India

ਪ੍ਰਹਿਲਾਦ ਜੋਸ਼ੀ ਨੇ ਭਾਰਤ ਦੇ ਨਵੇਂ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲਿਆ

ਪ੍ਰਹਿਲਾਦ ਜੋਸ਼ੀ, ਭਾਰਤ ਦੇ ਨਵੇਂ ਸਿੱਖਿਆ ਮੰਤਰੀ।

ਨਵੀਂ ਦਿੱਲੀ – ਭਾਰਤ ਦੇ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਐਤਵਾਰ ਨੂੰ ਨਵੇਂ ਸਿੱਖਿਆ ਮੰਤਰੀ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਤੋਂ ਪਹਿਲਾਂ ਧਰਮੇਂਦਰ ਪ੍ਰਧਾਨ ਨੇ ਨੀਟ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਮਾਮਲੇ ਅਤੇ ਵਿਦਿਆਰਥੀਆਂ ਦੇ ਵੱਡੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।

ਪ੍ਰਹਿਲਾਦ ਜੋਸ਼ੀ ਕੋਲ ਖੁਰਾਕ ਅਤੇ ਖਪਤਕਾਰ ਮਾਮਲਿਆਂ ਦਾ ਮੰਤਰਾਲਾ ਵੀ ਹੈ। ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਨੇ ਸਿੱਖਿਆ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਕੇ ਨੀਟ, ਯੂਜੀਸੀ ਨੈੱਟ, ਕੁਐੱਟ ਅਤੇ ਹੋਰ ਮਹੱਤਵਪੂਰਨ ਪ੍ਰੀਖਿਆਵਾਂ ਦੇ ਪ੍ਰਬੰਧ ਦੀ ਸਮੀਖਿਆ ਕੀਤੀ। ਇਸ ਦੌਰਾਨ ਰਾਜ ਮੰਤਰੀ ਜਯੰਤ ਚੌਧਰੀ ਵੀ ਮੌਜੂਦ ਸਨ, ਜਦਕਿ ਦੂਜੇ ਰਾਜ ਮੰਤਰੀ ਸੁਕਾਂਤ ਮਜੂਮਦਾਰ ਪਹਿਲਾਂ ਤੋਂ ਤੈਅ ਪ੍ਰੋਗਰਾਮਾਂ ਕਾਰਨ ਮੀਟਿੰਗ ਵਿੱਚ ਸ਼ਾਮਲ ਨਹੀਂ ਹੋ ਸਕੇ। ਅਹੁਦਾ ਸੰਭਾਲਣ ਤੋਂ ਬਾਅਦ ਪ੍ਰਹਿਲਾਦ ਜੋਸ਼ੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਨਿਮਰਤਾ ਅਤੇ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਅੱਜ ਸੋਮਵਾਰ ਤੋਂ ਸੰਸਦ ਦਾ ਸੈਸ਼ਨ ਮੁੜ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਸਿੱਖਿਆ ਮੰਤਰਾਲੇ ਨਾਲ ਸਬੰਧਤ 41 ਸਵਾਲਾਂ ਦੇ ਜਵਾਬ ਦਿੱਤੇ ਜਾਣਗੇ। ਪ੍ਰਹਿਲਾਦ ਜੋਸ਼ੀ ਆਪਣੇ ਦੋਵੇਂ ਰਾਜ ਮੰਤਰੀਆਂ ਨਾਲ ਲੋਕ ਸਭਾ ਵਿੱਚ ਇਨ੍ਹਾਂ ਸਵਾਲਾਂ ਦੇ ਜਵਾਬ ਦੇਣਗੇ।

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਦਿੱਲੀ ਦੇ ਸਿਆਸੀ ਮਾਹੌਲ ਵਿੱਚ ਕਈ ਤਰ੍ਹਾਂ ਦੀ ਚਰਚਾ ਦੌਰ ਜਾਰੀ ਹੈ। ਸ਼ੁੱਕਰਵਾਰ ਤੱਕ ਸਰਕਾਰ ਦਾ ਰੁਖ ਇਸ ਮਾਮਲੇ ‘ਤੇ ਕਾਫ਼ੀ ਸਖ਼ਤ ਸੀ। ਉੱਚ ਪੱਧਰੀ ਮੀਟਿੰਗਾਂ ਵਿੱਚ ਇਹ ਮੰਨਿਆ ਜਾ ਰਿਹਾ ਸੀ ਕਿ ਪ੍ਰਸ਼ਾਸਨਿਕ ਕਾਰਵਾਈ ਕਰਕੇ ਹਾਲਾਤ ਕਾਬੂ ਵਿੱਚ ਲਿਆਂਦੇ ਜਾ ਸਕਦੇ ਹਨ। ਇਸੇ ਤਹਿਤ ਉੱਚ ਸਿੱਖਿਆ ਵਿਭਾਗ ਦੇ ਸਕੱਤਰ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੇ 47 ਅਧਿਕਾਰੀਆਂ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ। ਸਰਕਾਰ ਨੂੰ ਉਮੀਦ ਸੀ ਕਿ ਨਵੇਂ ਪੇਪਰ ਲੀਕ ਕਾਨੂੰਨ ਦੇ ਮਸੌਦੇ ਨੂੰ ਮਨਜ਼ੂਰੀ ਦੇਣ ਅਤੇ ਫਾਸਟ-ਟ੍ਰੈਕ ਅਦਾਲਤਾਂ ਬਣਾਉਣ ਦੇ ਐਲਾਨ ਨਾਲ ਵਿਦਿਆਰਥੀਆਂ ਦਾ ਗੁੱਸਾ ਘੱਟ ਹੋ ਜਾਵੇਗਾ। ਪਰ ਵਿਰੋਧੀ ਧਿਰ ਵੱਲੋਂ ਇਸ ਮੁੱਦੇ ਨੂੰ ਵਿਦਿਆਰਥੀਆਂ ਦੇ ਹੱਕਾਂ ਨਾਲ ਜੋੜ ਕੇ ਉਠਾਉਣ ਕਾਰਨ ਸਰਕਾਰ ‘ਤੇ ਸਿਆਸੀ ਦਬਾਅ ਲਗਾਤਾਰ ਵਧਦਾ ਗਿਆ। ਇਸ ਦੌਰਾਨ ਜੰਤਰ-ਮੰਤਰ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਚੱਲ ਰਹੇ ਪ੍ਰਦਰਸ਼ਨ ਹਿੰਸਕ ਹੋਣ ਲੱਗੇ। ਇਸ ਤੋਂ ਬਾਅਦ ਖੁਫੀਆ ਏਜੰਸੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਦਫ਼ਤਰ (ਪੀਐਮਓ) ਨੂੰ ਜਾਣਕਾਰੀ ਦਿੱਤੀ ਕਿ ਜੇਕਰ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਹਾਲਾਤ ਕਾਬੂ ਤੋਂ ਬਾਹਰ ਹੋ ਸਕਦੇ ਹਨ।

ਸੂਤਰਾਂ ਮੁਤਾਬਕ ਇਹ ਵੀ ਜਾਣਕਾਰੀ ਤਾਂ ਇਹ ਵੀ ਮਿਲੀ ਕਿ ਇਸ ਅੰਦੋਲਨ ਦੀ ਆੜ ਵਿੱਚ ਦੇਸ਼ ਵਿਰੋਧੀ ਤਾਕਤਾਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਸਕਦੀਆਂ ਹਨ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਹਾਲਾਤ ਦੀ ਕਮਾਨ ਸੰਭਾਲ ਲਈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੂਰੇ ਮਾਮਲੇ ‘ਤੇ ਨਜ਼ਰ ਰੱਖੀ, ਜਦਕਿ ਭਾਜਪਾ ਪ੍ਰਧਾਨ ਜੇਪੀ ਨੱਡਾ ਅਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੂੰ ਗੱਲਬਾਤ ਲਈ ਅੱਗੇ ਕੀਤਾ ਗਿਆ। ਆਖ਼ਿਰਕਾਰ, ਨੈਤਿਕ ਜ਼ਿੰਮੇਵਾਰੀ ਲੈਂਦਿਆਂ ਧਰਮਿੰਦਰ ਪ੍ਰਧਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਅਸਤੀਫ਼ਾ ਸੌਂਪ ਦਿੱਤਾ।

Related posts

ਕੇਜਰੀਵਾਲ ਤੋਂ ਬਾਅਦ ਆਤਿਸ਼ੀ ਤੇ ਕ੍ਰਾਈਮ ਬਰਾਂਚ ਦਾ ਐਕਸ਼ਨ, ਨੋਟਿਸ ਦੇਣ ਘਰ ਪਹੁੰਚੀ ਟੀਮ

Bunty

ਕਿਸਾਨ ਅੰਦੋਲਨ: ਅੱਜ 12 ਤੋਂ 3 ਵਜੇ ਤੱਕ 18 ਜ਼ਿਲ੍ਹਿਆਂ ’ਚ ਕੀਤਾ ਜਾਵੇਗਾ ਰੇਲ ਮਾਰਗ ਜਾਮ !

admin

ਪਰਮਬੀਰ ਮਾਮਲੇ ’ਚ ਪੁਲਿਸ ਨੇ ਹਵਾਲਾ ਸੰਚਾਲਕ ਨੂੰ ਕੀਤਾ ਗਿ੍ਫ਼ਤਾਰ

Bunty