ਚੇਨਈ – ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ ਡੀ ਐੱਸ) ਜਨਰਲ ਬਿਪਿਨ ਰਾਵਤ ਦਾ ਆਪਣੀ ਪਤਨੀ ਅਤੇ ਫੌਜ ਦੇ 11 ਹੋਰ ਅਧਿਕਾਰੀਆਂ ਦਾ ਇੱਕ ਹੈਲੀਕਾਪਟਰ ਹਾਦਸੇ ਦੇ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਹੈਲੀਕਾਪਟਰ ਬੁੱਧਵਾਰ ਦੁਪਹਿਰੇ ਕਰੀਬ 12:20 ਵਜੇ ਤਾਮਿਲਨਾਡੂ ਦੇ ਕੂਨੂਰ ‘ਚ ਹਾਦਸਾਗ੍ਰਸਤ ਹੋ ਗਿਆ। ਇਸ ਹੈਲੀਕਾਪਟਰ ਦੇ ਵਿੱਚ ਜਨਰਲ ਰਾਵਤ ਤੇ ਉਹਨਾਂ ਦੀ ਪਤਨੀ ਮਧੁਲਿਕਾ ਰਾਵਤ ਸਮੇਤ ਫੌਜ ਦੇ 14 ਲੋਕ ਸਨ। ਇਸ ਹਾਦਸੇ ਦੇ ਵਿੱਚ ਜਨਰਲ ਬਿਪਿਨ ਰਾਵਤ ਤੇ ਉਹਨਾਂ ਦੀ ਪਤਨੀ ਸਮੇਤ 13 ਲੋਕਾਂ ਦੀ ਮੌਤ ਹੋ ਗਈ ਹੈ।
ਰੱਖਿਆ ਸੂਤਰਾਂ ਮੁਤਾਬਕ ਜਨਰਲ ਰਾਵਤ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਯਾਨੀ ਸੀਸੀਐਸ ਦੀ ਮੀਟਿੰਗ ਸ਼ਾਮ 6:30 ਵਜੇ ਬੁਲਾਈ ਹੈ। ਇਸ ਤੋਂ ਬਾਅਦ ਮੌਤ ਦਾ ਰਸਮੀ ਐਲਾਨ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਹਾਦਸੇ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਗੰਭੀਰ ਹਾਲਤ ‘ਚ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ। ਜਿੱਥੋਂ ਕਰੀਬ ਸਾਢੇ ਪੰਜ ਘੰਟੇ ਖ਼ਬਰਾਂ ਆਉਂਦੀਆਂ ਰਹੀਆਂ ਕਿ ਜਨਰਲ ਰਾਵਤ ਤੇ ਉਨ੍ਹਾਂ ਦੀ ਪਤਨੀ ਸਮੇਤ ਕਈ ਫ਼ੌਜੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ। ਪਰ ਫਿਰ ਵਾਰੀ-ਵਾਰੀ ਮੌਤ ਦੀਆਂ ਖ਼ਬਰਾਂ ਆਉਣੀਆਂ ਸ਼ੁਰੂ ਹੋ ਗਈਆਂ।
ਤਾਮਿਲਨਾਡੂ ਦੇ ਕੂਨੂਰ ਦੇ ਜੰਗਲਾਂ ਵਿੱਚ ਬੁੱਧਵਾਰ ਦੁਪਹਿਰੇ 12:20 ਵਜੇ ਫੌਜ ਦਾ ਇੱਕ ਐਮਆਈ-17ਵੀ5 ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ ਅਤੇ ਸੰਘਣੇ ਜੰਗਲਾਂ ਵਿੱਚ ਹੋਏ ਇਸ ਹਾਦਸੇ ਤੋਂ ਬਾਅਦ ਹੈਲੀਕਾਪਟਰ ਨੂੰ ਅੱਗ ਲੱਗ ਗਈ। ਹੈਲੀਕਾਪਟਰ ਸਲੂਰ ਏਅਰਬੇਸ ਤੋਂ ਵੈਲਿੰਗਟਨ ਜਾ ਰਿਹਾ ਸੀ। ਹੈਲੀਕਾਪਟਰ ਦੁਪਹਿਰ 12:20 ਵਜੇ ਲੈਂਡਿੰਗ ਵਾਲੀ ਥਾਂ ਤੋਂ ਮਹਿਜ਼ 10 ਕਿਲੋਮੀਟਰ ਦੀ ਦੂਰੀ ‘ਤੇ ਇਹ ਹਾਦਸਾਗ੍ਰਸਤ ਹੋ ਗਿਆ। ਇਸ ਵਿੱਚ ਚੀਫ ਆਫ ਡਿਫੈਂਸ ਸਟਾਫ (ਸੀ ਡੀ ਐਸ) ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਸਮੇਤ ਫੌਜ ਦੇ 14 ਅਧਿਕਾਰੀ ਸਵਾਰ ਸਨ। ਰਿਪੋਰਟਾਂ ਮੁਤਾਬਕ ਹੁਣ ਤੱਕ 13 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜੋ ਬੁਰੀ ਤਰ੍ਹਾਂ ਸੜ ਚੁੱਕੀਆਂ ਸਨ। ਹਾਦਸੇ ਦੇ ਕਰੀਬ ਇੱਕ ਘੰਟੇ ਬਾਅਦ ਦੱਸਿਆ ਗਿਆ ਕਿ ਜਨਰਲ ਰਾਵਤ ਨੂੰ ਵੈਲਿੰਗਟਨ ਦੇ ਮਿਲਟਰੀ ਹਸਪਤਾਲ ਲਿਜਾਇਆ ਗਿਆ ਹੈ। ਉਸ ਦੀ ਸਥਿਤੀ ਬਾਰੇ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਜਨਰਲ ਬਿਪਿਨ ਰਾਵਤ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਸਨ। ਉਹਨਾਂ ਨੇ 1 ਜਨਵਰੀ 2020 ਨੂੰ ਇਹ ਅਹੁਦਾ ਸੰਭਾਲਿਆ ਸੀ। ਰਾਵਤ ਨੇ 31 ਦਸੰਬਰ 2016 ਤੋਂ 31 ਦਸੰਬਰ 2019 ਤੱਕ ਭਾਰਤੀ ਫੌਜ ਦੇ ਮੁਖੀ ਦੇ ਅਹੁਦੇ ‘ਤੇ ਤਾਇਨਾਤ ਸਨ।
ਜਨਰਲ ਬਿਪਿਨ ਰਾਵਤ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਪਰ ਫੌਜ ਦੇ ਸੂਤਰਾਂ ਅਤੇ ਕੁਝ ਸਾਬਕਾ ਅਧਿਕਾਰੀਆਂ ਨੇ ਜਨਰਲ ਬਿਪਿਨ ਰਾਵਤ ਦੀ ਮੌਤ ਬਾਰੇ ਪਹਿਲਾਂ ਹੀ ਟਵੀਟ ਕਰ ਦਿੱਤਾ ਗਿਆ ਸੀ। ਰਿਟਾਇਰਡ ਲੈਫਟੀਨੈਂਟ ਜਨਰਲ ਐਚਐਸ ਪਨਾਗ ਨੇ ਟਵੀਟ ਕਰਕੇ ਜਨਰਲ ਬਿਪਿਨ ਰਾਵਤ ਨੂੰ ਸ਼ਰਧਾਂਜਲੀ ਦਿੱਤੀ ਹੈ। ਇਸ ਹੈਲੀਕਾਪਟਰ ਦੇ ਵਿੱਚ, ਜਨਰਲ ਬਿਪਿਨ ਰਾਵਤ ਤੇ ਉਹਨਾਂ ਦੀ ਪਤਨੀ, ਮਧੁਲਿਕਾ ਰਾਵਤ, ਬ੍ਰਿਗੇਡੀਅਰ ਐਲ ਐਸ ਲਿੱਦੜ, ਲੈਫਟੀਨੈਂਟ ਕੇ ਹਰਜਿੰਦਰ ਸਿੰਘ, ਨਾਇਕ ਗੁਰਸੇਵਕ ਸਿੰਘ, ਹੀਰੋ ਜਤਿੰਦਰ ਕੁਮਾਰ, ਲਾਂਸ ਨਾਇਕ ਵਿਵੇਕ ਕੁਮਾਰ, ਲਾਂਸ ਨਾਇਕ ਬੀ ਸਾਈਂ ਤੇਜਾ ਅਤੇ ਹੌਲਦਾਰ ਸਤਪਾਲ ਸਵਾਰ ਸਨ।
ਵਰਨਣਯੋਗ ਹੈ ਕਿ ਜਨਰਲ ਬਿਪਿਨ ਰਾਵਤ ਪਹਿਲਾਂ ਵੀ ਇੱਕ ਵਾਰ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਪਰ ਉਹ ਬਚ ਗਏ ਸਨ। 3 ਫਰਵਰੀ 2015 ਨੂੰ, ਉਹਨਾਂ ਦਾ ਚੀਤਾ ਹੈਲੀਕਾਪਟਰ ਦੀਮਾਪੁਰ, ਨਾਗਾਲੈਂਡ ਵਿੱਚ ਕਰੈਸ਼ ਹੋ ਗਿਆ ਸੀ। ਉਸ ਵੇਲੇ ਬਿਪਿਨ ਰਾਵਤ ਉਦੋਂ ਲੈਫਟੀਨੈਂਟ ਜਨਰਲ ਸਨ।