ਬਸੀ ਪਠਾਣਾ – ਬਸੀ ਪਠਾਣਾ ਵਿਧਾਨ ਸਭਾ ਹਲਕਾ ਤੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਡਾ. ਮਨੋਹਰ ਸਿੰਘ ਵੱਲੋਂ ਕਾਂਗਰਸ ਦੀ ਟਿਕਟ ਨਾ ਮਿਲਣ ‘ਤੇ ਆਜ਼ਾਦ ਚੋਣ ਲੜਨ ਦਾ ਐਲਾਨ ਕੀਤਾ ਗਿਆ ਹੈ। ਭਰਵੇਂ ਇਕੱਠ ਅਤੇ ਆਪਣੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਡਾ. ਮਨੋਹਰ ਸਿੰਘ ਨੇ ਕਿਹਾ ਕਿ ਬਸੀ ਪਠਾਣਾ ਦੇ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਦੀ ਕਾਰਗੁਜ਼ਾਰੀ ਕਰਕੇ ਹਲਕੇ ਅਤੇ ਪਿੰਡਾਂ ਦੇ ਵਿਚ ਵਿਧਾਇਕ ਗੁਰਪ੍ਰੀਤ ਸਿੰਘ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਗਾਮੀ ਦਿਨਾਂ ਵਿੱਚ ਉਹ ਆਪਣੇ ਸਮਰਥਕਾਂ ਦੀ ਰਾਏ ਨਾਲ ਵਿਧਾਨ ਸਭਾ ਹਲਕਾ ਬਸੀ ਪਠਾਣਾ ਤੋਂ ਆਜ਼ਾਦ ਚੋਣ ਲੜਨਗੇ। ਐਸ.ਐਮ.ਓ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਡਾ: ਮਨੋਹਰ ਨੇ ਚੋਣ ਲੜਨ ਦੀ ਇੱਛਾ ਪ੍ਰਗਟਾਈ ਸੀ। ਉਹ ਵੀ ਖੇਤਰ ਵਿਚ ਸਰਗਰਮ ਹੋ ਗਏ। ਹਾਲਾਂਕਿ ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਸੀ ਕਿ ਸੀਐੱਮ ਦਾ ਛੋਟਾ ਭਰਾ ਹੋਣ ਕਾਰਨ ਪਾਰਟੀ ਉਨ੍ਹਾਂ ਨੂੰ ਟਿਕਟ ਨਹੀਂ ਦੇਵੇਗੀ ਪਰ ਪਾਰਟੀ ਵੱਲੋਂ ਸਰਵੇ ਕਰਵਾਇਆ ਜਾ ਰਿਹਾ ਹੈ। ਜੇਕਰ ਪਾਰਟੀ ਨੂੰ ਲੱਗੇਗਾ ਤਾਂ ਉਨ੍ਹਾਂ ਟਿਕਟ ਮਿਲ ਜਾਵੇਗੀ। ਇਸ ਵਾਰ ਪਾਰਟੀ ਨੇ ਆਪਣੇ ਕਈ ਵਿਧਾਇਕਾਂ ਦੀਆਂ ਟਿਕਟਾਂ ਨਹੀਂ ਕੱਟੀਆਂ ਹਨ। ਡਾ. ਮਨੋਹਰ ਸਿੰਘ ਖਰੜ ਸਿਵਲ ਹਸਪਤਾਲ, ਮੋਹਾਲੀ ਵਿਖੇ ਸੀਨੀਅਰ ਮੈਡੀਕਲ ਅਫਸਰ (SMO) ਵਜੋਂ ਤਾਇਨਾਤ ਸਨ। ਉਨ੍ਹਾਂ ਨੇ ਅਗਸਤ 2021 ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਬੱਸੀ ਪਠਾਣਾ ਵਿਧਾਨ ਸਭਾ ਹਲਕਾ ਐਸਸੀ ਵਰਗ ਲਈ ਰਾਖਵਾਂ ਹੈ। ਪਿਛਲੇ ਮਹੀਨੇ ਇਕ ਇੰਟਰਵਿਊ ਦੌਰਾਨ ਡਾਕਟਰ ਮਨੋਹਰ ਸਿੰਘ ਨੇ ਕਿਹਾ ਸੀ ਕਿ ਕੋਵਿਡ ਦੌਰਾਨ ਉਨ੍ਹਾਂ ਦੀ ਪੋਸਟਿੰਗ ਨੰਦਪੁਰ ਕਲੌਰ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਸੀ। ਉਨ੍ਹਾਂ ਕਿਹਾ ਸੀ ਕਿ ਇਸ ਸਮੇਂ ਦੌਰਾਨ ਉਨ੍ਹਾਂ ਨੇ ਇਲਾਕੇ ਦੇ ਕਾਫੀ ਕੰਮ ਕਰਵਾਏ ਪਰ ਉਨ੍ਹਾਂ ਦਾ ਤਬਾਦਲਾ ਵਿਧਾਇਕ ਜੀ.ਪੀ. ਵੱਲੋਂ ਕਰਵਾ ਦਿੱਤਾ ਗਿਆ। ਉਦੋਂ ਤਕ ਇਲਾਕੇ ਦੇ ਲੋਕ ਪੂਰੀ ਤਰ੍ਹਾਂ ਨਾਲ ਉਨ੍ਹਾਂ ਨਾਲ ਜੁੜ ਚੁੱਕੇ ਸਨ। ਮਨੋਹਰ ਨੇ ਕਿਹਾ ਕਿ ਉਨ੍ਹਾਂ ਨੇ ਉਦੋਂ ਹੀ ਚੋਣ ਲੜਨ ਬਾਰੇ ਸੋਚਿਆ ਸੀ। ਮਨੋਹਰ ਸਿੰਘ ਨੇ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਪੱਤਰਕਾਰੀ ‘ਚ ਮਾਸਟਰਜ਼ ਕੀਤੀ ਹੈ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਗ੍ਰੈਜੂਏਟ ਵੀ ਹਨ। ਉਹ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ।