ਚੰਡੀਗੜ੍ਹ – ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਚਾਲੇ ‘ਭਈਆ’ ਸ਼ਬਦ ਨੂੰ ਲੈ ਕੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨੂੰ ‘ਦਿੱਲੀ ਦਾ ਭਈਆ’ ਨਾਲ ਸੰਬੋਧਨ ਕੀਤਾ ਗਿਆ ਸੀ, ਉਧਰ ਪਲਟਵਾਰ ਕਰਦੇ ਹੋਏ ਭਗਵੰਤ ਮਾਨ ਨਾਲ ਪ੍ਰੈਸ ਕਾਨਫਰੰਸ ਵਿੱਚ ਕੇਜਰੀਵਾਲ ਨੇ ਕਿਹਾ ਕਿ ਚੰਨੀ ਦਾ ਦਿਮਾਗ ਹਿੱਲ ਗਿਆ ਹੈ। ਕੇਜਰੀਵਾਲ ਨੇ ਚੰਨੀ ਦੇ ਭਈਆ ਵਾਲੇ ਬਿਆਨ ‘ਦੇ ਤੰਜ ਕਸਦਿਆਂ ਕਿਹਾ ਕਿ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵੀ ਯੂਪੀ ਤੋਂ ਹਨ। ਉਨ੍ਹਾਂ ਕਿਹਾ ਕਿ ਚੰਨੀ ਹਿੱਲ ਗਿਆ ਹੈ। ਭਾਰਤ ਦਾ ਪਹਿਲਾ ਸਰਕਾਰੀ ਪਾਗਲਖਾਨਾ ਵੀ ਖੁਲ੍ਹਵਾਉਣਾ ਪਵੇਗਾ, ਜਿਸ ਵਿੱਚ ਇਨ੍ਹਾਂ ਨੂੰ ਰੱਖਣਾ ਪਵੇਗਾ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਇਕ ਵਿਵਾਦਿਤ ਬਿਆਨ ਕਾਂਗਰਸ ਨੂੰ ਉਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਮਹਿੰਗਾ ਪੈ ਸਕਦਾ ਹੈ। ਦਰਅਸਲ ਇਨ੍ਹੀਂ ਦਿਨੀਂ ਕਾਂਗਰਸ ਆਗੂ ਤੇ ਯੂ.ਪੀ. ਵਿਚ ਚੋਣ ਮੁਹਿੰਮ ਦੀ ਅਗਵਾਈ ਕਰ ਰਹੀ ਪ੍ਰਿਅੰਕਾ ਗਾਂਧੀ ਲਗਾਤਾਰ ਪੰਜਾਬ ਦੇ ਦੌਰੇ ਉਤੇ ਹਨ।ਇਸ ਦੌਰਾਨ ਚੰਨੀ ਨੇ ਸਟੇਜ ‘ਤੇ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਇਕ ਵਿਵਾਦਿਤ ਬਿਆਨ ਦਿੰਦੇ ਕਿਹਾ, ”ਕਿ ਤਕੜੇ ਹੋ ਜਾਵੋ ਪੰਜਾਬੀਓ, ਇਹ ਜਿਹੜੇ ਯੂ.ਪੀ., ਬਿਹਾਰ ਤੇ ਦਿੱਲੀ ਦੇ ‘ਬਈਏ’ ਇਥੇ ਆ ਕੇ ਰਾਜ ਕਰਦੇ ਨੇ, ਇਥੇ ਵੜਨ ਨਹੀਂ ਦੇਣੇ। ਨਾਲ ਹੀ ਕਿਹਾ ਕਿ ਪੰਜਾਬੀਆਂ ਦੀ ਨੂੰਹ ਹੈ ਪ੍ਰਿਅੰਕਾ ਗਾਂਧੀ, ਪੰਜਾਬਣ ਹੈ, ਪੰਜਾਬੀਆਂ ਦੀ ਬਹੂ ਹੈ, ਤਕੜੇ ਹੋ ਕੇ ਇਕ ਪਾਸੇ ਹੋ ਜਾਵੋ ਪੰਜਾਬੀਓ, ਯੂ.ਪੀ., ਬਿਹਾਰ ਤੇ ਦਿੱਲੀ ਦੇ ਬਈਏ ਇਥੇ ਵੜਨ ਨਹੀਂ ਦੇੇਣੇ।”
ਅਰਵਿੰਦ ਕੇਜਰੀਵਾਲ ਵੱਲੋਂ ਦੋ-ਤਿੰਨ ਵਾਰ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਸਰਵੇ ਵਿੱਚ ਮੁੱਖ ਮੰਤਰੀ ਚੰਨੀ ਦੇ ਦੋਵੇਂ ਸੀਟਾਂ ਤੋਂ ਹਾਰਨ ਦਾ ਦਾਅਵਾ ਕੀਤਾ ਗਿਆ। ਬੀਤੇ ਦਿਨ ਕੇਜਰੀਵਾਲ ਨੇ ਇਸ ਦਾਅਵੇ ਸਬੰਧੀ ਨਿਊਜ਼18 ਨੂੰ ਲਿਖ ਕੇ ਵੀ ਦਿੱਤਾ, ਜਿਸ ਪਿੱਛੋਂ ਚੰਨੀ ਦਾ ਉਕਤ ਬਿਆਨ ਸਾਹਮਣੇ ਆਇਆ। ਕੇਜਰੀਵਾਲ ਦੇ ਦੋਵੇਂ ਸੀਟਾਂ ਹਾਰਨ ਦੇ ਜਵਾਬ ਵਿੱਚ ਚੰਨੀ ਵੱਲੋਂ ਵੀ ਜਵਾਬ ਦਿੰਦੇ ਹੋਏ ਕਿਹਾ ਗਿਆ ਸੀ ਕਿ ਭਗਵੰਤ ਮਾਨ ਹਾਰ ਰਿਹਾ ਹੈ, ਜਿਸ ਸਬੰਧੀ ਉਨ੍ਹਾਂ ਦਾਅਵਾ ਕੀਤਾ ਸੀ।
ਪੰਜਾਬ ‘ਚ ਵਿਧਾਨਸਭਾ ਚੋਣਾ ‘ਚ ਸਿਰਫ 4 ਦਿਨ ਰਹਿ ਗਏ ਹਨ | ਉਥੇ ਚਰਨਜੀਤ ਸਿੰਘ ਚੰਨੀ ਦਾ ਇਹ ਵਿਵਾਦਿਤ ਬਿਆਨ ਕਾਂਗਰਸ ਨੂੰ ਵੱਡੀ ਮੁਸ਼ਕਿਲ ‘ਚ ਨਾ ਪਾ ਦੇਵੇ | ਇਸ ਪਿੱਛੋਂ ਪ੍ਰਿਅੰਕਾ ਗਾਂਧੀ ਵੀ ਤਾੜੀਆਂ ਮਾਰਦੇ ਨਜ਼ਰ ਆ ਰਹੇ ਹਨ। ਸ਼ਾਇਦ ਉਨ੍ਹਾਂ ਨੂੰ ਚੰਨੀ ਦੇ ਇਹ ਬੋਲ ਸਮਝ ਨਾ ਆਏ ਹੋਣ। ਚੰਨੀ ਦੀ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਉਧਰ, ਵਿਰੋਧੀ ਧਿਰਾਂ ਨੇ ਕਾਂਗਰਸ ਨੂੰ ਇਸ ਮੁ੍ੱਦੇ ਉਤੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਯੂਪੀ ਵਿਚ ਵੀ ਵਿਧਾਨ ਸਭਾ ਚੋਣਾਂ ਹਨ, ਇਸ ਲਈ ਕਾਂਗਰਸ ਦੇ ਮੁੱਖ ਮੰਤਰੀ ਉਮੀਦਵਾਰ ਦਾ ਇਹ ਬਿਆਨ ਵੱਡੀ ਮੁਸ਼ਕਲ ਖੜ੍ਹੀ ਕਰ ਸਕਦਾ ਹੈ।