ਕੁਰੂਕਸ਼ੇਤਰ – ਹਰਿਆਣਵੀ ਗੱਤਕਾ ਐਸੋਸੀਏਸ਼ਨ ਵੱਲੋਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਦੀ ਅਗਵਾਈ ਹੇਠ ਪਹਿਲੀ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਅਕਤੂਬਰ ਮਹੀਨੇ ਫਤਿਹਾਬਾਦ ਵਿਖੇ ਕਰਵਾਈ ਜਾਵੇਗੀ ਅਤੇ ਉਸ ਤੋਂ ਪਹਿਲਾਂ ਕੁਰੂਕਸ਼ੇਤਰ ਵਿਖੇ ਹੀ ਹਰਿਆਣਾ ਦੇ ਰੈਫਰੀਆਂ ਦਾ ਰਾਜ ਪੱਧਰੀ ਗੱਤਕਾ ਰਿਫਰੈਸ਼ਰ ਕੋਰਸ ਲਾਇਆ ਜਾਵੇਗਾ।
ਇਹ ਐਲਾਨ ਅੱਜ ਇੱਥੇ ਹਰਿਆਣਵੀ ਗੱਤਕਾ ਐਸੋਸੀਏਸ਼ਨ ਵੱਲੋਂ ਹਰਿਆਣਾ ਖੇਡ ਵਿਭਾਗ ਦੇ ਕੋਚ ਸਾਹਿਬਾਨ ਅਤੇ ਵੱਖ-ਵੱਖ ਜਿਲਿਆਂ ਦੇ ਗੱਤਕਾ ਮੁਖੀਆਂ ਦੀ ਰਾਜ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਕੀਤਾ। ਇਸ ਮੌਕੇ ਹਰਿਆਣਵੀ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਕੰਵਲਜੀਤ ਸਿੰਘ ਅਜਰਾਣਾ ਮੈਂਬਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਜਨਰਲ ਸਕੱਤਰ ਸ. ਸੁਖਚੈਨ ਸਿੰਘ ਕਲਸਾਣੀ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨ, ਸਕੱਤਰ ਅਤੇ ਗੱਤਕਾ ਕੋਚ ਵੀ ਹਾਜ਼ਰ ਸਨ।
ਅਕਤੂਬਰ ਮਹੀਨੇ ਪ੍ਰਸਤਾਵਿਤ ਸੂਬਾਈ ਗੱਤਕਾ ਚੈਂਪੀਅਨਸ਼ਿਪ ਬਾਰੇ ਵਿਚਾਰਾਂ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਤੋਂ ਪਹਿਲਾਂ ਹਰਿਆਣੇ ਦੇ ਸਮੂਹ ਗੱਤਕਾ ਰੈਫਰੀਆਂ ਅਤੇ ਕੋਚਾਂ ਦਾ ਤਿੰਨ ਰੋਜਾ ਵਿਸ਼ੇਸ਼ ਰਿਫਰੈਸ਼ਰ ਕੋਰਸ ਲਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਗੱਤਕੇ ਦੇ ਨਵੇਂ ਨਿਯਮਾਂ ਸਬੰਧੀ ਜਾਣੂ ਕਰਵਾਇਆ ਜਾ ਸਕੇ।
ਗੱਤਕਾ ਪ੍ਰਮੋਟਰ ਸ. ਗਰੇਵਾਲ ਨੇ ਇਸ ਮੌਕੇ ਸਮੂਹ ਹਾਜ਼ਰੀਨ ਨਾਲ ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਵੱਖ-ਵੱਖ ਰਾਜਾਂ ਵਿੱਚ ਗੱਤਕੇ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਹਰਿਆਣਾ ਸਮੇਤ ਸਮੂਹ ਉੱਤਰੀ ਰਾਜਾਂ ਵਿੱਚ ਗੱਤਕਾ ਖੇਡ ਨੂੰ ਘਰ-ਘਰ ਪਹੁੰਚਾਉਣ ਲਈ ਇਕ ਜਾਗਰੂਕਤਾ ਲਹਿਰ ਆਰੰਭੀ ਜਾਵੇਗੀ।
ਇਸ ਮੌਕੇ ਸਮੂਹ ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਸ. ਕੰਵਲਜੀਤ ਸਿੰਘ ਅਜਰਾਣਾ ਅਤੇ ਸ. ਸੁਖਚੈਨ ਸਿੰਘ ਕਲਸਾਣੀ ਨੇ ਸਮੂਹ ਕੋਚਾਂ ਅਤੇ ਜ਼ਿਲ੍ਹਾ ਮੁਖੀਆਂ ਨੂੰ ਆਖਿਆ ਕਿ ਉਹ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਗੱਤਕਾ ਟ੍ਰੇਨਿੰਗ ਕੈਂਪ ਲਾਉਣ ਜਿਸ ਲਈ ਗੱਤਕਾ ਐਸੋਸੀਏਸ਼ਨ ਵੱਲੋਂ ਮਾਹਿਰ ਕੋਚ ਭੇਜ ਦਿੱਤੇ ਜਾਣਗੇ। ਉਨ੍ਹਾਂ ਨੇ ਹਰਿਆਣਾ ਸਰਕਾਰ ਵੱਲੋਂ ਰਾਜ ਵਿਚ ਪੰਜ ਗੱਤਕਾ ਨਰਸਰੀਆਂ ਸ਼ੁਰੂ ਕਰਾਉਣ ਲਈ ਖੇਡ ਮੰਤਰੀ ਸੰਦੀਪ ਸਿੰਘ ਉਲੰਪੀਅਨ ਦਾ ਵਿਸ਼ੇਸ਼ ਧੰਨਵਾਦ ਵੀ ਕੀਤਾ ਅਤੇ ਅਪੀਲ ਕੀਤੀ ਕਿ ਸੂਬੇ ਵਿੱਚ ਗੱਤਕੇ ਦੀ ਪ੍ਰਫੁੱਲਤਾ ਲਈ ਪੰਜਾਬ ਵਾਂਗੂ ਹਰਿਆਣਾ ਸਰਕਾਰ ਵੀ ਗੱਤਕਾ ਖੇਡ ਨੂੰ ਗ੍ਰੇਡੇਸ਼ਨ ਸੂਚੀ ਵਿੱਚ ਸ਼ਾਮਲ ਕਰੇ ਤਾਂ ਜੋ ਗੱਤਕਾ ਖਿਡਾਰੀ ਵੀ ਖੇਡ ਕੋਟੇ ਦਾ ਲਾਹਾ ਲੈ ਸਕਣ। ਇਸ ਤੋਂ ਇਲਾਵਾ ਰਾਜ ਸਰਕਾਰ ਸੂਬੇ ਦੇ ਹਰ ਜਿਲੇ ਵਿੱਚ ਗੱਤਕਾ ਸਿਖਲਾਈ ਅਕੈਡਮੀਆਂ ਖੋਲੇ।
ਇਸ ਮੌਕੇ ਸ. ਗਰੇਵਾਲ ਨੇ ਸੁਖਚੈਨ ਸਿੰਘ ਵੱਲੋਂ ਗੱਤਕਾ ਖੇਡ ਦੀ ਪ੍ਰਫੁੱਲਤਾ ਲਈ ਪਾਏ ਜਾ ਰਹੇ ਯੋਗਦਾਨ ਨੂੰ ਦੇਖਦਿਆਂ ਉਨ੍ਹਾਂ ਨੂੰ ਨੈਸ਼ਨਲ ਗੱਤਕਾ ਐਸੋਸੀਏਸ਼ਨ ਦਾ ਮੀਤ ਪ੍ਰਧਾਨ ਵੀ ਨਾਮਜ਼ਦ ਕੀਤਾ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਸਵਰਨ ਸਿੰਘ ਫਤਿਆਬਾਦ, ਜਤਿੰਦਰ ਸਿੰਘ ਮੱਕੜ, ਵਕੀਲ ਜਰਨੈਲ ਸਿੰਘ ਰਤੀਆ, ਦਵਿੰਦਰ ਸਿੰਘ ਗਿੱਲ, ਯੁਵਰਾਜ ਸਿੰਘ, ਦਿਲਬਾਗ ਸਿੰਘ, ਗੁਰਵਿੰਦਰ ਸਿੰਘ, ਕੁਰੂਕਸ਼ੇਤਰ ਤੋਂ ਅਕਾਸ਼ਦੀਪ ਸਿੰਘ, ਕਰਨਜੀਤ ਸਿੰਘ, ਜਸ਼ਨਪ੍ਰੀਤ ਸਿੰਘ ਤੇ ਅੰਮ੍ਰਿਤਪਾਲ ਸਿੰਘ, ਕਰਨੈਲ ਸਿੰਘ ਪੰਚਕੂਲਾ, ਅੰਬਾਲਾ ਤੋਂ ਹਰਨਾਮ ਸਿੰਘ ਤੇ ਸੁਖਚੈਨ ਸਿੰਘ, ਮਨੀਸ਼ ਸਿੰਘ ਯਮੁਨਾਨਗਰ, ਮਨਜੀਤ ਸਿੰਘ ਜਗਾਧਰੀ, ਜਸਵਿੰਦਰ ਸਿੰਘ ਕਰਨਾਲ, ਕਿਸ਼ਨਪਾਲ ਸਿੰਘ, ਪਾਣੀਪਤ ਤੋਂ ਅਸ਼ਮੀਤ ਸਿੰਘ ਤੇ ਸੰਦੀਪ ਕੁਮਾਰ, ਸ਼ੁਭਮ ਸਿੰਘ ਜੀਂਦ, ਪਾਰਸ ਸਿੰਘ ਸਿਰਸਾ, ਕਿਸ਼ਨ ਕੁਮਾਰ ਰੋਹਤਕ, ਸੰਦੀਪ ਕੁਮਾਰ ਹਿਸਾਰ, ਮਹਿੰਦਰ ਸਿੰਘ ਸੋਨੀਪਤ, ਕੈਥਲ ਤੋਂ ਸ਼ਿਵ ਕੁਮਾਰ ਤੇ ਜਤਿੰਦਰ ਸਿੰਘ, ਬਲਵੰਤ ਸਿੰਘ ਫਰੀਦਾਬਾਦ ਆਦਿ ਵੀ ਹਾਜ਼ਰ ਸਨ।