ਅੰਮ੍ਰਿਤਸਰ – ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ਰੰਗਲਾ ਨੇ ਭਾਰਤ ਵੱਲੋਂ ਅਫ਼ਗਾਨਿਸਤਾਨ ਦੇ ਨਾਗਰਿਕਾਂ ਦੀ ਸਹਾਇਤਾ ਲਈ ਅਟਾਰੀ ਸਰਹੱਦ ਤੋਂ ਪਾਕਿਸਤਾਨ ਰਾਹੀਂ 50 ਹਜ਼ਾਰ ਮੀਟਰਕ ਟਨ ਕਣਕ ਨਾਲ ਭਰੇ ਟਰੱਕਾਂ ਦੇ ਕਾਫ਼ਲੇ ਨੂੰ ਹਰੀ ਝੰਡੀ ਵਿਖਾ ਕੇ ਭਾਰਤ ਤੋਂ ਅਫ਼ਗਾਨਿਸਤਾਨ ਲਈ ਰਵਾਨਾ ਕੀਤਾ। ਭਾਰਤ ਤੋਂ ਅਫ਼ਗ਼ਾਨਿਸਤਾਨ ਦੇਸ਼ ਲਈ ਕਣਕ ਲੈਣ ਪੁੱਜੇ ਅਫ਼ਗਾਨਿਸਤਾਨ ਦੇਸ਼ ਦੇ ਹਾਈ ਕਮਿਸ਼ਨ ਜਨਾਬ ਫ਼ਰੀਦ ਮੁਓਮਦਜ਼ਈ ਨੇ ਅਟਾਰੀ ਸਰਹੱਦ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਭਾਰਤ ਸਰਕਾਰ ਤੇ ਭਾਰਤੀ ਆਵਾਮ ਨੇ ਅਫ਼ਗਾਨਿਸਤਾਨ ਦੇਸ਼ ਨੂੰ ਜਦੋਂ ਵੀ ਕਿਸੇ ਕਿਸਮ ਦੀ ਲੋੜ ਪਈ ਤਾਂ ਹਰ ਸਮੇਂ ਆਪਣੇ ਵੱਡੇ ਭਰਾ ਹੋਣ ਦਾ ਫਰਜ਼ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਮੁਸ਼ਕਿਲ ਦੀ ਘੜੀ ‘ਚ ਭਾਰਤ ਸਰਕਾਰ ਨੇ ਅਫ਼ਗ਼ਾਨਿਸਤਾਨ ਦੇਸ਼ ਨੂੰ ਜਿੱਥੇ ਅੱਜ ਪੰਜਾਹ ਹਜ਼ਾਰ ਮੀਟਰਕ ਟਨ ਕਣਕ ਦਿੱਤੀ ਹੈ, ਉੱਥੇ ਹੀ ਇਸ ਤੋਂ ਪਹਿਲਾਂ ਭਾਰਤ ਵੱਲੋਂ ਅਫ਼ਗਾਨਿਸਤਾਨ ਨੂੰ ਬੱਸਾਂ, ਮੈਡੀਕਲ ਸਹੂਲਤ ਦੇ ਨਾਲ-ਨਾਲ ਬੱਚਿਆਂ ਦੇ ਖਾਣ-ਪੀਣ ਦੀਆਂ ਵਸਤੂਆਂ ਹਰ ਦੁੱਖ ਦੀ ਘੜੀ ‘ਚ ਭੇਜੀਆਂ ਗਈਆਂ, ਜਿਸ ਲਈ ਅਫ਼ਗ਼ਾਨਿਸਤਾਨ ਭਾਰਤ ਦਾ ਸ਼ੁਕਰਗੁਜ਼ਾਰ ਹੈ।
ਇਸ ਮੌਕੇ ਦਆਂ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ਰੰਗਲਾ ਨੇ ਦੱਸਿਆ ਕਿ ਭਾਰਤ ਵੱਲੋਂ ਅੱਜ ਭੇਜੀ ਗਈ ਕਣਕ ਦੀ ਪਹਿਲੀ ਖੇਪ ਪਾਕਿਸਤਾਨ ਦੇ ਜਲਾਲਾਬਾਦ ਏਰੀਏ ਤੋਂ ਹੁੰਦੀ ਹੋਈ ਅਫ਼ਗਾਨਿਸਤਾਨ ਪਹੁੰਚੇਗੀ। ਵਿਦੇਸ਼ ਸਕੱਤਰ ਭਾਰਤ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਫ਼ਗ਼ਾਨਿਸਤਾਨ ਦੇਸ਼ ਦੇ ਹਾਲਾਤ ਨੂੰ ਵੇਖਦੇ ਹੋਏ ਉੱਥੇ ਵੱਸਦੇ ਅਫਗਾਨੀਆਂ ਦੀ ਸਹਾਇਤਾ ਲਈ ਇਹ ਕਣਕ ਦੀ ਪਹਿਲੀ ਖੇਪ ਭਾਰਤ ਤੋਂ ਰਵਾਨਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਕਣਕ ਦੀ ਪਹਿਲੀ ਖੇਪ ਭਾਰਤ ਤੋਂ ਅਫ਼ਗ਼ਾਨਿਸਤਾਨ ਦੇ ਸਪੈਸ਼ਲ ਆਏ 41 ਟਰੱਕਾਂ ‘ਚ ਲੋਡ ਕਰਕੇ ਭੇਜੀ ਜਾ ਰਹੀ ਹੈ, ਜੋ ਚਾਰ ਦਿਨ ਬਾਅਦ ਅਫ਼ਗਾਨਿਸਤਾਨ ਪੁੱਜੇਗੀ। ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸਿੰਗਲਾ ਨੇ ਦੱਸਿਆ ਕਿ ਅਫ਼ਗ਼ਾਨਿਸਤਾਨ ਦੇਸ਼ ਨੂੰ ਅਗਾਂਹ ਹੋਰ ਵੀ ਕਿਸੇ ਸਹਾਇਤਾ ਦੀ ਲੋੜ ਪਈ ਤਾਂ ਭਾਰਤ ਸਰਕਾਰ ਇਸਤੋਂ ਪਿੱਛੇ ਨਹੀਂ ਹਟੇਗੀ।
ਇਸੇ ਦੌਰਾਨ ਭਾਰਤ ਦੇ ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ਰੰਗਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਵਿਦੇਸ਼ ਸਕੱਤਰ ਨੇ ਆਪਣੀ ਇਸ ਫੇਰੀ ਦੇ ਦੌਰਾਨ ਅੰਮ੍ਰਿਤਸਰ ਦੇ ਰੀਜ਼ਨਲ ਪਾਸਪੋਰਟ ਦਫ਼ਤਰ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ਰੰਗਲਾ ਨੇ ਅਟਾਰੀ ਸਰਹੱਦ ਉਪਰ ਰੀਟਰੀ ਸੈਰੇਮਨੀ ਵੀ ਦੇਖੀ।