ ਵੀਰਤਾ ਨਾਲ ਵੈਰੀਆਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦ ਹੋਏ ਯਥਾ ‘‘ਪਹਰ ਏਕ ਲੌ ਰਨ ਪਰਯੋ ਮਹਾਂ ਪ੍ਰਬਲ ਇਕ ਸਾਰ। ਉਦਯ ਸਿੰਘ ਜੂੁਝੈ ਤਬੈ ਸਤਿਗੁਰ ਸਰਨ ਵਿਚਾਰ।’’ ਇਨ੍ਹਾਂ ਦੇ ਛੋਟੇ ਭਾਈ ਵੀ ਧਰਮ ਯੁੱਧਾਂ ਵਿੱਚ ਤਨ ਮਨ ਤੇ ਦੇਸ਼ ਕੌਮ ਦੇ ਸੇਵਾ ਪਰਾਯਣ ਰਹੇ।
ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਇਤਿਹਾਸਕ ਪੁਸਤਕ ‘ਗੁਰੂ ਗੋਬਿੰਦ ਸਿੰਘ ਮਾਰਗ’ ਦੇ ਪੰਨਾ ਨੰਬਰ 31 ਤੇ ਅੰਕਿਤ ਸਿਰਲੇਖ ਭਾਈ ਉਦੈ ਸਿੰਘ ਜੀ ਹੇਠ ਇਸ ਤਰ੍ਹਾਂ ਉਲੇਖ ਕੀਤਾ ਗਿਆ ਹੈ :-
ਭਾਈ ਉਦੈ ਸਿੰਘ ਜੀ : ਗੁਰੂ ਗੋਬਿੰਦ ਸਿੰਘ ਮਾਰਗ ਦੇ ਪਹਿਲੇ ਸ਼ਹੀਦ ਭਾਈ ਉਦੈ ਸਿੰਘ ਜੀ ਸਨ। ਆਪ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪੁੱਤਰ ਤੇ ਗੁਰੂ ਸਾਹਿਬ ਦੀ ਫੌਜ ਦੇ ਪ੍ਰਸਿੱਧ ਤੇ ਬਹਾਦਰ ਜਰਨੈਲਾਂ ਵਿਚੋਂ ਸਨ। ਜਦ ਗੁਰੂ ਪਰਿਵਾਰ ਤੇ ਵਹੀਰ ਸਮੇਤ ਕੀਰਤਪੁਰ ਲੰਘ ਸ਼ਾਹੀ ਟਿੱਬੀ ਕੋਲ ਪੁੱਜੇ ਤਾਂ ਪਤਾ ਲੱਗਾ ਕਿ ਦੁਸ਼ਮਣ ਦੀ ਫੌਜ ਸਭ ਕਸਮਾਂ ਤੇ ਵਾਅਦੇ ਛਿੱਕੇ ਟੰਗ ਕੇ ਵਾਹੋ-ਦਾਹੀ ਉਨਾਂ ਦਾ ਪਿੱਛਾ ਕਰ ਰਹੀ ਹੈ। ਇਸ ਨਾਜ਼ੁਕ ਸਮੇਂ ਆਪ ਜੀ ਨੇ ਭਾਈ ਉਦੈ ਸਿੰਘ ਨੂੰ 50 ਸਿੰਘਾਂ ਨਾਲ ਵੈਰੀ ਸੈਨਾ ਨੂੰ ਰੋਕ ਲੈਣ ਦੀ ਜਿੰਮੇਵਾਰੀ ਸੌਂਪੀ। ਆਗਿਆ ਮੰਨ ਭਾਈ ਉਦੈ ਸਿੰਘ ਤੇ ਉਨਾਂ ਦੇ ਸੂਰਬੀਰ ਸਿੰਘਾਂ ਨੇ ਜਾਨਾਂ ਹੂਲ ਕੇ ਦੁਸ਼ਮਣ ਦਾ ਮੁਕਾਬਲਾ ਕੀਤਾ ਤੇ ਸ਼ਹੀਦੀਆਂ ਪਾਈਆਂ। ਭੱਟ ਵਹੀ ਵਿੱਚ ਇਸ ਇਤਿਹਾਸਕ ਘਟਨਾ ਦਾ ਜ਼ਿਕਰ ਆਉਂਦਾ ਹੈ :
ਸਭ ਪ੍ਰਾਚੀਨ ਸਿੱਖ ਭਾਈ ਉਦੈ ਸਿੰਘ ਦੀ ਬਹਾਦਰੀ ਦੀ ਭਰਪੂਰ ਪ੍ਰਸੰਸਾ ਕਰਦੇ ਸਨ। ਇਸ ਸਬੰਧ ਵਿੱਚ ਕੁਇਰ ਸਿੰਘ ਕਰਤਾ ਗੁਰਬਿਲਾਸ ਪਾਤਿਸ਼ਾਹੀ 10 ਨੇ ਇਸ ਤਰ੍ਹਾਂ ਲਿਖਿਆ ਹੈ :
ਏਕ ਜਾਮ ਤਲਵਾਰ ਚਲਾਈ
ਘਨੇ ਤੁਰਕ ਮਾਰੇ ਤਿੰਹ ਠਾਈ
ਤਬੈ ਔਰ ਦਲ ਅਨਗਨ ਆਏ
ਊੁਦੈ ਸਿੰਘ ਤਬ ਸਵਰਗ ਸਿਧਾਏ।
ਭਾਈ ਉਦੈ ਸਿੰਘ ਦਾ ਮੁਹਾਂਦਰਾ ਗੁਰੂ ਜੀ ਦੇ ਮੁਹਾਂਦਰੇ ਨਾਲ ਕੁਝ ਮਿਲਦਾ ਜੁਲਦਾ ਸੀ। ਇਸ ਲਈ ਜਦੋਂ ਉਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਤਾਂ ਰਾਜਾ ਅਜਮੇਰ ਚੰਦ ਨੇ ਉਨ੍ਹਾਂ ਦਾ ਸੀਸ ਉਤਾਰ ਕੇ ਰੋਪੜ ਭੇਜ ਦਿੱਤਾ ਤੇ ਕਿਹਾ ਕਿ ਅਸੀਂ ਗੁਰੂ ਨੂੰ ਮਾਰ ਲਿਆ ਹੈ। ਮਗਰੋਂ ਭੇਦ ਖੁੱਲ੍ਹਣ ਤੇ ਇਨ੍ਹਾਂ ਸਭ ਨੂੰ ਬੜੀ ਸ਼ਰਮਿੰਦਗੀ ਉਠਾਉਣੀ ਪਈ।
previous post
next post