India

ਸਿੰਘੂ ਬਾਰਡਰ ਕਤਲ-ਕਾਂਡ: ਪੁਲਿਸ ਵਲੋਂ ਹਥਿਆਰ ਬਰਾਮਦ ਪਰ ਹਾਲੇ ਵੀ ਜਾਂਚ ‘ਚ ਕਈ ਚੁਣੌਤੀਆਂ !

ਸੋਨੀਪਤ – ਕਿਸਾਨ ਅੰਦੋਲਨ ਵਾਲੀ ਥਾਂ ਸਿੰਘੂ ਬਾਰਡਰ ਉਪਰ ਕਤਲ ਕਰਕੇ ਟੰਗੇ ਗਏ ਲਖਬੀਰ ਸਿੰਘ ਟੀਟੂ ਦੇ ਕਤਲ ਲਈ ਵਰਤੀਆਂ ਗਈਆਂ ਦੋ ਤਲਵਾਰਾਂ ਪੁਲਿਸ ਨੇ ਬਰਾਮਦ ਕਰ ਲਈਆਂ ਹਨ। ਹਰਿਆਣਾ ਦੀ ਸੋਨੀਪਤ ਪੁਲਿਸ ਨੇ ਇਹ ਦਾਅਵਾ ਕੀਤਾ ਹੈ ਕਿ ਮਾਮਲੇ ਦੀ ਜਾਂਚ ਕਰ ਰਹੀਆਂ ਦੋ ਵਿਸ਼ੇਸ਼ ਜਾਂਚ ਟੀਮਾਂ (ਐਸ ਆਈ ਟੀ) ਵਿੱਚੋਂ ਇੱਕ ਨੇ ਨਿਹੰਗਾਂ ਦੇ ਡੇਰੇ ਤੋਂ ਕਤਲ ਵਿੱਚ ਵਰਤੇ ਹਥਿਆਰ ਬਰਾਮਦ ਕਰ ਲਏ ਹਨ। ਨਿਹੰਗ ਨਰਾਇਣ ਸਿੰਘ, ਸਰਬਜੀਤ ਸਿੰਘ, ਭਗਵੰਤ ਸਿੰਘ ਅਤੇ ਗੋਵਿੰਦਪ੍ਰੀਤ ਸਿੰਘ, ਜਿਨ੍ਹਾਂ ਨੇ ਲਖਬੀਰ ਦੇ ਕਤਲ ਦੀ ਗੱਲ ਕਬੂਲੀ ਸੀ, ਦੇ ਖੂਨ ਨਾਲ ਲਥਪਥ ਕੱਪੜਿਅ ਨੂੰ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ, ਜੋ ਉਨ੍ਹਾਂ ਨੇ ਲਖਬੀਰ ਸਿੰਘ ਦਾ ਕਤਲ ਕਰਨ ਵੇਲੇ ਪਹਿਨੇ ਹੋਏ ਸਨ। ਇਸ ਮਾਮਲੇ ਵਿੱਚ ਆਤਮ ਸਮਰਪਣ ਕਰਨ ਵਾਲੇ ਚਾਰ ਨਿਹੰਗਾਂ ਦੀ ਨਿਸ਼ਾਨਦੇਹੀ ‘ਤੇ ਐਸ ਆਈ ਟੀ ਨੇ ਸੋਮਵਾਰ ਨੂੰ ਦੋਵੇਂ ਤਲਵਾਰਾਂ ਬਰਾਮਦ ਕੀਤੀਆਂ ਜਿਨ੍ਹਾਂ ਨਾਲ ਲਖਬੀਰ ਸਿੰਘ ਦਾ ਹੱਥ ਅਤੇ ਲੱਤ ਕੱਟੇ ਗਏ ਸਨ। ਪੁਲਿਸ ਨੇ ਖੂਨ ਨਾਲ ਭਿੱਜੇ ਕੱਪੜੇ ਅਤੇ ਦੋਵੇਂ ਤਲਵਾਰਾਂ ਨੂੰ ਫੌਰੈਂਸਿਕ ਜਾਂਚ ਲਈ ਭੇਜਿਆ ਹੈ। ਫੋਰੈਂਸਿਕ ਟੀਮ ਇਹ ਪਤਾ ਲਗਾਏਗੀ ਕਿ ਕੱਪੜਿਆਂ ‘ਤੇ ਖੂਨ ਲਖਬੀਰ ਦਾ ਹੈ ਜਾਂ ਨਹੀਂ? ਇਸ ਤੋਂ ਪਹਿਲਾਂ ਸ਼ੁੱਕਰਵਾਰ ਸ਼ਾਮ ਨੂੰ ਸਰਬਜੀਤ ਸਿੰਘ ਦੇ ਆਤਮਸਰਮਰਪਣ ਦੇ ਸਮੇਂ ਨਿਹੰਗਾਂ ਦੀ ਤਰਫੋਂ ਲਖਬੀਰ ਦੇ ਕਤਲ ਲਈ ਵਰਤੀ ਤਲਵਾਰ ਦੱਸ ਕੇ ਪੁਲਿਸ ਨੂੰ ਇੱਕ ਤਲਵਾਰ ਸੌਂਪੀ ਗਈ ਸੀ ਪਰ ਜਾਂਚ ਵਿੱਚ ਇਹ ਸਪੱਸ਼ਟ ਹੋਇਆ ਹੈ ਕਿ ਲਖਬੀਰ ਦੀ ਹੱਤਿਆ ਇਸ ਤਲਵਾਰ ਨਾਲ ਨਹੀਂ ਹੋਈ ਸੀ। ਅੰਮ੍ਰਿਤਸਰ ਤੋਂ ਆਤਮ ਸਮਰਪਣ ਕਰਨ ਵਾਲੇ ਨਿਹੰਗ ਨਰਾਇਣ ਸਿੰਘ ਨੇ ਐਤਵਾਰ ਨੂੰ ਸੋਨੀਪਤ ਦੀ ਅਦਾਲਤ ਵਿੱਚ ਜੱਜ ਦੇ ਸਾਹਮਣੇ ਕਬੂਲ ਕੀਤਾ ਸੀ ਕਿ ਉਸਨੇ ਆਪਣੀ ਤਲਵਾਰ ਨਾਲ ਲਖਬੀਰ ਦੀ ਲੱਤ ਅਤੇ ਸਰਬਜੀਤ ਨੇ ਲਖਬੀਰ ਦਾ ਹੱਥ ਕੱਟ ਦਿੱਤਾ ਸੀ। ਭਗਵੰਤ ਅਤੇ ਗੋਵਿੰਦਪ੍ਰੀਤ ਨੇ ਲਖਬੀਰ ਦੀ ਲਾਸ਼ ਨੂੰ ਬੈਰੀਕੇਡ ਉੱਤੇ ਲਟਕਾਉਣ ਵਿੱਚ ਮੱਦਦ ਕੀਤੀ ਸੀ।

