ਚਮੋਲੀ – ਹੇਮਕੁੰਟ ਸਾਹਿਬ ਤੋਂ ਪਰਤਦਿਆਂ ਰਾਤ ਨੂੰ ਰਸਤਾ ਭਟਕ ਗਏ ਚਾਰ ਬਜ਼ੁਰਗ ਯਾਤਰੀਆਂ ਨੂੰ ਪੁਲਿਸ ਤੇ ਸੂਬਾ ਆਫਤ ਬਚਾਅ ਦਸਤੇ ਦੇ ਜਵਾਨਾਂ ਨੇ ਘਾਂਘਰੀਆ ਪਹੁੰਚਾ ਦਿੱਤਾ। ਇਹ ਸਾਰੇ ਯਾਤਰੀ ਤਰਨਤਾਰਨ ਦੇ ਰਹਿਣ ਵਾਲੇ ਹਨ। ਪੰਜਾਬ ਦੇ 25 ਯਾਤਰੀਆਂ ਦਾ ਦਲ ਹੇਮਕੁੰਟ ਸਾਹਿਬ ‘ਚ ਦਰਸ਼ਨਾਂ ਤੋਂ ਬਾਅਦ ਰਾਤ ਨੂੰ ਘਾਂਘਰੀਆ ਵਾਪਸ ਪਰਤ ਰਿਹਾ ਸੀ ਪਰ ਪੈਦਲ ਰਸਤੇ ‘ਤੇ ਰੋਸ਼ਨੀ ਦਾ ਪ੍ਰਬੰਧ ਨਾ ਹੋਣ ਕਾਰਨ ਇਨ੍ਹਾਂ ‘ਚੋਂ 12 ਯਾਤਰੀ ਪਿੱਛੇ ਰਹਿ ਗਏ। ਇਨ੍ਹਾਂ ‘ਚ ਚਾਰ ਬਜ਼ੁਰਗ ਯਾਤਰੀ ਵੀ ਸ਼ਾਮਲ ਸਨ। ਥਾਣਾ ਇੰਚਾਰਜ ਗੋਵਿੰਦਘਾਟ ਬਿ੍ਜਮੋਹਨ ਰਾਣਾ ਨੇ ਕਿਹਾ ਕਿ ਚਾਰਾਂ ਬਜ਼ੁਰਗਾਂ ਨੂੰ ਚੱਲਣ ‘ਚ ਦਿੱਕਤ ਹੋ ਰਹੀ ਸੀ, ਇਸ ਲਈ ਉਹ ਆਪਣੇ ਹੋਰ ਸਾਥੀਆਂ ਤੋਂ ਵਿਛੜ ਕੇ ਰਸਤਾ ਭਟਕ ਗਏ। ਹਾਲਾਂਕਿ, ਸਾਥੀ ਯਾਤਰੀ ਕੁਝ ਅੱਗੇ ਚੱਲ ਕੇ ਉਨ੍ਹਾਂ ਦੀ ਉਡੀਕ ਕਰਨ ਲੱਗੇ। ਥਾਣਾ ਇੰਚਾਰਜ ਨੇ ਕਿਹਾ ਕਿ ਪਹਿਲਾਂ ਘਾਂਘਰੀਆ ਪਹੁੰਚ ਚੁੱਕੇ ਯਾਤਰੀਆਂ ਨੇ ਸਾਥੀਆਂ ਦੇ ਰਸਤਾ ਭਟਕਣ ਦੀ ਸੂੁਚਨਾ ਪੁਲਿਸ ਨੂੰ ਦਿੱਤੀ।
ਇਸ ‘ਤੇ ਪੁਲਿਸ ਤੇ ਐੱਸ ਡੀ ਆਰਐੱਫ ਦੀ 10 ਮੈਂਬਰੀ ਟੀਮ ਯਾਤਰੀਆਂ ਦੀ ਭਾਲ ‘ਚ ਹੇਮਕੁੰਟ ਸਾਹਿਬ ਲਈ ਰਵਾਨਾ ਹੋ ਗਈ। ਘਾਂਘਰੀਆਂ ਤੋਂ ਤਿੰਨ ਕਿਲੋਮੀਟਰ ਚੱਲਣ ਤੋਂ ਬਾਅਦ ਟੀਮ ਨੂੰ ਬਜ਼ੁਰਗਾਂ ਦੀ ਉਡੀਕ ਕਰਦਾ ਯਾਤਰੀਆਂ ਦਾ ਦਲ ਮਿਲਿਆ। ਇਸ ਤੋਂ ਬਾਅਦ ਸਾਰੇ ਬਜ਼ੁਰਗ ਯਾਤਰੀਆਂ ਦੀ ਭਾਲ ‘ਚ ਲੱਗ ਗਏ। ਥਾਣਾ ਇੰਚਾਰਜ ਨੇ ਕਿਹਾ ਕਿ ਥੋੜ੍ਹਾ ਅੱਗੇ ਚੱਲ ਕੇ ਬਜ਼ੁਰਗ ਯਾਤਰੀਆਂ ਨਾਲ ਵੀ ਮੁਲਾਕਾਤ ਹੋ ਗਈ। ਉਨ੍ਹਾਂ ਨੂੰ ਪਿੱਠ ‘ਤੇ ਚੁੱਕ ਕੇ ਘਾਂਘਰੀਆ ਪਹੁੰਚਾਇਆ ਗਿਆ।