
ਆਸਟ੍ਰੇਲੀਆ ਦੇ ਵਿੱਚ ਨਵੇਂ ਘਰ ਬਨਾਉਣ ਜਾਂ ਪੁਰਾਣੇ ਘਰਾਂ ਨੂੰ ਨਵਿਆਉਣ ਵੇਲੇ ਬਿਲਡਿੰਗ ਕੰਪਨੀਆਂ ਅਤੇ ਕੰਨਟਰੈਕਟਰਾਂ ਦੇ ਵਲੋਂ, ਬਣੇ ਹੋਏ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਉਣ, ਜਾਂ ਕੰਮ ਦੇ ਵਿੱਚ ਵੱਡੀਆਂ-ਵੱਡੀਆਂ ਤਰੁੱਟੀਆਂ ਰਹਿ ਜਾਣ ਦੀਆਂ ਖਬਰਾਂ ਅਕਸਰ ਪੜ੍ਹਨ-ਸੁਣਨ ਅਤੇ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇੱਕ ਅਜਿਹੀ ਹੀ ਬਿਲਡਿੰਗ ਕੰਪਨੀ ਅਤੇ ਕੰਨਟਰੈਕਟਰ ਸਬੰਧੀ ਇੱਕ ਖਬਰ ਅੱਜਕੱਲ੍ਹ ਆਸਟ੍ਰੇਲੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਬਿਲਡਿੰਗ ਕਮਿਸ਼ਨ ਦੇ ਵਲੋਂ ਲੋਕਾਂ ਨੂੰ ਇੱਕ ਬਿਲਡਿੰਗ ਕੰਪਨੀ ਨਾਲ ਕਿਸੇ ਵੀ ਤਰ੍ਹਾਂ ਦੀ ਡੀਲ ਨਾ ਕਰਨ ਦੇ ਲਈ ਇੱਕ ਚਿਤਾਵਨੀ ਜਾਰੀ ਕੀਤੀ ਹੈ। ਬਿਲਡਿੰਗ ਕਮਿਸ਼ਨ NSW ਨੇ ਰਵੀਨ ਵਿਸ਼ਾਲ ਨੰਦ ਅਤੇ RPN HOMES Pty Ltd ਦੇ ਸੰਬੰਧ ਵਿੱਚ ਇੱਕ ਚੇਤਾਵਨੀ ਨੋਟਿਸ ਜਾਰੀ ਕੀਤਾ ਹੈ ਜੋ ਹੋਮ ਬਿਲਡਿੰਗ ਐਕਟ (1989) ਦੀ ਧਾਰਾ 23 ਦੇ ਤਹਿਤ ਹੈ। ਨੰਦ (ਜਿਸਨੂੰ ਰਵੀਨ ਨੰਦ ਅਤੇ ਰੇਵਿਨ ਨੰਦ ਵੀ ਕਿਹਾ ਜਾਂਦਾ ਹੈ) ਅਤੇ RPN ਹੋਮਜ਼ ਪ੍ਰਾਈਵੇਟ ਲਿਮਟਿਡ, ਬਿਨਾਂ ਲਾਇਸੈਂਸ ਅਤੇ ਬਿਨਾ ਇੰਸ਼ੋਰੈਂਸ ਵਾਲੇ ਕੰਮ ਕਰਨ ਦਾ ਕੰਟਰੈਕਟ ਕਰਦੇ ਹਨ। ਰਵੀਨ ਵਿਸ਼ਾਲ ਨੰਦ RPN ਹੋਮਜ਼ ਪ੍ਰਾਈਵੇਟ ਲਿਮਟਿਡ (ABN 52 645 658 322) ਦਾ ਇਕੱਲਾ ਡਾਇਰੈਕਟਰ ਦੱਸਿਆ ਗਿਆ ਹੈ। ਨਾ ਤਾਂ ਰਵੀਨ ਵਿਸ਼ਾਲ ਨੰਦ ਅਤੇ ਨਾ ਹੀ RPN ਹੋਮਜ਼ ਪ੍ਰਾਈਵੇਟ ਲਿਮਟਿਡ ਕੋਲ NSW ਕੰਨਟਰੈਕਟਰ ਲਾਇਸੈਂਸ ਹੋਣ ਜਾਂ ਕਦੀ ਹੋਣ ਦਾ ਰਿਕਾਰਡ ਨਹੀਂ ਹੈ। ਬਹੁਤ ਸਾਰੇ ਮਾਮਲਿਆਂ ਵਿੱਚ ਕੰਮ ਖਰਾਬ ਪਾਇਆ ਗਿਆ ਹੈ। ਇਹ ਚੇਤਾਵਨੀ ਉਸ ਸਮੇਂ ਜਾਰੀ ਕੀਤੀ ਗਈ ਹੈ ਜਦੋਂ ਬਿਲਡਿੰਗ ਕਮਿਸ਼ਨ NSW ਦੀ ਚੱਲ ਰਹੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਨੰਦ ਅਤੇ RPN ਹੋਮਜ਼ ਵੱਲੋਂ ਗੰਭੀਰ ਗਲਤ ਕੰਮ ਕੀਤੇ ਜਾਣ ਦੇ ਸੰਕੇਤ ਮਿਲੇ ਹਨ, ਜਿਸ ਵਿੱਚ ਸ਼ਾਮਲ ਹਨ:
- ਬਿਨਾ ਸਹੀ ਲਾਇਸੈਂਸ ਤੋਂ ਰਿਹਾਇਸ਼ੀ ਇਮਾਰਤ ਦਾ ਕੰਮ ਕਰਨਾ।
- ਕਿਸੇ ਹੋਰ ਲਾਇਸੰਸਸ਼ੁਦਾ ਬਿਲਡਰ ਦੀ ਪਛਾਣ ਅਤੇ ਲਾਇਸੈਂਸ ਜਾਣਕਾਰੀ ਦਾ ਗਲਤ ਇਸਤੇਮਾਲ ਕਰਨ।
- ਹੋਮ ਬਿਲਡਿੰਗ ਮੁਆਵਜ਼ਾ ਫੰਡ ਸਰਟੀਫਿਕੇਟਾਂ ਵਿੱਚ ਜਾਅਲਸਾਜ਼ੀ ਕਰਨਾ।
- ਬਹੁਤ ਸਾਰੀਆਂ ਇਮਾਰਤੀ ਥਾਵਾਂ ‘ਤੇ ਬਹੁਤ ਮਾੜਾ ਕੰਮ ਕਰਨਾ।
ਰਵੀਨ ਵਿਸ਼ਾਲ ਨੰਦ ਅਤੇ RPN ਹੋਮਜ਼ ਪ੍ਰਾਈਵੇਟ ਲਿਮਟਿਡ ਵੈਸਟਰਨ ਸਿਡਨੀ ਦੇ ਕਈ ਹਿੱਸਿਆਂ ਵਿੱਚ ਕੰਮ ਕਰਨ ਲਈ ਜਾਣੇ ਜਾਂਦੇ ਹਨ, ਜਿਸ ਵਿੱਚ ਸੈਵਨ ਹਿਲਜ਼, ਰਾਊਸ ਹਿੱਲ ਅਤੇ ਮਿਲਰ ਆਦਿ ਇਲਾਕੇ ਸ਼ਾਮਲ ਹਨ। ਬਿਲਡਿੰਗ ਕਮਿਸ਼ਨ ਨੇ ਰਵੀਨ ਵਿਸ਼ਾਲ ਨੰਦ ਅਤੇ RPN ਹੋਮਜ਼ ਪ੍ਰਾਈਵੇਟ ਲਿਮਟਿਡ ਦੇ ਵਿਰੁੱਧ ਆਪਣੀ ਜਾਂਚ ਜਾਰੀ ਰੱਖੀ ਹੋਈ ਹੈ, ਜਿਸ ਵਿੱਚ ਨਿਰੀਖਣ ਕਰਨਾ ਵੀ ਸ਼ਾਮਲ ਹੈ ਅਤੇ ਅਗਲੇਰੀ ਕਾਰਵਾਈ ‘ਤੇ ਵਿਚਾਰ ਕਰ ਰਿਹਾ ਹੈ। ਅਗਲੀ ਕਾਰਵਾਈ ਵਿੱਚ ਕੰਮ ਰੋਕਣ ਦਾ ਆਦੇਸ਼ ਅਤੇ/ਜਾਂ ਅਦਾਲਤੀ ਕਾਰਵਾਈ ਸ਼ਾਮਲ ਹੋ ਸਕਦੀ ਹੈ। ਜੇਕਰ ਇਸ ਜਾਂਚ ਵਿੱਚ ਪਛਾਣੀ ਗਈ ਕਥਿਤ ਗਲਤੀ ਸਾਬਤ ਹੋ ਜਾਂਦੀ ਹੈ, ਤਾਂ ਇਸਦੇ ਨਤੀਜੇ ਵਜੋਂ ਸਖ਼ਤ ਸਜ਼ਾ ਹੋ ਸਕਦੀ ਹੈ, ਜਿਸ ਵਿੱਚ 330,000 ਡਾਲਰ ਤੱਕ ਦਾ ਜੁਰਮਾਨਾ ਅਤੇ 12 ਮਹੀਨੇ ਦੀ ਕੈਦ ਸ਼ਾਮਲ ਹੈ।
ਬਿਲਡਿੰਗ ਕਮਿਸ਼ਨ ਵਲੋਂ ਘਰ ਦੇ ਮਾਲਕਾਂ ਨੂੰ ਯਾਦ ਕਰਾਇਆ ਗਿਆ ਹੈ ਕਿ ਉਹ NSW ਸਰਕਾਰ ਦੀ Verify NSW ਵੈੱਬਸਾਈਟ ਦੀ ਵਰਤੋਂ ਕਰਕੇ ਕੋਈ ਵੀ ਪੈਸਾ ਦੇਣ ਤੋਂ ਪਹਿਲਾਂ ਇਹ ਯਕੀਨੀ ਬਣਾ ਲੈਣ ਕਿ ਕੰਨਟਰੈਕਟਰ ਦੇ ਕੋਲ ਲਾਇਸੰਸ ਹੈ। ਇਸ ਤੋਂ ਇਲਾਵਾ ਜੇਕਰ ਕਿਸੇ ਕਾਰੋਬਾਰ ਨੂੰ ਜੇ ਤੁਸੀਂ ਘਰ ‘ਤੇ 20,000 ਡਾਲਰ ਤੋਂ ਵੱਧ ਦੇ ਉਸਾਰੀ ਦਾ ਕੰਮ ਕਰਨ ਲਈ ਕੰਟਰੈਕਟ ਦੇ ਰਹੇ ਹੋ, ਤਾਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇਹ ਜਾਨਣਾ ਬਹੁਤ ਜਰੂਰੀ ਹੈ ਕਿ ਕਾਰੋਬਾਰ ਦੇ ਕੋਲ ਵੈਧ ਇੰਸ਼ੋਰੈਂਸ ਹੈ ਵੀ ਜਾਂ ਨਹੀਂ।
ਵੈਰੀਫਾਈ NSW ਵੈੱਬਸਾਈਟ ਦਾ ਇਸਤੇਮਾਲ ਹੋਮ ਬਿਲਡਿੰਗ ਕੰਪਨਸੇਸ਼ਨ ਫੰਡ ਕਵਰ ਚੈੱਕ ਕਰਨ ਦੇ ਲਈ ਵੀ ਕੀਤਾ ਜਾ ਸਕਦਾ ਹੈ।
