ਮਾਨਸਾ – ਬੀਤੇ ਦਿਨੀਂ ਮਾਨਸਾ ਵਿਖੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੇ ਦੌਰੇ ਦੌਰਾਨ ਬੇਰੁਜ਼ਗਾਰ ਅਧਿਆਪਕਾਂ ‘ਤੇ ਹੋਏ ਲਾਠੀਚਾਰਜ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਹ ਹੁਕਮ ਪ੍ਰਮੁੱਖ ਸਕੱਤਰ ਗ੍ਰਹਿ ਅਨੁਰਾਗ ਵਰਮਾ ਵੱਲੋਂ ਦਿੱਤੇ ਗਏ ਹਨ। ਇਸ ਦੀ ਜਾਂਚ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੰਗਰੂਰ ਅਮੋਲ ਸਿੰਘ ਧਾਲੀਵਾਲ ਕਰਨਗੇ ਅਤੇ ਇੱਕ ਹਫ਼ਤੇ ਦੇ ਅੰਦਰ ਆਪਣੀ ਰਿਪੋਰਟ ਸਰਕਾਰ ਨੂੰ ਸੌਂਪਣਗੇ।ਇੱਥੇ ਜ਼ਿਕਰਯੋਗ ਹੈ ਕਿ ਅਨਾਜ ਮੰਡੀ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਪਿਛਲੇ ਦਿਨੀਂ ਹੋਈ ਇਕ ਰੈਲੀ ਦੇ ਦੌਰਾਨ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਤੇ ਬੀਐੱਡ ਬੇਰੁਜ਼ਗਾਰ ਟੈੱਟ ਪਾਸ ਦੇ ਇਲਾਵਾ ਹੋਰ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦਾ ਉਸ ਸਮੇਂ ਵਿਰੋਧ ਕੀਤਾ ਗਿਆ ਜਦ ਉਹ ਰੈਲੀ ਵਿੱਚ ਭਾਸ਼ਨ ਦੇਣ ਲਈ ਖੜ੍ਹੇ ਹੋਏ ਸਨ। ਇਸ ਦੌਰਾਨ ਲਗਾਤਾਰ ਨਾਅਰੇਬਾਜ਼ੀ ਹੋਣੀ ਸ਼ੁਰੂ ਹੋ ਗਈ ਜਿਸ ਦੇ ਬਾਅਦ ਪੁਲਸ ਮੁਲਾਜ਼ਮਾਂ ਵਲੋਂ ਇਨ੍ਹਾਂ ਕਾਰਕੁਨਾਂ ਨੂੰ ਫੜ ਕੇ ਬੱਸਾਂ ਚ ਪਰਤਣਾ ਸ਼ੁਰੂ ਕਰ ਦਿੱਤਾ ਅਤੇ ਇਨ੍ਹਾਂ ਚ ਲਾਠੀਆਂ ਵਰਾਈਆਂ ਗਈਆਂ। ਕਈਆਂ ਦੀਆਂ ਪੱਗਾਂ ਵੀ ਲੱਥ ਗਈਆਂ ਜਦੋਂ ਕਿ ਰੈਲੀ ਦੇਖਣ ਆਏ ਕੋਈ ਲੋਕਾਂ ਦੀਆਂ ਵੀ ਪੱਗਾਂ ਲੱਥ ਗਈਆਂ ਸਨ। ਇਸ ਦੌਰਾਨ ਇਕ ਡੀਐਸਪੀ ਵੱਲੋਂ ਅੰਨ੍ਹਾ ਧੁੰਦ ਹੀ ਲਾਠੀਆਂ ਇਨ੍ਹਾਂ ਬੀ ਐੱਡ ਟੈੱਟ ਪਾਸ ਅਤੇ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੇ ਅਧਿਆਪਕਾਂ ਨੇ ਮਾਰੀਆਂ ਗਈਆਂ ਸਨ ਜਿਸ ਦਾ ਜਗ੍ਹਾ ਜਗ੍ਹਾ ਵਿਰੋਧ ਹੋ ਰਿਹਾ ਹੈ। ਹੁਣ ਇਸ ਮਾਮਲੇ ਚ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ।