
ਅਸੀਂ ਸਾਰੇ ਸਮਾਜ ਸੁਧਾਰ ਦੀਆਂ ਗੱਲਾਂ ਕਰਦੇ ਹਾਂ , ਸਮਾਜ ਦੀ ਵਿਵਸਥਾ ਦੇ ਵਿਗੜਦੇ ਢਾਂਚੇ ਬਾਰੇ ਚਿੰਤਤ ਹੁੰਦੇ ਹਾਂ । ਨੋਜਵਾਨ ਪੀੜੀ ਦੇ ਵਿਵਹਾਰ ਵਿੱਚ ਆ ਰਹੇ ਪਰਿਵਰਤਨ ਬਾਰੇ ਘਰਾਂ ਵਿੱਚ ਜਾਂ ਹੋਰ ਜਗ੍ਹਾ ਜਿੱਥੇ ਵੀ ਅਸੀਂ ਵਿਚਰਦੇ ਹਾਂ ਵਿਚਾਰ ਚਰਚਾ ਕਰਦੇ ਹਾਂ , ਇਸ ਆਈ ਤਬਦੀਲੀ ਦਾ ਕਾਰਣ ਆਧੁਨਿਕੀਕਰਨ ਮੰਨਿਆ ਜਾਂਦਾ ਹੈ ਜੇ ਗੱਲ ਅਧੁਨਿਕਤਾ ਦੇ ਵਿਗਾੜ ਦੀ ਆਉਦੀਂ ਹੈ ਤਾਂ ਮੋਬਾਇਲ ਦਾ ਖਿਆਲ ਸਭ ਤੋਂ ਪਹਿਲਾਂ ਆਉਂਦਾ ਹੈ । ਹਰ ਹੱਥ ਵਿੱਚ ਮੋਬਾਇਲ ਹੈ ਅਤੇ ਮੋਬਾਇਲ ਵਿੱਚ ਦੁਨੀਆਂ ਸਮਾਈ ਹੋਈ ਹੈ, ਹਰ ਤਰ੍ਹਾਂ ਦੇ ਲੋਕ, ਹਰ ਤਰ੍ਹਾਂ ਦੇ ਮੰਨੋਰੰਜਨ ਦੇ ਸਾਧਨ, ਹਰ ਤਰ੍ਹਾਂ ਦਾ ਗਿਆਨ। ਜੇ ਜ਼ਿਕਰ ਗਿਆਨ ਦਾ ਕੀਤਾ ਤਾਂ ਗਿਆਨ ਦਾ ਸਭ ਤੋਂ ਵੱਡਾ ਸੋਮਾ ਲਾਇਬ੍ਰੇਰੀਆਂ ਨੂੰ ਮੰਨਿਆ ਜਾਂਦਾ ਹੈ। ਜਿੰਨੇ ਵੀ ਮਹਾਨ ਲੋਕਾਂ ਦੀ ਜੀਵਨੀ ਪੜੀ ਜਾਵੇ ਸਿੱਟਾ ਇੱਕੋ ਹੀ ਨਿਕਲਦਾ ਹੈ ਕਿ ਉਹਨਾਂ ਦੇ ਜੀਵਨ ਵਿੱਚ ਕਿਤਾਬਾਂ ਦਾ ਇੱਕ ਖਾਸ ਮਹੱਤਵ ਸੀ। ਉਹਨਾਂ ਦੇ ਨਿੱਤ ਦੇ ਕੰਮਾਂ ਵਿੱਚ ਲਾਇਬ੍ਰੇਰੀ ਜਾਣਾ ਵੀ ਸ਼ਾਮਿਲ ਹੁੰਦਾ ਸੀ। ਜਿਵੇਂ ਮੈਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ ਕਿ ਅਸੀਂ ਸਮਾਜ ਨੂੰ ਲੈਕੇ ਚਿੰਤਤ ਹਾਂ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਉਸ ਵਿੱਚ ਬਦਲਾਵ ਲਿਆਉਣ ਲਈ ਕੰਮ ਕੀ ਕਰ ਰਹੇ ਹਾਂ? ਵਿਕਾਸ ਅਤੇ ਸਮਾਜ ਅਸੀਂ ਵਿਕਸਿਤ ਦੇਸ਼ਾਂ ਵਰਗਾ ਚਾਹੁੰਦੇ ਹਾਂ ਪਰ ਉਸ ਲਈ ਕੋਈ ਵੀ ਉਦਮ ਕਰਨ ਲਈ ਤਿਆਰ ਨਹੀਂ। ਜਿੰਨੇ ਵੀ ਵਿਕਸਿਤ ਦੇਸ਼ ਹਨ ਉਸ ਪਿੱਛੇ ਕਿਤਾਬਾਂ ਦੀ ਇੱਕ ਬਹੁਤ ਵੱਡੀ ਭੂਮਿਕਾ ਰਹੀ ਹੈ। ਪਰ ਸਾਡੇ ਸਮਾਜ ਵਿਚੋਂ ਕਿਤਾਬਾਂ ਪ੍ਰਤੀ ਸਨੇਹ ਜਿਵੇਂ ਖਤਮ ਹੀ ਹੁੰਦਾ ਜਾ ਰਿਹਾ। ਜੇਕਰ ਗੱਲ ਪੰਜਾਬ ਦੀ ਹੀ ਕਰ ਲਈ ਜਾਵੇ ਤਾਂ ਬਹੁਤ ਘੱਟ ਅਜਿਹੇ ਜਿਲ੍ਹੇ ਹੋਣਗੇ ਜਿੰਨਾ ਵਿੱਚ ਲਾਇਬ੍ਰੇਰੀਆਂ ਹੋਣਗੀਆਂ। ਪਿੰਡ ਤਾਂ ਸੋ ਵਿਚੋਂ ਕੋਈ ਇੱਕ ਹੀ ਹੋਵੇਗਾ ਜਿੱਥੇ ਲਾਇਬ੍ਰੇਰੀ ਬਣੀ ਹੋਵੇਗੀ, ਜੇ ਕਿਸੇ ਪਿੰਡ ਸ਼ਹਿਰ ਵਿੱਚ ਲਾਇਬ੍ਰੇਰੀ ਬਣੀ ਵੀ ਹੈ ਤਾਂ ਉਸ ਦੀ ਹਾਲਤ ਏਨੀ ਤਰਸਯੋਗ ਹੈ ਕਿ ਉਸਦਾ ਹੁਲੀਆ ਵੇਖ ਕੋਈ ਅੰਦਰ ਜਾਣ ਦੀ ਜੁਅਰਤ ਨਹੀਂ ਕਰਦਾ, ਅੰਦਰ ਜਾਣ ਵਾਲੇ ਨੂੰ ਲਾਇਬ੍ਰੇਰੀ ਦੀ ਹਾਲਤ ਦੇਖ ਡਰ ਲੱਗਣ ਲੱਗਦਾ ਹੈ ਕਿ ਕਿਤੇ ਇਹ ਖਸਤਾ ਹਾਲਤ ਵਿੱਚ ਬਣੀਆਂ ਲਾਇਬ੍ਰੇਰੀਆਂ ਦੀ ਬਿਲਡਿੰਗ ਹੀ ਨਾ ਡਿੱਗ ਪਵੇ ! ਲਾਇਬ੍ਰੇਰੀ ਵਿੱਚ ਕੋਈ ਲਾਇਬ੍ਰੇਰੀਅਨ ਨਹੀ ਹਨ, ਕੋਈ ਕਿਤਾਬਾਂ ਦੀ ਸਾਂਭ ਸੰਭਾਲ ਲਈ ਨਹੀਂ ਹੈ, ਕੋਈ ਅਜਿਹਾ ਨਹੀਂ ਜੋ ਹਿੰਮਤ ਕਰਕੇ ਨੋਜਵਾਨਾਂ ਨੂੰ ਪ੍ਰੇਰਿਤ ਕਰ ਸਕੇ ਕਿ ਕੁਝ ਸਮਾਂ ਲਾਇਬ੍ਰੇਰੀ ਲਈ ਵੀ ਜਰੂਰ ਕੱਢੋ।