ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕਾਂਗਰਸੀ ਆਗੂ ਹਰੀਸ਼ ਚੌਧਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੇਪੀ ਰਾਣਾ ਨੇ ਮੰਗਲਵਾਰ ਨੂੰ ਰੁਦਰਪ੍ਰਯਾਗ ਵਿੱਚ ਕੇਦਾਰਨਾਥ ਮੰਦਿਰ ਦੀ ਯਾਤਰਾ ਕੀਤੀ। ਕਾਂਗਰਸ ਦਾ ਨਾਟਕੀ ਘਟਨਾਕ੍ਰਮ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ। ਇਕ ਦਿਨ ਪਹਿਲਾਂ ਸੋਮਵਾਰ ਨੂੰ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਫ਼ੈਸਲਿਆਂ ‘ਤੇ ਸਵਾਲ ਉਠਾ ਰਹੇ ਸਨ ਤੇ ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਦੇ ਅਸਤੀਫ਼ੇ ਨੂੰ ਨਾਮਨਜ਼ੂਰ ਕਰ ਦਿੱਤਾ। ਇਕ ਦਿਨ ਬਾਅਦ ਹੀ ਚੰਨੀ ਤੇ ਸਿੱਧੂ ਇੱਕੋ ਹੈਲੀਕਾਪਟਰ ‘ਚ ਬੈਠ ਕੇ ਕੇਦਾਰਨਾਥ ਮਹਾਕਾਲ ਦੇ ਦਰਸ਼ਨ ਕਰਨ ਚਲੇ ਗਏ। ਚੰਨੀ ਤੇ ਸਿੱਧੂ ਨੂੰ ਇਕ ਵਾਰ ਫਿਰ ਇਕੱਠੇ ਦੇਖ ਕੇ ਸਿਆਸੀ ਗਲਿਆਰਿਆਂ ‘ਚ ਇਸ ਪੂਰੇ ਘਟਨਾਕ੍ਰਮ ਸਬੰਧੀ ਚਰਚੇ ਤੇਜ਼ ਹੋ ਗਏ। ਸਾਰੇ ਇਹ ਸਵਾਲ ਲੱਭਣ ‘ਚ ਜੁਟ ਗਏ ਕਿ ਆਖ਼ਿਰ ਰਾਤੋਂ-ਰਾਤ ਅਜਿਹਾ ਕੀ ਹੋ ਗਿਆ ਕਿ ਦੋਵੇਂ ਆਗੂ ਇਕੱਠੇ ਆਉਣ ਨੂੰ ਤਿਆਰ ਹੋ ਗਏ। ਸੋਮਵਾਰ ਦਾ ਦਿਨ ਪੰਜਾਬ ਦੀ ਸਿਆਸਤ ਲਈ ਖਾਸਾ ਅਹਿਮ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਿਜਲੀ ਦਰਾਂ ‘ਚ 3 ਰੁਪਏ ਯੂਨਿਟ ਕਟੌਤੀ ਕਰ ਦਿੱਤੀ। ਇਹ ਉਹ ਮੁੱਦਾ ਸੀ ਜਿਸ ਨੂੰ ਨਵਜੋਤ ਸਿੰਘ ਸਿੱਧੂ ਚੁੱਕ ਰਹੇ ਸਨ। ਸਿੱਧੂ 3 ਰੁਪਏ ਯੂਨਿਟ ਬਿਜਲੀ ਬਿੱਲ ਜ਼ਰੀਏ 2022 ਚੋਣਾਂ ਨੂੰ ਨਵੀਂ ਧਾਰ ਦੇ ਰਹੇ ਸਨ ਪਰ ਮੁੱਖ ਮੰਤਰੀ ਨੇ 3 ਰੁਪਏ ਯੂਨਿਟ ਬਿਜਲੀ ਬਿੱਲ ਵਿਚ ਕਟੌਤੀ ਕਰ ਦਿੱਤੀ। ਸਿੱਧੂ ਦਾ ਮੁੱਦਾ ਹੀ ਖੋਹ ਲਿਆ। ਇਸ ਤੋਂ ਬਾਅਦ ਸਿੱਧੂ ਨੇ ਪੈਂਤੜਾ ਬਦਲਿਆ ਤੇ ਸਵਾਲ ਖੜ੍ਹੇ ਕਰ ਦਿੱਤੇ ਕਿ ਮੁੱਖ ਮੰਤਰੀ ਜਿਹੜੇ ਮੁਫ਼ਤ ਐਲਾਨ ਕਰ ਰਹੇ ਹਨ, ਉਸ ਦੇ ਲਈ ਫੰਡ ਕਿੱਥੋਂ ਆਉਣਗੇ। ਇਹੀ ਨਹੀਂ ਸਿੱਧੂ ਦੇ ਦਬਾਅ ‘ਚ ਇਕ ਵਾਰ ਤਾਂ ਐਡਵੋਕੇਟ ਜਨਰਲ ਏਪੀਐੱਸ ਦਿਓਲ ਦਾ ਅਸਤੀਫ਼ਾ ਦੇ ਹੀ ਦਿੱਤਾ ਸੀ ਜਿਸ ਨੂੰ ਕੈਬਨਿਟ ‘ਚ ਮਨਜ਼ੂਰ ਵੀ ਕਰ ਲਿਆ ਜਾਂਦਾ ਪਰ ਸਿੱਧੂ ਦੇ ਰੁਖ਼ ਨੂੰ ਦੇਖਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਅੜ ਗਏ। ਉਨ੍ਹਾਂ ਇਸ ਅਸਤੀਫ਼ੇ ਦੀ ਹੋਂਦ ਹੀ ਮਿਟਾ ਦਿੱਤੀ।
previous post