ਚੰਡੀਗੜ੍ਹ – ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਨੂੰ ਹੁਣ ਥੋੜ੍ਹੇ ਹੀ ਦਿਨ ਬਾਕੀ ਹਨ । ਪਰ ਉਸ ਤੋਂ ਪਹਿਲਾ ਕਾਂਗਰਸ ਪਾਰਟੀ ਨੇ ਪੰਜਾਬ ਦੀ ਸਿਆਸਤ ਵਿੱਚ ਧਮਾਕਾ ਕਰਦਿਆਂ ਆਪਣੇ ਮੁੱਖ ਮੰਤਰੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਲੁਧਿਆਣਾ ਪਹੁੰਚੇ ਰਾਹੁਲ ਗਾਂਧੀ ਵੱਲੋਂ ਵਰਚੁਅਲ ਰੈਲੀ ਦੌਰਾਨ ਚਰਨਜੀਤ ਚੰਨੀ ਨੂੰ ਕਾਂਗਰਸ ਦਾ CM ਫੇਸ ਐਲਾਨਿਆ ਗਿਆ ਹੈ। ਕਾਂਗਰਸ ਵੱਲੋਂ ਐਤਵਾਰ ਨੂੰ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕੀਤਾ ਗਿਆ ਹੈ। ਕਾਂਗਰਸ ਦੇ CM ਉਮੀਦਵਾਰ ਦੀ ਰੇਸ ਵਿੱਚ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ਸ਼ਾਮਿਲ ਸਨ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਵਿੱਚ ਚੰਨੀ ਤੇ ਸਿੱਧੂ ਦੋਹਾਂ ਨੂੰ CM ਫੇਸ ਬਣਾਇਆ ਜਾਵੇਗਾ ਤੇ ਢਾਈ-ਢਾਈ ਸਾਲ ਲਈ ਦੋਹਾਂ ਨੇਤਾਵਾਂ ਨੂੰ CM ਬਣਾਇਆ ਜਾਵੇਗਾ, ਪਰ ਐਤਵਾਰ ਨੂੰ ਕਾਂਗਰਸ ਹਾਈਕਮਾਨ ਨੇ ਚਰਨਜੀਤ ਚੰਨੀ ਦੇ ਨਾਮ ‘ਤੇ CM ਚਿਹਰੇ ਵਜੋਂ ਮੋਹਰ ਲਗਾ ਦਿੱਤੀ ਗਈ ਹੈ।
ਕਾਂਗਰਸ ਵੱਲੋਂ ਅੱਜ ਲੰਮੇ ਸਮੇਂ ਦਾ ਸਸਪੈਂਸ ਖ਼ਤਮ ਕਰਦੇ ਹੋਏ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰ ਦਿੱਤਾ ਗਿਆ। ਰਾਹੁਲ ਗਾਂਧੀ ਨੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਲਈ ਸੀ.ਐੱਮ. ਫ਼ੇਸ ਐਲਾਨਿਆ ਹੈ। ਸੀ.ਐੱਮ. ਫ਼ੇਸ ਦੇ ਐਲਾਨ ਪਿੱਛੋਂ ਚਰਨਜੀਤ ਸਿੰਘ ਚੰਨੀ ਭਾਵੁਕ ਹੋ ਗਏ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਦੀ ਜਨਤਾ ਤੇ ਰਾਹੁਲ ਗਾਂਧੀ ਦਾ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਵਰਗੇ ਗਰੀਬ ਨੂੰ ਮੁੱਖ ਮੰਤਰੀ ਉਮੀਵਾਰ ਐਲਾਨਿਆ। ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਲਈ ਨਾ ਸੋਵਾਂਗਾ ਨਾ ਸੌਣ ਦੇਵਾਂਗੇ। ਮੈਂ ਸਿਰਫ ਜ਼ਰੀਆ ਹੋਵਾਂਗਾ, ਜੋ ਨਵਜੋਤ ਸਿੰਘ ਸਿੱਧੂ ਪੰਜਾਬ ਲਈ ਕਰਨਾ ਚਾਹੁੰਦੇ ਹਨ ਉਹ ਕਰ ਸਕਦੇ ਹਨ, ਜੋ ਸੁਨੀਲ ਜਾਖੜ ਕਰਨਾ ਚਾਹੁਣਗੇ ਉਹ ਕਰ ਸਕਣਗੇ। ਅਸੀਂ ਸਾਰੇ ਮਿਲ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਵਾਂਗੇ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੁਧਿਆਣਾ ਵਿਖੇ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਤੇ ਆਮ ਆਦਮੀ ਪਾਰਟੀ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਉਨ੍ਹਾਂ ਕਿਹਾ ਕਿ ਖੇਤੀ ਬਿੱਲਾਂ ਖਿਲਾਫ ਅੰਦੋਲਨ ‘ਚ ਸ਼ਹੀਦ ਹੋਏ 700 ਕਿਸਾਨਾਂ ਦੀ ਜ਼ਿੰਮੇਵਾਰ ਭਾਜਪਾ ਸਰਕਾਰ ਹੈ। ਇਨ੍ਹਾਂ 700 ਸ਼ਹੀਦ ਕਿਸਾਨਾਂ ਦਾ ਘਾਟਾ ਕੌਣ ਪੂਰਾ ਕਰੇਗਾ। ਪੰਜਾਬ ਦੇ ਕਿਸਾਨਾਂ ਨੇ ਆਪਣੇ ਸੂਬੇ ਦੀ ਅਰਥਵਿਵਸਥਾ ਨੂੰ ਕਾਇਮ ਰੱਖਣ ਲਈ ਸੰਘਰਸ਼ ਲੜਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵੀ ਖੇਤੀ ਕਾਨੂੰਨ ਬਣਾਉਣ ‘ਚ ਯੋਗਦਾਨ ਪਾਇਆ ਸੀ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਸਰਕਾਰ ਨੇ ਸੂਬੇ ‘ਚ ਕਾਨੂੰਨ ਲਾਗੂ ਕਰਨ ਦਾ ਰਾਹ ਸਾਫ ਕੀਤਾ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਮੇਰੇ ‘ਤੇ ਬਹੁਤ ਵੱਡੇ ਇਲਜ਼ਾਮ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਗੱਲ ਕਿਸੇ ਦੀ ਹੋ ਰਹੀ ਹੋਵੇ ਪਰ ਮੇਰਾ ਨਾਂ ‘ਚ ਲਿਆਂਦਾ ਜਾਂਦਾ ਹੈ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਮੈਂ ਤੇ ਮੇਰੀ ਪਤਨੀ ਅੱਗੇ ਤੋਂ ਕੋਈ ਪ੍ਰਾਪਰਟੀ ਨਹੀਂ ਖਰੀਦਾਂਗੇ ਤੇ ਨਾ ਹੀ ਕੋਈ ਬਿਜ਼ਨੈੱਸ ਕਰਾਂਗੇ। ਉਨ੍ਹਾਂ ਕਿਹਾ ਕਿ ਮੇਰੇ ‘ਤੇ ਅੱਜ ਤਕ ਕਿਸੇ ਨੇ ਉਂਗਲ ਨਹੀਂ ਚੁੱਕੀ ਪਰ ਹੁਣ ਆਮ ਆਦਮੀ ਪਾਰਟੀ ਮੇਰੇ ‘ਤੇ ਇਲਜ਼ਾਮ ਲਾਉਂਦੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਨਵੀਨਰ ਅਰਵਿੰਦ ਕੇਜਰੀਵਾਲ ਮਹਿੰਗੇ ਹੋਟਲਾਂ ‘ਚ ਰਹਿੰਦਾ ਹੈ ਪਰ ਆਪਣੇ ਆਪ ਨੂੰ ਆਮ ਆਦਮੀ ਅਖਵਾਉਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਭ੍ਰਿਸ਼ਟ ਆਮ ਆਦਮੀ ਪਾਰਟੀ ‘ਚ ਸ਼ਾਮਲ ਹੁੰਦਾ ਹੈ, ਉਹ ਦੁੱਧ ਧੋਤਾ ਹੋ ਜਾਂਦਾ ਹੈ। ਉਸ ਦੇ ਸਾਰੇ ਗੁਨਾਹ ਮੁਆਫ਼ ਹੋ ਜਾਂਦੇ ਹਨ।
ਇਸ ਤੋਂ ਪਹਿਲਾਂ ਜਦੋਂ ਸਾਰਿਆਂ ਦੀਆਂ ਨਜ਼ਰਾਂ ਨਵਜੋਤ ਸਿੱਧੂ ਦੇ ਸੰਬੋਧਨ ‘ਤੇ ਟਿਕੀਆਂ ਹੋਈਆਂ ਸਨ ਤਾਂ ਅਚਾਨਕ ਸਟੇਜ ‘ਤੇ ਬੈਠੇ ਮੁੱਖ ਮੰਤਰੀ ਚਰਨਜੀਤ ਚੰਨੀ ਆਪਣੀ ਥਾਂ ਤੋਂ ਉਠੇ ਅਤੇ ਨਵਜੋਤ ਸਿੱਧੂ ਨੂੰ ਜੱਫ਼ੀ ਪਾ ਲਈ। ਦਰਅਸਲ ਰੈਲੀ ਵਿਚ ਸੰਬੋਧਨ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਫ਼ੈਸਲੇ ਦੀ ਘ਼ੜੀ ਹੈ। ਮੈਨੂੰ ਕਿਸੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ ਪਰ ਮੈਨੂੰ ਦਰਸ਼ਨੀ ਘੋੜਾ ਨਾ ਬਨਣ ਦੇਣਾ। ਮੈਨੂੰ ਫ਼ੈਸਲਾ ਲੈਣ ਦੀ ਤਾਕਤ ਦਿਓ। ਪੰਜਾਬ ਲਈ ਰੱਖੀ ਜਾ ਰਹੀ ਨੀਂਹ ਦਾ ਉਹ ਪਹਿਲਾ ਪੱਥਰ ਬਨਣ ਲਈ ਤਿਆਰ ਹਨ। ਇਸ ਦੌਰਾਨ ਜਦੋਂ ਸਿੱਧੂ ਨੇ ਸਟੇਜ ‘ਤੇ ਬੈਠੇ ਚਰਨਜੀਤ ਚੰਨੀ ਨੂੰ ਤਾੜੀਆਂ ਮਾਰਨ ਲਈ ਆਖਿਆ ਤਾਂ ਚੰਨੀ ਆਪਣੀ ਜਗ੍ਹਾ ਤੋਂ ਉੱਠੇ ਅਤੇ ਸਿੱਧੂ ਨੂੰ ਕਲਾਵੇ ਵਿਚ ਲੈ ਲਿਆ। ਸਿੱਧੂ ਨੇ ਐਲਾਨ ਕੀਤਾ ਕਿ ਜਦੋਂ ਤਕ ਉਹ ਪ੍ਰਧਾਨ ਨਹੀਂ ਉਦੋਂ ਤਕ ਉਹ ਕਿਸੇ ਵਿਧਾਇਕ ਦੇ ਪੁੱਤਰ ਨੂੰ ਚੇਅਰਮੈਨ ਨਹੀਂ ਬਣਨ ਦੇਣਗੇ, ਸਿਰਫ ਆਮ ਵਰਕਰ ਵਿਚੋਂ ਹੀ ਚੇਅਰਮੈਨ ਬਣਾਇਆ ਜਾਵੇਗਾ। ਜੇਕਰ ਕਿਸੇ ਵਿਧਾਇਕ ਦਾ ਪੁੱਤਰ ਚੇਅਰਮੈਨ ਬਣਦਾ ਹੈ ਤਾਂ ਉਹ ਅਸਤੀਫ਼ਾ ਦੇ ਦੇਣਗੇ। ਸਿੱਧੂ ਨੇ ਕਿਹਾ ਕਿ ਜੇ ਮੈਨੂੰ ਫ਼ੈਸਲੇ ਲੈਣ ਦੀ ਤਾਕਤ ਮਿਲੀ ਤਾਂ ਮੈਂ ਪੰਜਾਬ ਵਿਚੋਂ ਮਾਫੀਆ ਖ਼ਤਮ ਕਰ ਦੇਵਾਂਗਾ। ਮੈਨੂੰ ਮੁੱਖ ਮੰਤਰੀ ਚਿਹਰਾ ਨਾ ਬਣਾਇਆ ਤਾਂ ਜਿਸ ਨੂੰ ਬਣਾਇਆ ਜਾਵੇਗਾ ਤਾਂ ਉਸ ਦਾ ਸਾਥ ਦੇਵਾਂਗਾ।
ਇਸ ਮੌਕੇ ਉਨ੍ਹਾਂ ਦੇ ਸੰਬੋਧਨ ‘ਚ ਬੋਲਦਿਆਂ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਦੇ ਵਿਜ਼ਨ ‘ਤੇ ਚਲਣਗੇ ਅਤੇ ਉਨ੍ਹਾਂ ਦੀ ਕੋਈ ਹੋਰ ਲਾਲਸਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਰਟੀ ਹਾਈਕਮਾਨ ਦਾ ਜੋ ਫ਼ੈਸਲਾ ਹੋਵੇਗਾ ਸਿੱਧੂ ਨੂੰ ਕਬੂਲ ਹੋਵੇਗਾ। ਸਿੱਧੂ ਨੇ ਆਪਣੇ ਸੰਬੋਧਨ ‘ਚ ਬੋਲਦਿਆਂ ਕਿਹਾ ਕਿ ਅੱਜ ਕੁਝ ਵੀ ਅਧੂਰਾ ਨਹੀਂ ਰਹੇਗਾ। ਅੱਜ ਦਵੰਧ ‘ਚੋਂ ਕੱਢਣ ਦਾ ਸਮਾਂ ਆ ਗਿਆ ਹੈ।ਉਨ੍ਹਾਂ ਕਿਹਾ ਕਿ ਉਹ 13 ਸਾਲ ਤੱਕ ਬੀਜੇਪੀ ਪਾਰਟੀ ਦਾ ਹਿੱਸਾ ਰਹੇ ਪਰ ਮੈਨੂੰ ਉੱਥੇ ਕੋਈ ਮਾਨ ਸਨਮਾਨ ਨਹੀਂ ਮਿਲਿਆ ਪਰ ਮੈਂ ਜਦੋਂ ਕਾਂਗਰਸ ਪਾਰਟੀ ‘ਚ ਸ਼ਾਮਲ ਹੋਇਆ ਤਾਂ ਇੱਥੇ ਆਉਂਦੇ ਹੀ ਮੈਨੂੰ ਪੰਜਾਬ ਪ੍ਰਧਾਨ ਬਣਾਇਆ ਗਿਆ ਜਿਸ ਲਈ ਮੈਂ ਕਾਂਗਰਸ ਪਾਰਟੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ। ਸਿੱਧੂ ਨੇ ਅਨੁਸੂਚਿਤ ਵਰਗ ਨੂੰ ਮੁੱਖ ਮੰਤਰੀ ਬਣਾਉਣ ‘ਤੇ ਰਾਹੁਲ ਗਾਂਧੀ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ‘ਚ ਇਸ ਵਾਰ ਫ਼ਿਰ ਕਾਂਗਰਸ ਸੱਤਾ ‘ਚ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਨਸ਼ਾ ਤਸਕਰ ਦਾ ਖ਼ਾਤਮਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕਰਜ਼ਾ ਮੁਕਤ ਪੰਜਾਬ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੈਨੀਫੈਸਟੋ ‘ਚ ਸਾਰੇ ਸਰਕਾਰੀ ਕੰਮਾਂ ਨੂੰ ਆਨਲਾਈਨ ਕੀਤਾ ਜਾਵੇਗਾ ਤਾਂ ਜੋ ਲੋਕਾਂ ਨੂੰ ਘਰੇ ਬੈਠ ਕੇ ਬਰਥ ਸਰਟੀਫਿਕੇਟ, ਡੈਥ ਸਰਟੀਫੀਕੇਟ, ਲਾਇਸੈਂਸ, ਸਾਰੀ ਸਰਕਾਰੀ ਡਾਕੂਮੈਂਟ ਮਿਲ ਸਕਣ। ਸਿੰਗਲ ਵਿੰਡੋ ਸਿਸਟ ਬਣਾਇਆ ਜਾਵੇਗਾ। ਸਿੱਧੂ ਨੇ ਆਪਣੇ ਵਾਕਾਂ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਜਾਂ ਤਾਂ ਪੰਜਾਬ ‘ਚ ਮਾਫੀਆ ਰਹੇਗਾ ਜਾਂ ਸਿੱਧੂ ਰਹੇਗਾ। ਸਿੱਧੂ ਨੇ ਆਪਣੇ ਸੰਬੋਧਨ ‘ਚ ਕਿਹਾ ਕਿ ਉਨ੍ਹਾਂ ਨੂੰ ਸੱਤਾ ਜਾਂ ਅਹੁਦੇ ਦਾ ਕੋਈ ਲਾਲਚ ਨਹੀਂ ਹੈ। ਉਹ ਸਿਰਫ਼ ਪੰਜਾਬ ਅਤੇ ਕਾਂਗਰਸ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹਰ ਔਰਤ ਨੂੰ ਸਿਲੰਡਰ, ਪੜ੍ਹਨ ਵਾਲੀਆਂ ਕੁੜੀਆਂ ਨੂੰ ਵਜ਼ੀਫਾ ਰਾਸ਼ੀ ਅਤੇ ਪੰਜਾਬ ‘ਚ ਪੰਚਾਇਤੀ ਰਾਜ ਕਾਇਮ ਕਰਕੇ ਰਾਜੀਵ ਗਾਂਧੀ ਦੇ ਸੁਫ਼ਨੇ ਨੂੰ ਚਾਰ ਚੰਨ ਲਗਾਉਣਾ ਮੇਰਾ ਸੁਫ਼ਨਾ ਹੈ। ਸਿੱਧੂ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਦਾ ਦਰਸ਼ਨੀ ਘੋੜਾ ਬਣ ਕੇ ਨਹੀਂ ਰਹਿਣਾ ਚਾਹੁੰਦਾ ਸਗੋਂ ਪੰਜਾਬ ਦੀ ਮਜ਼ਬੂਤ ਨੀਂਹ ਬਣ ਕੇ ਰਹਿਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਜੇਕਰ ਉਹ ਪੰਜਾਬ ਦੇ ਮੁੱਖ ਮੰਤਰੀ ਨਹੀਂ ਵੀ ਬਣਦੇ ਤਾਂ ਵੀ ਪਾਰਟੀ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਣਗੇ।
ਇਸ ਰੈਲੀ ‘ਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਵਿਰੋਧੀ ਪਾਰਟੀਆਂ ‘ਤੇ ਤਿੱਖੇ ਨਿਸ਼ਾਨੇ ਵਿੰਨ੍ਹੇ। ਸੁਨੀਲ ਜਾਖੜ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ, ਆਮ ਆਦਮੀ ਪਾਰਟੀ ਅਤੇ ਭਾਜਪਾ ਆਪਸ ‘ਚ ਮਿਲੀਆਂ ਹੋਈਆਂ ਹਨ।