ਭਗਵੰਤ ਨੇ ਲਖਬੀਰ ਨੂੰ ਪਵਿੱਤਰ ਗ੍ਰੰਥ ਲੈ ਕੇ ਭੱਜਦੇ ਵੇਖਿਆ: ਐਸਪੀ

ਸੋਨੀਪਤ ਦੇ ਐਸ ਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਕੱਲ੍ਹ ਰਾਤ ਇਸ ਕਤਲ ਦੀ ਚੱਲ ਰਹੀ ਜਾਂਚ ਦੀ ਅੱਪਡੇਟ ਦਿੰਦਿਆਂ ਦੱਸਿਆ ਕਿ ਚਾਰ ਨਿਹੰਗਾਂ ਤੋਂ ਪੁੱਛਗਿੱਛ ਦੌਰਾਨ ਘਟਨਾ ਦੀਆਂ ਕੜੀਆਂ ਹੌਲੀ-ਹੌਲੀ ਜੁੜਦੀਆਂ ਜਾ ਰਹੀਆਂ ਹਨ। ਨਿਹੰਗਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਗਿਆ ਕਿ ਭਗਵੰਤ ਸਿੰਘ ਨੇ ਲਖਬੀਰ ਨੂੰ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਚੁੱਕ ਕੇ ਭੱਜਦੇ ਹੋਏ ਦੇਖਿਆ ਸੀ। ਭਗਵੰਤ ਸਿੰਘ ਦੇ ਤੁਰੰਤ ਅਲਾਰਮ ਵੱਜਣ ਤੋਂ ਬਾਅਦ ਲਖਬੀਰ ਫੜਿਆ ਗਿਆ। ਭਗਵੰਤ ਸਿੰਘ ਲਖਬੀਰ ਦੀ ਮੌਤ ਤੋਂ ਬਾਅਦ ਉਸ ਨੂੰ ਬੈਰੀਕੇਡ ਤੋਂ ਲਟਕਾਉਣ ਵਿੱਚ ਵੀ ਸ਼ਾਮਲ ਸੀ।