ਜਿਹਨਾਂ ਘਰਾਂ ਦੇ ਮਾਲਕਾਂ ਨੂੰ ਲੱਗਦਾ ਹੈ ਕਿ ਉਹ ਰਵੀਨ ਵਿਸ਼ਾਲ ਨੰਦ ਅਤੇ ਹੋਮਜ਼ ਪ੍ਰਾਈਵੇਟ ਲਿਮਟਿਡ ਦੇ ਕੰਮ ਨਾਲ ਉਹਨਾਂ ਉਪਰ ਅਸਰ ਪਿਆ ਹੈ ਤਾਂ ਉਹਨਾਂ ਨੂੰ ਬਿਲਡਿੰਗ ਕਮਿਸ਼ਨ NSW ਨਾਲ 13 27 00 ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਇਸ ਸਬੰਧੀ NSW ਬਿਲਡਿੰਗ ਕਮਿਸ਼ਨਰ, ਜੇਮਜ਼ ਸ਼ੇਰਾਰਡ ਨੇ ਕਿਹਾ ਹੈ ਕਿ, “ਬਿਨਾਂ ਲਾਇਸੈਂਸ ਦੇ ਕੰਮ ਕਰਨਾ, ਇੰਸ਼ੋਰੈਂਸ ਸਰਟੀਫਿਕੇਟਾਂ ਵਿੱਚ ਹੇਰਾਫੇਰੀ ਕਰਨਾ, ਅਤੇ ਖਰਾਬ ਕੰਮ ਕਰਨਾ ਇਹ ਉਹ ਗਲਤ ਕੰਮ ਹਨ ਜਿਨ੍ਹਾਂ ਨੂੰ ਬਿਲਡਿੰਗ ਕਮਿਸ਼ਨ NSW, ਉਦਯੋਗ ਵਿੱਚ ਮਿਆਰਾਂ ਨੂੰ ਬਿਹਤਰ ਬਨਾਉਣ ਦੇ ਆਪਣੇ ਯਤਨਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਲੈਂਦਾ ਹੈ। ਸਾਡੀ ਜਾਂਚ ਵਿੱਚ ਹੁਣ ਤੱਕ ਪੱਕੇ ਸਬੂਤ ਅਤੇ ਦੋਸ਼ ਸ੍ਹਾਮਣੇ ਆਏ ਹਨ ਕਿ, ਇਹ ਗਲਤੀਆਂ ਹੋਈਆਂ ਹਨ ਅਤੇ ਇਹਨਾਂ ਦੇ ਕਾਰਣ ਘਰ ਦੇ ਮਾਲਕਾਂ ਦੀ ਹਾਲਤ ਹੋਰ ਖਰਾਬ ਹੋਈ ਹੈ। ਸਾਡੀ ਜਾਂਚ ਜਾਰੀ ਰਹਿਣ ਦੌਰਾਨ ਲੋਕਾਂ ਨੂੰ ਕਿਸੇ ਵੀ ਹੋਰ ਨੁਕਸਾਨ ਤੋਂ ਬਚਾਉਣ ਦੇ ਲਈ ਮੈਂ ਖਪਤਕਾਰਾਂ ਖਾਸ ਕਰਕੇ ਵੈਸਟਰਨ ਸਿਡਨੀ ਵਿੱਚ, ਨੂੰ ਚੇਤਾਵਨੀ ਦੇ ਰਿਹਾ ਹਾਂ ਕਿ ਉਹ ਇਸ ਕੰਪਨੀ ਜਾਂ ਇਸ ਵਿਅਕਤੀ ਨਾਲ ਕੋਈ ਵੀ ਡੀਲ ਨਾ ਕਰਨ। ਮੈਂ ਖਪਤਕਾਰਾਂ ਨੂੰ ਵੀ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਬਿਲਡਿੰਗ ਕੰਨਟਰੈਕਟ ਦੇ ਲਈ ਕੋਈ ਪੈਸਾ ਦੇਣ ਤੋਂ ਪਹਿਲਾਂ ਟਰੇਡਸ ਪਰਸਨ ਦੇ ਲਾਇਸੈਂਸ ਦੀ ਜਾਂਚ ਜਰੂਰ ਕਰ ਲੈਣ, ਇਹ ਵੈਰੀਫਾਈ NSW ਵੈੱਬਸਾਈਟ ‘ਤੇ ਜਾਣ ਜਿੰਨਾ ਹੀ ਸੌਖਾ ਹੈ।”
