ਮੁਹਾਲੀ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਸਿੰਘ ਦਾ ਵਿਆਹ ਕੱਲ੍ਹ ਐਤਵਾਰ ਨੂੰ ਜ਼ਿਲ੍ਹਾ ਐੱਸ ਏ ਐੱਸ ਨਗਰ ਅਧੀਨ ਆਉਂਦੇ ਕਸਬਾ ਡੇਰਾਬੱਸੀ ਦੇ ਪਿੰਡ ਅਮਲਾਲਾ ਦੀ ਸਿਮਰਨਧੀਰ ਕੌਰ ਨਾਲ ਪੂਰਨ ਗੁਰਮਰਿਆਦਾ ਅਨੁਸਾਰ ਮੁਹਾਲੀ ਦੇ ਫੇਜ਼ 3ਬੀ1 ਵਿਚਲੇ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਹੋਇਆ। ਇਸ ਮੌਕੇ ਸਿਮਰਨਧੀਰ ਨੇ ਗੁਲਾਬੀ ਰੰਗ ਦਾ ਲਹਿੰਗਾ ਪਾਇਆ ਹੋਇਆ ਸੀ, ਜਦਕਿ ਨਵਜੀਤ ਨੇ ਵੀ ਉਸੇ ਰੰਗ ਦੀ ਪੱਗ ਬੰਨ੍ਹੀ ਹੋਈ ਸੀ ਜਦਕਿ ਮੁੱਖ-ਮੰਤਰੀ ਚੰਨੀ ਨੂੰ ਵੀ ਗੁਲਾਬੀ ਪੱਗ ਬੰਨ੍ਹੀ ਹੋਈ ਸੀ।
ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਸਪੁੱਤਰ ਨਵਜੀਤ ਸਿੰਘ ਅਤੇ ਪਰਿਵਾਰਕ ਮੈਂਬਰਾਂ ਨਾਲ ਵਿਆਹ ਲਈ ਖਾਸ ਫੁੱਲਾਂ ਨਾਲ ਸਜਾਈ ਗਈ ਫਾਰਚਿਊਨਰ ਗੱਡੀ ਖੁਦ ਚਲਾ ਕੇ ਗੁਰਦੁਆਰਾ ਸਾਚਾ ਧੰਨ ਸਾਹਿਬ ਵਿਖੇ ਪਹੁੰਚੇ ਜਿਸ ਦੀ ਸਾਰੇ ਪਾਸੇ ਪ੍ਰਸੰਸ਼ਾ ਹੋ ਰਹੀ ਹੈ। ਵਿਆਹ ਲਈ ਗੁਰਦੁਆਰਾ ਸਾਹਿਬ ਨੂੰ ਸੋਹਣੇ ਫੁੱਲਾਂ ਨਾਲ ਸਜਾਇਆ ਗਿਆ ਸੀ ਅਤੇ ਪੁਲਸ ਵਲੋਂ ਇਲਾਕੇ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਗਿਆਨ ਹਰਪ੍ਰੀਤ ਸਿੰਘ ਵੀ ਉਚੇਚੇ ਤੌਰ ‘ਤੇ ਪਹੁੰਚੇ। ਗੁਰਦੁਆਰਾ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਦੇ ਜਥੇ ਵੱਲੋਂ ਕੀਰਤਨ ਦੀ ਸਮਾਪਤੀ ਉਪਰੰਤ ਸਮਾਗਮਾਂ ਦੀ ਅਰਦਾਸ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ ਕੀਤੀ ਗਈ।
