ਅਹਿਮਦਾਬਾਦ – ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਦੋ ਦਿਨਾਂ ਦੇ ਗੁਜਰਾਤ ਦੌਰੇ ‘ਤੇ ਹਨ। ਦੌਰੇ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਅਹਿਮਦਾਬਾਦ ‘ਚ ਸ਼ਾਨਦਾਰ ਰੋਡ ਸ਼ੋਅ ਕਰਨ ਤੋਂ ਬਾਅਦ ਪੀਐੱਮ ਮੋਦੀ ਰਾਤ ਕਰੀਬ 9 ਵਜੇ ਆਪਣੇ ਘਰ ਪਹੁੰਚੇ। ਇੱਥੇ ਉਹ ਆਪਣੀ ਮਾਂ ਹੀਰਾਬੇਨ ਨੂੰ ਮਿਲੇ। ਮੋਦੀ ਨੇ ਆਪਣੀ ਮਾਤਾ ਜੀ ਦੇ ਚਰਨ ਛੂਹ ਕੇ ਆਸ਼ੀਰਵਾਦ ਲਿਆ। ਬਾਅਦ ‘ਚ ਮਾਂ-ਪੁੱਤ ਨੇ ਇਕੱਠੇ ਬੈਠ ਕੇ ਖਾਣਾ ਖਾਧਾਂ।
ਨਰਿੰਦਰ ਮੋਦੀ ਮੋਦੀ ਨੇ ਦੋ ਸਾਲ ਬਾਅਦ ਆਪਣੀ ਮਾਂ ਹੀਰਾਬੇਨ ਨਾਲ ਮੁਲਾਕਾਤ ਕੀਤੀ ਹੈ। ਇਸ ਤੋਂ ਪਹਿਲਾਂ ਅਕਤੂਬਰ 2019 ਵਿੱਚ ਉਹ ਆਪਣੀ ਮਾਂ ਨੂੰ ਮਿਲੇ ਸਨ। ਬਾਅਦ ਵਿੱਚ ਉਹ ਆਪਣੇ ਰੁਝੇਵਿਆਂ ਕਾਰਨ ਆਪਣੀ ਮਾਂ ਨੂੰ ਨਹੀਂ ਮਿਲ ਸਕੇ ਹਾਲਾਂਕਿ, ਉਹ ਰੋਜ਼ਾਨਾ ਸਵੇਰੇ ਆਪਣੀ ਮਾਂ ਨਾਲ ਫ਼ੋਨ ‘ਤੇ ਗੱਲ ਕਰਦੇ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਤੋਂ ਪਹਿਲਾਂ 10 ਕਿਲੋਮੀਟਰ ਲੰਬਾ ਰੋਡ ਸ਼ੋਅ ਕੀਤਾ ਅਤੇ ਭਾਜਪਾ ਵਰਕਰਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਰੈਲੀ ਨੂੰ ਵੀ ਸੰਬੋਧਨ ਕੀਤਾ। ਮੋਦੀ ਨੇ ਕਿਹਾ- ਕੋਰੋਨਾ ਨੇ ਪੂਰੀ ਦੁਨੀਆ ਦੀ ਹਾਲਤ ਖਰਾਬ ਕਰ ਦਿੱਤੀ ਹੈ। ਗੁਜਰਾਤ ‘ਚ ਵੀ ਕੋਰੋਨਾ ਪਿੰਡ-ਪਿੰਡ ਪਹੁੰਚ ਗਿਆ ਪਰ ਕੋਰੋਨਾ ਪਿੰਡ ਵਾਸੀਆਂ ‘ਤੇ ਨਹੀਂ ਜਿੱਤ ਸਕਿਆ। ਕਿਉਂਕਿ, ਪਿੰਡ ਵਾਸੀਆਂ ਨੇ ਖੁਦ ਇਸ ਨਾਲ ਲੜਨ ਲਈ ਨਵੇਂ ਨਿਯਮ ਬਣਾਏ ਹਨ।ਜਿਹੜੇ ਪਿੰਡ ਤੋਂ ਬਾਹਰ ਸਨ, ਉਨ੍ਹਾਂ ਨੂੰ ਬਾਹਰ ਰੱਖਿਆ ਗਿਆ। ਜਿਹੜੇ ਅੰਦਰ ਸਨ ਉਹਨਾਂ ਨੂੰ ਅੰਦਰ ਰੱਖਿਆ। ਇਸ ਸ਼ਾਨਦਾਰ ਪ੍ਰਬੰਧ ਨਾਲ, ਕੋਰੋਨਾ ਵਰਗੀ ਮਹਾਂਮਾਰੀ ਨੂੰ ਪਿੰਡ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਇਸ ਲਈ ਮੈਂ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਸ਼ੁਰੂ ਵਿੱਚ ਗੁਜਰਾਤੀ ਭਾਸ਼ਾ ਵਿੱਚ ਸਰਪੰਚਾਂ ਨੂੰ ਸੰਬੋਧਿਤ ਕਰਦੇ ਹੋਏ ਮੋਦੀ ਨੇ ਕਿਹਾ- ਕੇਮ ਛੋ (ਤੁਸੀਂ ਕਿਵੇਂ ਹੋ?) ।