ਚੰਡੀਗੜ੍ਹ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖ਼ਿਰਕਾਰ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਦਿੱਤੀ ਹੈ। ਉਨ੍ਹਾਂ ਪੂਰੇ ਸੱਤ ਪੇਜਾਂ ਦਾ ਅਸਤੀਫ਼ਾ ਸੋਨੀਆ ਗਾਂਧੀ ਨੂੰ ਭੇਜਿਆ ਹੈ। ਕੈਪਟਨ ਆਪਣੀ ਨਵੀਂ ਪਾਰਟੀ ‘ਪੰਜਾਬ ਲੋਕ ਕਾਂਗਰਸ’ ਬਣਾਉਣਗੇ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਹੁਣ ਕਾਂਗਰਸ ਵੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਇਹ ਵੀ ਕਿਹਾ ਸੀ ਕਿ ਉਹ ਆਪਣੀ ਨਵੀਂ ਪਾਰਟੀ ਬਣਾਉਣਗੇ।ਉਨ੍ਹਾਂ ਹਾਲ ਹੀ ‘ਚ ਕਿਹਾ ਸੀ ਕਿ ਉਹ ਜਲਦ ਹੀ ਆਪਣੀ ਨਵੀਂ ਪਾਰਟੀ ਬਣਾਉਣਗੇ ਅਤੇ ਤਿੰਨ ਖੇਤੀ ਕਾਨੂੰਨਾਂ ਦਾ ਹੱਲ ਨਿਕਲਣ ‘ਤੇ 2022 ਦੀਆਂ ਚੋਣਾਂ ‘ਚ ਭਾਰਤੀ ਜਨਤਾ ਪਾਰਟੀ (ਭਾਜਪਾ) ਨਾਲ ਸੀਟ-ਵੰਡ ਦਾ ਸੌਦਾ ਹੋਣ ਦੀ ਉਮੀਦ ਜ਼ਾਹਿਰ ਕੀਤੀ ਸੀ। ਪੰਜਾਬ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਕੈਪਟਨ ਨੇ ਕਿਹਾ ਸੀ ਕਿ ਉਹ ਅਕਾਲੀਆਂ ਤੋਂ ਵੱਖ ਹੋਣ ਵਾਲੇ ਗਰੁੱਪਾਂ ਵਰਗੀਆਂ ਸਮਾਨ ਸੋਚ ਵਾਲੀਆਂ ਪਾਰਟੀਆਂ ਨਾਲ ਗਠਜੋੜ ਕਰਨ ਬਾਰੇ ਵੀ ਵਿਚਾਰ ਕਰ ਰਹੇ ਹਨ। ਦੋ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਿੰਘ ਨੇ ਕਿਹਾ ਸੀ ਕਿ ਜਦੋਂ ਤੱਕ ਉਹ “ਆਪਣੇ ਲੋਕਾਂ ਅਤੇ ਆਪਣੇ ਰਾਜ” ਦਾ ਭਵਿੱਖ ਸੁਰੱਖਿਅਤ ਨਹੀਂ ਕਰਦੇ। ਨਵਜੋਤ ਸਿੰਘ ਸਿੱਧੂ ਨਾਲ ਸਿਆਸੀ ਟਕਰਾਅ ਤੋਂ ਬਾਅਦ ਕੈਪਟਨ ਨੇ ਸਤੰਬਰ ‘ਚ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਾਬਕਾ ਮੁੱਖ ਮੰਤਰੀ ਨੇ ਆਪਣੇ ਅਸਤੀਫੇ ਤੋਂ ਬਾਅਦ ਕਿਹਾ ਸੀ ਕਿ ਉਹ “ਅਪਮਾਨਿਤ” ਮਹਿਸੂਸ ਕਰਦੇ ਹਨ। ਕਾਂਗਰਸ ਨੇ ਉਨ੍ਹਾਂ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ।
ਅਮਰਿੰਦਰ ਦੀ ਪਾਰਟੀ ਨਾਲ ਘਬਰਾਈ ਕਾਂਗਰਸ, ਸਾਰੇ ਵਿਧਾਇਕਾਂ ਦੀ ਸੱਦੀ ਐਮਰਜੈਂਸੀ ਮੀਟਿੰਗ
ਅਮਰਿੰਦਰ ਸਿੰਘ ਵਲੋਂ ਮੰਗਲਵਾਰ ਨੂੰ ਆਪਣੀ ਪਾਰਟੀ ਬਣਾਉਣ ਦਾ ਐਲਾਨ ਕਰਨ ਤੋਂ ਬਾਅਦ ਕਾਂਗਰਸ ਪਾਰਟੀ ਘਬਰਾਹਟ ਵਿੱਚ ਨਜ਼ਰ ਆ ਰਹੀ ਹੈ। ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਦੇਰ ਸ਼ਾਮ ਐਮਰਜੈਂਸੀ ਮੀਟਿੰਗ ਸੱਦਦੇ ਹੋਏ ਪੰਜਾਬ ਦੇ ਸਾਰੇ 78 ਵਿਧਾਇਕਾਂ ਨੂੰ ਤੁਰੰਤ ਮੀਟਿੰਗ ਵਿੱਚ ਪੁੱਜਣ ਲਈ ਕਿਹਾ। ਅਚਾਨਕ ਮੀਟਿੰਗ ਸੱਦਣ ਕਰਕੇ ਵਿਧਾਇਕ ਵੀ ਡੇਢ ਘੰਟਾ ਲੇਟ ਤੱਕ ਮੀਟਿੰਗ ਪੁੱਜਦੇ ਨਜ਼ਰ ਆਏ। ਹਰੀਸ਼ ਚੌਧਰੀ ਅਤੇ ਚਰਨਜੀਤ ਸਿੰਘ ਚੰਨੀ ਸਣੇ ਨਵਜੋਤ ਸਿੱੱਧੂ ਮੰਗਲਵਾਰ ਨੂੰ ਕੇਦਾਰ ਨਾਥ ਦੀ ਯਾਤਰਾ ‘ਤੇ ਗਏ ਹੋਏ ਸਨ ਪਰ ਅਮਰਿੰਦਰ ਸਿੰਘ ਵਲੋਂ ਅਚਾਨਕ ਅਸਤੀਫ਼ਾ ਦੇਣ ਕਰਕੇ ਇਨਾਂ ਨੇ ਚੰਡੀਗੜ ਵਿਖੇ ਪੁੱਜਣ ਤੋਂ ਬਾਅਦ ਆਰਾਮ ਕਰਨ ਦੀ ਥਾਂ ‘ਤੇ ਇਹ ਮੀਟਿੰਗ ਸੱਦ ਲਈ ਹੈ। ਹਰੀਸ਼ ਚੌਧਰੀ ਖ਼ੁਦ ਵੀ ਇਸ ਮੀਟਿੰਗ ਵਿੱਚ ਪੌਣਾ ਘੰਟਾ ਦੇਰੀ ਨਾਲ ਪੁੱਜੇ ਸਨ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤਾਂ ਸਵਾ ਘੰਟੇ ਤੋਂ ਵੀ ਜਿਆਦਾ ਲੇਟ ਆਏ। ਦੇਰ ਰਾਤ ਤੱਕ ਇਹ ਮੀਟਿੰਗ ਜਾਰੀ ਸੀ ਅਤੇ ਮੀਟਿੰਗ ਦੌਰਾਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਸਬੰਧੀ ਕੀ ਚਰਚਾ ਹੋਈ ਇਸ ਸਬੰਧੀ ਕੋਈ ਜਿਆਦਾ ਜਾਣਕਾਰੀ ਨਹੀਂ ਮਿਲ ਸਕੀ। ਮੀਟਿੰਗ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਵਿਧਾਇਕਾਂ ਨੇ ਇਨਾਂ ਜਰੂਰ ਕਿਹਾ ਕਿ ਅਮਰਿੰਦਰ ਸਿੰਘ ਵਲੋਂ ਇਹ ਗਲਤ ਫੈਸਲਾ ਲਿਆ ਗਿਆ ਹੈ, ਜਿਸ ਕਾਰਨ ਹੀ ਇਹ ਮੀਟਿੰਗ ਸੱਦੀ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮੀਟਿੰਗ ਰਾਹੀਂ ਕਾਂਗਰਸ ਪਾਰਟੀ ਵਿੱਚ ਗੁੱਟਬਾਜ਼ੀ ਨੂੰ ਛੱਡ ਕੇ ਇੱਕਜੁਟ ਹੋ ਕੇ ਕੰਮ ਕਰਨ ਲਈ ਫੈਸਲਾ ਹੋਇਆ ਹੈ ਅਤੇ ਅਮਰਿੰਦਰ ਸਿੰਘ ਤੋਂ ਦੂਰੀ ਬਣਾ ਕੇ ਉਨਾਂ ‘ਤੇ ਹਮਲੇ ਕਰਨ ਲਈ ਕਿਹਾ ਗਿਆ ਹੈ। ਕਾਂਗਰਸ ਪਾਰਟੀ ਨੂੰ ਡਰ ਹੈ ਕਿ ਕੁਝ ਵਿਧਾਇਕ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਨਾਲ ਉਨਾਂ ਦੀ ਪਾਰਟੀ ਵਿੱਚ ਨਾ ਚਲੇ ਜਾਣ। ਇਸ ਲਈ ਕਾਂਗਰਸ ਹਾਈ ਕਮਾਨ ਉਨਾਂ ਵਿਧਾਇਕਾਂ ਅਤੇ ਸੰਸਦ ਮੈਂਬਰ ਸਣੇ ਲੀਡਰਾਂ ‘ਤੇ ਜਿਆਦਾ ਧਿਆਨ ਦੇ ਰਹੀ ਹੈ, ਜਿਹੜੇ ਕਿ ਅਮਰਿੰਦਰ ਸਿੰਘ ਦੇ ਖੇਮੇ ਦੇ ਦੱਸੇ ਜਾਂਦੇ ਰਹੇ ਹਨ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਕਾਂਗਰਸ ਭਵਨ ਵਿੱਚ ਮੀਟਿੰਗ ਜਾਰੀ ਸੀ।