India

ਓਮੀਕਰੋਨ ਟੈਨਸ਼ਨ: ਦਿੱਲੀ ਤੇ ਪੰਜਾਬ ‘ਚ ਕਰਫ਼ਿਊ ਲਾਗੂ

Latest News in Punjabi

ਨਵੀਂ ਦਿੱਲੀ – ਰਾਜਧਾਨੀ ਦਿੱਲੀ ’ਚ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਹੁਣ ਵੀਕੈਂਡ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਸਰਕਾਰ ਵੱਲੋਂ ਯੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਇਨ੍ਹੀਂ ਦਿਨੀਂ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਯੈਲੋ ਅਲਰਟ ਦੇ ਹਿਸਾਬ ਨਾਲ ਕੰਮ ਕੀਤਾ ਜਾ ਰਿਹਾ ਹੈ। ਮੰਗਲਵਾਰ ਨੂੰ ਹੋਈ ਡੀਡੀਐੱਮਏ ਦੀ ਬੈਠਕ ’ਚ ਹੋਰ ਪਾਬੰਦੀਆਂ ’ਤੇ ਵੀ ਚਰਚਾ ਕੀਤੀ ਗਈ। ਇਸਦੇ ਤਹਿਤ ਹੁਣ ਸਰਕਾਰੀ ਦਫ਼ਤਰਾਂ ’ਚ ਵਰਕ ਫਰਾਮ ਹੋਮ ਲਾਗੂ ਹੋਵੇਗਾ। ਸਿਰਫ਼ ਲਾਜ਼ਮੀ ਸੇਵਾਵਾਂ ਦੇ ਦਫ਼ਤਰ ਖੁੱਲ੍ਹ ਰਹਿਣਗੇ। ਦਿੱਲੀ ’ਚ ਪ੍ਰਾਈਵੇਟ ਦਫ਼ਤਰਾਂ ’ਚ 50 ਫ਼ੀਸਦ ਸਟਾਫ ਨੂੰ ਕੰਮ ਕਰਨ ਦੀ ਆਗਿਆ ਹੋਵੇਗੀ। ਦੂਜੇ ਪਾਸੇ, ਉਪ ਰਾਜਪਾਲ ਅਨਿਲ ਬੈਜਲ ਨੇ ਸਖ਼ਤ ਪਾਬੰਦੀਆਂ ਲਾਗੂ ਕਰਨ ਲਈ ਮੰਗਲਵਾਰ ਨੂੰ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਦੀ ਮੀਟਿੰਗ ਬੁਲਾਈ ਸੀ। ਇਸ ਬੈਠਕ ‘ਚ ਰਾਜਧਾਨੀ ‘ਚ ਕੋਰੋਨਾ ਦੇ ਵਧਦੇ ਮਾਮਲਿਆਂ ਦੀ ਸਥਿਤੀ ਦੀ ਸਮੀਖਿਆ ਕੀਤੀ ਗਈ। ਸਮੀਖਿਆ ਤੋਂ ਬਾਅਦ ਕੁਝ ਚੀਜ਼ਾਂ ਤੈਅ ਕੀਤੀਆਂ ਗਈਆਂ। ਬੈਠਕ ‘ਚ ਰਾਜਧਾਨੀ ‘ਚ ਸਖਤ ਨਿਯਮ ਲਾਗੂ ਕਰਨ ‘ਤੇ ਵੀ ਵਿਚਾਰ ਕੀਤਾ ਗਿਆ, ਜਿਸ ਤਹਿਤ ਸ਼ਨੀਵਾਰ ਨੂੰ ਕਰਫਿਊ ਲਾਗੂ ਕਰਨ ‘ਤੇ ਸਹਿਮਤੀ ਬਣੀ। ਇਸ ਤੋਂ ਇਲਾਵਾ ਇਹ ਵੀ ਫੈਸਲਾ ਕੀਤਾ ਗਿਆ ਕਿ ਹੁਣ ਸਰਕਾਰੀ ਦਫਤਰ 50 ਫੀਸਦੀ ਸਟਾਫ ਨਾਲ ਕੰਮ ਕਰਨਗੇ। ਇਸ ਤੋਂ ਪਹਿਲਾਂ 29 ਦਸੰਬਰ ਨੂੰ ਹੋਈ ਮੀਟਿੰਗ ਵਿੱਚ ਡੀਡੀਐਮਏ ਨੇ ਯੈਲੋ ਅਲਰਟ ਜਾਰੀ ਰੱਖਣ ਦਾ ਫੈਸਲਾ ਕੀਤਾ ਸੀ। ਇਸ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਜ਼ਰੂਰੀ ਵਸਤਾਂ ਦੀਆਂ ਦੁਕਾਨਾਂ ਖੁੱਲੀਆਂ ਰਹਿਣਗੀਆਂ। ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇੱਕ ਸਮੱਸਿਆ ਇਹ ਵੀ ਸੀ ਕਿ ਬੱਸ ਅੱਡਿਆਂ, ਮੈਟਰੋ ਸਟੇਸ਼ਨਾਂ ਦੇ ਸੁਪਰ ਸਪ੍ਰੈਡਰ ਬਣਨ ਦੇ ਸੰਕੇਤ ਦਿਖਾਈ ਦੇ ਰਹੇ ਹਨ। ਇੱਥੇ ਲੰਬੀਆਂ ਲਾਈਨਾਂ ਲੱਗ ਗਈਆਂ। ਉਨ੍ਹਾਂ ਦੱਸਿਆ ਕਿ ਬੱਸਾਂ ਅਤੇ ਮੈਟਰੋ ਪੂਰੀ ਸਮਰੱਥਾ ਨਾਲ ਚੱਲਣਗੀਆਂ ਪਰ ਕਿਸੇ ਨੂੰ ਵੀ ਬਿਨਾਂ ਮਾਸਕ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੈਟਰੋ ਅਤੇ ਬੱਸ ‘ਚ ਬਿਨਾਂ ਮਾਸਕ ਦੇ ਸਫਰ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਗ੍ਰੇਡਡ ਰਿਸਪਾਂਸ ਐਕਸ਼ਨ ਪਲਾਨ ਦੇ ਤਹਿਤ ਸੋਮਵਾਰ ਨੂੰ ਛੇ ਫੀਸਦੀ ਸੰਕਰਮਣ ਦਰ ਅਤੇ ਚਾਰ ਹਜ਼ਾਰ ਤੋਂ ਵੱਧ ਕੋਰੋਨਾ ਮਾਮਲੇ ਦਰਜ ਹੋਣ ਤੋਂ ਬਾਅਦ ਰਾਜਧਾਨੀ ਹੁਣ ਰੈੱਡ ਅਲਰਟ ਦੀ ਸਥਿਤੀ ‘ਤੇ ਪਹੁੰਚ ਗਈ ਹੈ। ਗ੍ਰੇਪ ਦੇ ਤਹਿਤ, ਇੱਕ ਰੈੱਡ ਅਲਰਟ ਜਾਰੀ ਕੀਤਾ ਜਾ ਸਕਦਾ ਹੈ ਜੇਕਰ ਲਾਗ ਦੀ ਦਰ ਲਗਾਤਾਰ ਦੋ ਦਿਨਾਂ ਤੱਕ ਪੰਜ ਪ੍ਰਤੀਸ਼ਤ ਤੋਂ ਵੱਧ ਜਾਂਦੀ ਹੈ।