ਇਸ ਵਿਆਹ ਸਮਾਗਮ ਵਿਚ ਆਈਆਂ ਸਾਰੀਆਂ ਸ਼ਖਸੀਅਤਾਂ ਨੇ ਪੰਗਤ ਵਿਚ ਬੈਠ ਕੇ ਲੰਗਰ ਛਕਿਆ ਅਤੇ ਨਵ-ਵਿਆਹੇ ਜੋੜੇ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਪੰਜਾਬ ਦੇ ਗਵਰਨਰ ਬਨਵਾਰੀ ਨਾਲ ਪੁਰੋਹਿਤ ਵੀ ਖਾਸ ਤੌਰ ‘ਤੇ ਪੁੱਜੇ। ਇਸ ਵਿਆਹ ਦੀ ਖਾਸੀਅਤ ਇਹ ਵੀ ਰਹੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਸ਼ੇਸ਼ ਤੌਰ ‘ਤੇ ਕਿਹਾ ਹੋਇਆ ਸੀ ਕਿ ਕੋਈ ਵੀ ਬਹੁਤਾ ਤਾਮ ਝਾਮ ਨਹੀਂ ਕਰਨਾ ਜਿਸ ਕਰਕੇ ਸਿਰਫ ਗੁਰਦੁਆਰਾ ਸਾਹਿਬ ਵਿਚ ਹੀ ਸਾਦਾ ਲੰਗਰ ਤਿਆਰ ਕਰਵਾਇਆ ਗਿਆ ਅਤੇ ਸਾਰਿਆਂ ਨੇ ਬਕਾਇਦਾ ਪੰਗਤ ਵਿਚ ਬੈਠ ਕੇ ਹੀ ਲੰਗਰ ਛਕਿਆ।
ਚੰਨੀ ਆਪਣੇ ਪੁੱਤਰ ਦੇ ਵਿਆਹ ਵਿੱਚ ਬਹੁਤ ਖੁਸ਼ ਨਜਰ ਆ ਰਹੇ ਸਨ। ਵਿਆਹ ਵਿਚ ਪੰਜਾਬੀ ਵਿਰਸੇ ਦੀ ਝਲਕ ਦਿਖਾਈ ਦਿੱਤੀ। ਵਿਆਹ ਵਿਚ ਰਾਤ ਨੂੰ ਸੰਦਲੀ ਵਿਰਸਾ ਟੀਮ ਨੇ ਖੂਬ ਰੰਗ ਬੰਨਿਆ ਗਿਆ ਅਤੇ ਮੁੱਖ ਮੰਤਰੀ ਜੀ ਦਾ ਪਰਿਵਾਰ ਵੀ ਵਿਰਸੇ ਦੇ ਰੰਗ ਵਿਚ ਦਿਖਾਈ ਦਿੱਤਾ। ਇਸ ਦੌਰਾਨ ਚੰਨੀ ਨੇ ਖੁਦ ਕਾਲਾਕਾਰਾਂ ਨਾਲ ਸਾਜ਼ ਬਜਾਇਆ ਅਤੇ ਚੰਨੀ ਨੇ ਖੁਦ ਵੀ ਗੀਤ ਗਏ। ਵੈਸੈ ਤਾਂ ਮੁੱਖ-ਮੰਤਰੀ ਬਣਨ ਤੋਂ ਬਾਅਦ ਹੀ ਚਰਨਜੀਤ ਸਿੰਘ ਚੰਨੀ ਆਪਣੀ ਸਾਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਹੇ ਨੇ, ਪਰ ਆਪਣੇ ਪੁੱਤਰ ਦੇ ਵਿਆਹ ਦੌਰਾਨ ਵੀ ਉਨ੍ਹਾਂ ਦਾ ਇਹ ਸਾਦਗੀ ਭਰਿਆ ਰਵੱਈਆ ਦੇਖਣ ਨੂੰ ਮਿਲਿਆ। ਇਸ ਦੌਰਾਨ ਜਿੱਥੇ ਉਹ ਗੁਰਦੁਆਰਾ ਸਾਹਿਬ ਵਿੱਚ ਪੰਗਤ ‘ਚ ਬੈਠ ਕੇ ਲੰਗਰ ਛਕਦੇ ਹੋਏ ਦਿਖਾਈ ਦਿੱਤੇ, ਉੱਥੇ ਉਹ ਆਪਣੇ ਪੁੱਤਰ ਦੇ ਵਿਆਹ ਦੀ ਖ਼ੁਸ਼ੀ ਵਿਚ ਨੱਚਦੇ, ਸਾਜ਼ ਵਜਾਂਉਂਦੇ ਤੇ ਗੀਤ ਗਾਉਂਦੇ ਹੋਏ ਵੀ ਵਿਖਾਈ ਦਿੱਤੇ। ਵਿਆਹ ਵਿੱਚ ਸੰਦਲੀ ਵਿਰਸਾ ਦੀ ਟੀਮ ਵੱਲੋ ਲੋਕ ਗੀਤਾਂ ਅਤੇ ਲੋਕ ਬੋਲੀਆਂ ਰਾਹੀਂ ਮਨੋਰੰਜਨ ਕੀਤਾ ਜਾ ਰਿਹਾ ਸੀ, ਇਸੇ ਦੌਰਾਨ ਚਰਨਜਤੀ ਸਿੰਘ ਚੰਨੀ ਵੀ ਉਥੇ ਪਹੁੰਚ ਗਏ, ਜਿਨ੍ਹਾਂ ਨੇ ਟੀਮ ਦੇ ਇਕ ਮੈਂਬਰ ਦੇ ਹੱਥੋਂ ਭੰਗੜੇ ਦੌਰਾਨ ਵਜਾਇਆ ਜਾਣ ਵਾਲਾ ਇਕ ਸਾਜ਼ ਫੜ ਕੇ ਵਜਾਉਣਾ ਸ਼ੁਰੂ ਕਰ ਦਿੱਤਾ।
ਵਰਨਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜਤੀ ਸਿੰਘ ਚੰਨੀ ਦੇ ਵੱਡੇ ਸਪੁੱਤਰ ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ ਨੇੜਲੇ ਪਿੰਡ ਅਮਲਾਲਾ ਦੀ ਸਿਮਰਨਧਰ ਕੌਰ ਨਾਲ ਹੋਇਆ। ਚਰਨਜੀਤ ਸਿੰਘ ਚੰਨੀ ਦੇ ਸਪੁੱਤਰ ਨਵਜੀਤ ਨੇ ਪੰਜਾਬ ਇੰਜੀਨਿਅਰਿੰਗ ਕਾਲਜ ਤੋਂ ਸਿਵਲ ਇੰਜੀਨਿਅਰਿੰਗ ਦੀ ਡਿਗਰੀ ਕਰਕੇ ਫਿਰ ਪੰਜਾਬ ਯੁਨੀਵਰਸਿਟੀ ਤੋਂ ਲਾਅ ਕੀਤਾ ਹੋਇਆ ਹੈ ਜਦਕਿ ਉਨ੍ਹਾਂ ਦੀ ਨੂੰਹ ਰਾਣੀ ਸਿਮਰਨਧੀਰ ਕੌਰ ਨੇ ਵੀ ਇੰਜੀਨਿਅਰਿੰਗ ਕੀਤੀ ਹੋਈ ਹੈ ਅਤੇ ਇਸ ਵੇਲੇ ੳੇਹ ਐਮਬੀਏ ਕਰ ਰਹੀ ਹੈ। ਚੰਨੀ ਆਪਣੀ ਨੂੰਹ ਸਿਮਰਨ ਨੂੰ ਬਹੁਤ ਹੀ ਕਿਸਮਤ ਵਾਲੀ ਮੰਨ ਰਿਹਾ ਹੈ ਕਿਉਂਕਿ ਵਿਆਹ ਤੋਂ ਪਹਿਲਾਂ ਹੀ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਤੋਂ ਮੁੱਖ ਮੰਤਰੀ ਬਣ ਗਏ ਹਨ। ਮੁੱਖ-ਮੰਤਰੀ ਦੇ ਕੁੜਮ ਰਣਧੀਰ ਸਿੰਘ ਡੇਰਾਬੱਸੀ ਨੇੜੇ ਪਿੰਡ ਅਮਲਾਲਾ ਦੇ ਰਹਿਣ ਵਾਲੇ ਹਨ। ਰਣਧੀਰ ਸਿੰਘ ਕੇਂਦਰੀ ਵਿਦਿਆਲਾ ‘ਚ ਬੀਤੇ 17 ਸਾਲਾਂ ਤੋਂ ਪ੍ਰਿੰਸੀਪਲ ਹਨ ਤੇ ਅੱਜਕਲ੍ਹ ਪਟਿਆਲਾ ਟੈਂਪਰਰੀ ਡਿਊਟੀ ‘ਤੇ ਤਾਇਨਾਤ ਹਨ। ਉਨ੍ਹਾਂ ਦੇ ਭਰਾ ਬਲਕਾਰ ਸਿੰਘ ਤੇ ਸਤਨਾਮ ਸਿੰਘ ਅਮਲਾਲਾ ‘ਚ ਹੀ ਰਹਿੰਦੇ ਹਨ।
ਇਸ ਮੌਕੇ ਪੰਜਾਬ ਦੇ ਰਾਜਪਾਲ, ਕਾਂਗਰਸ ਪਾਰਟੀ ਦੇ ਕੈਬਨਿਟ ਮੰਤਰੀਆਂ, ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆਂ ਅਤੇ ਹੋਰਨਾਂ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਨਵਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ। ਅੱਜ 11 ਅਕਤੂਬਰ ਨੂੰ ਖਰੜ ਦੇ ਸੰਨੀ ਇਨਕਲੇਵ ਵਿਚਲੇ ਅਰਿਸਟਾ ਰਿਜੋਰਟ ਵਿਖੇ ਮੁੱਖ ਮੰਤਰੀ ਵਲੋਂ ਰਿਸ਼ੈਪਸ਼ਨ ਪਾਰਟੀ ਦਾ ਵੀ ਆਯੋਜਨ ਕੀਤਾ ਗਿਆ ਹੈ ਜਿਸ ਵਿੱਚ ਕਾਂਗਰਸ ਦੇ ਦਿਗਜ਼ ਨੇਤਾਵਾਂ ਤੋਂ ਇਲਾਵਾ ਹੋਰਨਾਂ ਰਾਜਸੀ ਪਾਰਟੀਆਂ ਦੇ ਸੀਨੀਅਰ ਆਗੂਆਂ ਦੇ ਪਹੁੰਚਣ ਦਾ ਉਮੀਦ ਹੈ।
ਇਸ ਵਿਆਹ ਦੇ ਵਿੱਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਡਿਪਟੀ ਉਪ ਮੁੱਖ ਮੰਤਰੀ ਓ ਪੀ ਸੋਨੀ, ਸੁਖਜਿੰਦਰ ਸਿੰਘ ਰੰਧਾਵਾ ਤੋਂ ਇਲਾਵਾ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਮੰਤਰੀ ਰਾਣਾ ਗੁਰਜੀਤ ਸਿੰਘ, ਮੰਤਰੀ ਰਣਦੀਪ ਸਿੰਘ ਨਾਭਾ, ਸੀਨੀਅਰ ਕਾਂਗਰਸੀ ਨੇਤਾ ਕੁਮਾਰੀ ਸ਼ੈਲਜਾ, ਗੁਰਕੀਰਤ ਸਿੰਘ ਕੋਟਲੀ, ਪਰਗਟ ਸਿੰਘ, ਸੁੱਖ ਸਰਕਾਰੀਆ, ਆਸ਼ੂਤੋਸ਼ ਗੌਤਮ, ਡੀ ਜੀ ਪੀ ਇਕਬਾਲਪ੍ਰੀਤ ਸਿੰਘ ਸਹੋਤਾ ਉਚੇਚੇ ਤੌਰ ‘ਤੇ ਪਹੁੰਚੇ ਹੋਏ ਸਨ। ਇਸ ਤੋਂ ਇਲਾਵਾ ਚੀਫ ਸੈਕਟਰੀ ਪੰਜਾਬ ਅਨਿਰੁੱਧ ਤਿਵਾੜੀ, ਪ੍ਰਿੰਸੀਪਲ ਸੈਕਟਰੀ ਸੀ ਐੱਮ ਹੁਸਨ ਲਾਲ, ਰਜ਼ੀਆ ਸੁਲਤਾਨਾ, ਵਿਧਾਇਕ ਸੁਰਜੀਤ ਸਿੰਘ ਧੀਮਾਨ, ਵਿਧਾਇਕ ਸੁਖਪਾਲ ਸਿੰਘ ਖਹਿਰਾ, ਗੁਰਪ੍ਰੀਤ ਸਿੰਘ ਘੁੱਗੀ, ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਲੁਧਿਆਣਾ, ਕੁਲਜੀਤ ਸਿੰਘ ਨਾਗਰਾ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਬੀਰਦਵਿੰਦਰ ਸਿੰਘ ਸਾਬਕਾ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂਆਂ ਅਤੇ ਵਿਧਾਇਕਾਂ ਨੇ ਉਚੇਤੇ ਤੌਰ ‘ਤੇ ਪੁੱਜ ਕੇ ਜੋੜੇ ਨੂੰ ਅਸ਼ੀਰਵਾਦ ਦਿੱਤਾ।
ਕੈਪਟਨ, ਜਾਖੜ ਅਤੇ ਸਿੱਧੂ ਦੀ ਗੈਰਹਾਜ਼ਰੀ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਦੇ ਵਿਆਹ ‘ਤੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਕਾਂਗਰਸ ਪ੍ਰਧਾਨ ਨਜਵੋਤ ਸਿੰਘ ਸਿੱਧੂ ਨਹੀਂ ਪੁੱਜੇ। ਸਭ ਦੀਆਂ ਨਜ਼ਰਾਂ ਸਿੱਧੂ ‘ਤੇ ਅਮਰਿੰਦਰ ‘ਤੇ ਸਨ ਕਿ ਉਹ ਵਿਆਹ ‘ਚ ਜਰੂਰ ਪਹੁੰਚਣਗੇ ਪਰ ਵਿਆਹ ‘ਚ ਸਿੱਧੂ ਤੇ ਅਮਰਿੰਦਰ ਸਿੰਘ ਦੇ ਪਰਿਵਾਰ ਦਾ ਕੋਈ ਵੀ ਮੈਂਬਰ ਨਜ਼ਰ ਨਹੀਂ ਆਇਆ। ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਨਵਜੋਤ ਸਿੱਧੂ ਦਰਮਿਆਨ ਖਿੱਚੋਤਾਣ ਜਾਰੀ ਹੈ। ਪੰਜਾਬ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੇ ਸਪੁੱਤਰ ਦੇ ਵਿਆਹ ਮੌਕੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਇਸ ਵਿਆਹ ਸਮਾਗਮ ਵਿਚ ਸ਼ਾਮਲ ਹੋਣ ਦਾ ਬਕਾਇਦਾ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਦੀ ਸਮਾਗਮ ਵਿਚ ਗੈਰਹਾਜ਼ਰੀ ਨੇ ਸਿਆਸੀ ਹਲਕਿਆਂ ਵਿਚ ਇਕ ਨਵੀਂ ਚਰਚਾ ਛੇੜ ਦਿੱਤੀ ਹੈ।
ਸਿੱਧੂ ਵਿਆਹ ‘ਚ ਸ਼ਿਰਕਤ ਕਰਨ ਦੀ ਥਾਂ ਮਾਤਾ ਵੈਸ਼ਨੋ ਦੇਵੀ ਪੁੱਜੇ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਨਵਜੀਤ ਸਿੰਘ ਦਾ ਵਿਆਹ ਐਤਵਾਰ ਨੂੰ ਮੋਹਾਲੀ ਦੇ ਸਾਚਾ ਧਨੁ ਗੁਰਦੁਆਰਾ ਸਾਹਿਬ ਵਿੱਚ ਹੋਇਆ। ਸੀਨੀਅਰ ਕਾਂਗਰਸੀ ਆਗੂ ਤੇ ਹੋਰ ਕਈ ਵੱਡੇ ਨੇਤਾ ਇਸ ਮੌਕੇ ਪਹੁੰਚੇ ਪਰ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਸਮਾਗਮ ਤੋਂ ਗੈਰ-ਹਾਜ਼ਰ ਰਹੇ। ਸਿੱਧੂ ਲਖੀਮਪੁਰ ਖੇੜੀ ਤੋਂ ਸਿੱਧਾ ਜੰਮੂ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਦੇ ਦਰਸ਼ਨ ਕਰਨ ਗਏ। ਨਵਜੋਤ ਸਿੰਘ ਸਿੱਧੂ ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਤੋਂ ਪੰਜਾਬ ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ਵਿੱਚ ਪੁੱਜਣ ਦੀ ਥਾਂ ਸਿੱਧਾ ਵੈਸ਼ਨੋਦੇਵੀ ਪੁੱਜੇ। ਉਨ੍ਹਾਂ ਨਾਲ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਰਾਜ ਕੁਮਾਰ ਚੱਬੇਵਾਲ ਵੀ ਹਾਜ਼ਰ ਸਨ। ਚੰਨੀ ਦੇ ਬੇਟੇ ਦੇ ਵਿਆਹ ਵਿੱਚੋਂ ਸਿੱਧੂ ਦੀ ਗੈਰ-ਹਾਜ਼ਰੀ ਨੇ ਸਿੱਧੂ-ਚੰਨੀ ਦਰਮਿਆਨ ਲਗਾਤਾਰ ਵਧਦੀ ਫੁੱਟ ਬਾਰੇ ਅਟਕਲਾਂ ਨੂੰ ਹੋਰ ਵਧਾ ਦਿੱਤਾ ਹੈ। ਇਸ ਦੌਰਾਨ ਸਿੱਧੂ ਨੇ ਟਵੀਟ ਕੀਤਾ ਕਿ “ਨਵਰਾਤਰਿਆਂ ਦੌਰਾਨ, ਦੇਵੀ ਦੇ ਦਰਸ਼ਨ ਕਰਨ ਦਾ ਅਨੰਦ ਪ੍ਰਾਪਤ ਕੀਤਾ, ਜੋ ਰੂਹ ਦੀ ਸਾਰੀ ਗੰਦਗੀ ਨੂੰ ਧੋ ਦਿੰਦਾ ਹੈ। ਮੈਨੂੰ ਮਾਤਾ ਵੈਸ਼ਨੋ ਦੇ ਕੰਵਲ ਚਰਨਾਂ ‘ਤੇ ਆ ਕੇ ਖੁਸ਼ੀ ਹੋਈ।
ਵਰਨਣਯੋਗ ਹੇ ਕਿ ਨਵਜੋਤ ਸਿੰਘ ਸਿੱਧੂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਮੁੱਖ ਮੰਤਰੀ ਬਣਨ ਦੀ ਇੱਛਾ ਜ਼ਾਹਰ ਕਰ ਰਹੇ ਹਨ। ਵਾਇਰਲ ਵੀਡੀਓ ਵਿੱਚ ਸਿੱਧੂ ਕਹਿ ਰਹੇ ਹਨ ਕਿ ਇਹ ਆਦਮੀ (ਚੰਨੀ) 2022 ਵਿੱਚ ਕਾਂਗਰਸ ਨੂੰ ਡੋਬ ਦੇਵੇਗਾ, ਇਸ ਦੀ ਬਜਾਏ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਨਾਉਣਾ ਚਾਹੀਦਾ ਹੈ।