ਪਟਿਆਲਾ – ਅਕਾਲੀ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ 168 ਦਿਨ ਬਾਅਦ ਜੇਲ੍ਹ ਵਿਚੋਂ ਰਿਹਾਈ ਹੋ ਗਈ ਹੈ। ਬਾਅਦ ਦੁਪਿਹਰ ਹਾਈਕੋਰਟ ਦੇ ਹੁਕਮ ’ਤੇ ਮਜੀਠੀਆਂ ਨੂੰ ਕੇਂਦਰੀ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਜੇਲ੍ਹ ਤੋਂ ਨਿਕਲਦਿਆਂ ਹੀ ਪੰਜਾਬ ਭਰ ਤੋਂ ਆਏ ਅਕਾਲੀ ਆਗੂ ਤੇ ਵਰਕਰਾਂ ਵਲੋਂ ਮਜੀਠੀਆ ਦਾ ਨਿੱਘਾ ਸਵਾਗਤ ਕੀਤਾ ਗਿਆ। ਮਜੀਠੀਆ ਆਪਣੇ ਸਾਥੀਆਂ ਸਮੇਤ ਗੁਰਦੁਆਰਾ ਸ੍ਰੀ ਦੁਖਨਿਵਾਰਣ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ।
ਇਸ ਮੌਕੇ ਉਨ੍ਹਾਂ ਆਪਣੇ ਅੰਦਾਜ਼ ‘ਚ ਵਿਰੋਧੀਆਂ ‘ਤੇ ਵਾਰ ਕੀਤੇ। ਮਜੀਠੀਆ ਨੇ ਕਿਹਾ ਕਿ ਜਿਨ੍ਹਾਂ ਨੇ ਸਾਜਿਸ਼ਾਂ ਰਚੀਆਂ ਤੇ ਜੁਲਮ ਕੀਤਾ ਅੱਜ ਉਨ੍ਹਾਂ ਵਿਚੋਂ ਕੋਈ ਨਹੀਂ ਦਿਖ ਰਿਹਾ ਹੈ। ਇਕ ਅਮਰੀਕਾ ਤੋਂ ਵਾਪਸ ਨਹੀਂ ਆ ਰਿਹਾ ਤੇ ਦੂਸਰਾ ਅੰਦਰ ਹੀ ਟੱਕਰਾਂ ਮਾਰ ਰਿਹਾ ਹੈ। ਨਾਲ ਹੀ ਮਜੀਠੀਆ ਨੇ ਕਿਹਾ ਕਿ ਉਹ ਕਿਸੇ ਦਾ ਮਾੜਾ ਨਹੀਂ ਚਾਹੁੰਦੇ ਤੇ ਸਭ ਦੀ ਸੁੱਖ ਮੰਗਦੇ ਹਨ। ਉਨ੍ਹਾਂ ਕਿਹਾ ਕਿ ਬਦਲੇ ਦੀ ਰਾਜਨੀਤੀ ਕਰਨ ਵਾਲੇ ਅੱਜ ਵਿਹਲੇ ਹੋ ਗਏ ਹਨ। ਮਜੀਠੀਆ ਨੇ ਦੱਸਿਆ ਕਿ ਉਨ੍ਹਾਂ ਦੇ ਖ਼ਿਲਾਫ਼ ਦਸੰਬਰ ਮਹੀਨੇ ਵਿਚ ਹੀ ਸਾਜ਼ਿਸ਼ ਸ਼ੁਰੂ ਹੋ ਗਈ ਸੀ ਤੇ ਚੋਣ ਲੜਨ ਤੋਂ ਰੋਕਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਸਨ। ਮਜੀਠੀਆ ਨੇ ਕਿਹਾ ਕਿ ਉਹ ਲਈ ਅਰਦਾਸਾਂ ਕਰਨ ਵਾਲੇ ਸੱਜਣਾਂ, ਮਿੱਤਰਾਂ ਅਤੇ ਵਿਰੋਧੀਆਂ ਦਾ ਵੀ ਧੰਨਵਾਦ ਕਰਦੇ ਹਨ। ਇਸ ਮੌਕੇ ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਆਹ ਦੀ ਵਧਾਈ ਵੀ ਦਿੱਤੀ।