Sport

ਇੰਗਲੈਂਡ ਸ੍ਰੀਲੰਕਾ ਨੂੰ ਹਰਾ ਕੇ ਸਭ ਤੋਂ ਪਹਿਲਾਂ ਸੈਮੀਫਾਈਨਲ ‘ਚ ਪੁੱਜਾ, ਅੱਜ ਭਾਰਤ ਲਈ ਹੁਣ ਅਫ਼ਗਾਨਿਸਤਾਨ ਨੂੰ ਜਿੱਤਣਾ ਜਰੂਰੀ

ਟੀ-20 ਵਿਸ਼ਵ ਕੱਪ 2021 ਦੇ 29ਵੇਂ ਲੀਗ ਮੈਚ ‘ਚ ਇੰਗਲੈਂਡ ਕ੍ਰਿਕਟ ਟੀਮ ਦਾ ਮੁਕਾਬਲਾ ਸ੍ਰੀਲੰਕਾ ਦੇ ਨਾਲ ਸ਼ਾਰਜਾਹ ‘ਚ ਹੋਇਆ। ਇਸ ਮੁਕਾਬਲੇ ‘ਚ ਸ੍ਰੀਲੰਕਾ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਟਾਸ ਜਿੱਤਿਆ ਤੇ ਪਹਿਲਾਂ ਫਿਲਡਿੰਗ ਕਰਨ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਜੋਸ ਬਟਲਰ ਦੇ ਅਜੇਤੂ ਸੈਂਕੜੇ ਦੀ ਬਦੌਲਤ 20 ਓਵਰਾਂ ‘ਚ 4 ਵਿਕਟਾਂ ਦੇ ਨੁਕਸਾਨ ‘ਤੇ 163 ਦੌੜਾਂ ਬਣਾਈਆਂ ਤੇ ਸ੍ਰੀਲੰਕਾ ਨੂੰ ਜਿੱਤ ਲਈ 164 ਦੌੜਾਂ ਦਾ ਟੀਚਾ ਦਿੱਤਾ। ਦੂਸਰੀ ਪਾਰੀ ‘ਚ ਸ੍ਰੀਲੰਕਾ ਦੀ ਟੀਮ 19 ਓਵਰਾਂ ‘ਤੇ ਆਊਟ ਹੋ ਗਈ ਤੇ ਉਸ ਨੂੰ 26 ਦੌੜਾਂ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਦੇ ਨਾਲ ਇਗਲੈਂਡ ਦੀ ਟੀਮ ਟੀ20 ਵਰਲਡ ਕੱਪ 2021 ਦੇ ਸੈਮੀਫਾਈਨਲ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣ ਗਈ। ਇਹ ਇੰਗਲੈਂਡ ਦੀ ਲਗਾਤਾਰ ਚੌਥੀ ਜਿੱਤ ਰਹੀ। ਹੁਣ ਸੈਮੀਫਾਈਨਲ ‘ਚ ਸ੍ਰੀਲੰਕਾਂ ਦੇ ਪੁੱਜਣ ਦੀਆਂ ਉਮੀਦਾਂ ਖ਼ਤਮ ਹੋ ਗਈਆਂ ਹਨ।

