
ਲੁਈਸ ਪੈਰੀ ਨੇ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨਰ (ਅੰਤਰਿਮ) ਦਾ ਅਹੁਦਾ ਸੰਭਾਲ ਲਿਆ ਹੈ। ਲੁਈਸ ਪੈਰੀ ਨੂੰ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੇ ਵਿੱਚ ਬਦਲਾਅ ਦੇ ਦੌਰ ਵਿੱਚ ਸਹਾਇਤਾ ਲਈ ਵੀਰਵਾਰ, 16 ਜੁਲਾਈ 2026 ਤੋਂ ਚੇਅਰਪਰਸਨ (ਅੰਤਰਿਮ) ਨਿਯੁਕਤ ਕੀਤਾ ਗਿਆ ਹੈ। ਮਲਟੀਕਲਚਰਲ ਵਿਕਟੋਰੀਆ ਦੀ ਸਥਾਪਨਾ ਹੋਣ ਤੱਕ ਉਹ ਅੰਤਰਿਮ ਚੇਅਰਪਰਸਨ ਵਜੋਂ ਕੰਮ ਕਰਨਗੇ।
ਲੁਈਸ ਪੈਰੀ ਇੱਕ ਤਜਰਬੇਕਾਰ ਸੀਨੀਅਰ ਅਧਿਕਾਰੀ ਅਤੇ ਬੋਰਡ ਡਾਇਰੈਕਟਰ ਹਨ। ਉਨ੍ਹਾਂ ਕੋਲ 20 ਸਾਲ ਤੋਂ ਵੱਧ ਦਾ ਤਜਰਬਾ ਹੈ। ਉਨ੍ਹਾਂ ਨੇ ਗੈਰ-ਮੁਨਾਫ਼ਾ ਸੰਸਥਾਵਾਂ, ਅੰਤਰਰਾਸ਼ਟਰੀ ਵਿਕਾਸ, ਮਨੁੱਖੀ ਅਧਿਕਾਰਾਂ ਅਤੇ ਸਰਕਾਰੀ ਖੇਤਰਾਂ ਵਿੱਚ ਜਨਤਕ ਨੀਤੀਆਂ ਬਣਾਉਣ ਅਤੇ ਭਾਈਚਾਰਿਆਂ ਨਾਲ ਮਿਲ ਕੇ ਕੰਮ ਕਰਨ ਦੀ ਅਗਵਾਈ ਕੀਤੀ ਹੈ। ਉਹ ਆਸਟ੍ਰੇਲੀਅਨ ਇੰਸਟੀਚਿਊਟ ਆਫ਼ ਕੰਪਨੀ ਡਾਇਰੈਕਟਰਜ਼ ਤੋਂ ਗ੍ਰੈਜੂਏਟ ਹਨ। ਉਨ੍ਹਾਂ ਨੇ ਦ ਆਸਟ੍ਰੇਲੀਅਨ ਵਿੱਚ ਪੱਤਰਕਾਰ ਵਜੋਂ ਕੰਮ ਕੀਤਾ ਅਤੇ ਅੰਤਰਰਾਸ਼ਟਰੀ ਵਿਕਾਸ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੋਈ ਹੈ। ਉਨ੍ਹਾਂ ਨੇ ਵੱਡੀਆਂ ਸੰਸਥਾਵਾਂ ਵਿੱਚ ਮਹੱਤਵਪੂਰਨ ਢਾਂਚਾਗਤ ਤਬਦੀਲੀਆਂ ਅਤੇ ਇਕੱਠੇ ਕਰਨ ਦੀਆਂ ਪ੍ਰਕਿਰਿਆਵਾਂ ਦੀ ਸਫ਼ਲ ਅਗਵਾਈ ਕੀਤੀ। ਉਹ ਵਿਕਰੋਡਜ਼ ਵਿੱਚ ਡਿਪਟੀ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਟਰਾਂਸਪੋਰਟ ਵਿਭਾਗ ਵਿੱਚ ਐਗਜ਼ਿਕਿਊਟਿਵ ਡਾਇਰੈਕਟਰ ਵੀ ਰਹਿ ਚੁੱਕੇ ਹਨ। ਬਰਮੀ ਮੂਲ ਦੇ ਲੁਈਸ ਪੈਰੀ ਵਿਭਿੰਨਤਾ ਅਤੇ ਬਰਾਬਰੀ ਨੂੰ ਅੱਗੇ ਵਧਾਉਣ ਲਈ ਨਿੱਜੀ ਅਤੇ ਪੇਸ਼ੇਵਰ ਤੌਰ ‘ਤੇ ਵਚਨਬੱਧ ਹਨ। ਇਹ ਸੋਚ ਉਨ੍ਹਾਂ ਨੂੰ ਇੱਕ ਪਰਵਾਸੀ ਪਰਿਵਾਰ ਵਿੱਚ ਪਲਣ-ਵਧਣ ਦੇ ਆਪਣੇ ਤਜਰਬੇ ਤੋਂ ਮਿਲੀ ਹੈ। ਹਾਲ ਹੀ ਵਿੱਚ ਉਹ ਪਰਿਵਾਰ, ਸਮਾਨਤਾ ਅਤੇ ਰਿਹਾਇਸ਼ ਵਿਭਾਗ ਵਿੱਚ ਫੇਅਰਰ ਵਿਕਟੋਰੀਆ ਦੀ ਡਿਪਟੀ ਸਕੱਤਰ ਰਹੇ, ਜਿੱਥੇ ਉਨ੍ਹਾਂ ਨੇ ਨਸਲਵਾਦ ਵਿਰੋਧੀ, ਨੌਜਵਾਨਾਂ ਅਤੇ ਲਿੰਗ ਸਮਾਨਤਾ ਨਾਲ ਸੰਬੰਧਿਤ ਮਹੱਤਵਪੂਰਨ ਨੀਤੀਆਂ ਦੀ ਅਗਵਾਈ ਕੀਤੀ। ਉਹ ਵੈਸਟਰਨ ਬੁਲਡੌਗਜ਼ ਕਮਿਊਨਿਟੀ ਫਾਊਂਡੇਸ਼ਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਵੀ ਰਹਿ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਲਗਭਗ 10 ਸਾਲ ਔਕਸਫ਼ੈਮ ਵਿੱਚ ਅੰਤਰਰਾਸ਼ਟਰੀ ਵਿਕਾਸ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਕੰਮ ਕੀਤਾ।
ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੀ ਸੱਤ ਸਾਲ ਤੱਕ ਅਗਵਾਈ ਕਰਨ ਤੋਂ ਬਾਅਦ ਚੇਅਰਪਰਸਨ ਵਿਵੀਅਨ ਨਗੁਏਨ ਏਐਮ ਦਾ ਕਾਰਜਕਾਲ ਬੁੱਧਵਾਰ, 15 ਜੁਲਾਈ 2026 ਨੂੰ ਸਮਾਪਤ ਹੋ ਗਿਆ। 2019 ਵਿੱਚ ਨਿਯੁਕਤ ਹੋਣ ਤੋਂ ਬਾਅਦ ਵਿਵੀਅਨ ਨੇ ਵੀਐਮਸੀ ਦੀ ਅਗਵਾਈ ਵਿਕਟੋਰੀਆ ਦੇ ਕੁਝ ਸਭ ਤੋਂ ਮਹੱਤਵਪੂਰਨ ਸਮਿਆਂ ਦੌਰਾਨ ਕੀਤੀ। ਇਨ੍ਹਾਂ ਵਿੱਚ ਕੋਵਿਡ-19 ਮਹਾਮਾਰੀ, ਹੜ੍ਹਾਂ ਤੋਂ ਬਾਅਦ ਮੁੜ ਬਹਾਲੀ ਦੇ ਯਤਨ ਅਤੇ ਅੰਤਰਰਾਸ਼ਟਰੀ ਘਟਨਾਵਾਂ ਦਾ ਬਹੁ-ਸੱਭਿਆਚਾਰਕ ਅਤੇ ਬਹੁ-ਧਰਮੀ ਭਾਈਚਾਰਿਆਂ ‘ਤੇ ਪਿਆ ਅਸਰ ਸ਼ਾਮਲ ਹੈ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਭਾਈਚਾਰਿਆਂ ਦੀ ਅਗਵਾਈ ਵਾਲੇ ਸੰਵਾਦ ਅਤੇ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ, ਸਰਕਾਰ ਅਤੇ ਕਮਿਊਨਿਟੀ ਸੰਸਥਾਵਾਂ ਨਾਲ ਸਾਂਝ ਨੂੰ ਮਜ਼ਬੂਤ ਬਣਾਇਆ ਅਤੇ ਇਹ ਯਕੀਨੀ ਬਣਾਇਆ ਕਿ ਵੱਖ-ਵੱਖ ਭਾਈਚਾਰਿਆਂ ਦੀਆਂ ਆਵਾਜ਼ਾਂ ਵੀਐਮਸੀ ਦੇ ਹਰ ਕੰਮ ਦੇ ਕੇਂਦਰ ਵਿੱਚ ਰਹਿਣ। ਵਿਵੀਅਨ ਦੀ ਅਗਵਾਈ ਹੇਠ ਵੀਐਮਸੀ ਨੇ ਮਲਟੀਫੇਥ ਐਡਵਾਇਜ਼ਰੀ ਗਰੁੱਪ ਬਣਾਇਆ, ਵਿਕਟੋਰੀਆ ਐਂਟੀ-ਰੇਸਿਜ਼ਮ ਟਾਸਕਫੋਰਸ ਵਿੱਚ ਯੋਗਦਾਨ ਦਿੱਤਾ ਅਤੇ ਕਲਚਰਲ ਡਾਇਵਰਸਿਟੀ ਵੀਕ ਵਰਗੀਆਂ ਮਹੱਤਵਪੂਰਨ ਪਹਿਲਕਦਮੀਆਂ ਦੀ ਅਗਵਾਈ ਕੀਤੀ। ਬਹੁ-ਸੱਭਿਆਚਾਰਕ ਵਿਕਟੋਰੀਆ ਲਈ ਉਨ੍ਹਾਂ ਦੀਆਂ ਮਹੱਤਵਪੂਰਨ ਸੇਵਾਵਾਂ ਨੂੰ ਮਾਨਤਾ ਦਿੰਦੇ ਹੋਏ 2021 ਵਿੱਚ ਉਨ੍ਹਾਂ ਨੂੰ ਆਰਡਰ ਆਫ਼ ਆਸਟ੍ਰੇਲੀਆ ਦਾ ਮੈਂਬਰ ਨਿਯੁਕਤ ਕੀਤਾ ਗਿਆ ਸੀ।
ਵਿਵੀਅਨ ਨਗੁਏਨ ਨੇ ਕਿਹਾ ਕਿ, “ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨਰ ਦੇ ਅਹੁਦੇ ‘ਤੇ ਕੰਮ ਕਰਨਾ ਮੇਰੇ ਲਈ ਮਾਣ ਅਤੇ ਸਨਮਾਨ ਦੀ ਗੱਲ ਰਹੀ ਹੈ। ਵਿਦੇਸ਼ਾਂ ਦੀਆਂ ਘਟਨਾਵਾਂ ਦਾ ਅਸਰ ਵੀ ਅਸੀਂ ਵੇਖਿਆ ਅਤੇ ਵਿਕਟੋਰੀਆ ਦੀਆਂ ਕਾਮਯਾਬੀਆਂ ਵੀ ਮਨਾਈਆਂ। ਅਸੀਂ ਮਿਲ ਕੇ ਦਿਖਾਇਆ ਹੈ ਕਿ ਅਸੀਂ ਇਕੱਠੇ ਰਹਿ ਸਕਦੇ ਹਾਂ, ਤਰੱਕੀ ਕਰ ਸਕਦੇ ਹਾਂ ਅਤੇ ਹਰ ਮੁਸ਼ਕਲ ਦਾ ਸਾਹਮਣਾ ਕਰ ਸਕਦੇ ਹਾਂ। ਸਾਡੀ ਵਿਭਿੰਨਤਾ ਹੀ ਸਾਡੀ ਸਭ ਤੋਂ ਵੱਡੀ ਤਾਕਤ ਹੈ।”
ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਨੇ ਵਿਵੀਅਨ ਨਗੁਏਨ ਏਐਮ ਦਾ ਉਨ੍ਹਾਂ ਦੀ ਸ਼ਾਨਦਾਰ ਅਗਵਾਈ ਅਤੇ ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਧਰਮੀ ਭਾਈਚਾਰਿਆਂ ਨੂੰ ਮਜ਼ਬੂਤ ਬਣਾਉਣ ਲਈ ਉਨ੍ਹਾਂ ਦੀ ਅਟੱਲ ਵਚਨਬੱਧਤਾ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਵੱਲੋਂ ਬਣਾਏ ਗਏ ਮਜ਼ਬੂਤ ਰਿਸ਼ਤੇ, ਜਿਨ੍ਹਾਂ ਭਾਈਚਾਰਿਆਂ ਦਾ ਉਨ੍ਹਾਂ ਨੇ ਸਮਰਥਨ ਕੀਤਾ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਦੇ ਅਗਲੇ ਪੜਾਅ ਲਈ ਜੋ ਮਜ਼ਬੂਤ ਨੀਂਹ ਉਨ੍ਹਾਂ ਨੇ ਰੱਖੀ ਹੈ, ਉਹ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਵੀ ਜਾਰੀ ਰੱਖਣਗੇ।
ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਮਾਮਲਿਆਂ ਦੇ ਮੰਤਰੀ ਇੰਗਰਿਡ ਸਟਿੱਟ ਨੇ ਕਿਹਾ ਹੈ ਕਿ, “ਮੈਂ 2019 ਤੋਂ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਅਤੇ ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਭਾਈਚਾਰਿਆਂ ਲਈ ਵਿਵੀਅਨ ਦੇ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ।”
ਅੰਤਰਿਮ ਚੇਅਰਪਰਸਨ ਲੂਈਸ ਪੈਰੀ ਨੇ ਕਿਹਾ ਕਿ, “ਮਲਟੀਕਲਚਰਲ ਵਿਕਟੋਰੀਆ ਦੀ ਸਥਾਪਨਾ ਸਾਡੇ ਰਾਜ ਵਿੱਚ ਬਹੁ-ਸੱਭਿਆਚਾਰਕ ਅਤੇ ਬਹੁ-ਧਰਮਿਕ ਮਾਮਲਿਆਂ ਲਈ ਇੱਕ ਨਵਾਂ ਅਤੇ ਮਹੱਤਵਪੂਰਨ ਮੌਕਾ ਹੈ। ਮੈਂ ਭਾਈਚਾਰਿਆਂ, ਕਮਿਸ਼ਨ ਦੇ ਕਰਮਚਾਰੀਆਂ ਅਤੇ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਉਤਸ਼ਾਹਿਤ ਹਾਂ ਤਾਂ ਜੋ ਨਵੇਂ ਕਾਨੂੰਨੀ ਬਦਲਾਵਾਂ ਦੀ ਤਿਆਰੀ ਕੀਤੀ ਜਾ ਸਕੇ।”
ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੇ ਨਵੇਂ ਕਮਿਸ਼ਨਰ ਲੁਈਸ ਪੈਰੀ, ਵਿਕਟੋਰੀਆ ਦੇ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਮਾਮਲਿਆਂ ਦੇ ਮੰਤਰੀ ਇੰਗਰਿਡ ਸਟਿੱਟ (ਵਿਚਕਾਰ) ਅਤੇ ਵਿਕਟੋਰੀਅਨ ਮਲਟੀਕਲਚਰਲ ਕਮਿਸ਼ਨ ਦੀ ਸੱਤ ਸਾਲ ਤੱਕ ਅਗਵਾਈ ਕਰਨ ਤੋਂ ਬਾਅਦ ਚੇਅਰਪਰਸਨ ਦੇ ਅਹੁਦੇ ਤੋਂ ਰਵਾਨਾ ਹੋਏ ਵਿਵੀਅਨ ਨਗੁਏਨ ਏਐਮ।
ਵਿਕਟੋਰੀਆ ਸਰਕਾਰ ਮਲਟੀਕਲਚਰਲ ਵਿਕਟੋਰੀਆ ਦੀ ਸਥਾਪਨਾ ਕਰ ਰਹੀ ਹੈ। ਇਹ ਵਿਕਟੋਰੀਆ ਦੀ ਮਹੱਤਵਪੂਰਨ ਮਲਟੀਕਲਚਰਲ ਰਿਵਿਊ (ਬਹੁ-ਸੱਭਿਆਚਾਰਕ ਸਮੀਖਿਆ) ਦੀ ਇੱਕ ਮੁੱਖ ਸਿਫਾਰਸ਼ ਹੈ। ਮਲਟੀਕਲਚਰਲ ਵਿਕਟੋਰੀਆ ਭਾਈਚਾਰਿਆਂ ਨਾਲ ਜੁੜਨ, ਨੀਤੀਆਂ ਬਣਾਉਣ ਅਤੇ ਪ੍ਰੋਗਰਾਮ ਚਲਾਉਣ ਦੇ ਕੰਮਾਂ ਨੂੰ ਇਕੱਠਾ ਕਰੇਗਾ। ਇਸ ਨਾਲ ਸਰਕਾਰ ਨੂੰ ਰਾਜ ਭਰ ਦੀਆਂ ਬਹੁ-ਸੱਭਿਆਚਾਰਕ ਅਤੇ ਬਹੁ-ਧਾਰਮਿਕ ਕਮਿਊਨਿਟੀਆਂ ਦੀ ਗੱਲ ਹੋਰ ਚੰਗੀ ਤਰ੍ਹਾਂ ਸੁਣਨ, ਉਨ੍ਹਾਂ ਨਾਲ ਜੁੜਨ ਅਤੇ ਉਨ੍ਹਾਂ ਦੀ ਮਦਦ ਕਰਨ ਵਿੱਚ ਮਜ਼ਬੂਤੀ ਮਿਲੇਗੀ। ਮਲਟੀਕਲਚਰਲ ਵਿਕਟੋਰੀਆ ਵਿੱਚ ਲੀਡਰਸ਼ਿਪ ਦੇ ਅਹੁਦਿਆਂ ਲਈ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਅਰਜ਼ੀਆਂ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ 9 ਅਗਸਤ 2026 ਹੈ। ਇਨ੍ਹਾਂ ਵਿੱਚ ਕੋਆਰਡੀਨੇਟਰ ਜਨਰਲ, ਡਿਪਟੀ ਕੋਆਰਡੀਨੇਟਰ ਜਨਰਲ (ਪਾਰਟ ਟਾਈਮ), ਡਿਪਟੀ ਕੋਆਰਡੀਨੇਟਰ ਜਨਰਲ-ਰੀਜ਼ਨਲ ਵਿਕਟੋਰੀਆ (ਪਾਰਟ ਟਾਈਮ), ਅਤੇ ਮਲਟੀਕਲਚਰਲ ਕਮਿਊਨਿਟੀ ਐਡਵਾਇਜ਼ਰੀ ਗਰੁੱਪ ਮੈਂਬਰਾਂ ਦੇ ਅਹੁਦੇ ਸ਼ਾਮਲ ਹਨ। ਇਹ ਅਹੁਦੇ ਉਸ ਕਾਨੂੰਨ ਦੇ ਪਾਸ ਹੋਣ ‘ਤੇ ਨਿਰਭਰ ਹਨ ਜੋ ਇਨ੍ਹਾਂ ਨੂੰ ਅਧਿਕਾਰਤ ਬਣਾਏਗਾ। ਅਹੁਦਿਆਂ ਦੀ ਜਾਣਕਾਰੀ (ਪੋਜ਼ੀਸ਼ਨ ਡਿਸਕ੍ਰਿਪਸ਼ਨ), ਜਿਸ ਵਿੱਚ ਜ਼ਿੰਮੇਵਾਰੀਆਂ ਅਤੇ ਲੋੜਾਂ ਸ਼ਾਮਲ ਹਨ, ਕਾਨੂੰਨ ਵਿੱਚ ਹੋਣ ਵਾਲੇ ਬਦਲਾਵਾਂ ਦੇ ਅਨੁਸਾਰ ਬਦਲੀ ਜਾ ਸਕਦੀ ਹੈ। ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਨ੍ਹਾਂ ਮੌਕਿਆਂ ਵਾਰੇ ਜਾਣਕਾਰੀ ‘ਤੇ ਨਜ਼ਰ ਰੱਖਣ ਅਤੇ ਆਪਣੇ ਦੋਸਤਾਂ, ਪਰਿਵਾਰ ਅਤੇ ਹੋਰ ਸੰਪਰਕਾਂ ਨਾਲ ਇਹ ਜਾਣਕਾਰੀ ਵੱਧ ਤੋਂ ਵੱਧ ਸਾਂਝੀ ਕਰਨ।