ਜਾਂਚ ਲਈ ਦੋ ਐਸ ਆਈਟੀਜ਼ ਦਾ ਗਠਨ

ਹਰਿਆਣਾ ਪੁਲਿਸ ਨੇ ਲਖਬੀਰ ਸਿੰਘ ਦੇ ਕਤਲ ਨਾਲ ਸਬੰਧਤ ਮਾਮਲੇ ਦੀ ਜਾਂਚ ਲਈ ਦੋ ਵਿਸ਼ੇਸ਼ ਜਾਂਚ ਟੀਮਾਂ (ਐਸ ਆਈ ਟੀ) ਦਾ ਗਠਨ ਕੀਤਾ ਹੈ। ਇਹ ਦੋਵੇਂ ਐਸ ਆਈ ਟੀਜ਼ ਇਸ ਮਾਮਲੇ ਦੀ ਵੱਖ-ਵੱਖ ਪੱਖਾਂ ਤੋਂ ਜਾਂਚ ਕਰੇਗੀ। ਐਸ ਆਈ ਟੀ ਵਿੱਚ ਸ਼ਾਮਲ ਅਧਿਕਾਰੀ ਨਿਹੰਗਾਂ ਵੱਲੋਂ ਲਾਏ ਜਾ ਰਹੇ ਬੇਅਦਬੀ ਦੇ ਦੋਸ਼ਾਂ ਤੋਂ ਇਲਾਵਾ ਲਖਬੀਰ ਦੇ ਕਤਲ ਦੇ ਅਸਲ ਕਾਰਨਾਂ ਦੇ ਨਾਲ-ਨਾਲ ਇਸ ਘਟਨਾ ਦੇ ਵੇਲੇ ਹਾਲਾਤਾਂ ਦੀ ਵੀ ਜਾਂਚ ਕਰਨਗੇ। ਇਨ੍ਹਾਂ ਵਿੱਚੋਂ ਪਹਿਲੀ ਐਸ ਆਈ ਟੀ ਆਈ ਪੀ ਐਸ ਅਧਿਕਾਰੀ ਮਯੰਕ ਗੁਪਤਾ ਦੀ ਅਗਵਾਈ ਵਿੱਚ ਬਣਾਈ ਗਈ ਹੈ। ਮਯੰਕ ਗੁਪਤਾ ਸੋਨੀਪਤ ਦੇ ਖਰਖੌਦਾ ਵਿੱਚ ਏ ਐਸ ਪੀ ਵਜੋਂ ਤਾਇਨਾਤ ਹਨ। ਉਨ੍ਹਾਂ ਦੀ ਅਗਵਾਈ ਵਾਲੀ ਐਸ ਆਈ ਟੀ ਘਟਨਾ ਨਾਲ ਜੁੜੇ ਸਾਰੇ ਵੀਡਿਓਜ਼ ਦੀ ਜਾਂਚ ਕਰੇਗੀ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਸਨ। ਦੂਜੀ ਐਸ ਆਈ ਟੀ ਨੂੰ ਇਸ ਮਾਮਲੇ ਦੀ ਸਮੁੱਚੀ ਜਾਂਚ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਦੀ ਅਗਵਾਈ ਸੋਨੀਪਤ ਦੇ ਡੀ ਐਸ ਪੀ ਵੀਰੇਂਦਰ ਸਿੰਘ ਕਰ ਰਹੇ ਹਨ। ਹੁਣ ਤੱਕ ਸਿਰਫ ਵਰਿੰਦਰ ਸਿੰਘ ਹੀ ਇਸ ਮਾਮਲੇ ਵਿੱਚ ਸਮੁੱਚੇ ਜਾਂਚ ਅਧਿਕਾਰੀ ਹਨ।