ਪਾਕਿਸਤਾਨ ਨੇ ਨਾਮੀਬੀਆ ਨੂੰ 45 ਦੌੜਾਂ ਨਾਲ ਹਰਾਇਆ

ਮੁਹੰਮਦ ਰਿਜ਼ਵਾਨ ਤੇ ਕਪਤਾਨ ਬਾਬਰ ਆਜ਼ਮ ਦੇ ਅਰਧ ਸੈਂਕੜਿਆਂ ਤੇ ਦੋਵਾਂ ਵਿਚਾਲੇ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਪਾਕਿਸਤਾਨ ਨੇ ਆਈ ਸੀ ਸੀ ਟੀ-20 ਵਿਸ਼ਵ ਕੱਪ ਦੇ ਸੁਪਰ 12 ਗੇੜ ਦੇ ਗਰੁੱਪ 2 ਮੈਚ ਵਿਚ ਨਾਮੀਬੀਆ ਨੂੰ 45 ਦੌੜਾਂ ਨਾਲ ਹਰਾ ਕੇ ਚੌਥੀ ਜਿੱਤ ਦੇ ਨਾਲ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ। ਪਾਕਿਸਤਾਨ ਦੇ 190 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਨਾਮੀਬੀਆ ਦੀ ਟੀਮ ਡੇਵਿਡ ਵਾਈਸੀ (31 ਗੇਂਦਾਂ ਵਿਚ ਅਜੇਤੂ 43, ਦੋ ਛੱਕੇ ਤਿੰਨ ਚੌਕੇ), ਕ੍ਰੇਗ ਵਿਲੀਅਮਸਨ (40) ਤੇ ਸਲਾਮੀ ਬੱਲੇਬਾਜ਼ ਸਟੀਫਨ ਬਾਰਡ (29) ਦੀਆਂ ਪਾਰੀਆਂ ਦੇ ਬਾਵਜੂਦ ਪੰਜ ਵਿਕਟ ‘ਤੇ 144 ਦੌੜਾਂ ਹੀ ਬਣਾ ਸਕੀ। ਪਾਕਿਸਤਾਨ ਵਲੋਂ ਸਪਿਨਰ ਇਮਾਦ ਵਸੀਮ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਤਿੰਨ ਓਵਰ ਵਿਚ 13 ਦੌੜਾਂ ‘ਤੇ ਇਕ ਵਿਕਟ ਹਾਸਲ ਕੀਤੀ। ਹਾਸਲ ਅਲੀ (22 ਦੌੜਾਂ ‘ਤੇ ਇਕ ਵਿਕਟ), ਹਾਰਿਸ ਸਾਉਫ (25 ਦੌੜਾਂ ‘ਤੇ ਇਕ ਵਿਕਟ) ਤੇ ਸ਼ਾਦਾਬ ਖਾਨ (35 ਦੌੜਾਂ ‘ਤੇ ਇਕ ਵਿਕਟ) ਨੇ ਵੀ ਇਕ-ਇਕ ਹਾਸਲ ਕੀਤੀ। ਪਾਕਿਸਤਾਨ ਦੇ ਰਿਜ਼ਵਾਨ (ਅਜੇਤੂ 79) ਤੇ ਬਾਬਰ (70) ਦੇ ਵਿਚ ਪਹਿਲੇ ਵਿਕਟ ਦੀ 113 ਦੌੜਾਂ ਦੀ ਸਾਂਝੇਦਾਰੀ ਨਾਲ 2 ਵਿਕਟ ‘ਤੇ 189 ਦੌੜਾਂ ਦਾ ਸਕੋਰ ਖੜਾ ਕੀਤਾ ਸੀ। ਰਿਜ਼ਵਾਨ ਨੇ ਮੁਹੰਮਦ ਹਫੀਜ਼ (ਅਜੇਤੂ 32) ਦੇ ਨਾਲ ਵੀ ਤੀਜੇ ਵਿਕਟ ਦੇ ਲਈ 4।2 ਓਵਰ ਵਿਚ 67 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ। ਰਿਜ਼ਵਾਨ ਨੇ 50 ਗੇਂਦਾਂ ਦੀ ਆਪਣੀ ਪਾਰੀ ਵਿਚ ਚਾਰ ਛੱਕੇ ਤੇ 8 ਚੌਕੇ ਲਗਾਏ ਜਦਕਿ ਬਾਬਰ ਨੇ 49 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸੱਤ ਚੌਕੇ ਲਗਾਏ। ਇਸ ਜਿੱਤ ਨਾਲ ਪਾਕਿਸਤਾਨ ਚਾਰ ਮੈਚਾਂ ਵਿਚ ਚਾਰ ਜਿੱਤ ਨਾਲ ਅੱਠ ਅੰਕਾਂ ਦੇ ਨਾਲ ਚੋਟੀ ‘ਤੇ ਬਰਕਰਾਰ ਹੈ। ਟੀਚੇ ਦਾ ਪਿੱਛਾ ਕਰਨ ਉਤਰੇ ਨਾਮੀਬੀਆ ਦੀ ਸ਼ੁਰੂਆਤ ਖਰਾਬ ਰਹੀ। ਹਸਨ ਅਲੀ ਨੇ ਦੂਜੇ ਓਵਰ ਵਿਚ ਹੀ ਮਾਈਕਲ ਵਾਨ ਲਿੰਗੇਨ (04) ਨੂੰ ਬੋਲਡ ਕੀਤਾ। ਬਾਰਡ ਤੇ ਵਿਲੀਅਮਸ ਨੇ ਪਾਵਰ ਪਲੇਅ ਵਿਚ ਟੀਮ ਦਾ ਸਕੋਰ ਇਕ ਵਿਕਟ ‘ਤੇ 34 ਦੌੜਾਂ ਤੱਕ ਪਹੁੰਚਾਇਆ।

ਸਾਊਥ ਅਫਰੀਕਾ ਨੂੰ ਮਿਲੀ ਤੀਜੀ ਜਿੱਤ

ਕੈਗਿਸੋ ਰਬਾਦਾ ਤੇ ਐਨਰਿਕ ਨਾਰਤਜੇ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਬੰਗਲਾਦੇਸ਼ ਨੂੰ ਸਸਤੇ ਵਿਚ ਸਮੇਟਣ ਤੋਂ ਬਾਅਦ ਦਖਣੀ ਅਫਰੀਕਾ ਨੇ 39 ਗੇਂਦਾਂ ਬਾਕੀ ਰਹਿੰਦੇ ਹੋਏ ਛੇ ਵਿਕਟਾਂ ਨਾਲ ਜਿੱਤ ਦਰਜ ਕਰ ਕੇ ਮੰਗਲਵਾਰ ਨੂੰ ਇੱਥੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪੁੱਜਣ ਦੀਆਂ ਆਪਣੀਆਂ ਉਮੀਦਾਂ ਨੂੰ ਕਾਇਮ ਰੱਖਿਆ। ਬੰਗਲਾਦੇਸ਼ ਦੀ ਟੀਮ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਮਿਲਣ ਤੋਂ ਬਾਅਦ 18.2 ਓਵਰਾਂ ਵਿਚ 84 ਦੌੜਾਂ ‘ਤੇ ਸਿਮਟ ਗਈ। ਦੱਖਣੀ ਅਫਰੀਕਾ ਨੇ 13।3 ਓਵਰਾਂ ਵਿਚ ਚਾਰ ਵਿਕਟਾਂ ‘ਤੇ 86 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਟੀਚੇ ਦਾ ਪਿੱਚਾ ਕਰਦੇ ਹੋਏ ਦੱਖਣੀ ਅਫਰੀਕਾ ਨੇ ਪਾਵਰਪਲੇ ਵਿਚ ਹੀ ਚੋਟੀ ਦੇ ਤਿੰਨ ਬੱਲੇਬਾਜ਼ਾਂ ਨੂੰ ਗੁਆ ਦਿੱਤਾ। ਤਸਕੀਨ ਅਹਿਮਦ (2/18) ਨੇ ਰੀਜ਼ਾ ਹੈਂਡਰਿਕਸ (04) ਨੂੰ ਪਹਿਲੇ ਓਵਰ ਵਿਚ ਹੀ ਲੱਤ ਅੜਿੱਕਾ ਕਰ ਦਿੱਤਾ। ਜਲਦ ਹੀ ਮੇਹਦੀ ਹਸਨ (1/19) ਨੇ ਦੂਜੇ ਸਲਾਮੀ ਬੱਲੇਬਾਜ਼ ਕਵਿੰਟਨ ਡਿਕਾਕ (16) ਨੂੰ ਬੋਲਡ ਕਰ ਦਿੱਤਾ। ਪਾਵਰਪਲੇਅ ਵਿਚ ਆਊਟ ਹੋਣ ਵਾਲੇ ਤੀਜੇ ਬੱਲੇਬਾਜ਼ ਏਡੇਨ ਮਾਰਕਰੈਮ (00) ਸਨ ਜਿਨ੍ਹਾਂ ਨੂੰ ਤਸਕੀਨ ਨੇ ਸਲਿਪ ਵਿਚ ਕੈਚ ਕਰਵਾਇਆ। ਕਪਤਾਨ ਤੇਂਬਾ ਬਾਵੁਮਾ ਨੇ ਲਗਾਤਾਰ ਦੂਜੇ ਮੈਚ ਵਿਚ ਚੰਗੀ ਬੱਲੇਬਾਜ਼ੀ ਕੀਤੀ। ਉਨ੍ਹਾਂ ਨੇ 28 ਗੇਂਦਾਂ ‘ਤੇ ਤਿੰਨ ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ ਅਜੇਤੂ 31 ਦੌੜਾਂ ਦੀ ਪਾਰੀ ਖੇਡੀ। ਬਾਵੁਮਾ ਨੇ ਰਾਸੀ ਵੇਨ ਡੇ ਡੁਸੇਨ (22) ਦੇ ਨਾਲ ਚੌਥੀ ਵਿਕਟ ਲਈ 47 ਦੌੜਾਂ ਜੋੜੀਆਂ। ਦੱਖਣੀ ਅਫਰੀਕਾ ਦੀ ਨਜ਼ਰ ਨੈੱਟ ਰਨ ਰੇਟ ਵਿਚ ਸੁਧਾਰ ਕਰਨ ‘ਤੇ ਸੀ। ਇਸ ਕਾਰਨ ਬਾਵੁਮਾ ਤੇ ਡੁਸੇਨ ਨੇ ਗੇਂਦ ਨੂੰ ਬਾਊਂਡਰੀ ਲਾਈਨ ਦੇ ਪਾਰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸ਼ੋਰਿਫੁਲ ਨੇ ਡੁਸੇਨ ਦਾ ਬਿਹਤਰੀਨ ਕੈਚ ਲੈ ਕੇ ਉਨ੍ਹਾਂ ਦੇ ਇਰਾਦਿਆਂ ਨੂੰ ਪੂਰਾ ਨਾ ਹੋਣ ਦਿੱਤਾ। ਡੇਵਿਡ ਮਿਲਰ (ਅਜੇਤੂ ਪੰਜ) ਨੇ ਜੇਤੂ ਚੌਕਾ ਲਾਇਆ। ਇਸ ਤੋਂ ਪਹਿਲਾਂ ਰਬਾਦਾ (3/20) ਨੇ ਬੰਗਲਾਦੇਸ਼ ਦੇ ਚੋਟੀ ਦੇ ਬੱਲੇਬਾਜ਼ਾਂ ਨੂੰ ਨਾਕਾਮ ਕੀਤਾ ਤੇ ਨਾਰਤਜੇ (3/08) ਨੇ ਲਗਾਤਾਰ ਦੋ ਵਿਕਟਾਂ ਲੈ ਕੇ ਪਾਰੀ ਦਾ ਅੰਤ ਕੀਤਾ। ਖੱਬੇ ਹੱਥ ਦੇ ਗੁੱਟ ਦੇ ਸਪਿੰਨਰ ਤਬਰੇਜ਼ ਸ਼ਮਸੀ (2/21) ਮੁੜ ਵਿਚਾਲੇ ਦੇ ਓਵਰਾਂ ਵਿਚ ਉਪਯੋਗੀ ਸਾਬਤ ਹੋਏ ਜਦਕਿ ਡਵੇਨ ਪ੍ਰਰੀਟੋਰੀਅਸ (1/11) ਨੂੰ ਵੀ ਕਾਮਯਾਬੀ ਮਿਲੀ। ਬੰਗਲਾਦੇਸ਼ ਦੇ ਸਿਰਫ਼ ਤਿੰਨ ਬੱਲੇਬਾਜ਼ ਦੋਹਰੇ ਅੰਕ ਵਿਚ ਪੁੱਜੇ ਜਿਨ੍ਹਾਂ ਵਿਚ ਹਰਫ਼ਨਮੌਲਾ ਮੇਹਦੀ ਹਸਨ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ ਜਦਕਿ ਸਲਾਮੀ ਬੱਲੇਬਾਜ਼ ਲਿਟਨ ਦਾਸ ਨੇ 36 ਗੇਂਦਾਂ ‘ਤੇ 24 ਦੌੜਾਂ ਦੀ ਪਾਰੀ ਖੇਡੀ।

ਅੱਜ ਭਾਰਤ ਲਈ ਹੁਣ ਅਫ਼ਗਾਨਿਸਤਾਨ ਨੂੰ ਜਿੱਤਣਾ ਜਰੂਰੀ

ਦੋ ਖ਼ਰਾਬ ਹਾਰਾਂ ਤੋਂ ਬਾਅਦ ਭਾਰਤੀ ਟੀਮ ਦਾ ਆਪਣੀ ਮੇਜ਼ਬਾਨੀ ਵਿਚ ਸੰਯੁਕਤ ਅਰਬ ਅਮੀਰਾਤ (ਯੂਏਈ) ਵਿਚ ਹੋ ਰਹੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪੁੱਜਣਾ ਮੁਸ਼ਕਲ ਹੋ ਗਿਆ ਹੈ। ਹੁਣ ਉਸ ਨੂੰ ਆਪਣੇ ਤੀਜੇ ਮੁਕਾਬਲੇ ਵਿਚ ਪਾਕਿਸਤਾਨ ਤੇ ਨਿਊਜ਼ੀਲੈਂਡ ਤੋਂ ਮੁਕਾਬਲਤਨ ਕਮਜ਼ੋਰ ਅਫ਼ਗਾਨੀ ਟੀਮ ਨਾਲ ਬੁੱਧਵਾਰ ਨੂੰ ਭਿੜਨਾ ਹੈ। ਭਾਰਤ ਨੇ ਪਿਛਲੇ ਦੋ ਮੈਚ ਦੁਬਈ ਅੰਤਰਰਾਸ਼ਟਰੀ ਸਟੇਡੀਅਮ ਵਿਚ ਖੇਡੇ ਹਨ। ਹੁਣ ਉਸ ਨੇ ਅਗਲਾ ਮੁਕਾਬਲਾ ਆਬੂ ਧਾਬੀ ਦੇ ਸ਼ੇਖ ਜ਼ਾਇਦ ਸਟੇਡੀਅਮ ਵਿਚ ਖੇਡਣਾ ਹੈ। ਟੀਮ ਇੰਡੀਆ ਇੱਥੇ ਇੱਕੋ ਇਕ ਲੀਗ ਮੈਚ ਖੇਡੇਗੀ। ਇਸ ਤੋਂ ਬਾਅਦ ਉਸ ਦੇ ਅਗਲੇ ਦੋ ਮੈਚ ਨਾਮੀਬੀਆ ਤੇ ਸਕਾਟਲੈਂਡ ਨਾਲ ਦੁਬਈ ਵਿਚ ਖੇਡੇ ਜਾਣਗੇ। ਟੀਮ ਇੰਡੀਆ ਇਹ ਮੈਚ ਜਿੱਤ ਕੇ ਆਪਣਾ ਗੁਆਚਾ ਆਤਮਵਿਸ਼ਵਾਸ ਤੇ ਸਨਮਾਨ ਵਾਪਸ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਜੇ ਟੀਮ ਇੰਡੀਆ, ਅਫ਼ਗਾਨਿਸਤਾਨ ਨੂੰ 50 ਦੌੜਾਂ ਤੋਂ ਵੱਧ ਜਾਂ ਟੀਚੇ ਦਾ ਪਿੱਛਾ ਕਰਦੇ ਹੋਏ 14 ਓਵਰਾਂ ਦੇ ਅੰਦਰ ਹਰਾ ਦਿੰਦੀ ਹੈ ਤਾਂ ਉਸ ਦੀਆਂ ਉਮੀਦਾਂ ਕੁਝ ਜਿਊਂਦੀਆਂ ਰਹਿਣਗੀਆਂ।

ਰੋਹਿਤ ਤੇ ਰਾਹੁਲ ਹੀ ਉਤਰਨਗੇ ਸਲਾਮੀ ਬੱਲੇਬਾਜ਼ ਵਜੋਂ

ਭਾਰਤੀ ਟੀਮ ਪਿਛਲੇ ਮੈਚ ਵਿਚ ਇਸ਼ਾਨ ਕਿਸ਼ਨ ਤੇ ਕੇਐੱਲ ਰਾਹੁਲ ਦੀ ਓਪਨਿੰਗ ਦੇ ਨਾਲ ਉਤਰੀ ਸੀ ਪਰ ਉਹ ਨਾਕਾਮ ਹੋਈ। ਉਸ ਦੀ ਕਾਫੀ ਨਿੰਦਾ ਵੀ ਹੋਈ। ਟੀਮ ਇੰਡੀਆ ਨੇ ਬੋਲਟ ਤੋਂ ਰੋਹਿਤ ਸ਼ਰਮਾ ਨੂੰ ਬਚਾਉਣ ਲਈ ਪਿਛਲੇ ਮੈਚ ਵਿਚ ਤੀਜੇ ਨੰਬਰ ‘ਤੇ ਉਤਾਰਿਆ ਸੀ ਪਰ ਅਫ਼ਗਾਨਿਸਤਾਨ ਕੋਲ ਅਜਿਹਾ ਕੋਈ ਤੇਜ਼ ਗੇਂਦਬਾਜ਼ ਨਹੀਂ ਹੈ ਜੋ ਰੋਹਿਤ ਨੂੰ ਪਰੇਸ਼ਾਨ ਕਰ ਸਕੇ। ਇਸੇ ਨੂੰ ਦੇਖਦੇ ਹੋਏ ਟੀਮ ਇੰਡੀਆ ਮੁੜ ਰੋਹਿਤ ਤੇ ਰਾਹੁਲ ਦੀ ਓਪਨਿੰਗ ਜੋੜੀ ਨਾਲ ਹੀ ਉਤਰੇਗੀ। ਅਫ਼ਗਾਨਿਸਤਾਨ ਲਈ ਨਵੀਂ ਗੇਂਦ ਸੰਭਾਲਣ ਵਾਲੇ ਹਾਮਿਦ ਅਸਨ ਤੇ ਨਵੀਨ-ਉੱਲ-ਹੱਕ ਟੁਕੜਿਆਂ ਵਿਚ ਚੰਗਾ ਪ੍ਰਦਰਸ਼ਨ ਕਰ ਸਕੇ ਹਨ ਪਰ ਰੋਹਿਤ ਤੇ ਰਾਹੁਲ ਦੇ ਅੱਗੇ ਉਨ੍ਹਾਂ ਦੀ ਦਾਲ ਨਹੀਂ ਗ਼ਲਣ ਵਾਲੀ। ਰੋਹਿਤ ਤੇ ਰਾਹੁਲ ਕੋਲ ਵੀ ਚੰਗਾ ਸਕੋਰ ਬਣਾਉਣ ਦਾ ਇਹ ਸਹੀ ਮੌਕਾ ਹੈ।

ਅਸ਼ਵਿਨ ‘ਤੇ ਹੋਵੇਗੀ ਨਜ਼ਰ

ਵਿਰਾਟ ਕੋਹਲੀ ਨੇ ਇੰਗਲੈਂਡ ਵਿਚ ਟੈਸਟ ਸੀਰੀਜ਼ ਵਿਚ ਰਵੀਚੰਦਰਨ ਅਸ਼ਵਿਨ ਨੂੰ ਮੌਕਾ ਨਹੀਂ ਦਿੱਤਾ ਸੀ। ਉਸ ਦੇ ਬਾਵਜੂਦ ਅਸ਼ਵਿਨ ਨੂੰ ਟੀ-20 ਵਿਸ਼ਵ ਕੱਪ ਟੀਮ ਵਿਚ ਰੱਖਿਆ ਗਿਆ। ਹਾਲਾਂਕਿ ਸ਼ੁਰੂਆਤੀ ਦੋ ਮੁਕਾਬਲਿਆਂ ਵਿਚ ਉਨ੍ਹਾਂ ਨੂੰ ਨਹੀਂ ਖਿਡਾਇਆ ਗਿਆ। ਇਸ ਮੈਚ ਵਿਚ ਉਨ੍ਹਾਂ ਨੂੰ ਆਖ਼ਰੀ ਇਲੈਵਨ ਵਿਚ ਰੱਖਿਆ ਜਾ ਸਕਦਾ ਹੈ। ਟੀਮ ਇੰਡੀਆ ਇਸ ਦੇ ਸਹਾਰੇ ਆਪਣੀ ਸਹੀ ਟੀਮ ਚੁਣ ਸਕਦੀ ਹੈ ਕਿਉਂਕਿ ਭਾਰਤ ਦੇ ਦੋਵਾਂ ਸਪਿੰਨਰਾਂ ਰਵਿੰਦਰ ਜਡੇਜਾ ਤੇ ਵਰੁਣ ਚੰਕਰਵਰਤੀ ਨੇ ਦੋਵਾਂ ਮੈਚਾਂ ਵਿਚ ਇਕ ਵੀ ਵਿਕਟ ਨਹੀਂ ਲਿਆ ਹੈ। ਇਸ ਫਾਰਮੈਟ ਵਿਚ ਆਖ਼ਰੀ ਤਿੰਨ ਮੈਚਾਂ ਵਿਚ ਭਾਰਤੀ ਟੀਮ ਦੀ ਕਪਤਾਨੀ ਕਰਨ ਜਾ ਰਹੇ ਕੋਹਲੀ ਤੋਂ ਬਿਹਤਰ ਟੀਮ ਚੋਣ ਦੀ ਉਮੀਦ ਹੋਵੇਗਾ। ਅਸ਼ਵਿਨ ਵਰਗੇ ਗੇਂਦਬਾਜ਼ ਨੂੰ ਬਾਹਰ ਰੱਖਣ ਦੇ ਫ਼ੈਸਲੇ ‘ਤੇ ਵਾਰ-ਵਾਰ ਸਵਾਲ ਉੱਠ ਰਹੇ ਹਨ। ਅਜਿਹਾ ਘੱਟ ਹੀ ਹੁੰਦਾ ਹੈ ਕਿ ਇੰਨੇ ਸੀਨੀਅਰ ਖਿਡਾਰੀ ਨੂੰ ਛੇ ਮਹੀਨੇ ਤਕ ਟੀਮ ਵਿਚ ਸ਼ਾਮਲ ਰੱਖਿਆ ਜਾਵੇ ਤੇ ਆਖ਼ਰੀ ਇਲੈਵਨ ਵਿਚ ਇਕ ਵੀ ਮੈਚ ਨਹੀਂ ਖੇਡਣ ਦਿੱਤਾ ਜਾਵੇ। ਅਸ਼ਵਿਨ ਨੂੰ ਚਾਰ ਸਾਲ ਬਾਅਦ ਸੀਮਤ ਓਵਰਾਂ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਪਰ ਸਭ ਨੂੰ ਪਤਾ ਸੀ ਕਿ ਵਿਰਾਟ ਉਨ੍ਹਾਂ ਦੀ ਥਾਂ ਯੁਜਵਿੰਦਰ ਸਿੰਘ ਚਹਿਲ ਨੂੰ ਟੀਮ ਵਿਚ ਚਾਹੁੰਦੇ ਸਨ। ਹਾਲਾਂਕਿ ਵਿਰਾਟ ਨੂੰ ਬੀਤੀਆਂ ਗੱਲਾਂ ਨੂੰ ਭੁਲਾ ਕੇ ਜਿੱਤ ਵੱਲ ਦੇਖਣਾ ਚਾਹੀਦਾ ਹੈ। ਅਸ਼ਵਿਨ ਸ਼ੁਰੂਆਤੀ ਓਵਰ ਕਰ ਕੇ ਅਫ਼ਗਾਨਿਸਤਾਨ ਦੇ ਓਪਨਰ ਹਜ਼ਰਤ-ਉੱਲਾ-ਜਜ਼ਈ ਤੇ ਮੁਹੰਮਦ ਸ਼ਹਿਜ਼ਾਦ ਨੂੰ ਪਰੇਸ਼ਾਨ ਕਰ ਸਕਦੇ ਹਨ। ਜੇ ਇਸ ਮੈਚ ਵਿਚ ਵੀ ਕੋਹਲੀ ਉਨ੍ਹਾਂ ਨੂੰ ਆਖ਼ਰੀ ਇਲੈਵਨ ‘ਚ ਨਹੀਂ ਖਿਡਾਉਂਦੇ ਹਨ ਤਾਂ ਸਵਾਲ ਉੱਠਣਾ ਜਾਇਜ਼ ਹੈ। ਵੈਸੇ ਵੀ ਇਸ ਵਿਸ਼ਵ ਕੱਪ ਤੋਂ ਬਾਅਦ ਵਿਰਾਟ ਟੀ-20 ਫਾਰਮੈਟ ਵਿਚ ਕਪਤਾਨੀ ਛੱਡ ਦੇਣਗੇ ਤੇ ਸੂਤਰਾਂ ਨੇ ਦੱਸਿਆ ਹੈ ਕਿ ਵਨ ਡੇ ਵਿਚ ਵੀ ਉਹ ਅੱਗੇ ਕਪਤਾਨੀ ਨਹੀਂ ਕਰ ਸਕਣਗੇ ਕਿਉਂਕਿ ਬੀਸੀਸੀਆਈ ਟੀ-20 ਤੇ ਵਨ ਡੇ ਵਿਚ ਇਕ ਕਪਤਾਨ ਚਾਹੁੰਦਾ ਹੈ। ਬੀਸੀਸੀਆਈ ਨਹੀਂ ਚਾਹੁੰਦਾ ਕਿ ਚਿੱਟੀ ਗੇਂਦ ਦੀ ਕ੍ਰਿਕਟ ਵਿਚ ਦੋ ਵੱਖ-ਵੱਕ ਕਪਤਾਨ ਹੋਣ।

ਅਫ਼ਗਾਨਿਸਤਾਨ ਕਮਜ਼ੋਰ ਨਹੀਂ

ਭਾਰਤ ਨੂੰ ਹੁਣ ਤਕ ਜਿੱਥੇ ਪਾਕਿਤਾਨ ਹੱਥੋਂ 10 ਤੇ ਨਿਊਜ਼ੀਲੈਂਡ ਹੱਥੋਂ ਅੱਠ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਅਫ਼ਗਾਨਿਸਤਾਨ ਨੇ ਸਕਾਟਲੈਂਡ ਤੇ ਨਾਮੀਬੀਆ ਨੂੰ ਹਰਾਇਆ ਹੈ। ਇਹੀ ਨਹੀਂ ਉਸ ਨੇ ਪਾਕਿਸਤਾਨ ਨੂੰ ਹਾਰ ਦੇ ਕੰਢੇ ‘ਤੇ ਪਹੁੰਚਾ ਦਿੱਤਾ ਸੀ ਪਰ ਆਸਿਫ ਅਲੀ ਨੇ ਇਕ ਓਵਰ ਵਿਚ ਚਾਰ ਛੱਕੇ ਲਾ ਕੇ ਉਨ੍ਹਾਂ ਤੋਂ ਜਿੱਤ ਖੋਹ ਲਈ। ਅਫ਼ਗਾਨਿਸਤਾਨ ਨੇ ਪਾਕਿਸਤਾਨ ਖ਼ਿਲਾਫ਼ ਭਾਰਤ ਤੋਂ ਬਿਹਤਰ ਮੈਚ ਦਿਖਾਇਆ ਸੀ। ਅਫ਼ਗਾਨਿਸਤਾਨ ਕੋਲ ਚੰਗੇ ਤੇਜ਼ ਗੇਂਦਬਾਜ਼ ਨਹੀਂ ਹਨ ਪਰ ਉਨ੍ਹਾਂ ਕੋਲ ਰਾਸ਼ਿਦ ਖ਼ਾਨ, ਮੁਜੀਬ ਉਰ ਰਹਿਮਾਨ ਤੇ ਮੁਹੰਮਦ ਨਬੀ ਵਰਗੇ ਤਿੰਨ ਸ਼ਾਨਦਾਰ ਸਪਿੰਨਰ ਹਨ।

ਟੀਮ ‘ਚ ਕੁਝ ਤਬਦੀਲੀ ਸੰਭਵ

ਭਾਰਤ ਨੇ ਪਿਛਲੇ ਮੈਚ ਵਿਚ ਸੂਰਿਆ ਕੁਮਾਰ ਯਾਦਵ ਦੀ ਪਿੱਠ ਵਿਚ ਖਿਚਾਅ ਕਾਰਨ ਇਸ਼ਾਨ ਕਿਸ਼ਨ ਨੂੰ ਸ਼ਾਮਲ ਕੀਤਾ ਸੀ। ਜੇ ਸੂਰਿਆ ਕੁਮਾਰ ਫਿੱਟ ਹੁੰਦੇ ਹਨ ਤਾਂ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇਗਾ। ਜੇ ਨਹੀਂ ਤਾਂ ਇਸ਼ਾਨ ਖੇਡਣਗੇ। ਹਾਰਦਿਕ ਪਾਂਡਿਆ ਦੀ ਥਾਂ ਵੀ ਖ਼ਤਰੇ ਵਿਚ ਹੈ ਕਿਉਂਕਿ ਉਹ ਦੋ ਮੈਚਾਂ ਵਿਚ 35 ਗੇਂਦਾਂ ਵਿਚ 31 ਦੌੜਾਂ ਹੀ ਬਣਾ ਸਕੇ ਹਨ। ਟੀਮ ਵਿਚ ਤਬਦੀਲੀ ਸੂਰਿਆ ਕੁਮਾਰ ਦੀ ਫਿਟਨੈੱਸ ‘ਤੇ ਹੀ ਸੰਭਵ ਹੈ। ਟੀਮ ਮੈਨੇਜਮੈਂਟ ਨੇ ਉਨ੍ਹਾਂ ਦੀ ਫਿਟਨੈੱਸ ‘ਤੇ ਹੁਣ ਤਕ ਕੋਈ ਅਪਡੇਟ ਨਹੀਂ ਦਿੱਤਾ ਹੈ।

ਦੋਵਾਂ ਟੀਮਾਂ ‘ਚ ਸ਼ਾਮਲ ਖਿਡਾਰੀ

ਭਾਰਤ

ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ (ਉੱਪ ਕਪਤਾਨ), ਕੇਐੱਲ ਰਾਹੁਲ, ਸੂਰਿਆ ਕੁਮਾਰ ਯਾਦਵ, ਰਿਸ਼ਭ ਪੰਤ (ਵਿਕਟਕੀਪਰ), ਹਾਰਦਿਕ ਪਾਂਡਿਆ, ਇਸ਼ਾਨ ਕਿਸ਼ਨ, ਸ਼ਾਰਦੁਲ ਠਾਕੁਰ, ਰਵਿੰਦਰ ਜਡੇਜਾ, ਰਵੀਚੰਦਰਨ ਅਸ਼ਵਿਨ, ਜਸਪ੍ਰਰੀਤ ਬੁਮਰਾਹ, ਮੁਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਵਰੁਣ ਚੱਕਰਵਰਤੀ, ਰਾਹੁਲ ਚਾਹਰ।

ਅਫ਼ਗਾਨਿਸਤਾਨ

ਰਾਸ਼ਿਦ ਖ਼ਾਨ, ਰਹਿਮਾਨ-ਉੱਲ੍ਹਾ-ਗੁਰਬਾਜ਼, ਹਜ਼ਰਤ-ਉੱਲ੍ਹਾ-ਜਜ਼ਈ, ਉਸਮਾਨ ਗਨੀ, ਅਸਗਰ ਅਫ਼ਗਾਨ, ਮੁਹੰਮਦ ਨਬੀ (ਕਪਤਾਨ), ਨਜੀਬ-ਉੱਲ੍ਹਾ-ਜ਼ਾਦਰਾਨ, ਹਸ਼ਮਤ-ਉੱਲ੍ਹਾ ਸ਼ਾਹੀਦੀ, ਮੁਹੰਮਦ ਸ਼ਹਿਜ਼ਾਦ, ਮੁਜੀਬ ਉਰ ਰਹਿਮਾਨ, ਕਰੀਮ ਜੰਨਤ, ਗੁਲਬਦੀਨ ਨਾਇਬ, ਨਵੀਨ-ਉੱਲ-ਹੱਕ, ਹਾਮਿਦ ਹਸਨ, ਫ਼ਰੀਦ ਅਹਿਮਦ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin