ਮ੍ਰਿਤਕ ਵਿਦਿਆਰਥੀ ਨਵੀਨ ਸ਼ੇਖਰੱਪਾ ਕਰਨਾਟਕ ਦਾ ਰਹਿਣ ਵਾਲਾ ਸੀ। ਉਹ 21 ਸਾਲ ਦਾ ਸੀ ਅਤੇ ਖਾਣਾ ਲੈਣ ਲਈ ਬਾਹਰ ਗਿਆ ਹੋਇਆ ਸੀ। ਉਸ ਦੇ ਪਿਤਾ ਨੇ ਦੇਸ਼ ਦੀ ਮੈਡੀਕਲ ਸਿੱਖਿਆ ਪ੍ਰਣਾਲੀ ‘ਤੇ ਗੁੱਸਾ ਜ਼ਾਹਰ ਕੀਤਾ। ਉਸ ਨੇ ਦੱਸਿਆ ਕਿ ਪ੍ਰੀ-ਯੂਨੀਵਰਸਿਟੀ ਕੋਰਸ ਵਿੱਚ 97 ਫ਼ੀਸਦੀ ਅੰਕ ਹਾਸਲ ਕਰਨ ਦੇ ਬਾਵਜੂਦ ਉਹ ਮੈਡੀਕਲ ਕਾਲਜ ਵਿੱਚ ਦਾਖ਼ਲਾ ਨਹੀਂ ਲੈ ਸਕਿਆ। ਦੇਸ਼ ਵਿੱਚ ਮੈਡੀਕਲ ਕਾਲਜਾਂ ਦੀਆਂ ਸੀਟਾਂ ਲਈ ਕਰੋੜਾਂ ਰੁਪਏ ਖਰਚ ਕੀਤੇ ਜਾਂਦੇ ਹਨ। ਜਦੋਂ ਕਿ ਵਿਦੇਸ਼ਾਂ ਵਿੱਚ ਇਹ ਕੋਰਸ ਘੱਟ ਪੈਸਿਆਂ ਵਿੱਚ ਕੀਤਾ ਜਾਂਦਾ ਹੈ।
ਨਵੀਨ ਦੇ ਨਾਲ ਹੋਸਟਲ ‘ਚ ਰਹਿਣ ਵਾਲੇ ਸ਼੍ਰੀਧਰਨ ਗੋਪਾਲਕ੍ਰਿਸ਼ਨਨ ਨੇ ਦੱਸਿਆ ਕਿ, ‘ਯੂਕਰੇਨ ਦੇ ਸਮੇਂ ਮੁਤਾਬਕ ਸਵੇਰੇ 10.30 ਵਜੇ ਨਵੀਨ ਰਾਸ਼ਨ ਦੀ ਦੁਕਾਨ ਦੇ ਸਾਹਮਣੇ ਖੜ੍ਹਾ ਸੀ। ਉਸੇ ਸਮੇਂ ਰੂਸੀ ਫੌਜ ਨੇ ਲੋਕਾਂ ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਉਸ ਦੀ ਲਾਸ਼ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਹੈ। ਸਾਡੇ ਵਿੱਚੋਂ ਕਿਸੇ ਨੂੰ ਵੀ ਹਸਪਤਾਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤਾਂ ਜੋ ਅਸੀਂ ਪਤਾ ਕਰ ਸਕੀਏ ਕਿ ਉਸ ਦੀ ਲਾਸ਼ ਕਿੱਥੇ ਰੱਖੀ ਗਈ ਹੈ।
ਨਵੀਨ ਨੇ ਦੋ ਦਿਨ ਪਹਿਲਾਂ ਆਪਣੇ ਪਿਤਾ ਅਤੇ ਦਾਦਾ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕੀਤੀ ਸੀ। ਪਿਤਾ ਨੇ ਫਿਰ ਨਵੀਨ ਨੂੰ ਸਲਾਹ ਦਿੱਤੀ ਕਿ ਜੇਕਰ ਉਸ ਕੋਲ ਭਾਰਤੀ ਝੰਡਾ ਹੈ ਤਾਂ ਉਸ ਨੂੰ ਆਪਣੀ ਇਮਾਰਤ ‘ਤੇ ਲਹਿਰਾਓ। ਦਾਦਾ ਨੇ ਉਸ ਨੂੰ ਕਿਹਾ ਕਿ ਸਰਹੱਦ ਤੱਕ ਸੁਰੱਖਿਅਤ ਰਸਤਾ ਲੱਭੋ ਪਰ ਬੰਬਾਰੀ ਦੌਰਾਨ ਬਾਹਰ ਨਾ ਨਿਕਲੋ।
ਵਰਨਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਯੂਕਰੇਨ ਤੋਂ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਉੱਚ ਪੱਧਰੀ ਮੀਟਿੰਗ ਕੀਤੀ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਿ੍ਰੰਗਲਾ ਨੇ ਕਿਹਾ ਕਿ ਇਹ ਫੈਸਲਾ ਕੀਤਾ ਗਿਆ ਹੈ ਕਿ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਅਗਲੇ ਤਿੰਨ ਦਿਨਾਂ ਵਿੱਚ ਭਾਰਤ ਤੋਂ 26 ਉਡਾਣਾਂ ਭੇਜੀਆਂ ਜਾਣਗੀਆਂ। ਸ਼ਿ੍ਰੰਗਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਯੂਕਰੇਨ ‘ਚ ਭਾਰਤੀ ਵਿਦਿਆਰਥੀ ਨਵੀਨ ਸ਼ੇਖਰੱਪਾ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਵਿਦੇਸ਼ ਸਕੱਤਰ ਨੇ ਅੱਗੇ ਦੱਸਿਆ ਕਿ ਨਵੀਨ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਯੂਨੀਵਰਸਿਟੀ ਦੇ ਮੁਰਦਾਘਰ ਵਿੱਚ ਰੱਖਿਆ ਗਿਆ ਹੈ। ਅਸੀਂ ਉੱਥੋਂ ਦੀ ਸਥਾਨਕ ਅਥਾਰਟੀ ਦੇ ਸੰਪਰਕ ਵਿੱਚ ਹਾਂ, ਜਲਦੀ ਹੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇਗਾ।