ਚੰਡੀਗੜ੍ਹ – ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਵੱਲੋਂ ਕਾਂਗਰਸ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਖ਼ਿਲਾਫ਼ ਬਣਾਏ ਜਾ ਰਹੇ ਝੂਠੇ ਕੇਸ ਅਤੇ ਦਿੱਲੀ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਉਨ੍ਹਾਂ ਦੀ ਪੁੱਛਗਿੱਛ ਖ਼ਿਲਾਫ਼ ਅੱਜ ਸੂਬੇ ਭਰ ਦੇ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਰੋਸ ਪ੍ਰਦਰਸ਼ਨ ਕੀਤਾ।
ਭਾਰੀ ਮੀਂਹ ਦੇ ਬਾਵਜੂਦ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਪਹੁੰਚੇ ਹਜ਼ਾਰਾਂ ਵਰਕਰ ਪੰਜਾਬ ਕਾਂਗਰਸ ਭਵਨ ਵਿਖੇ ਇਕੱਠੇ ਹੋਏ ਅਤੇ ਰਾਜ ਭਵਨ ਵੱਲ ਮਾਰਚ ਕੀਤਾ। ਰਸਤੇ ਵਿੱਚ ਉਸ ਨੂੰ ਵਾਟਰ ਕੈਨਨਾਂ ਨਾਲ ਰੋਕਿਆ ਗਿਆ ਅਤੇ ਬਾਅਦ ਵਿੱਚ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਧਰਨੇ ਦੀ ਅਗਵਾਈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ। ਇਸ ਦੌਰਾਨ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਪਰਗਟ ਸਿੰਘ, ਅਰੁਣਾ ਚੌਧਰੀ, ਗੁਰਕੀਰਤ ਸਿੰਘ ਕੋਟਲੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਭਾਰਤ ਭੂਸ਼ਣ ਆਸ਼ੂ, ਰਾਣਾ ਗੁਰਜੀਤ ਸਿੰਘ ਸਣੇ ਲਖਬੀਰ ਸਿੰਘ ਲੱਖਾ, ਬਰਿੰਦਰ ਢਿੱਲੋਂ, ਦਰਸ਼ਨ ਸਿੰਘ ਬਰਾੜ, ਦਲਬੀਰ ਗੋਲਡੀ, ਬਰਿੰਦਰਮੀਤ ਸਿੰਘ ਪਾਹੜਾ, ਇੰਦਰਬੀਰ ਸਿੰਘ ਬੁਲਾਰੀਆ, ਕੈਪਟਨ ਸੰਦੀਪ ਸੰਧੂ ਤੇ ਮੌਜੂਦਾ ਅਤੇ ਸਾਬਕਾ ਵਿਧਾਇਕ ਹਾਜ਼ਰ ਸਨ।
ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਇਹ ਸਿਰਫ਼ ਸ੍ਰੀਮਤੀ ਸੋਨੀਆ ਗਾਂਧੀ ਦੀ ਇਕੱਲੀ ਲੜਾਈ ਨਹੀਂ ਹੈ, ਸਗੋਂ ਇਹ ਦੇਸ਼ ਦੇ ਹਰ ਉਸ ਨਾਗਰਿਕ ਦੀ ਲੜਾਈ ਹੈ ਜੋ ਲੋਕਤੰਤਰ ਅਤੇ ਆਜ਼ਾਦੀ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਬਹੁਤ ਵੱਡੀ ਗਲਤੀ ਕੀਤੀ ਹੈ, ਜਿਸਨੇ ਸੋਚਿਆ ਕਿ ਉਹ ਕਾਂਗਰਸ ਪਾਰਟੀ ਨੂੰ ਡਰਾ ਸਕਦੀ ਹੈ। ਉਨ੍ਹਾਂ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ, ਜੋ ਖੇਤਰ ਵਿੱਚ ਹੋ ਰਹੀ ਭਾਰੀ ਬਾਰਿਸ਼ ਦੇ ਬਾਵਜੂਦ ਧਰਨੇ ਵਿੱਚ ਸ਼ਾਮਲ ਹੋਏ। ਇਸ ਦੌਰਾਨ ਵੜਿੰਗ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਖਿਲਾਫ ਚਿਤਾਵਨੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਲਾਲ ਡਾਇਰੀਆਂ ਰੱਖ ਕੇ ਲੋਕਾਂ ਨੂੰ ਧਮਕਾਉਣ ਵਿੱਚ ਯਕੀਨ ਨਹੀਂ ਰੱਖਦੇ, ਸਗੋਂ ਆਪਣੀ ਰੱਖਿਆ ਕਰਨੀ ਜਾਣਦੇ ਹਾਂ। ਸਮਾਂ ਬਦਲੇਗਾ ਅਤੇ ਸਾਰਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਨਿਆਂ ਦਾ ਘੇਰਾ ਪੂਰਾ ਹੋਵੇਗਾ ਅਤੇ ਹਰ ਕੋਈ ਜਵਾਬਦੇਹ ਹੋਵੇਗਾ। ਇਸ ਮੌਕੇ ਵਰਕਰਾਂ ਦਾ ਧੰਨਵਾਦ ਕਰਦਿਆਂ ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਤਾਨਾਸ਼ਾਹੀ ਰਵੱਈਏ ਖ਼ਿਲਾਫ਼ ਭਵਿੱਖ ਵਿੱਚ ਅਜਿਹੇ ਹੋਰ ਪ੍ਰਦਰਸ਼ਨ ਵੀ ਕੀਤੇ ਜਾਣਗੇ।
ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਂਗਰਸ ਲੀਡਰਸ਼ਿਪ ਨੂੰ ਧਮਕਾਉਣ ਦੀ ਕੋਸ਼ਿਸ਼ ਕਰਨ ਲਈ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੀ ਜਾਣਦੀ ਹੈ ਕਿ ਇਸ ਤੋਂ ਕੁਝ ਨਹੀਂ ਨਿਕਲੇਗਾ, ਪਰ ਉਹ ਸਿਰਫ ਝੂਠੀ ਸੋਚ ਪੈਦਾ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੂੰ 5 ਦਿਨ 12 ਘੰਟੇ ਸਵਾਲ ਪੁੱਛੇ ਗਏ ਸਨ। ਜਦੋਂਕਿ ਹੁਣ ਉਨ੍ਹਾਂ ਨੇ ਸ੍ਰੀਮਤੀ ਗਾਂਧੀ ਨੂੰ ਸੰਮਨ ਭੇਜੇ ਹਨ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਿਚ ਦੇਸ਼ ਲਈ ਬਹੁਤ ਕੁਰਬਾਨੀਆਂ ਕਰਨ ਵਾਲੇ ਪਰਿਵਾਰ ਦੇ ਮੈਂਬਰਾਂ ਨੂੰ ਧਮਕੀਆਂ ਦੇਣ ਵਾਲੀ ਮੋਦੀ ਸਰਕਾਰ ਤੋਂ ਸਿਰਫ਼ ਕਾਂਗਰਸੀ ਹੀ ਨਹੀਂ ਬਲਕਿ ਪੂਰਾ ਦੇਸ਼ ਦੁਖੀ ਅਤੇ ਪਰੇਸ਼ਾਨ ਹੈ। ਉਨ੍ਹਾਂ ਅੰਦਾਜ਼ਾ ਲਾਇਆ ਕਿ ਜੇਕਰ ਸ੍ਰੀਮਤੀ ਗਾਂਧੀ ਵਰਗੇ ਕੱਦ ਵਾਲੀ ਔਰਤ ਜੋ 18 ਸਾਲ ਤੋਂ ਵੱਧ ਸਮੇਂ ਤੱਕ ਕਾਂਗਰਸ ਪ੍ਰਧਾਨ ਰਹੀ ਅਤੇ 10 ਸਾਲ ਤੱਕ ਯੂ.ਪੀ.ਏ. ਦੀ ਚੇਅਰਪਰਸਨ ਰਹੀ ਹੈ, ਨਾਲ ਅਜਿਹਾ ਵਤੀਰਾ ਹੋ ਰਿਹਾ ਹੈ, ਤਾਂ ਆਮ ਲੋਕਾਂ ਦੀ ਕੀ ਹਾਲਤ ਹੋਵੇਗੀ? ਉਨ੍ਹਾਂ ਕਾਂਗਰਸੀ ਵਰਕਰਾਂ ਨੂੰ ਭਰੋਸਾ ਦਿੱਤਾ ਕਿ ਪਾਰਟੀ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੀ ਰਹੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਕਈ ਮਾੜੇ ਦਿਨ ਵੇਖੇ ਹਨ ਅਤੇ ਇਹ ਸਮਾਂ ਵੀ ਬਦਲੇਗਾ ਅਤੇ ਆਉਣ ਵਾਲਾ ਸਮਾਂ ਕਾਂਗਰਸ ਅਤੇ ਕਾਂਗਰਸੀ ਵਰਕਰਾਂ ਦਾ ਹੋਵੇਗਾ। ਉਹ ਉਨ੍ਹਾਂ ਆਗੂਆਂ ‘ਤੇ ਵੀ ਵਰ੍ਹੇ ਜੋ ਪਾਰਟੀ ਅਤੇ ਇਸਦੇ ਵਰਕਰਾਂ ਨੂੰ ਆਪਣੇ ਬਲਬੂਤੇ ‘ਤੇ ਲੜਨ ਲਈ ਛੱਡ ਕੇ ਵਿਦੇਸ਼ਾਂ ਚ ਆਨੰਦ ਮਾਣ ਰਹੇ ਹਨ।
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਿਆਸੀ ਵਿਰੋਧੀਆਂ ‘ਤੇ ਤਸ਼ੱਦਦ ਕਰਨ ਦੀ ਨਿਖੇਧੀ ਕੀਤੀ | ਉਨ੍ਹਾਂ ਕਿਹਾ ਕਿ ਹਰ ਸਿੱਕੇ ਦੇ ਦੋ ਪਾਸੇ ਹੁੰਦੇ ਹਨ। ਉਨ੍ਹਾਂ ਪੰਜਾਬ ਦੀ ‘ਆਪ’ ਸਰਕਾਰ ‘ਤੇ ਵੀ ਵਰ੍ਹਦਿਆਂ ਕਿਹਾ ਕਿ ਇਹ ਸਭ ਤੋਂ ਭ੍ਰਿਸ਼ਟ ਪਾਰਟੀ ਅਤੇ ਸਰਕਾਰ ਹੈ, ਜਿਸਨੇ ਰਾਜ ਸਭਾ ਦੀਆਂ ਟਿਕਟਾਂ ਵੀ ਵੇਚੀਆਂ ਹਨ। ਉਨ੍ਹਾਂ ਕੁਝ ਲੋਕਾਂ ਵੱਲੋਂ ਦਬਾਅ ਹੇਠ ਦਿੱਤੇ ਗਏ ਬਿਆਨਾਂ ਤੇ ਵੀ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਤੰਗ ਕੀਤੇ ਜਾਣ ਤੇ ਸਵਾਲ ਕੀਤੇਉਨ੍ਹਾਂ ਕਿਹਾ ਕਿ ਜੇਕਰ ਮੈਂ ਇਹ ਕਹਾਂ ਕਿ ਵਿਜੀਲੈਂਸ ਮੁਖੀ ਜਾਂ ਮੁੱਖ ਸਕੱਤਰ ਨੇ ਮੇਰੇ ਤੋਂ 10 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਤਾਂ ਕੀ ਤੁਸੀਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰੋਗੇ? ਜਿਸ ਸਬੰਧੀ ਉਨ੍ਹਾਂ ਵਿਜੀਲੈਂਸ ਵੱਲੋਂ ਝੂਠੇ ਆਧਾਰ ‘ਤੇ ਨਾਮਜ਼ਦ ਕੀਤੇ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਹਵਾਲਾ ਦਿੱਤਾ |