ਇਹ ਤਿੰਨੋਂ ਪਾਰਟੀਆਂ ਇਕ ਹਨ। ਜਾਖੜ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਮੁੱਖ ਉਦੇਸ਼ ਪੰਜਾਬ ਦੀ ਸੱਤਾ ਹਾਸਲ ਕਰਨਾ ਹੈ। ਜਾਖੜ ਨੇ ਅਕਾਲੀਆਂ ‘ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਨੂੰ ਇਕ ਵਾਰ ਫਿਰ ਤੋਂ ਹੋਰ ਲੁੱਟਣਾ ਚਾਹੁੰਦੇ ਹਨ। ਸੁਨੀਲ ਜਾਖੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਛੱਡ ਕੇ ਅਕਾਲੀ ਦਲ, ਭਾਜਪਾ, ‘ਆਪ’ ਸਮੇਤ ਸਾਰੇ ਰਾਜਸੀ ਦਲ ਪੰਜਾਬ ਦਾ ਭਲਾ ਕਰਨ ਦੀ ਬਜਾਏ ਆਪਣੇ ਹਿੱਤਾਂ ਦੀ ਰਾਖੀ ਕਰਨ ਅਤੇ ਸੱਤਾ ਪ੍ਰਾਪਤ ਕਰਨ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚਾ ਕਰਕੇ ‘ਆਪ’ ਜਾਂ ਅਕਾਲੀ ਦਲ ਜਿੱਤ ਗਿਆ, ਤਾਂ ਇਹ ਸ਼ਹੀਦ ਹੋਏ 700 ਕਿਸਾਨਾਂ ਦੀ ਰੂਹ ਨੂੰ ਕੰਬਾ ਦੇਵੇਗਾ ਅਤੇ ਇਹ ਉਨ੍ਹਾਂ ਨਾਲ ਬੇਇਨਸਾਫ਼ੀ ਹੋਵੇਗੀ। ਸੁਨੀਲ ਜਾਖ਼ੜ ਨੇ ਕਿਹਾ ਕਿ ਨਕਾਬਾਂ ਨਾਲ ਜਿਹੜੇ ਚਿਹਰੇ ਢਕੇ ਹੋਏ ਸਨ, ਉਹ ਅੱਜ ਬੇਨਕਾਬ ਹੋ ਗਏ ਹਨ। ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਬੇਨਕਾਬ ਹੋ ਗਏ ਹਨ। ਭਾਜਪਾ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਇਕੋ ਥਾਲ਼ੀ ਦੇ ਚੱਟੇ ਵੱਟੇ ਹਨ। ਭਾਜਪਾ ਨੇ ਕਿਸਾਨਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰ ਨੇ ਬਜਟ ਦੇ ਅੰਦਰ ਕਿਸਾਨਾਂ ਦੀ ਸਬਸਿਡੀ ਘਟਾਉਣ ਦਾ ਕੰਮ ਕੀਤਾ ਹੈ। ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਕਿਸਾਨਾਂ ਦੇ ਨਾਲ ਹਮੇਸ਼ਾ ਖੜ੍ਹੇ ਰਹਿੰਦੇ ਹਨ। ਇਸ ਪੰਜਾਬ ਨੂੰ ਕਿਸਾਨਾਂ ਅਤੇ ਜਵਾਨਾਂ ਦੇ ਨਾਂ ਤੋਂ ਜਾਣਿਆ ਜਾਂਦਾ ਹੈ।
ਰਾਹੁਲ ਗਾਂਧੀ ਦੇ ਮੂੰਹ ’ਤੇ ਲੱਗਾ ਝੰਡਾ
