ਕੌਮਾਂਤਰੀ ਪੁਲਾੜ ਸਟੇਸ਼ਨ (ਆਈਐੱਸਐੱਸ) ’ਤੇ ਆਪਣੇ ਪਰਵਾਸ ਦੇ ਅੰਤਮ ਗੇੜ ਵਿਚ ਭਾਰਤੀ ਪੁਲਾੜ ਯਾਤਰੀ ਸੁਭਾਂਸ਼ੂ ਸ਼ੁਕਲਾ ਕਿਸਾਨ ਬਣ ਗਏ ਹਨ। ਉਨ੍ਹਾਂ ਨੇ ਪੈਟਰੀ ਡਿਸ਼ ਵਿਚ ਮੂੰਗੀ ਤੇ ਮੇਥੀ ਉਗਾਈ ਹੈ, ਜਿਸ ਨੂੰ ਆਈਐੱਸਐੱਸ ਦੇ ਫਰੀਜ਼ਰ ਵਿਚ ਰੱਖਿਆ ਹੈ।
ਸੁਭਾਂਸ਼ੂ ਆਈਐੱਸਐੱਸ ’ਤੇ ਪੁੱਜਣ ਵਾਲੇ ਪਹਿਲੀ ਭਾਰਤੀ ਹਨ। ਆਈਐੱਸਐੱਸ ’ਤੇ 14 ਦਿਨਾਂ ਲਈ ਗਏ ਸੁਭਾਂਸ਼ੂ ਨੇ ਇਹ ਕਾਰਜ ਇਕ ਅਧਿਐਨ ਤਹਿਤ ਕੀਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਸੂਖਮ ਗੁਰੂਤਾ ਅਕਰਸ਼ਣ ਤੇ ਬੂਟਿਆਂ ਦੇ ਅਰੰਭਕ ਪੁੰਗਰਣ ਤੇ ਬੂਟਿਆਂ ਦੇ ਸ਼ੁਰੂਆਤੀ ਵਿਕਾਸ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਐਕਸੀਓਮ ਸਪੇਸ ਦੀ ਮੁੱਖ ਵਿਗਿਆਨੀ ਲੂਸੀ ਲਾ ਨਾਲ ਗੱਲਬਾਤ ਵਿਚ ਕਿਹਾ ਕਿ ਮੈਨੂੰ ਬੇਹਦ ਫ਼ਖ਼ਰ ਹੈ ਕਿ ਇਸਰੋ ਪੂਰੇ ਮੁਲਕ ਦੀਆਂ ਕੌਮੀ ਸੰਸਥਾਵਾਂ ਦੇ ਨਾਲ ਸਹਿਯੋਗ ਕਰਨ ਤੇ ਕੁਝ ਸ਼ਾਨਦਾਰ ਖੋਜ ਕਰਨ ਵਿਚ ਸਮਰਥ ਰਿਹਾ ਹੈ ਜੋ ਮੈਂ ਸਾਰੇ ਵਿਗਿਆਨੀਆਂ ਤੇ ਖੋਜੀਆਂ ਲਈ ਆਈਐੱਸਐੱਸ ’ਤੇ ਕਰ ਰਿਹਾ ਹਾਂ। ਇੰਝ ਕਰਨਾ ਰੁਮਾਂਚਕ ਤੇ ਮਜ਼ੇਦਾਰ ਹੈ। ਉਨ੍ਹਾਂ ਨੇ ਦੱਸਿਆ ਕਿ ਪੁਲਾੜ ਕੇਂਦਰ ’ਤੇ ਉਨ੍ਹਾਂ ਦੇ ਖੋਜ ਕਾਰਜ ਵੱਖ-ਵੱਖ ਖੇਤਰਾਂ ਤੇ ਵਿਸ਼ਿਆਂ ਵਿਚ ਫੈਲੇ ਹੋਏ ਹਨ।
ਮੇਥੀ ਤੇ ਮੂੰਗੀ ਦੇ ਬੀਜ ਪੁੰਗਰਣ ਦੀ ਵਰਤੋਂ ਦੀ ਅਗਵਾਈ ਦੋ ਵਿਗਿਆਨੀ ਕਰਨਾਟਕ ਦੇ ਧਾਰਵਾੜ ਸਥਿਤ ਖੇਤੀ ਯੂਨੀਵਰਸਿਟੀ ਵਿਚ ਕੰਮ ਕਰ ਰਹੇ ਰਵੀ ਕੁਮਾਰ ਹੋਸਾਮਣੀ ਤੇ ਇੱਥੇ ਹੀ ਸਥਿਤ ਭਾਰਤੀ ਤਕਨੀਕੀ ਅਦਾਰੇ ਦੇ ਸੁਧੀਰ ਸਿੱਧਪੁਰਰੈੱਡੀ ਕਰ ਰਹੇ ਹਨ। ਸਪੇਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਧਰਤੀ ’ਤੇ ਪਰਤਣ ਮਗਰੋਂ ਬੀਜਾਂ ਨੂੰ ਕਈ ਪੀੜ੍ਹੀਆਂ ਤੱਕ ਉਗਾਇਆ ਜਾਵੇਗਾ ਤਾਂ ਜੋ ਉਨ੍ਹਾਂ ਦੀ ਕਿਸਮ, ਸੂਖਮਜੀਵੀ ਈਕੋਸਿਸਟਮ ਤੇ ਪੋਸ਼ਣ ਪ੍ਰੋਫਾਈਲ ਦਾ ਪਤਾ ਲਗਾਇਆ ਜਾ ਸਕੇ। ਇਕ ਹੋਰ ਤਜਰਬੇ ਦੇ ਤਹਿਤ ਸੁਭਾਂਸ਼ੂ ਸੂਖਮ ਚੀਜ਼ਾਂ ਲੈ ਗਏ ਹਨ, ਜਿਨ੍ਹਾਂ ਦੀ ਭੋਜਨ, ਆਕਸੀਜਨ ਤੇ ਇੱਥੋਂ ਤੱਕ ਕਿ ਜੈਵਿਕ ਈਂਧਣ ਪੈਦਾ ਕਰਨ ਦੀ ਸਮਰਥਾ ਦੀ ਪੜਤਾਲ ਕੀਤੀ ਜਾ ਰਹੀ ਹੈ।
ਐਕਸੀਓਮ-4 ਮਿਸ਼ਨ ਤਹਿਤ 26 ਜੂਨ ਤੋਂ ਸੁਭਾਂਸ਼ੂ ਆਈਐੱਸਐੱਸ ’ਤੇ ਹਨ ਤੇ ਇੱਥੇ 12 ਦਿਨ ਗੁਜ਼ਾਰ ਚੁੱਕੇ ਹਨ। ਫਲੋਰਿਡਾ ਤੱਟ ’ਤੇ ਮੌਸਮ ਦੀ ਸਥਿਤੀ ਦੇ ਅਧਾਰ ’ਤੇ 10 ਜੁਲਾਈ ਤੋਂ ਬਾਅਦ ਕਿਸੇ ਵੀ ਦਿਨ ਉਨ੍ਹਾਂ ਦੀ ਜ਼ਮੀਨ ’ਤੇ ਵਾਪਸੀ ਹੋ ਸਕਦੀ ਹੈ। ਹਾਲਾਂਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਹਾਲੇ ਤੱਕ ਆਈਐੱਸਐੱਸ ਤੋਂ ਐਕਸੀਓਮ-4 ਦੇ ਵੱਖ ਹੋਣ ਦੀ ਤਰੀਕ ਦਾ ਐਲਾਨ ਨਹੀਂ ਕੀਤਾ ਹੈ।