ਕੈਨਬਰਾ – “ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਡਿਪਾਰਪਟਮੈਂਟ ਨੇ ਇੱਕ ਭਾਰਤੀ ਨਾਗਰਿਕ ਨੌਜਵਾਨ ਨੂੰ ਜੇਲ੍ਹ ਵਿਚੋਂ ਰਿਹਾਅ ਹੋਣ ਤੋਂ ਤੁਰੰਤ ਬਾਅਦ ਤੇਜੀ ਨਾਲ ਕਾਰਵਾਈ ਕਰਦਿਆਂ 15 ਅਕਤੂਬਰ ਨੂੰ ਭਾਰਤ ਡਿਪੋਰਟ ਕਰ ਦਿੱਤਾ ਹੈ ਅਤੇ ਇਸ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਸਮੇਂ ਉਹ ਆਸਟ੍ਰੇਲੀਆ ਦੇ ਵਿੱਚ ਗੈਰਕਨੂੰਨੀ ਢੰਗ ਨਾਲ ਰਹਿ ਰਿਹਾ ਸੀ।”
ਆਸਟ੍ਰੇਲੀਆ ਦੇ ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਮਾਈਗਰਾਂਟ ਸਰਵਿਸਜ਼ ਅਤੇ ਮਲਟੀਕਲਚਰਲ ਮਨਿਸਟਰ ਐਲੈਕਸ ਹਾਕ ਨੇ ‘ਇੰਡੋ ਟਾਈਮਜ਼’ ਨੂੰ ਦਿੱਤੀ ਜਾਣਕਾਰੀ ਦੇ ਵਿੱਚ ਦੱਸਿਆ ਹੈ ਕਿ, “ਹਿਰਾਸਤ ਤੋਂ ਰਿਹਾਅ ਹੋਣ ਤੋਂ ਬਾਅਦ, ਆਸਟ੍ਰੇਲੀਆ ਦੀ ਸਰਕਾਰ ਨੇ ਇੱਕ ਭਾਰਤੀ ਨਾਗਰਿਕ ਨੂੰ ਤੁਰੰਤ ਕਾਰਵਾਈ ਕਰਦਿਆਂ ਭਾਰਤ ਲਈ ਪਹਿਲੀ ਉਪਲਬਧ ਉਡਾਣ ਵਿੱਚ ਆਸਟ੍ਰੇਲੀਆ ਭੇਜਣ ਵਿੱਚ ਸਹਾਇਤਾ ਕੀਤੀ। ਇਹ ਆਦਮੀ ਗ੍ਰਿਫਤਾਰੀ ਦੇ ਸਮੇਂ ਗੈਰਕਨੂੰਨੀ ਗੈਰ-ਨਾਗਰਿਕ ਸੀ। ਉਹਨਾਂ ਕਿਹਾ ਕਿ ਮੌਰੀਸਨ ਸਰਕਾਰ ਆਸਟ੍ਰੇਲੀਅਨ ਲੋਕਾਂ ਨੂੰ ਗੈਰ-ਨਾਗਰਿਕਾਂ ਤੋਂ ਬਚਾਉਣ ਦੀ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਗੰਭੀਰਤਾ ਨਾਲ ਲੈਂਦੀ ਹੈ ਜੋ ਅਪਰਾਧਿਕ ਵਿਵਹਾਰ ਵਿੱਚ ਸ਼ਾਮਲ ਹੁੰਦੇ ਹਨ। ਅਸੀਂ ਹਮੇਸ਼ਾਂ ਆਪਣੇ ਭਾਈਚਾਰੇ ਦੀ ਰੱਖਿਆ ਲਈ ਨਿਰਣਾਇਕ ਕਾਰਜ ਕਰਾਂਗੇ ਅਤੇ ਆਸਟ੍ਰੇਲੀਆ ਦੀ ਸਮਾਜਿਕ ਏਕਤਾ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਮੀਗ੍ਰੇਸ਼ਨ ਮੰਤਰੀ ਨੇ ਅੱਗੇ ਹੋਰ ਕਿਹਾ ਕਿ, ‘ਮੈਨੂੰ ਖੁਸ਼ੀ ਹੈ ਕਿ ਇਸ ਮੰਦਭਾਗੀ ਘਟਨਾ ਨੇ ਸਾਡੇ ਸਥਾਨਕ ਹਿੰਦੂ ਅਤੇ ਸਿੱਖ ਭਾਈਚਾਰੇ ਨੂੰ ਇੱਕਜੁਟ ਹੁੰਦੇ ਵੇਖਿਆ ਹੈ। ਖਾਸ ਕਰਕੇ ਮੈਂ ਉਨ੍ਹਾਂ ਕਮਿਊਨਿਟੀ ਲੀਡਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਦੇ ਮੱਦੇਨਜ਼ਰ ਆਪਣੇ ਭਾਈਚਾਰਿਆਂ ਦਾ ਸਮਰਥਨ ਕਰਨ ਲਈ ਸਖਤ ਮਿਹਨਤ ਕੀਤੀ ਹੈ। ਇੱਕ ਛੋਟੀ ਜਿਹੀ ਘੱਟਗਿਣਤੀ ਦੁਆਰਾ ਵਿਵਾਦ ਅਤੇ ਵਿਗਾੜ ਨੂੰ ਭੜਕਾਉਣ ਦੀਆਂ ਕੋਸ਼ਿਸ਼ਾਂ ਦੇ ਵਿਰੁੱਧ ਅੰਤਰ-ਭਾਈਚਾਰਕ ਏਕਤਾ ਅਤੇ ਲਚਕੀਲਾਪਣ ਬਣਾਉਣ ਦੇ ਉਨ੍ਹਾਂ ਦੇ ਯਤਨਾਂ ਨੇ ਸਾਡੇ ਦੇਸ਼ ਦੇ ਮਜ਼ਬੂਤ ਸਮਾਜਿਕ ਏਕਤਾ ਦੇ ਮਹੱਤਵ ਅਤੇ ਲਾਭ ਨੂੰ ਪ੍ਰਦਰਸ਼ਿਤ ਕੀਤਾ ਹੈ।”
ਇਸੇ ਇਹ ਦੱਸਣਾ ਜਰੂਰੀ ਹੋਵੇਗਾ ਕਿ ਇੰਮੀਗ੍ਰੇਸ਼ਨ ਮਨਿਸਟਰ ਨੇਂ ਭਾਰਤ ਡਿਪੋਰਟ ਕੀਤੇ ਗਏ ਵਿਅਕਤੀ ਦਾ ਨਾਮ ਬੇਸ਼ੱਕ ਨਹੀਂ ਦੱਸਿਆ ਹੈ ਪਰ ਸਮਝਿਆ ਜਾਂਦਾ ਹੈ ਕਿ ਡਿਪੋਰਟ ਕੀਤੇ ਗਏ ਵਿਅਕਤੀ ਨੇ ਫਰਵਰੀ-ਮਾਰਚ ਦੌਰਾਨ ਸਿਡਨੀ ਦੇ ਹੈਰਿਸ ਪਾਰਕ ਇਲਾਕੇ ਦੇ ਵਿੱਚ ਕਿਸਾਨ ਅੰਦੋਲਨ ਦੇ ਵਿਰੋਧ ਦੇ ਨਾਮ ‘ਤੇ ਕੁੱਝ ਲੋਕਾਂ ਨੂੰ ਭੜਕਾ ਕੇ ਹਿੰਦੂ-ਸਿੱਖਾਂ ਵਿਚਕਾਰ ਦੰਗੇ ਕਰਵਾਉਣ ਦੀ ਸਾਜ਼ਿਸ਼ ਰਚੀ ਸੀ ਅਤੇ ਪੁਲਿਸ ਨੇ ਉਸ ਵੇਲੇ ਤੁਰੰਤ ਕਾਰਵਾਈ ਕਰਦਿਆਂ ਉਸਨੂੰ ਗਿਫ੍ਰਤਾਰ ਕਰ ਲਿਆ ਸੀ।
ਵਰਨਣਯੋਗ ਹੈ ਕਿ ਤਿੰਨ ਨਵੇਂ ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਕਿਸਾਨਾਂ ਵਲੋਂ ਭਾਰਤ ਦੇ ਵਿੱਚ ਅੰਦੋਲਨ ਕੀਤਾ ਜਾ ਰਿਹਾ ਹੈ ਜਿਸ ਦੀ ਹਮਾਇਤ ਆਸਟ੍ਰੇਲੀਆ ਵਿੱਚ ਰਹਿ ਰਹੇ ਵੱਡੀ ਗਿਣਤੀ ਦੇ ਵਿੱਚ ਸਿੱਖ ਅਤੇ ਪੰਜਾਬੀ ਭਾਈਚਾਰੇ ਵਲੋਂ ਵੀ ਕੀਤੀ ਜਾ ਰਹੀ ਹੈ। ਕਿਸਾਨ ਅੰਦੋਲਨ ਦੀ ਹਮਾਇਤ ਦੇ ਵਿੱਚ ਆਸਟ੍ਰੇਲੀਆ ਦੇ ਕਈ ਸ਼ਹਿਰਾਂ ਦੇ ਵਿੱਚ ਕਈ ਸੰਸਥਾਵਾਂ ਦੇ ਵਲੋਂ ਲਗਾਤਾਰ ਪ੍ਰੋਗ੍ਰਾਮ ਕੀਤੇ ਜਾ ਰਹੇ ਹਨ। ਕਿਸਾਨਾਂ ਦੀ ਹਮਾਇਤ ਦੇ ਵਿੱਚ ਇਸੇ ਸਾਲ ਦੀ ਸ਼ੁਰੂਆਤ ਦੇ ਵਿੱਚ ਸਿਡਨੀ ਵਿਖੇ ਕੀਤੇ ਗਏ ਗਏ ਸਮਾਗਮਾ ਦਾ ਵਿਰੋਧ ਉਥੋਂ ਦੇ ਕੁੱਝ ਵਿਅਕਤੀਆਂ ਦੇ ਵਲੋਂ ਕੀਤਾ ਗਿਆ ਸੀ ਅਤੇ ਹੌਲੀ-ਹੌਲੀ ਇਹ ਮੁੱਦਾ ਹਿੰਦੂ-ਸਿੱਖ ਭਾਈਚਾਰੇ ਵਿਚਕਾਰ ਤਨਾਅ ਦਾ ਵੱਡਾ ਕਾਰਣ ਬਣ ਗਿਆ ਸੀ। ਕੁੱਝ ਸ਼ਰਾਰਤੀਆਂ ਦੇ ਵਲੋਂ ਕਿਸਾਨ ਅੰਦੋਲਨ ਦੇ ਵਿਰੋਧ ਦੇ ਨਾਮ ‘ਤੇ ਇਸਦਾ ਸਿਆਸੀ ਫਾਇਦਾ ਲੈਣ ਦੇ ਲਈ ਲੋਕਾਂ ਨੂੰ ਭੜਕਾਇਆ ਗਿਆ ਅਤੇ ਕਿਸਾਨ ਅੰਦੋਲਨ ਦੇ ਵਿਰੋਧ ਦੇ ਵਿੱਚ ਜਲੂਸ ਵੀ ਕੱਢੇ ਗਏ। ਇਹਨਾਂ ਵਿਚੋਂ ਇੱਕ ਜਲੂਸ ਸਿਡਨੀ ਦੇ ਗੁਰਦੁਆਰਾ ਸਾਹਿਬ ਗਲੈਨਵੁੱਡ ਦੇ ਅੱਗੋਂ ਦੀ ਲੰਘਣਾ ਸੀ ਅਤੇ ਇਸ ਪਤਾ ਜਦੋਂ ਸਿੱਖ ਭਾਈਚਾਰੇ ਨੂੰ ਲੱਗਾ ਤਾਂ ਉਥੇ ਵੱਡੀ ਗਿਣਤੀ ਦੇ ਵਿੱਚ ਸਿੱਖ ਭਾਈਚਾਰਾ ਇਕੱਠਾ ਹੋਣਾ ਸ਼ੁਰੂ ਹੋ ਗਿਆ। ਸਿੱਖ ਆਗੂਆਂ ਦੇ ਵਲੋਂ ਇਸ ਦੀ ਸ਼ਿਕਾਇਤ ਪੁਲਿਸ ਅਤੇ ਸਰਕਾਰ ਨੂੰ ਕੀਤੀ ਗਈ ਅਤੇ ਪੁਲਿਸ ਨੇ ਹਰਕਤ ਦੇ ਵਿੱਚ ਆਉਂਦਿਆਂ ਕਿਸਾਨ ਅੰਦੋਲਨ ਦੇ ਵਿਰੋਧ ਵਿੱਚ ਕੱਢੇ ਗਏ ਜਲੂਸ ਨੂੰ ਗੁਰਦੁਆਰੇ ਵੱਲ ਆਉਣ ਤੋਂ ਰੋਕ ਦਿੱਤਾ ਸੀ ਅਤੇ ਉਸ ਵੇਲੇ ਇੱਕ ਵੱਡਾ ਟਕਰਾਅ ਹੋਣ ਤੋਂ ਬਚ ਗਿਆ ਸੀ।