ਹਲਵਾਰਾ ਤੋਂ ਲੁਧਿਆਣਾ ਸਥਿਤ ਹਯਾਤ ਰਿਜੈਂਸੀ ਜਾਣ ਦੌਰਾਨ ਜਦੋਂ ਉਨ੍ਹਾਂ ਦੀ ਕਾਰ ਰਿਜ਼ੋਰਟ ਦੇ ਕੋਲ ਪੁੱਜੀ ਤਾਂ ਉਹ ਸ਼ੀਸ਼ਾ ਖੋਲ੍ਹ ਕੇ ਸਵਾਗਤ ਕਬੂਲ ਕਰ ਰਹੇ ਸਨ। ਇਕ ਨੌਜਵਾਨ ਨੇ ਉਨ੍ਹਾਂ ਦੀ ਕਾਰ ਵੱਲ ਝੰਡਾ ਸੁੱਟਿਆ ਜੋ ਉਨ੍ਹਾਂ ਦੇ ਮੂੰਹ ’ਤੇ ਲੱਗਾ ਪਰ ਸੱਟ ਲੱਗਣ ਤੋਂ ਬਚਾਅ ਰਿਹਾ। ਉਸ ਮਗਰੋਂ ਰਾਹੁਲ ਨੇ ਸ਼ੀਸ਼ਾ ਬੰਦ ਕਰ ਲਿਆ। ਉਸ ਸਮੇਂ ਸੀਨੀਅਰ ਕਾਂਗਰਸੀ ਆਗੂ ਸੁਨੀਲ ਜਾਖੜ ਕਾਰ ਚਲਾ ਰਹੇ ਸਨ ਜਦਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵਿਧਾਇਕ ਨਵਜੋਤ ਸਿੱਧੂ ਪਿੱਛੇ ਬੈਠੇ ਸਨ। ਇਸ ਮਗਰੋਂ ਮਗਰੋਂ ਸੁਰੱਖਿਆ ਵਿਚ ਤਾਇਨਾਤ ਸਾਰੇ ਅਫਸਰਾਂ ਦੇ ਹੱਥ ਪੈਰ ਫੁੱਲ ਗਏ। ਦੱਸਿਆ ਜਾਂਦਾ ਹੈ ਕਿ ਝੰਡਾ ਸੁੱਟਣ ਵਾਲਾ ਨੌਜਵਾਨ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ (ਐੱਨਐੱਸਯੂਆਈ) ਦਾ ਕਾਰਕੁਨ ਸੀ ਤੇ ਉਸ ਨੇ ਜੋਸ਼ ਵਿਚ ਆ ਕੇ ਰਾਹੁਲ ਵੱਲ ਝੰਡਾ ਸੁੱਟਿਆ ਹੈ।
ਸਿੱਖ ਦੰਗਾ ਪੀੜਤਾਂ ਨੇ ਕਾਲੇ ਝੰਡੇ ਵਿਖਾਏ
ਕਾਂਗਰਸ ਪਾਰਟੀ ਵੱਲੋਂ ਕਰਵਾਈ ਰਾਹੁਲ ਦੀ ਵਰਚੂਅਲ ਰੈਲੀ ਦੌਰਾਨ 1984 ਸਿੱਖ ਦੰਗਾ ਪੀੜਤਾਂ ਨੇ ਕਾਲੇ ਝੰਡੇ ਲੈ ਕੇ ਤਿੱਖਾ ਰੋਸ ਮੁਜ਼ਾਹਰਾ ਕੀਤਾ। ਵੱਡੀ ਗਿਣਤੀ ਵਿਚ ਦੰਗਾ ਪੀੜਤ ਔਰਤਾਂ ਤੇ ਪੁਰਸ਼ ਇਕਜੁੱਟ ਹੋਏ ਤੇ ਤਿੱਖੇ ਨਾਅਰੇ ਲਾਉਣ ਲੱਗੇ। ਦੁਗਰੀ ਇਲਾਕੇ ਵਿਚ ਰੋਸ ਮੁਜ਼ਾਹਰੇ ਬਾਰੇ ਪੁਲਿਸ ਨੂੰ ਸੂਚਨਾ ਮਿਲ ਗਈ ਸੀ। ਇਸ ਮੌਕੇ ਮੁਜ਼ਾਹਰਾਕਾਰੀ ਜਸਵਿੰਦਰ ਸਿੰਘ, ਮਨਪ੍ਰੀਤ ਕੌਰ ਨੇ ਕਿਹਾ ਕਿ ਕਾਂਗਰਸ ਸਿੱਖ ਵਿਰੋਧੀ ਕਤਲੇਆਮ ਦੇ ਦੋਸ਼ੀ ਹਨ ਤੇ ਖ਼ਾਸਕਰ ਰਾਜੀਵ ਗਾਂਧੀ ਤੇ ਅਜੈ ਮਾਕਨ ਦੇ ਪਿਤਾ ਲਲਿਤ ਮਾਕਨ ਮੁਲਜ਼ਮ ਹਨ। ਉਨ੍ਹਾਂ ਕਿਹਾ ਕਿ ਵੱਡੇ ਕਾਂਗਰਸੀਆਂ ਨੇ ਦੰਗੇ ਕਰਵਾਏ ਸਨ।