
ਜੋ ਮਨੁੱਖੀ ਮਨ ਵਿੱਚੋਂ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰ ਕੇ ਉਸ ਨੂੰ ਗਿਆਨ ਦੇ ਚਾਨਣ ਨਾਲ ਰੁਸ਼ਨਾ ਸਕਦਾ ਹੋਵੇ।। ਸਾਡੇ ਗੁਰੂਆਂ ਪੀਰਾਂ ਨੇ ਇਸ ਨੂੰ ਮਨੁੱਖ ਦਾ ਤੀਸਰਾ ਨੇਤਰ, ਵਿਅਕਤੀ ਦਾ ਸਭ ਤੋਂ ਬਹੁਮੁੱਲਾ ਗਹਿਣਾ, ਸ਼ਖ਼ਸੀਅਤ ਵਿਕਾਸ ਦਾ ਅਧਾਰ ਅਤੇ ਚਾਨਣ ਦਾ ਸੋਮਾ ਕਿਹਾ ਹੈ। ਇਸੇ ਤਰ੍ਹਾਂ ਇਸ ਨੂੰ ਸਮਾਜਿਕ ਵਿਕਾਸ ਦਾ ਧੁਰਾ, ਦੁਨਿਆਵੀ ਉਨਤੀ ਦਾ ਰਾਜ਼, ਰੂਹਾਨੀ ਸਕੂਨ ਦਾ ਰਹੱਸ, ਸਫ਼ਲਤਾ ਦੀ ਕੁੰਜੀ ਅਤੇ ਖੁਸ਼ੀ ਦਾ ਮਾਰਗ ਮੰਨ ਕੇ ਇਸ ਦੁਆਰਾ ਮਨੁੱਖੀ ਜੀਵਨ ਵਿੱਚ ਪਾਏ ਅਹਿਮ ਯੋਗਦਾਨ ਨੂੰ ਵੀ ਉਚਿਆਇਆ ਅਤੇ ਵਡਿਆਇਆ ਹੈ। ਇਤਿਹਾਸ ਦੇ ਪੰਨੇ ਪਰਤਣ ਤੋਂ ਪਤਾ ਲਗਦਾ ਹੈ ਭਾਰਤ ਵਿੱਚ ਉਚੇਰੀ ਸਿੱਖਿਆ ਅਤੇ ਗਿਆਨ ਦੀ ਧਾਰਨਾ ਵੈਦਿਕ ਕਾਲ ਵਿੱਚ ਰਿਸ਼ੀਆ ਅਤੇ ਪੰਡਤਾਂ ਦੁਆਰਾ ਸ਼ੁਰੂ ਕੀਤੀ ਗਈ ਮੰਨੀ ਜਾਂਦੀ ਹੈ। ਸਿੱਖਿਆ ਦੀ ਮੁਢਲੀ ਗੁਰੂਕੁਲ ਪ੍ਰਣਾਲੀ ਵੈਦਿਕ ਅਤੇ ਉਪਨਿਸ਼ਦ ਕਾਲ ਵਿੱਚ ਕਾਫੀ ਪ੍ਰਫੁੱਲਤ ਹੋਈ ਅਤੇ ਪਹਿਲੀ ਵੱਡੀ ਯੂਨੀਵਰਸਿਟੀ ਛੇਵੀਂ ਸਦੀ ਈਸਾ ਪੂਰਵ ਵਿੱਚ ਟੈਕਸਲਾ ਵਿਖੇ ਸਥਾਪਤ ਹੋਈ। ਨਲੰਦਾ ਅਤੇ ਵਿਕਰਮਸਿਲਾ ਯੂਨੀਵਰਸਿਟੀਆਂ ਚੌਥੀ ਅਤੇ ਪੰਜਵੀ ਸਦੀ ਵਿੱਚ ਸਥਾਪਤ ਕੀਤੀਆਂ ਗਈਆਂ। ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਦੀ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਮਹਾਨ ਵਿਰਾਸਤ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਹਿਸਾਬ, ਖੁਗੋਲ ਵਿਗਿਆਨ, ਰਸਾਇਣ ਵਿਗਿਆਨ ਅਤੇ ਭੋਤਿਕ ਵਿਗਿਆਨ ਦੇ ਖੇਤਰ ਵਿੱਚ ਭਾਰਤ ਯੁਰਪ ਨਾਲੋਂ ਬਹੁਤ ਪਹਿਲਾਂ ਅਜਿਹੀਆਂ ਬੁਲੰਦੀਆਂ ਤੇ ਪਹੁੰਚ ਗਿਆ ਸੀ ਜਿਨ੍ਹਾਂ ਦੀ ਉਹਨਾਂ ਨੇ ਅਜੇ ਕਲਪਨਾ ਵੀ ਨਹੀਂ ਕੀਤੀ ਸੀ। ਪ੍ਰਾਚੀਨ ਭਾਰਤ ਵਿੱਚ ਸਰਜਰੀ ਅਤੇ ਦਵਾਈਆਂ ਦੇ ਖੇਤਰ ਵਿੱਚ ਵੀ ਦੇਸ਼ ਦਾ ਬਹੁਤ ਉਚਾ ਰੁਤਬਾ ਸੀ। ਫਿਲਾਸਫੀ, ਸਾਹਿਤ ਅਤੇ ਯੋਗਿਕ ਗਿਆਨ ਦੇ ਖੇਤਰ ਵਿੱਚ ਵੀ ਭਾਰਤ ਦੀਆਂ ਪ੍ਰਾਚੀਨ ਅਤੇ ਮੱਧ ਕਾਲੀਨ ਸਮੇਂ ਵਿਚ ਬਹੁਤ ਪ੍ਰਾਪਤੀਆਂ ਰਹੀਆਂ ਹਨ। ਵਰਤਮਾਨ ਉਚੇਰੀ ਸਿੱਖਿਆ ਪ੍ਰਣਾਲੀ ਤਕਰੀਬਨ ਡੇਢ ਕੇ ਸਦੀ ਪੁਰਾਣੀ ਹੈ। ਸੰਨ 1857 ਵਿੱਚ ਬ੍ਰਿਟਿਸ਼ ਸ਼ਾਸਨ ਅਧੀਨ ਪਹਿਲੀਆਂ ਤਿੰਨ ਯੂਨੀਵਰਸਿਟੀਆਂ ਸਥਾਪਤ ਕੀਤੀਆਂ ਗਈਆਂ ਅਤੇ ਲਾਰਡ ਮੈਕਾਲੇ ਦੁਆਰਾ ਇਹਨਾਂ ਦੇ ਰੋਲ ਅਤੇ ਕਾਰਗੁਜ਼ਾਰੀ ਸੰਬੰਧੀ ਨੀਤੀਆਂ ਘੜੀਆਂ ਗਈਆਂ। ਇਸ ਤੋਂ ਪਹਿਲਾਂ ਕਾਲਜਾਂ ਦੀ ਮਾਨਤਾ ਬ੍ਰਿਟਿਸ਼ ਯੂਨੀਵਰਸਿਟੀਆਂ ਨਾਲ ਸੀ ਜੋ ਕਿ ਬਾਅਦ ਵਿੱਚ ਇਹਨਾਂ ਯੂਨੀਵਰਸਿਟੀਆਂ ਨਾਲ ਕਰ ਦਿੱਤੀ ਗਈ। 1857 ਤੋਂ ਲੈਕੇ 1947 ਤੱਕ ਸਿੱਖਿਆ ਦੇ ਪਸਾਰ ਦੀ ਰਫਤਾਰ ਬਹੁਤ ਮੱਠੀ ਰਹੀ ਅਤੇ 90 ਸਾਲਾਂ ਦੇ ਸਮੇਂ ਵਿੱਚ ਸਿਰਫ 19 ਯੂਨੀਵਰਸਿਟੀਆਂ ਸਥਾਪਤ ਕੀਤੀਆਂ ਗਈਆਂ। ਇਹਨਾਂ ਸਭ ਦੀਆਂ ਨੀਤੀਆਂ ਬ੍ਰਿਟਿਸ਼ ਨੀਤੀਆਂ ਤੇ ਅਧਾਰਤ ਸਨ ਅਤੇ ਬਹੁਤਾ ਜ਼ੋਰ ਆਰਟਸ ਸਿੱਖਿਆ ਵੱਲ ਸੀ। ਜਦ ਭਾਰਤ ਆਜ਼ਾਦ ਹੋਇਆ ਤਾਂ ਇੱਥੇ 20 ਯੂਨੀਵਰਸਿਟੀਆਂ ਅਤੇ 500 ਕਾਲਜ ਸਨ।