ਪੰਜਾਬ ‘ਚ ਨਾਈਟ ਕਰਫਿਊ ਲਾਗੂ, ਸਾਰੇ ਵਿਦਿਅਕ ਅਦਾਰੇ ਬੰਦ

ਪੰਜਾਬ ਸਰਕਾਰ ਨੇ ਕੋਰੋਨਾ ਦੇ ਨਵੇਂ ਵੇਰੀਐਂਟ ਦਾ ਫੈਲਾਣ ਰੋਕਣ ਲਈ ਸਖ਼ਤ ਫ਼ੈਸਲਾ ਲਿਆ ਹੈ। ਸਰਕਾਰ ਨੇ ਸੂਬੇ ਵਿਚ ਸਕੂਲ ਤੇ ਕਾਲਜਾਂ ਨੁੰ ਬੰਦ ਕਰਨ ਅਤੇ ਰਾਤ 10 ਵਜੇ ਤੋਂ ਸਵੇਰੇ 5 ਵਜੇ ਤਕ ਨਾਈਟ ਕਰਫਿਊ ਲਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਇਲਾਵਾ ਸੂਬੇ ਦੇ ਸਾਰੇ ਵਿਦਿਅਕ ਅਦਾਰੇ 15 ਜਨਵਰੀ ਤਕ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਗ੍ਰਹਿ ਵਿਭਾਗ ਨੇ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਹਦਾਇਤਾਂ ਦਿੱਤੀਆਂ ਹਨ। ਸਾਰੇ ਵਿਅਕਤੀਆਂ ਲਈ ਕੰਮ ਵਾਲੀਆਂ ਥਾਵਾਂ ਸਮੇਤ ਜਨਤਕ ਥਾਵਾਂ ‘ਤੇ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਸਰੀਰਕ ਦੂਰੀ ਦਾ ਵੀ ਪਾਲਣ ਕਰਨਾ ਹੋਵੇਗਾ। ਇਸ ਦੀ ਉਲੰਘਣਾ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ। ਰਾਤ 10:00 ਵਜੇ ਤੋਂ ਸਵੇਰੇ 5 ਵਜੇ ਤਕ ਸਾਰੀਆਂ ਗੈਰ-ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਆਂ ਦੀ ਆਵਾਜਾਈ ‘ਤੇ ਪਾਬੰਦੀ ਰਹੇਗੀ। ਹਾਲਾਂਕਿ, ਉਦਯੋਗਾਂ, ਦਫਤਰਾਂ ਆਦਿ (ਸਰਕਾਰੀ ਅਤੇ ਨਿੱਜੀ ਦੋਵੇਂ), ਰਾਸ਼ਟਰੀ ਅਤੇ ਰਾਜ ਮਾਰਗਾਂ ‘ਤੇ ਵਿਅਕਤੀਆਂ ਤੇ ਮਾਲ ਦੀ ਆਵਾਜਾਈ ਅਤੇ ਬੱਸਾਂ, ਰੇਲਗੱਡੀਆਂ ਅਤੇ ਰੇਲਗੱਡੀਆਂ ਤੋਂ ਉਤਰਨ ਤੋਂ ਬਾਅਦ ਮਾਲ ਦੀ ਢੋਆ-ਢੁਆਈ ਅਤੇ ਲੋਕਾਂ ਨੂੰ ਉਨ੍ਹਾਂ ਤਕ ਪਹੁੰਚਾਉਣ ਸਮੇਤ ਜ਼ਰੂਰੀ ਗਤੀਵਿਧੀਆਂ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਸਮੇਤ ਸਾਰੇ ਵਿਦਿਅਕ ਅਦਾਰਿਆਂ ‘ਚ ਆਨਲਾਈਨ ਪੜ੍ਹਾਈ ਜਾਰੀ ਰਹੇਗੀ। ਕੋਚਿੰਗ ਸੰਸਥਾਵਾਂ ਆਦਿ ਬੰਦ ਰਹਿਣਗੀਆਂ। ਇੱਥੇ ਵੀ ਆਨਲਾਈਨ ਪੜ੍ਹਾਈ ਜਾਰੀ ਰਹੇਗੀ। ਮੈਡੀਕਲ ਤੇ ਨਰਸਿੰਗ ਕਾਲਜ ਆਮ ਵਾਂਗ ਕੰਮ ਕਰਨਗੇ। ਸਾਰੇ ਬਾਰ, ਸਿਨੇਮਾ ਹਾਲ, ਮਲਟੀਪਲੈਕਸ, ਮਾਲ, ਰੈਸਟੋਰੈਂਟ, ਸਪਾ, ਅਜਾਇਬ ਘਰ, ਚਿੜੀਆਘਰ ਆਦਿ ਨੂੰ ਆਪਣੀ ਸਮਰੱਥਾ ਦੇ 50% ‘ਤੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਬਸ਼ਰਤੇ ਸਾਰੇ ਕਰਮਚਾਰੀਆਂ ਦੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣ। ਸਾਰੇ ਖੇਡ ਕੰਪਲੈਕਸ, ਸਟੇਡੀਅਮ, ਸਵੀਮਿੰਗ ਪੂਲ, ਜਿੰਮ ਬੰਦ ਰਹਿਣਗੇ। ਹਾਲਾਂਕਿ ਰਾਸ਼ਟਰੀ/ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੇ ਖਿਡਾਰੀ ਰਾਸ਼ਟਰੀ/ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਦੇ ਨਾਲ-ਨਾਲ ਟ੍ਰੇਨਿੰਗ ‘ਚ ਵੀ ਹਿੱਸਾ ਲੈ ਸਕਣਗੇ, ਪਰ ਕੋਈ ਦਰਸ਼ਕ ਨਹੀਂ ਹੋਵੇਗਾ। ਸਿਰਫ਼ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਮੁਲਾਜ਼ਮਾਂ ਨੂੰ ਹੀ ਸਰਕਾਰੀ ਤੇ ਨਿੱਜੀ ਦਫ਼ਤਰਾਂ, ਕੰਮ ਵਾਲੀਆਂ ਥਾਵਾਂ, ਫੈਕਟਰੀਆਂ, ਉਦਯੋਗਾਂ ਆਦਿ ਵਿੱਚ ਜਾਣ ਦੀ ਇਜਾਜ਼ਤ ਹੋਵੇਗੀ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin