ਢਾਕਾ – ਟੋਕੀਓ ਓਲੰਪਿਕ ‘ਚ ਕਾਂਸੇ ਦਾ ਮੈਡਲ ਜੇਤੂ ਭਾਰਤ ਨੇ ਧੁਰ ਵਿਰੋਧੀ ਪਾਕਿਸਤਾਨ ਨੂੰ ਰੋਮਾਂਚਕ ਮੁਕਾਬਲੇ ਵਿਚ 4-3 ਨਾਲ ਹਰਾ ਕੇ ਏਸ਼ਿਆਈ ਚੈਂਪੀਅਨਜ਼ ਟਰਾਫੀ ਮਰਦ ਹਾਕੀ ਟੂਰਨਾਮੈਂਟ ਦਾ ਕਾਂਸੀ ਦਾ ਮੈਡਲ ਜਿੱਤ ਲਿਆ। ਮਸਕਟ ਵਿਚ ਪਿਛਲੀ ਵਾਰ ਹੋਏ ਟੂਰਨਾਮੈਂਟ ਵਿਚ ਭਾਰਤ ਤੇ ਪਾਕਿਸਤਾਨ ਸਾਂਝੇ ਤੌਰ ‘ਤੇ ਜੇਤੂ ਰਹੇ ਸਨ।
ਭਾਰਤ ਨੂੰ ਮੰਗਲਵਾਰ ਨੂੰ ਸੈਮੀਫਾਈਨਲ ਵਿਚ ਜਾਪਾਨ ਨੇ 5-3 ਨਾਲ ਹਰਾਇਆ ਸੀ। ਭਾਰਤ ਨੇ ਪਹਿਲੇ ਮਿੰਟ ਵਿਚ ਹਰਮਨਪ੍ਰਰੀਤ ਸਿੰਘ ਦੇ ਗੋਲ ਦੀ ਮਦਦ ਨਾਲ ਬੜ੍ਹਤ ਬਣਾ ਲਈ। ਇਸ ਤੋਂ ਬਾਅਦ ਸੁਮਿਤ (45ਵੇਂ ਮਿੰਟ) ਵਰੁਣ ਕੁਮਾਰ (53ਵੇਂ ਮਿੰਟ) ਤੇ ਆਕਸ਼ਦੀਪ ਸਿੰਘ (57ਵੇਂ ਮਿੰਟ) ਨੇ ਗੋਲ ਕੀਤੇ। ਪਾਕਿਸਤਾਨ ਲਈ ਅਫ਼ਰਾਜ (10ਵੇਂ ਮਿੰਟ) ਅਬਦੁਲ ਰਾਣਾ (33ਵੇਂ ਮਿੰਟ) ਤੇ ਅਹਿਮਦ ਨਦੀਮ (57ਵੇਂ ਮਿੰਟ) ਨੇ ਗੋਲ ਕੀਤੇ। ਭਾਰਤ ਦੀ ਇਸ ਟੂਰਨਾਮੈਂਟ ਵਿਚ ਪਾਕਿਸਤਾਨ ‘ਤੇ ਇਹ ਦੂਜੀ ਜਿੱਤ ਸੀ। ਇਸ ਤੋਂ ਪਹਿਲਾਂ ਰਾਊਂਡ ਰਾਬਿਨ ਗੇੜ ਵਿਚ ਭਾਰਤ ਨੇ ਪਾਕਿਸਤਾਨ ਨੂੰ 3-1 ਨਾਲ ਹਰਾਇਆ ਸੀ। ਫਾਈਨਲ ਵਿਚ ਦੱਖਣੀ ਕੋਰੀਆ ਦਾ ਸਾਹਮਣਾ ਜਾਪਾਨ ਨਾਲ ਹੋਵੇਗਾ।