ਬੇਅਦਬੀ ਦਾ ਕੋਈ ਕੇਸ ਦਰਜ ਨਹੀਂ

ਇਸੇ ਦੌਰਾਨ ਨਿਹੰਗਾਂ ਨੇ ਸੋਨੀਪਤ ਦੇ ਐਸ ਪੀ ਜਸ਼ਨਦੀਪ ਸਿੰਘ ਰੰਧਾਵਾ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਹੈ ਕਿ ਬੇਅਦਬੀ ਦਾ ਕੇਸ ਦਰਜ ਹੋਣਾ ਚਾਹੀਦਾ ਹੈ ਅਤੇ ਇਸਦੀ ਜਾਂਚ ਵੀ ਹੋਣੀ ਚਾਹੀਦੀ ਹੈ। ਹਾਲਾਂਕਿ, ਸੋਮਵਾਰ ਸ਼ਾਮ ਤੱਕ ਪੁਲਿਸ ਨੇ ਸ਼ਿਕਾਇਤ ਦੇ ਬਾਵਜੂਦ ਕੋਈ ਮਾਮਲਾ ਦਰਜ ਨਹੀਂ ਕੀਤਾ। ਐਸ ਪੀ ਰੰਧਾਵਾ ਨੇ ਕਿਹਾ ਕਿ ਨਿਹੰਗਾਂ ਦੀ ਸ਼ਿਕਾਇਤ ਦੀ ਜਾਂਚ ਚੱਲ ਰਹੀ ਹੈ।

ਸੋਨੀਪਤ ਪੁਲਿਸ ਦੇ ਸਾਹਮਣੇ ਕਈ ਚੁਣੌਤੀਆਂ

ਸਿੰਘੂ ਬਾਰਡਰ ‘ਤੇ ਸ਼ੁੱਕਰਵਾਰ ਸਵੇਰੇ ਲਖਬੀਰ ਸਿੰਘ ਦੇ ਕਤਲ ਦੇ ਮਾਮਲੇ’ ਵਿੱਚ ਬੇਸ਼ੱਕ ਚਾਰ ਨਿਹੰਗਾਂ ਨੇ ਆਤਮ ਸਮਰਪਣ ਕਰਕੇ ਹੱਤਿਆ ਕਰਨ ਦੀ ਗੱਲ ਸਵੀਕਾਰ ਕਰ ਲਈ ਹੈ ਪਰ ਸੋਨੀਪਤ ਪੁਲਿਸ ਅਜੇ ਵੀ ਇਸ ਮਾਮਲੇ ‘ਤੇ ਦਬਾਅ ਹੇਠ ਹੈ। ਸੋਨੀਪਤ ਪੁਲਿਸ ਨੇ ਚਾਰੇ ਨਿਹੰਗਾਂ ਨੂੰ ਪੁਲਿਸ ਰਿਮਾਂਡ ‘ਤੇ ਲੈ ਲਿਆ ਹੈ ਅਤੇ ਹੁਣ ਪਲਿਸ ਨੂੰ ਇਸ ਕੇਸ ਦੇ ਸਾਰੇ ਹਿੱਸਿਆਂ ਨੂੰ ਜੋੜਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਲਿਸ ਨੇ ਕਤਲ ਦਾ ਹਥਿਆਰ ਅਤੇ ਖੂਨ ਨਾਲ ਲਥਪਥ ਕੱਪੜੇ ਵੀ ਬਰਾਮਦ ਕੀਤੇ ਹਨ ਪਰ ਅਜੇ ਤੱਕ ਘਟਨਾ ਸਥਾਨ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਜੇਕਰ ਕੋਈ ਹੋਰ ਇਸ ਮਾਮਲੇ ਵਿੱਚ ਸ਼ਾਮਲ ਹੈ ਤਾਂ ਉਸਨੂੰ ਅਜੇ ਫੜਿਆ ਜਾਣਾ ਬਾਕੀ ਹੈ। ਨਿਹੰਗ ਵਾਰ-ਵਾਰ ਕਹਿ ਰਹੇ ਹਨ ਕਿ 20 ਲੋਕਾਂ ਨੂੰ ਬੇਅਦਬੀ ਲਈ 30-30 ਹਜ਼ਾਰ ਰੁਪਏ ਦਿੱਤੇ ਗਏ ਹਨ ਅਤੇ ਲਖਬੀਰ ਵੀ ਉਨ੍ਹਾਂ ਵਿੱਚੋਂ ਇੱਕ ਸੀ ਤਾਂ ਬਾਕੀ 19 ਲੋਕ ਕੌਣ ਹਨ? ਇਹ ਵੀ ਪੁਲਿਸ ਨੂੰ ਪਤਾ ਲਗਾਉਣਾ ਪਵੇਗਾ। ਲਖਬੀਰ ਆਪਣੇ ਪਿੰਡ ਤੋਂ ਸਿੰਘੂ ਸਰਹੱਦ ‘ਤੇ ਕਿਉਂ ਆਇਆ? ਇਸ ਦਾ ਜਵਾਬ ਵੀ ਲੱਭਿਆ ਜਾਣਾ ਬਾਕੀ ਹੈ।

ਨਿਹੰਗਾਂ ਨੇ ਬੁਲਾਇਆ ਧਾਰਮਿਕ ਇਕੱਠ

ਹਰਿਆਣਾ ਵਿੱਚ ਸੋਨੀਪਤ ਦੇ ਕੁੰਡਲੀ ਬਾਰਡਰ ‘ਤੇ ਤਰਨਤਾਰਨ ਦੇ ਲਖਬੀਰ ਸਿੰਘ ਦੀ ਬੇਰਿਹਮੀ ਨਾਲ ਹੱਤਿਆ ਮਾਮਲੇ ਵਿੱਚ ਸਾਰੇ ਪਾਸੇ ਇਸਦੀ ਨਿੰਦਾ ਤੋਂ ਬਾਅਦ ਹੁਣ ਨਿਹੰਗਾਂ ਨੇ ਅੰਦੋਲਨ ਵਾਲੀ ਥਾਂ ਤੋਂ ਵਾਪਸ ਪਰਤਣ ਜਾਂ ਉਥੇ ਟਿਕੇ ਰਹਿਣ ਨੂੰ ਲੈ ਕੇ ਰਾਏਸ਼ੁਮਾਰੀ ਕਰਵਾਉਣ ਦਾ ਫੈਸਲਾ ਲਿਆ ਹੈ। ਨਿਹੰਗ 27 ਅਕਤੂਬਰ ਨੂੰ ਕੁੰਡਲੀ ਬਾਰਡਰ ‘ਤੇ ਧਾਰਮਿਕ ਇਕੱਠ ਕਰਨਗੇ ਅਤੇ ਇਸ ਵਿੱਚ ਰਾਏਸ਼ੁਮਾਰੀ ਦੇ ਆਧਾਰ ‘ਤੇ ਹੀ ਫੈਸਲਾ ਲੈਣਗੇ ਕਿ ਉਨ੍ਹਾਂ ਨੂੰ ਵਾਪਸ ਜਾਣਾ ਚਾਹੀਦਾ ਹੈ ਜਾਂ ਨਹੀਂ। ਨਿਹੰਗ ਬਾਬਾ ਰਾਜਾ ਰਾਮ ਸਿੰਘ ਦਾ ਕਹਿਣਾ ਹੈ ਕਿ ਉਹ ਕੁੰਡਲੀ ਬਾਰਡਰ ‘ਤੇ ਕਿਸਾਨਾਂ ਦੀ ਹਿਫਾਜ਼ਤ ਲਈ ਬੈਠੇ ਹਨ। ਹਮੇਸ਼ਾ ਤੋਂ ਉਹ ਅੰਦੋਲਨਾਂ ਵਿੱਚ ਕਿਸਾਨਾਂ ਅਤੇ ਸਿੱਖਾਂ ਦੀ ਹਿਫਾਜ਼ਤ ਕਰਦੇ ਆਏ ਹਨ। 27 ਅਕਤੂਬਰ ਨੂੰ ਹੋਣ ਵਾਲੀ ਬੈਠਕ ਵਿੱਚ ਸਿੱਖ ਕੌਮ ਦੇ ਬੁੱਧੀਜੀਵੀਆਂ ਤੋਂ ਇਲਾਵਾ ਸੰਗਤ ਵੀ ਸ਼ਾਮਿਲ ਹੋਵੇਗੀ। ਇੱਥੇ ਜੋ ਫੈਸਲਾ ਹੋਵੇਗਾ, ਉਸ ਨੂੰ ਪੂਰੀ ਸੰਗਤ ਮੰਨੇਗੀ। ਨਿਹੰਗ ਬਾਬਾ ਰਾਜਾਰਾਮ ਸਿੰਘ ਨੇ ਕਿਹਾ ਕਿ ਅਸੀਂ ਭੱਜਣ ਵਾਲਿਆਂ ਵਿੱਚੋਂ ਨਹੀਂ ਹਾਂ। ਜੋ ਅਸੀਂ ਕੀਤਾ ਹੈ ਉਸ ਨੂੰ ਸਵੀਕਾਰ ਵੀ ਕੀਤਾ ਹੈ ਅਤੇ ਅਦਾਲਤ ਵਿੱਚ ਵੀ ਸਾਡੇ ਸਾਥੀਆਂ ਨੇ ਸਵੀਕਾਰ ਕੀਤਾ ਹੈ। ਇਸ ਘਟਨਾ ਤੋਂ ਬਾਅਦ ਐੱਸ ਕੇ ਐੱਮ ਦੇ ਨੇਤਾ ਯੋਗੇਂਦਰ ਯਾਦਵ ਵਲੋਂ ਨਿਹੰਗਾਂ ਨੂੰ ਅੰਦੋਲਨ ਵਾਲੀ ਥਾਂ ਤੋਂ ਚਲੇ ਜਾਣ ਸਬੰਧੀ ਨਿਹੰਗ ਬਾਬਾ ਰਾਜਾਰਾਮ ਸਿੰਘ ਨੇ ਐੱਸ ਕੇ ਐੱਮ ਨੇਤਾ ਯੋਗੇਂਦਰ ਯਾਦਵ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਯੋਗੇਂਦਰ ਯਾਦਵ ਨੂੰ ਐੱਸ ਕੇ ਐੱਮ ਨੇ ਸਿਰ ‘ਤੇ ਚੜ੍ਹਾ ਰੱਖਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਹ ਭਾਜਪਾ ਅਤੇ ਆਰ ਐੱਸ ਐੱਸ ਦਾ ਬੰਦਾ ਹੈ। ਉਨ੍ਹਾਂ ਦੇ ਸਾਹਮਣੇ ਆ ਕੇ ਜਵਾਬ ਦੇ ਕੇ ਵਿਖਾਏ। ਸੰਯੁਕਤ ਕਿਸਾਨ ਮੋਰਚਾ ਨੇ ਬਿਨਾਂ ਪੂਰਾ ਮਾਮਲਾ ਜਾਣੇ ਖ਼ੁਦ ਨੂੰ ਇਸ ਤੋਂ ਅਲੱਗ ਕਰ ਲਿਆ, ਜਿਵੇਂ ਨਿਹੰਗ ਅਪਰਾਧੀ ਹੋਣ। ਪੁਲਿਸ ਨੇ ਧਰਮਕ ਦੇ ਮਾਮਲੇ ਨੂੰ ਸਮਝੇ ਬਿਨਾਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਸੀਂ ਤਾਂ ਨਾ ਧਰਮ ਦੇ ਨਾਲ ਬੇਅਦਬੀ ਬਰਦਾਸ਼ਤ ਕਰਾਂਗੇ ਅਤੇ ਨਾ ਹੀ ਕਿਸੇ ਦਾ ਮਨਮੰਨਿਆ ਦਖਲ। ਇਨ੍ਹਾਂ ਸਾਰਿਆਂ ਮੁੱਦਿਆਂ ’ਤੇ 27 ਅਕਤੂਬਰ ਨੂੰ ਫ਼ੈਸਲਾ ਹੋਵੇਗਾ। ਸੰਗਤ ਫ਼ੈਸਲਾ ਕਰੇਗੀ ਤਾਂ ਨਿਹੰਗਾ ਵਾਪਸ ਚਲੇ ਜਾਣਗੇ। ਸੰਯੁਕਤ ਕਿਸਾਨ ਮੋਰਚਾ ਸੋਚ ਲਵੇ, ਨਿਹੰਗਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਹਿਫ਼ਾਜ਼ਤ ਕਰਨ ਵਾਲਾ ਨਹੀਂ ਬਚੇਗਾ।”

Related posts

ਯੂਪੀ ਦੇ ਮੁੱਖ-ਮੰਤਰੀ ਨੂੰ ਸ਼ਾਂਤ, ਸਹਿਜ ਅਤੇ ਹਮਦਰਦ ਸ਼ਖਸੀਅਤ : ਬਾਦਸ਼ਾਹ

admin

ਭਾਰਤ ਵਲੋਂ ‘ਬ੍ਰਿਕਸ 2026’ ਦੀ ਅਗਵਾਈ ਲਈ ਲੋਗੋ, ਥੀਮ ਤੇ ਵੈੱਬਸਾਈਟ ਦਾ ਉਦਘਾਟਨ

admin

ਕੀ ਖੁੱਲ੍ਹੇ ਵਿੱਚ ਖਾਣਾ ਖੁਆਉਣ ਵਾਲਿਆਂ ਦੀਆਂ ਭਾਵਨਾਵਾਂ ਸਿਰਫ ਕੁੱਤਿਆਂ ਲਈ ਹਨ, ਮਨੁੱਖਾਂ ਲਈ ਨਹੀਂ ?

admin